ਸ਼੍ਰੀ ਦਸਮ ਗ੍ਰੰਥ

ਅੰਗ - 1256


ਦੇਗ ਤੇਗ ਕੋ ਜਾਹਿ ਭਰੋਸਾ ॥

ਜਿਸ ਨੂੰ ਦੇਗ ਅਤੇ ਤੇਗ ਦਾ (ਬਹੁਤ) ਭਰੋਸਾ ਸੀ।

ਸੁਘਨਾ ਵਤੀ ਸੁਤਾ ਇਕ ਤਾ ਕੀ ॥

ਸੁਘਨਾ ਵਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ।

ਰੋਸਨ ਭਯੋ ਜੋਤਿ ਸਸਿ ਵਾ ਕੀ ॥੨॥

ਉਸ ਦੀ ਜੋਤਿ ਨਾਲ ਹੀ ਚੰਦ੍ਰਮਾ ਰੋਸ਼ਨ ਹੁੰਦਾ ਸੀ ॥੨॥

ਇਕ ਦਿਨ ਨਿਕਸਾ ਨ੍ਰਿਪਤਿ ਸਿਕਾਰਾ ॥

ਇਕ ਦਿਨ ਰਾਜਾ ਸ਼ਿਕਾਰ ਖੇਡਣ ਨੂੰ ਨਿਕਲਿਆ।

ਲਏ ਸ੍ਵਾਨ ਸੀਚਾਨ ਹਜਾਰਾ ॥

(ਉਸ ਨੇ ਆਪਣੇ ਨਾਲ) ਹਜ਼ਾਰਾਂ ਕੁੱਤੇ, ਬਾਜ਼,

ਚੀਤਾ ਔਰ ਜਾਰਿਯਨ ਲੀਨੇ ॥

ਚਿਤਰੇ, ਜਾਰਿਯ (ਮਸ਼ਾਲਚੀ) ਲੈ ਲਏ,

ਸ੍ਰਯਾਹ ਗੋਸ ਨਹਿ ਜਾਹਿ ਸੁ ਚੀਨੇ ॥੩॥

ਅਤੇ ਸਿਆਹ ਗੋਸ਼ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੩॥

ਲਗਰ ਝਗਰ ਜੁਰਰਾ ਅਰੁ ਬਾਜਾ ॥

ਲਗਰ, ਝਗਰ, ਜੁਰਰਾ, ਬਾਜ਼,

ਬਹਰੀ ਕੁਹੀ ਸਿਚਾਨ ਸਮਾਜਾ ॥

ਬਹਿਰੀ, ਕੂਹੀ ਆਦਿ ਸ਼ਿਕਾਰੀ ਪੰਛੀ (ਨਾਲ ਲੈ ਲਏ)।

ਬਾਸੇ ਔਰ ਬਸੀਨੈ ਘਨੀ ॥

(ਇਨ੍ਹਾਂ ਤੋਂ ਇਲਾਵਾ) ਬਹੁਤ ਸਾਰੇ ਬਾਸ਼ੇ, ਬਸੀਨ,

ਚਿਪਕ ਧੂਤਿਯੈ ਜਾਹਿ ਨ ਗਨੀ ॥੪॥

ਚਿਪਕ, ਧੂਤੀਏ ਆਦਿ ਵੀ ਲੈ ਲਏ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੪॥

ਭਾਤਿ ਭਾਤਿ ਤਨ ਖੇਲ ਸਿਕਾਰਾ ॥

ਉਸ ਨੇ ਭਾਂਤ ਭਾਂਤ ਦਾ ਸ਼ਿਕਾਰ ਖੇਡਿਆ

ਅਧਿਕ ਮ੍ਰਿਗਨ ਕਹ ਖੇਦਿ ਪਛਾਰਾ ॥

ਅਤੇ ਬਹੁਤ ਸਾਰੇ ਹਿਰਨਾਂ ਨੂੰ ਖਦੇੜ ਕੇ ਪਛਾੜ ਦਿੱਤਾ।

ਤਬ ਲਗਿ ਦ੍ਰਿਸਟਿ ਬਰਾਹਿਕ ਆਯੋ ॥

ਤਦ ਉਸ ਦੀ ਨਜ਼ਰ ਵਿਚ ਇਕ ਸੂਰ ਆਇਆ।

ਤਿਹ ਪਾਛੇ ਤਿਹ ਤੁਰੰਗ ਧਵਾਯੋ ॥੫॥

ਉਸ ਪਿਛੇ ਉਸ ਨੇ ਘੋੜਾ ਭਜਾ ਦਿੱਤਾ ॥੫॥

ਜਾਤ ਭਯੋ ਤਾਹੀ ਕੇ ਦੇਸਾ ॥

ਉਹ ਹਵਾ ਦੀ ਤੇਜ਼ੀ ਨਾਲ ਘੋੜੇ ਨੂੰ ਭਜਾ ਕੇ

ਹਾਕਿ ਤੁਰੰਗ ਪਵਨ ਕੇ ਭੇਸਾ ॥

ਉਸੇ (ਸੁਘਨਾ ਵਤੀ) ਦੇ ਦੇਸ਼ ਜਾ ਪਹੁੰਚਿਆ।

ਸੁਘਨਾ ਵਤੀ ਲਖਾ ਜਬ ਤਾ ਕੌ ॥

ਉਸ ਨੂੰ ਜਦ ਸੁਘਨਾ ਵਤੀ ਨੇ ਵੇਖਿਆ

ਲਯੋ ਬੁਲਾਇ ਤਹੀ ਤੇ ਵਾ ਕੌ ॥੬॥

ਤਾਂ ਉਥੋਂ ਹੀ (ਉਸ ਨੇ) ਉਸ ਰਾਜੇ ਨੂੰ ਬੁਲਾ ਲਿਆ ॥੬॥

ਧੌਲਰ ਤਰ ਕਮੰਦ ਲਰਕਾਈ ॥

ਮਹੱਲ ਦੇ ਹੇਠਾਂ ਕਮੰਦ ਲਟਕਾਈ

ਲਯੋ ਤਿਸੌ ਤਿਹ ਪੈਡ ਚੜਾਈ ॥

ਅਤੇ ਉਸ ਰਸਤੇ ਰਾਹੀਂ ਉਸ ਨੂੰ (ਉਪਰ) ਚੜ੍ਹਾ ਲਿਆ।

ਕਾਮ ਭੋਗ ਅਤਿ ਰੁਚ ਕਰਿ ਮਾਨਾ ॥

ਉਸ ਨਾਲ ਰੁਚੀ ਪੂਰਵਕ ਕਾਮ ਭੋਗ ਕੀਤਾ,

ਭੇਦ ਦੂਸਰੇ ਮਨੁਖ ਨ ਜਾਨਾ ॥੭॥

(ਜਿਸ ਦਾ) ਭੇਦ ਕਿਸੇ ਦੂਜੇ ਮਨੁੱਖ ਨੇ ਨਾ ਜਾਣਿਆ ॥੭॥

ਤਬ ਤਿਹ ਪਿਤ ਯੌ ਹ੍ਰਿਦੈ ਬਿਚਾਰਾ ॥

ਤਦ ਉਸ ਦੇ ਪਿਤਾ ਨੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰਿਆ

ਨਿਜੁ ਰਾਨੀ ਕੇ ਸਾਥ ਉਚਾਰਾ ॥

ਅਤੇ ਆਪਣੀ ਰਾਣੀ ਨੂੰ ਕਿਹਾ

ਹਮ ਤੁਮ ਆਉ ਸੁਤਾ ਕੇ ਜਾਹੀ ॥

ਕਿ ਤੂੰ ਤੇ ਮੈਂ (ਦੋਵੇਂ) ਪੁੱਤਰੀ ਦੇ ਘਰ ਜਾਈਏ।

ਦੁਹਿਤਾ ਹੋਇ ਖੁਸੀ ਮਨ ਮਾਹੀ ॥੮॥

ਪੁੱਤਰੀ (ਸਾਨੂੰ ਆਇਆ ਵੇਖ ਕੇ) ਮਨ ਵਿਚ ਬਹੁਤ ਖ਼ੁਸ਼ ਹੋਏਗੀ ॥੮॥

ਤਬ ਵੈ ਦੋਊ ਸੁਤਾ ਕੇ ਗਏ ॥

ਤਦ ਉਹ ਦੋਵੇਂ ਪੁੱਤਰੀ ਦੇ (ਘਰ) ਗਏ

ਤਾ ਕੇ ਪ੍ਰਾਪਤਿ ਦ੍ਵਾਰ ਪਰ ਭਏ ॥

ਅਤੇ ਉਸ ਦੇ ਦਰਵਾਜ਼ੇ ਉਤੇ ਜਾ ਪਹੁੰਚੇ।

ਸੁਘਨਾ ਵਤੀ ਤਿਹ ਲਖਿ ਦੁਖ ਪਾਯੋ ॥

ਉਨ੍ਹਾਂ ਨੂੰ ਵੇਖ ਕੇ ਸੁਘਨਾ ਵਤੀ ਬਹੁਤ ਦੁਖੀ ਹੋਈ।

ਅਧਿਕ ਅਸਰਫੀ ਕਾਢਿ ਮੰਗਾਯੋ ॥੯॥

(ਤਦ ਉਸ ਨੇ) ਬਹੁਤ ਸਾਰੀਆਂ ਅਸ਼ਰਫ਼ੀਆਂ ਕਢ ਕੇ ਮੰਗਵਾਈਆਂ ॥੯॥

ਔਰ ਅਧਿਕ ਤਿਨ ਅਤਿਥ ਬੁਲਾਏ ॥

ਉਸ ਨੇ ਬਹੁਤ ਸਾਰੇ ਸਾਧ ਬੁਲਵਾਏ

ਏਕ ਏਕ ਦੈ ਮੁਹਰ ਪਠਾਏ ॥

ਅਤੇ ਇਕ ਇਕ ਮੋਹਰ ਦੇ ਕੇ ਤੋਰ ਦਿੱਤਾ।

ਤਿਨ ਕੇ ਮਾਹਿ ਨ੍ਰਿਪਤਿ ਕਰ ਮੰਗਨਾ ॥

ਉਨ੍ਹਾਂ ਵਿਚ ਹੀ ਰਾਜੇ ਨੂੰ ਵੀ ਮੰਗਤਾ ਬਣਾ ਕੇ

ਦੈ ਸਤ ਮੁਹਰ ਨਿਕਾਰਿਯੋ ਅੰਗਨਾ ॥੧੦॥

(ਉਸ ਨੇ) ਸੱਤ (ਅਰਥਾਂਤਰ-ਸੌ) ਮੁਹਰਾਂ ਦੇ ਕੇ ਵੇਹੜੇ ਵਿਚੋਂ ਕਢ ਦਿੱਤਾ ॥੧੦॥

ਮੁਰ ਪਰਵਾਰ ਲਖ੍ਯੋ ਇਨ ਰਾਜਾ ॥

(ਉਸ ਦੇ ਪਿਤਾ) ਰਾਜੇ ਨੇ ਸਮਝਿਆ ਕਿ ਇਹ ਮੇਰੇ ਪਰਿਵਾਰ ਦੀ ਹੀ ਹੈ।

ਏਤੋ ਦਯੋ ਦਰਬ ਬਿਨੁ ਕਾਜਾ ॥

ਬਿਨਾ ਕਿਸੇ ਕੰਮ ਦੇ ਹੀ (ਇਸ ਨੇ) ਇਤਨਾ ਧਨ ਦਾਨ ਕਰ ਦਿੱਤਾ ਹੈ (ਭਾਵ-ਮੇਰੇ ਸਿਰ ਤੋਂ ਆਉਣ ਦੀ ਖ਼ੁਸ਼ੀ ਵਿਚ ਵਾਰ ਦਿੱਤਾ ਹੈ)।

ਤਾ ਤੇ ਦੁਗੁਨ ਤਵਨ ਕਹ ਦਯੋ ॥

ਇਸ ਲਈ ਉਸ ਨੂੰ ਦੁਗਣਾ (ਧਨ) ਦੇ ਦਿੱਤਾ

ਭੇਦ ਅਭੇਦ ਨ ਜਾਨਤ ਭਯੋ ॥੧੧॥

ਅਤੇ ਭੇਦ ਅਭੇਦ ਨੂੰ ਕੁਝ ਨਾ ਸਮਝ ਸਕਿਆ ॥੧੧॥

ਦੋਹਰਾ ॥

ਦੋਹਰਾ:

ਰਾਜ ਸੁਤਾ ਪਿਯ ਮਿਤ੍ਰ ਕੌ ਇਹ ਛਲ ਅਤਿਥ ਬਨਾਇ ॥

ਰਾਜ ਕੁਮਾਰੀ ਨੇ (ਆਪਣੇ) ਪਿਆਰੇ ਮਿਤਰ ਨੂੰ ਛਲ ਨਾਲ ਸਾਧ ਬਣਾ ਦਿੱਤਾ

ਦੈ ਅਸਰਫੀ ਨਿਕਾਰਿਯੋ ਭੇਦ ਨ ਜਾਨਾ ਰਾਇ ॥੧੨॥

ਅਤੇ ਉਸ ਨੂੰ ਅਸ਼ਰਫ਼ੀ ਦੇ ਕੇ ਕਢ ਦਿੱਤਾ। ਰਾਜਾ ਇਹ ਭੇਦ ਨਾ ਸਮਝ ਸਕਿਆ ॥੧੨॥

ਮਨ ਮਾਨਤ ਕੋ ਭੋਗ ਕਰਿ ਪਿਤ ਅਰੁ ਮਾਤ ਦਿਖਾਇ ॥

ਮਨ ਭਾਉਂਦਾ ਭੋਗ ਕਰ ਕੇ ਮਾਤਾ ਪਿਤਾ ਨੂੰ (ਯਾਰ) ਵਿਖਾ ਦਿੱਤਾ।

ਇਹ ਛਲ ਸੌ ਕਾਢਾ ਤਿਸੈ ਕਿਨਹੂੰ ਨ ਗਹਿਯੋ ਬਨਾਇ ॥੧੩॥

ਉਸ ਨੂੰ ਇਹ ਛਲ ਕਰ ਕੇ ਕਢ ਦਿੱਤਾ (ਪਰ ਉਸ ਨੂੰ) ਕੋਈ ਵੀ ਫੜ ਨਾ ਸਕਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੭॥੫੮੮੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੭॥੫੮੮੫॥ ਚਲਦਾ॥

ਚੌਪਈ ॥

ਚੌਪਈ:

ਕੋਚ ਬਿਹਾਰ ਸਹਿਰ ਜਹ ਬਸੈ ॥

ਜਿਥੇ ਕੋਚ (ਕੂਚ) ਬਿਹਾਰ ਸ਼ਹਿਰ ਵਸਦਾ ਸੀ,

ਅਮਰਾਵਤੀ ਪੁਰੀ ਕਹ ਹਸੈ ॥

ਜੋ ਅਮਰਾਵਤੀ (ਇੰਦਰ) ਪੁਰੀ ਨੂੰ (ਵੇਖ ਕੇ) ਹਸਦਾ ਸੀ।

ਬ੍ਰਿਧ ਕੇਤੁ ਤਿਹ ਭੂਪ ਭਨਿਜੈ ॥

ਬ੍ਰਿਧ ਕੇਤੁ ਉਥੋਂ ਦਾ ਰਾਜਾ ਦਸਿਆ ਜਾਂਦਾ ਸੀ।

ਕੋ ਰਾਜਾ ਪਟਤਰ ਤਿਹ ਦਿਜੈ ॥੧॥

ਕਿਸ ਰਾਜੇ ਨਾਲ ਉਸ ਦੀ ਤੁਲਨਾ ਕਰੀਏ (ਅਰਥਾਤ-ਉਸ ਦੇ ਸਮਾਨ ਹੋਰ ਕੋਈ ਰਾਜਾ ਨਹੀਂ ਸੀ) ॥੧॥

ਸ੍ਰੀ ਫੁਟ ਬੇਸਰਿ ਦੇ ਤਹ ਦਾਰਾ ॥

ਉਸ ਦੀ ਪਤਨੀ ਦਾ ਨਾਂ ਸ੍ਰੀ ਫੁਟ ਬੇਸਰਿ ਦੇ (ਦੇਈ) ਸੀ

ਜਿਹ ਸਮ ਦੇਵ ਨ ਦੇਵ ਕੁਮਾਰਾ ॥

ਜਿਸ ਵਰਗੀ ਦੇਵਇਸ ਤਰੀ ਜਾਂ ਦੇਵ ਕੁਮਾਰੀ (ਕੋਈ ਵੀ) ਨਹੀਂ ਸੀ।

ਤਾ ਕੋ ਜਾਤ ਨ ਰੂਪ ਉਚਾਰਾ ॥

ਉਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਦਿਵਸ ਭਯੋ ਤਾ ਤੇ ਉਜਿਯਾਰਾ ॥੨॥

ਉਸ ਤੋਂ ਦਿਨ ਵੀ ਪ੍ਰਕਾਸ਼ ਪ੍ਰਾਪਤ ਕਰਦਾ ਸੀ ॥੨॥

ਹਾਜੀ ਰਾਇ ਤਹਾ ਖਤਿਰੇਟਾ ॥

ਉਥੇ ਇਕ ਹਾਜੀ ਰਾਇ ਨਾਂ ਦਾ ਖਤਰੇਟਾ ਸੀ।

ਇਸਕ ਮੁਸਕ ਕੇ ਸਾਥ ਲਪੇਟਾ ॥

(ਉਹ) ਇਸ਼ਕ ਮੁਸ਼ਕ ਵਿਚ ਪੂਰੀ ਤਰ੍ਹਾਂ ਲਿਪਤ ਸੀ।

ਤਾ ਕੀ ਜਾਤ ਨ ਪ੍ਰਭਾ ਉਚਾਰੀ ॥

ਉਸ ਦੀ ਪ੍ਰਭਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।

ਫੂਲਿ ਰਹੀ ਜਾਨੁਕ ਫੁਲਵਾਰੀ ॥੩॥

(ਇੰਜ ਲਗਦਾ ਸੀ) ਮਾਨੋ ਫੁਲਵਾੜੀ ਖਿੜੀ ਹੋਵੇ ॥੩॥

ਸ੍ਰੀ ਫੁਟ ਬੇਸਰਿ ਦੇ ਤਿਹ ਲਹਾ ॥

ਸ੍ਰੀ ਫੁਟ ਬੇਸਰਿ ਦੇਈ ਨੇ ਉਸ ਨੂੰ ਵੇਖਿਆ

ਇਹ ਬਿਧਿ ਚਿਤ ਅਪਨੇ ਮਹਿ ਕਹਾ ॥

ਅਤੇ ਆਪਣੇ ਚਿਤ ਵਿਚ ਇਸ ਤਰ੍ਹਾਂ ਕਿਹਾ,

ਕੈ ਅਬ ਮਰੌ ਕਟਾਰੀ ਹਨਿ ਕੈ ॥

ਜਾਂ ਤਾਂ ਮੈਂ ਹੁਣ ਕਟਾਰ ਮਾਰ ਕੇ ਮਰ ਜਾਵਾਂਗੀ,

ਕੈ ਇਹ ਭਜੌ ਆਜੁ ਬਨਿ ਠਨਿ ਕੈ ॥੪॥

ਜਾਂ ਅਜ ਬਣ ਠਣ ਕੇ ਇਸ ਨਾਲ ਕਾਮ-ਕ੍ਰੀੜਾ ਕਰਾਂਗੀ ॥੪॥

ਦੋਹਰਾ ॥

ਦੋਹਰਾ:

ਮਸਿ ਭੀਜਤ ਤਿਹ ਬਦਨ ਪਰ ਅਤਿ ਸੁੰਦਰ ਸਰਬੰਗ ॥

ਉਸ ਦੇ ਮੂੰਹ ('ਬਦਨ') ਤੇ ਮੁੱਛਾਂ ਫੁਟ ਰਹੀਆਂ ਸਨ ਅਤੇ ਉਸ ਦਾ ਸਾਰਾ ਸ਼ਰੀਰ ਸੁੰਦਰ ਸੀ।

ਕਨਕ ਅਵਟਿ ਸਾਚੇ ਢਰਿਯੋ ਲੂਟੀ ਪ੍ਰਭਾ ਅਨੰਗ ॥੫॥

(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸੋਨਾ ਪੰਘਾਰ ਕੇ (ਉਸ ਨੂੰ) ਸੰਚੇ ਵਿਚ ਢਾਲਿਆ ਗਿਆ ਹੋਵੇ ਅਤੇ ਕਾਮ ਦੇਵ ਦੀ ਸੁੰਦਰਤਾ ਲੁਟੀ ਹੋਈ ਹੋਵੇ ॥੫॥

ਚੌਪਈ ॥

ਚੌਪਈ:

ਸੁਘਰਿ ਸਹਚਰੀ ਤਹਾ ਪਠਾਈ ॥

(ਰਾਣੀ ਨੇ) ਇਕ ਸਿਆਣੀ ਸਖੀ ਉਥੇ (ਉਸ ਪਾਸ) ਭੇਜੀ।

ਛਲ ਸੌ ਤਾਹਿ ਤਹਾ ਲੈ ਆਈ ॥

(ਉਹ) ਛਲ ਨਾਲ ਉਸ ਨੂੰ ਉਥੇ ਲੈ ਆਈ।

ਜਬ ਤਿਹ ਹਾਥ ਚਲਾਯੋ ਰਾਨੀ ॥

ਜਦ ਰਾਣੀ ਨੇ ਉਸ ਵਲ ਹੱਥ ਵਧਾਇਆ,

ਹਾਜੀ ਰਾਇ ਬਾਤ ਨਹਿ ਮਾਨੀ ॥੬॥

ਤਾਂ ਹਾਜੀ ਰਾਇ ਨੇ (ਉਸ ਦੀ) ਗੱਲ ਨਹੀਂ ਮੰਨੀ ॥੬॥

ਅਬਲਾ ਕੋਟਿ ਜਤਨ ਕਰਿ ਹਾਰੀ ॥

ਅਬਲਾ ਬੇਸ਼ੁਮਾਰ ਯਤਨ ਕਰ ਕੇ ਹਾਰ ਗਈ,

ਕ੍ਯੋਹੂੰ ਨ ਭਜੀ ਤਾਹਿ ਨ੍ਰਿਪ ਨਾਰੀ ॥

ਪਰ ਕਿਵੇਂ ਵੀ ਉਸ ਨੇ ਰਾਣੀ ਨਾਲ ਰਮਣ ਨਾ ਕੀਤਾ।