ਉਪਸੁੰਦ ('ਅਪਸੁੰਦ') ਨੇ ਕਿਹਾ ਕਿ ਇਸ ਨਾਲ ਮੈਂ (ਵਿਆਹ) ਕਰਾਂਗਾ।
ਦੋਹਾਂ ਵਿਚ ਬਹੁਤ ਝਗੜਾ ਹੋ ਗਿਆ
ਅਤੇ ਦੋਵੇਂ ਹੰਕਾਰੀ ਸੂਰਮੇ (ਲੜਾਈ ਲਈ) ਡਟ ਗਏ ॥੧੨॥
ਭੁਜੰਗ ਛੰਦ:
ਬਹੁਤ ਤਕੜਾ ਯੁੱਧ ਹੋਇਆ, ਵੱਡੇ ਸੂਰਮੇ (ਆਪਸ ਵਿਚ) ਜੁਟ ਗਏ।
(ਉਹ) ਖੰਡੇ ਕਢ ਕੇ ਚੌਹਾਂ ਪਾਸਿਆਂ ਤੋਂ ਆ ਪਏ।
ਗੁੱਸੇ ਵਿਚ ਆ ਕੇ ਸੂਰਮਿਆਂ ਨੇ ਬਹੁਤ ਘਾਓ ਲਗਾਏ
ਅਤੇ ਕਿਤਨੇ ਹੀ ਢਾਲਾਂ, ਤ੍ਰਿਸ਼ੂਲਾਂ ਅਤੇ ਤਲਵਾਰਾਂ ਨਾਲ ਖੇਡਣ ਲਗੇ ॥੧੩॥
ਸੋਰਠਾ:
ਅਨੇਕ ਮਾਰੂ ਵਾਜੇ ਵਜੇ ਅਤੇ ਸੂਰਮੇ ਪ੍ਰਸੰਨ ਹੋ ਗਏ।
ਕੋਈ ਵੀ ਸੂਰਮਾ ਜੀਉਂਦਾ ਨਾ ਬਚਿਆ, ਕਾਲ ਨੇ ਸਭ ਨੂੰ ਚਬ ਲਿਆ ॥੧੪॥
ਦੋਹਰਾ:
ਜੰਗੀ ਨਗਾਰਿਆ ਦੇ ਵਜਣ ਨਾਲ ਜੁਝਾਰੂ (ਇਕ ਦੂਜੇ ਦੇ) ਸਾਹਮਣੇ ਆ ਕੇ ਲੜਨ ਲਗੇ।
ਤਦ ਢੋਲ ਅਤੇ ਮ੍ਰਿਦੰਗ ਵਜਾ ਕੇ ਸੁੰਦ ਅਤੇ ਉਪਸੁੰਦ ਗੱਜਣ ਲਗੇ ॥੧੫॥
ਚੌਪਈ:
ਪਹਿਲੀ ਮਾਰ ਤੀਰਾਂ ਦੀ ਪਈ।
ਦੂਜੀ ਮਾਰ ਬਰਛੀਆਂ ਨਾਲ ਹੋਈ।
ਤੀਜਾ ਯੁੱਧ ਤਲਵਾਰਾਂ ਦਾ ਹੋਇਆ।
ਚੌਥਾ ਭੇੜ ਕਟਾਰਾਂ ਦਾ ਹੋਇਆ ॥੧੬॥
ਦੋਹਰਾ:
ਪੰਜਵਾਂ ਯੁੱਧ ਮੁਕਿਆਂ ਦਾ ਹੋਇਆ ਅਤੇ ਬਹੁਤ ਲੋਹਾ ਖੜਕਿਆ
ਜਿਸ ਕਰ ਕੇ ਉੱਚੇ ਨੀਵੇਂ, ਬਹਾਦਰ ਅਤੇ ਡਰਪੋਕ ਸਭ ਇਕ ਸਮਾਨ ਹੋ ਗਏ ॥੧੭॥
ਬਜ੍ਰ-ਬਾਣ, ਬਰਛੇ, ਬਿਛੂਏ ਅਤੇ ਅਨੇਕ ਤਰ੍ਹਾਂ ਦੇ ਤੀਰ ਵਰ੍ਹੇ
ਅਤੇ ਉੱਚੇ ਨੀਵੇਂ, ਡਰਪੋਕ ਅਤੇ ਬਹਾਦਰ ਕੋਈ ਵੀ ਜੀਵਿਤ ਨਾ ਬਚ ਸਕਿਆ ॥੧੮॥
ਸਵੈਯਾ:
ਉਥੇ ਇਸ ਤਰ੍ਹਾਂ ਮੁਠਭੇੜ ਹੋਈ, ਇਧਰ ਸੁੰਦ ਅਤੇ ਉਧਰ ਉਪਸੁੰਦ ਨੇ ਲਲਕਾਰੇ ਮਾਰੇ।
ਪਟੇ, ਲੋਹ-ਹੱਥੀ, ਫਰਸੇ ਆਦਿ ਬੇਸ਼ੁਮਾਰ ਹਥਿਆਰ ਲੈ ਕੇ ਗੁੱਸੇ ਨਾਲ (ਇਕ ਦੂਜੇ ਤੇ) ਵਾਰ ਕੀਤੇ।
ਕਿਤੇ ਰਾਜੇ ਪਏ ਸਨ, ਕਿਤੇ ਤਾਜ ਡਿਗੇ ਹੋਏ ਸਨ ਅਤੇ ਕਿਤੇ ਕ੍ਰਿਪਾਨਾਂ ਨਾਲ ਮਾਰੇ ਹੋਏ ਸੂਰਮੇ ਤੜਪ ਰਹੇ ਸਨ।
ਉਹ ਦੋਵੇਂ ਸ਼ੂਰਵੀਰ ਆਪਸ ਵਿਚ ਲੜ ਕੇ ਕਾਲ ਦੇ ਵਸ ਵਿਚ ਹੋ ਗਏ। ਕਰਤਾਰ ਨੇ (ਉਨ੍ਹਾਂ ਨੂੰ) ਸੰਘਾਰ ਦਿੱਤਾ ॥੧੯॥
ਚੌਪਈ:
ਦੋਵੇਂ ਸੂਰਮੇ ਆਪਸ ਵਿਚ ਲੜ ਮੋਏ
ਬਜ੍ਰ-ਬਾਨ ਅਤੇ ਬਿਛੂਆਂ ਦੇ ਜ਼ਖ਼ਮ ਲਗਾਉਂਦੇ ਹੋਏ।
(ਇਸ ਤੋਂ ਬਾਦ) ਫੁਲਾਂ ਦੀ ਬਦਲ ਵਾਂਗ ਬਰਖਾ ਹੋਣ ਲਗੀ
ਅਤੇ ਦੇਵਤਿਆਂ ਸਹਿਤ ਇੰਦਰ ਬਹੁਤ ਪ੍ਰਸੰਨ ਹੋਇਆ ॥੨੦॥
ਦੋਹਰਾ:
ਦੋਹਾਂ ਭਰਾਵਾਂ ਨੂੰ ਇਸਤਰੀ ਮਾਰ ਕੇ ਬ੍ਰਹਮ ਪੁਰ ਨੂੰ ਚਲੀ ਗਈ।
(ਹਰ ਪਾਸੇ) ਅਪਾਰ ਜੈ ਜੈਕਾਰ ਹੋਣ ਲਗੀ ਅਤੇ ਮਨ ਵਿਚ ਇੰਦਰ ਬਹੁਤ ਪ੍ਰਸੰਨ ਹੋਏ ॥੨੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਸੋਲਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੬॥੨੨੮੨॥ ਚਲਦਾ॥
ਚੌਪਈ:
ਦੈਂਤਾਂ ਨੇ ਜਦ ਘਮਸਾਨ ਯੁੱਧ ਕੀਤਾ
ਤਾਂ ਇੰਦਰ ਨੇ ਆਪਣੇ ਘਰ ਦਾ ਰਾਹ ਫੜਿਆ।
(ਉਹ) ਕਮਲ-ਨਾਲ ਵਿਚ ਲੁਕ ਗਿਆ
ਅਤੇ ਸਚੀ ਆਦਿ ਕਿਸੇ ਨੂੰ ਨਾ ਲਭਿਆ ॥੧॥
ਇੰਦਰ ('ਬਾਸਵ') ਨੂੰ ਸਭ ਖੋਜਣ ਲਗੇ
ਅਤੇ ਸਚੀ ਸਮੇਤ ਅਸੰਖਾਂ (ਲੋਗ) ਪ੍ਰੇਮ ਨਾਲ (ਬੇਹਬਲ ਹੋ ਗਏ)।
(ਉਹ) ਸਾਰੇ ਲਭਦੇ ਫਿਰੇ, ਪਰ ਕਿਤੋਂ ਨਾ ਲਭਿਆ।
ਦੇਵਤਿਆਂ ਦੇ (ਮਨ ਵਿਚ) ਬਹੁਤ ਦੁਖ ਹੋਣ ਲਗਾ ॥੨॥
ਦੋਹਰਾ: