ਸ਼੍ਰੀ ਦਸਮ ਗ੍ਰੰਥ

ਅੰਗ - 99


ਲੋਥ ਪੈ ਲੋਥ ਗਈ ਪਰ ਇਉ ਸੁ ਮਨੋ ਸੁਰ ਲੋਗ ਕੀ ਸੀਢੀ ਬਨਾਈ ॥੨੧੫॥

ਕਿ ਲੋਥ ਉਤੇ ਲੋਥ ਇਸ ਤਰ੍ਹਾਂ ਪੈ ਗਈ ਮਾਨੋ ਸੁਅਰਗ (ਤਕ ਚੜ੍ਹ ਜਾਣ ਲਈ) ਪੌੜੀ ਬਣਾਈ ਗਈ ਹੋਵੇ ॥੨੧੫॥

ਸੁੰਭ ਚਮੂੰ ਸੰਗ ਚੰਡਿਕਾ ਕ੍ਰੁਧ ਕੈ ਜੁਧ ਅਨੇਕਨਿ ਵਾਰਿ ਮਚਿਓ ਹੈ ॥

ਚੰਡੀ ਨੇ ਕ੍ਰੋਧਵਾਨ ਹੋ ਕੇ ਸ਼ੁੰਭ ਦੀ ਸੈਨਾ ਨਾਲ ਅਨੇਕਾਂ ਵਾਰ ਯੁੱਧ ਮਚਾਇਆ।

ਜੰਬੁਕ ਜੁਗਨਿ ਗ੍ਰਿਝ ਮਜੂਰ ਰਕਤ੍ਰ ਕੀ ਕੀਚ ਮੈ ਈਸ ਨਚਿਓ ਹੈ ॥

(ਇਕ ਰੂਪਕ ਅਨੁਸਾਰ) ਗਿਦੜ, ਜੋਗਣਾਂ ਅਤੇ ਗਿਰਝਾਂ ਮਜ਼ਦੂਰ ਹਨ ਅਤੇ ਲਹੂ ਦੇ ਚਿਕੜ (ਰੂਪੀ ਗਾਰੇ ਵਿਚ) ਸ਼ਿਵ ਨਚਿਆ ਹੈ (ਅਰਥਾਤ ਘਾਣੀ ਘੋਲੀ ਹੈ)।

ਲੁਥ ਪੈ ਲੁਥ ਸੁ ਭੀਤੈ ਭਈ ਸਿਤ ਗੂਦ ਅਉ ਮੇਦ ਲੈ ਤਾਹਿ ਗਚਿਓ ਹੈ ॥

ਲੋਥ ਉਤੇ ਚੜ੍ਹੀ ਲੋਥ ਕੰਧ ਬਣੀ ਹੋਈ ਹੈ ਅਤੇ ਸਫ਼ੈਦ ਮਿਝ ਅਤੇ ਚਰਬੀ ਨਾਲ ਉਪਰ ਕਲੀ ਕੀਤੀ ਹੋਈ ਹੈ।

ਭਉਨ ਰੰਗੀਨ ਬਨਾਇ ਮਨੋ ਕਰਿਮਾਵਿਸੁ ਚਿਤ੍ਰ ਬਚਿਤ੍ਰ ਰਚਿਓ ਹੈ ॥੨੧੬॥

(ਇਹ ਰਣ-ਭੂਮੀ ਨਹੀਂ) ਮਾਨੋ ਵਿਸ਼ਵਕਰਮਾ ('ਕਰਿਮਾਵਿਸੁ') ਨੇ ਰੰਗੀਨ ਮਕਾਨ ਬਣਾ ਕੇ ਉਤੇ ਵਿਚਿਤ੍ਰ ਚਿਤਰਾਂ ਦੀ ਸਿਰਜਨਾ ਕੀਤੀ ਹੋਵੇ ॥੨੧੬॥

ਸ੍ਵੈਯਾ ॥

ਸ੍ਵੈਯਾ:

ਦੁੰਦ ਸੁ ਜੁਧ ਭਇਓ ਰਨ ਮੈ ਉਤ ਸੁੰਭ ਇਤੈ ਬਰ ਚੰਡਿ ਸੰਭਾਰੀ ॥

ਰਣ-ਭੂਮੀ ਵਿਚ ਦੁਅੰਦ-ਯੁੱਧ ਹੋ ਰਿਹਾ ਹੈ। ਇਧਰ ਪ੍ਰਚੰਡ ਚੰਡੀ ਅਤੇ ਉਧਰ ਸ਼ੁੰਭ ਡਟੇ ਹੋਏ ਹਨ।

ਘਾਇ ਅਨੇਕ ਭਏ ਦੁਹੂੰ ਕੈ ਤਨਿ ਪਉਰਖ ਗਯੋ ਸਭ ਦੈਤ ਕੋ ਹਾਰੀ ॥

ਦੋਹਾਂ ਦੇ ਸ਼ਰੀਰ ਉਤੇ ਅਨੇਕ ਜ਼ਖ਼ਮ ਲਗੇ ਹੋਏ ਹਨ, (ਪਰੰਤੂ) ਦੈਂਤ ਦੀ ਸਾਰੀ ਸ਼ਕਤੀ ('ਪਉਰਖ') ਹਾਰ ਗਈ ਹੈ।

ਹੀਨ ਭਈ ਬਲ ਤੇ ਭੁਜ ਕਾਪਤ ਸੋ ਉਪਮਾ ਕਵਿ ਐਸਿ ਬਿਚਾਰੀ ॥

ਬਲ-ਹੀਨ ਹੋ ਕੇ (ਸ਼ੁੰਭ ਦੀਆਂ) ਭੁਜਾਵਾਂ ਕੰਬਣ ਲਗ ਗਈਆਂ ਹਨ। ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਇਸ ਪ੍ਰਕਾਰ ਵਿਚਾਰੀ ਹੈ,

ਮਾਨਹੁ ਗਾਰੜੂ ਕੇ ਬਲ ਤੇ ਲਈ ਪੰਚ ਮੁਖੀ ਜੁਗ ਸਾਪਨਿ ਕਾਰੀ ॥੨੧੭॥

ਮਾਨੋ ਪੰਜ ਮੂੰਹਾਂ ਵਾਲੀਆਂ ਦੋ ਕਾਲੀਆਂ ਸੱਪਣੀਆਂ ਗਾਰੁੜੂ (ਮੰਤਰ) ਦੇ ਪ੍ਰਭਾਵ (ਬਲ) ਕਾਰਨ (ਬੇਸੁਧ ਹੋ ਕੇ) ਲਟਕ ਰਹੀਆਂ ਹੋਣ ॥੨੧੭॥

ਕੋਪ ਭਈ ਬਰ ਚੰਡਿ ਮਹਾ ਬਹੁ ਜੁਧੁ ਕਰਿਓ ਰਨ ਮੈ ਬਲ ਧਾਰੀ ॥

ਮਹਾਨ ਅਤੇ ਬਲਵਾਨ ਚੰਡੀ ਨੇ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਬਲ-ਪੂਰਵਕ ਯੁੱਧ ਕੀਤਾ।

ਲੈ ਕੈ ਕ੍ਰਿਪਾਨ ਮਹਾ ਬਲਵਾਨ ਪਚਾਰ ਕੈ ਸੁੰਭ ਕੇ ਊਪਰ ਝਾਰੀ ॥

(ਉਸ) ਮਹਾ ਬਲਵਾਨ (ਚੰਡੀ) ਨੇ ਕ੍ਰਿਪਾਨ ਲੈ ਕੇ ਲਲਕਾਰਦੇ ਹੋਇਆਂ ਸ਼ੁੰਭ ਉਪਰ ਸੁਟ ਦਿੱਤੀ।

ਸਾਰ ਸੋ ਸਾਰ ਕੀ ਸਾਰ ਬਜੀ ਝਨਕਾਰ ਉਠੀ ਤਿਹ ਤੇ ਚਿਨਗਾਰੀ ॥

(ਤਲਵਾਰ ਦੇ) ਲੋਹੇ (ਸਾਰ) ਨਾਲ (ਦੂਜੇ ਦੀ ਤਲਵਾਰ ਦੇ) ਲੋਹੇ ਦੀ ਧਾਰ ਵਜੀ, ਉਸ ਤੋਂ ਛਣਕਾਰ ਹੋਈ ਅਤੇ ਚਿੰਗਾਰੀਆਂ (ਨਿਕਲੀਆਂ)

ਮਾਨਹੁ ਭਾਦਵ ਮਾਸ ਕੀ ਰੈਨਿ ਲਸੈ ਪਟਬੀਜਨ ਕੀ ਚਮਕਾਰੀ ॥੨੧੮॥

ਮਾਨੋ ਭਾਦਰੋਂ ਮਹੀਨੇ ਦੀ ਰਾਤ (ਵਿਚ) ਜੁਗਨੂੰਆਂ (ਪਟਬੀਜਨ) ਦੀ ਚਮਕ ਹੋ ਰਹੀ ਹੋਵੇ ॥੨੧੮॥

ਘਾਇਨ ਤੇ ਬਹੁ ਸ੍ਰਉਨ ਪਰਿਓ ਬਲ ਛੀਨ ਭਇਓ ਨ੍ਰਿਪ ਸੁੰਭ ਕੋ ਕੈਸੇ ॥

ਜ਼ਖ਼ਮਾਂ ਵਿਚੋਂ ਬਹੁਤ ਲਹੂ ਵਗ ਗਿਆ, (ਫਲਸਰੂਪ) ਸ਼ੁੰਭ ਰਾਜੇ ਦਾ ਬਲ ਛੀਣ ਹੋ ਗਿਆ। ਕਿਸ ਤਰ੍ਹਾਂ?

ਜੋਤਿ ਘਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪਰਿਵਾ ਸਸਿ ਜੈਸੇ ॥

ਮੁਖ ਦੀ ਜੋਤਿ ਅਤੇ ਸ਼ਰੀਰ ਦੀ ਸ਼ਕਤੀ ਇਸ ਤਰ੍ਹਾਂ ਘਟ ਗਈ ਮਾਨੋ ਪੂਰਨਮਾਸੀ (ਤੋਂ ਬਾਦ) ਜਿਵੇਂ ਏਕਮ ਦੇ ਚੰਦ੍ਰਮਾ (ਦੀ ਚਮਕ ਘਟ ਜਾਂਦੀ ਹੋਵੇ)।

ਚੰਡਿ ਲਇਓ ਕਰਿ ਸੁੰਭ ਉਠਾਇ ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ ॥

ਚੰਡੀ ਨੇ ਸ਼ੁੰਭ ਨੂੰ ਹੱਥ ਨਾਲ ਉਠਾ ਲਿਆ। (ਉਸ ਦੀ) ਸਿਫ਼ਤ ਕਵੀ ਦੇ ਆਪਣੇ ਮੁਖ ਤੋਂ ਇਸ ਪ੍ਰਕਾਰ ਕਹੀ ਹੈ

ਰਛਕ ਗੋਧਨ ਕੇ ਹਿਤ ਕਾਨ੍ਰਹ ਉਠਾਇ ਲਇਓ ਗਿਰਿ ਗੋਧਨੁ ਜੈਸੇ ॥੨੧੯॥

ਕਿ ਜਿਸ ਤਰ੍ਹਾਂ ਗਊਆਂ ਦੀ ਰਖਿਆ ਲਈ ਸ੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਚੁਕ ਲਿਆ ਸੀ ॥੨੧੯॥

ਦੋਹਰਾ ॥

ਦੋਹਰਾ:

ਕਰ ਤੇ ਗਿਰਿ ਧਰਨੀ ਪਰਿਓ ਧਰਿ ਤੇ ਗਇਓ ਅਕਾਸਿ ॥

(ਚੰਡੀ ਦੇ) ਹੱਥ ਵਿਚੋਂ (ਸ਼ੁੰਭ) ਧਰਤੀ ਉਤੇ ਡਿਗ ਪਿਆ ਅਤੇ ਧਰਤੀ ਤੋਂ ਆਕਾਸ਼ ਨੂੰ ਚਲਾ ਗਿਆ।

ਸੁੰਭ ਸੰਘਾਰਨ ਕੇ ਨਮਿਤ ਗਈ ਚੰਡਿ ਤਿਹ ਪਾਸ ॥੨੨੦॥

ਸ਼ੁੰਭ ਨੂੰ ਮਾਰਨ ਲਈ ਚੰਡੀ ਉਸ ਕੋਲ ਚਲੀ ਗਈ ॥੨੨੦॥

ਸ੍ਵੈਯਾ ॥

ਸ੍ਵੈਯਾ:

ਬੀਚ ਤਬੈ ਨਭ ਮੰਡਲ ਚੰਡਿਕਾ ਜੁਧ ਕਰਿਓ ਜਿਮ ਆਗੇ ਨ ਹੋਊ ॥

ਤਦੋਂ ਆਕਾਸ਼-ਮੰਡਲ ਦੇ ਵਿਚਾਲੇ ਚੰਡੀ ਨੇ (ਇਸ ਤਰ੍ਹਾਂ ਦਾ) ਯੁੱਧ ਕੀਤਾ, ਜਿਸ ਤਰ੍ਹਾਂ ਦਾ ਅਗੇ ਕਦੇ ਨਹੀਂ ਹੋਇਆ ਹੈ।

ਸੂਰਜ ਚੰਦੁ ਨਿਛਤ੍ਰ ਸਚੀਪਤਿ ਅਉਰ ਸਭੈ ਸੁਰ ਪੇਖਤ ਸੋਊ ॥

ਸੂਰਜ, ਚੰਦ੍ਰਮਾ, ਤਾਰੇ ('ਨਿਛਤ੍ਰ') ਇੰਦਰ ('ਸਚੀਪਤਿ') ਅਤੇ ਹੋਰ ਸਾਰੇ ਦੇਵਤੇ ਉਸ (ਯੁੱਧ) ਨੂੰ ਵੇਖ ਰਹੇ ਹਨ।


Flag Counter