ਸ਼੍ਰੀ ਦਸਮ ਗ੍ਰੰਥ

ਅੰਗ - 643


ਅਰੁ ਭਾਤਿ ਭਾਤਿ ਉਠਿ ਪਰਤ ਚਰਨਿ ॥

ਅਤੇ ਉਠ ਕੇ ਤਰ੍ਹਾਂ ਤਰ੍ਹਾਂ ਨਾਲ ਚਰਨੀਂ ਪਿਆ

ਜਾਨੀ ਨ ਜਾਇ ਜਿਹ ਜਾਤਿ ਬਰਨ ॥੧੦੧॥

ਜਿਸ ਦਾ ਵਰਣ ਅਤੇ ਜਾਤਿ ਜਾਣੀ ਨਹੀਂ ਜਾਂਦੀ ॥੧੦੧॥

ਜਉ ਕਰੈ ਕ੍ਰਿਤ ਕਈ ਜੁਗ ਉਚਾਰ ॥

ਜੇ ਕੋਈ (ਉਸ ਦੀ) ਕੀਰਤੀ ਦਾ ਕਈ ਯੁਗਾਂ ਤਕ ਉਚਾਰਨ ਕਰੇ,

ਨਹੀ ਤਦਿਪ ਤਾਸੁ ਲਹਿ ਜਾਤ ਪਾਰ ॥

ਤਦ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਮਮ ਅਲਪ ਬੁਧਿ ਤਵ ਗੁਨ ਅਨੰਤ ॥

ਮੇਰੀ ਬੁੱਧੀ ਥੋੜੀ ਹੈ ਅਤੇ ਤੇਰੇ ਗੁਣ ਅਨੰਤ ਹਨ।

ਬਰਨਾ ਨ ਜਾਤ ਤੁਮ ਅਤਿ ਬਿਅੰਤ ॥੧੦੨॥

(ਮੈਂ) ਵਰਣਨ ਨਹੀਂ ਕਰ ਸਕਦਾ, ਤੇਰੀ (ਸ਼ੋਭਾ) ਬੇਅੰਤ ਹੈ ॥੧੦੨॥

ਤਵ ਗੁਣ ਅਤਿ ਊਚ ਅੰਬਰ ਸਮਾਨ ॥

ਤੇਰੇ ਗੁਣ ਆਕਾਸ਼ ਵਾਂਗ ਬਹੁਤ ਉੱਚੇ ਹਨ,

ਮਮ ਅਲਪ ਬੁਧਿ ਬਾਲਕ ਅਜਾਨ ॥

(ਪਰ) ਮੈਂ ਅਲਪ ਬੁੱਧੀ ਵਾਲਾ ਅਜਾਣ ਬਾਲਕ ਹਾਂ।

ਕਿਮ ਸਕੌ ਬਰਨ ਤੁਮਰੇ ਪ੍ਰਭਾਵ ॥

ਮੈਂ ਤੁਹਾਡੇ ਪ੍ਰਭਾਵ ਦਾ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ।

ਤਵ ਪਰਾ ਸਰਣਿ ਤਜਿ ਸਭ ਉਪਾਵ ॥੧੦੩॥

(ਮੈਂ) ਸਾਰੇ ਉਪਾ ਛਡ ਕੇ ਤੁਹਾਡੀ ਸ਼ਰਨ ਵਿਚ ਪਿਆ ਹਾਂ ॥੧੦੩॥

ਜਿਹ ਲਖਤ ਚਤ੍ਰ ਨਹਿ ਭੇਦ ਬੇਦ ॥

ਜਿਸ ਦੇ ਭੇਦ ਨੂੰ ਚਾਰੇ ਵੇਦ ਨਹੀਂ ਸਮਝ ਸਕਦੇ।

ਆਭਾ ਅਨੰਤ ਮਹਿਮਾ ਅਛੇਦ ॥

(ਜਿਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਛੇਦੀ ਨਹੀਂ ਜਾ ਸਕਦੀ।

ਗੁਨ ਗਨਤ ਚਤ੍ਰਮੁਖ ਪਰਾ ਹਾਰ ॥

(ਜਿਸ ਦੇ) ਗੁਣਾਂ ਦਾ ਵਿਚਾਰ ਕਰਦਿਆਂ ਬ੍ਰਹਮਾ ਹਾਰ ਗਿਆ,

ਤਬ ਨੇਤਿ ਨੇਤਿ ਕਿਨੋ ਉਚਾਰ ॥੧੦੪॥

ਤਦ ਉਸ ਨੇ ਨੇਤਿ ਨੇਤਿ ਦਾ ਉਚਾਰਨ ਕੀਤਾ ॥੧੦੪॥

ਥਕਿ ਗਿਰਿਓ ਬ੍ਰਿਧ ਸਿਰ ਲਿਖਤ ਕਿਤ ॥

(ਜਿਸ ਦੀ) ਕੀਰਤੀ ਨੂੰ ਲਿਖਦਿਆਂ ਲਿਖਦਿਆਂ ਬਿਰਧ (ਬ੍ਰਹਮਾ) ਥਕ ਕੇ ਸਿਰ ਦੇ ਭਾਰ ਡਿਗ ਪਿਆ ਹੈ।

ਚਕਿ ਰਹੇ ਬਾਲਿਖਿਲਾਦਿ ਚਿਤ ॥

'ਬਾਲਿਖਿਲਾਦਿ' (ਬ੍ਰਹਮਾ-ਪੁੱਤਰ) ਵੀ ਚਿਤ ਵਿਚ ਹੈਰਾਨ ਹੋ ਰਹੇ ਹਨ।

ਗੁਨ ਗਨਤ ਚਤ੍ਰਮੁਖ ਹਾਰ ਮਾਨਿ ॥

ਗੁਣਾਂ ਦਾ ਵਿਚਾਰ ਕਰਦਿਆਂ ਕਰਦਿਆਂ ਬ੍ਰਹਮਾ ਹਾਰ ਮੰਨ ਗਿਆ ਹੈ।

ਹਠਿ ਤਜਿ ਬਿਅੰਤਿ ਕਿਨੋ ਬਖਾਨ ॥੧੦੫॥

ਹਠ ਨੂੰ ਛਡ ਕੇ ਬੇਅੰਤ ਬੇਅੰਤ ਕਹਿਣ ਲਗ ਗਿਆ ਹੈ ॥੧੦੫॥

ਤਹ ਜਪਤ ਰੁਦ੍ਰ ਜੁਗ ਕੋਟਿ ਭੀਤ ॥

ਉਸ ਨੂੰ ਜਪਦਿਆਂ ਰੁਦ੍ਰ ਨੇ ਕਰੋੜਾਂ ਯੁਗ ਬਿਤਾ ਦਿੱਤੇ ਹਨ।

ਬਹਿ ਗਈ ਗੰਗ ਸਿਰ ਮੁਰਿ ਨ ਚੀਤ ॥

ਸਿਰ ਉਤੋਂ ਗੰਗਾ ਵਹਿ ਗਈ, ਪਰ (ਉਸ ਨੇ ਸਿਮਰਨ ਤੋਂ) ਚਿਤ ਨੂੰ ਨਹੀਂ ਮੋੜਿਆ।

ਕਈ ਕਲਪ ਬੀਤ ਜਿਹ ਧਰਤਿ ਧਿਆਨ ॥

ਉਸ ਦਾ ਧਿਆਨ ਧਰਦਿਆਂ (ਸਾਧਕਾਂ ਦੇ) ਕਈ ਕਲਪ ਬੀਤ ਗਏ ਹਨ,

ਨਹੀ ਤਦਿਪ ਧਿਆਨ ਆਏ ਸੁਜਾਨ ॥੧੦੬॥

ਪਰ ਤਾਂ ਵੀ (ਉਹ) ਸੁਜਾਨ (ਉਨ੍ਹਾਂ ਦੇ) ਧਿਆਨ ਵਿਚ ਨਹੀਂ ਆਇਆ ॥੧੦੬॥

ਜਬ ਕੀਨ ਨਾਲਿ ਬ੍ਰਹਮਾ ਪ੍ਰਵੇਸ ॥

ਜਦ ਬ੍ਰਹਮਾ ਨੇ ਕਮਲ-ਨਾਲ ਵਿਚ ਪ੍ਰਵੇਸ਼ ਕੀਤਾ,

ਮੁਨ ਮਨਿ ਮਹਾਨ ਦਿਜਬਰ ਦਿਜੇਸ ॥

ਜੋ ਮਹਾਨ ਮਨਨਸ਼ੀਲ ਮੁਨੀ ਅਤੇ ਸ੍ਰੇਸ਼ਠ ਬ੍ਰਹਾਮਣਾਂ ਦਾ ਸੁਆਮੀ ਹੈ,

ਨਹੀ ਕਮਲ ਨਾਲ ਕੋ ਲਖਾ ਪਾਰ ॥

ਉਸ ਨੂੰ ਕਮਲ-ਨਾਲ ਦਾ ਦੂਜਾ ਸਿਰਾ ਪਤਾ ਨਾ ਲਗਿਆ,

ਕਹੋ ਤਾਸੁ ਕੈਸ ਪਾਵੈ ਬਿਚਾਰ ॥੧੦੭॥

(ਤਾਂ ਫਿਰ) ਵਿਚਾਰ ਪੂਰਵਕ ਦਸੋ ਕਿ ਉਹ (ਕਾਲ ਦੇਵ) ਦਾ ਪਾਰ ਕਿਵੇਂ ਪਾ ਸਕੇਗਾ ॥੧੦੭॥

ਬਰਨੀ ਨ ਜਾਤਿ ਜਿਹ ਛਬਿ ਸੁਰੰਗ ॥

ਜਿਸ ਦੀ ਸੁੰਦਰ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਆਭਾ ਆਪਾਰ ਮਹਿਮਾ ਅਭੰਗ ॥

(ਜਿਸ ਦੀ) ਅਪਾਰ ਆਭਾ ਅਤੇ ਅਭੰਗ (ਨਸ਼ਟ ਨਾ ਹੋਣ ਵਾਲੀ) ਮਹਿਮਾ ਹੈ।

ਜਿਹ ਏਕ ਰੂਪ ਕਿਨੋ ਅਨੇਕ ॥

ਜਿਸ ਇਕ ਨੇ ਅਨੇਕ ਰੂਪ ਕੀਤੇ ਹੋਏ ਹਨ,

ਪਗ ਛੋਰਿ ਆਨ ਤਿਹ ਧਰੋ ਟੇਕ ॥੧੦੮॥

ਹੋਰਨਾਂ ਦੇ ਚਰਨਾਂ ਨੂੰ ਛਡ ਕੇ ਉਸ ਦੀ ਟੇਕ ਧਾਰਨ ਕਰੋ ॥੧੦੮॥

ਰੂਆਲ ਛੰਦ ॥

ਰੂਆਲ ਛੰਦ:

ਭਾਤਿ ਭਾਤਿ ਬਿਅੰਤਿ ਦੇਸ ਭਵੰਤ ਕਿਰਤ ਉਚਾਰ ॥

ਅਤ੍ਰੀ ਮੁਨੀ ਦਾ ਪੁੱਤਰ (ਦੱਤ) ਭਾਂਤ ਭਾਂਤ ਦੇ ਬੇਅੰਤ ਦੇਸਾਂ ਵਿਚ ਪ੍ਰਭੂ ਦੀ ਕੀਰਤੀ ਗਾਉਂਦਾ ਫਿਰਿਆ

ਭਾਤਿ ਭਾਤਿ ਪਗੋ ਲਗਾ ਤਜਿ ਗਰਬ ਅਤ੍ਰਿ ਕੁਮਾਰ ॥

ਅਤੇ ਤਰ੍ਹਾਂ ਤਰ੍ਹਾਂ ਦੇ ਹੰਕਾਰ ਨੂੰ ਤਿਆਗ ਕੇ (ਉਸ ਦੀ) ਚਰਨੀਂ ਲਗਾ ਰਿਹਾ।

ਕੋਟਿ ਬਰਖ ਕਰੀ ਜਬੈ ਹਰਿ ਸੇਵਿ ਵਾ ਚਿਤੁ ਲਾਇ ॥

ਉਸ ਨੇ ਜਦ ਚਿਤ ਲਗਾ ਕੇ ਕਰੋੜਾਂ ਵਰ੍ਹੇ ਹਰਿ ਦੀ ਸੇਵਾ ਕੀਤੀ,

ਅਕਸਮਾਤ ਭਈ ਤਬੈ ਤਿਹ ਬਿਓਮ ਬਾਨ ਬਨਾਇ ॥੧੦੯॥

(ਤਾਂ) ਉਸ ਨੂੰ ਅਚਾਨਕ (ਇਸ ਤਰ੍ਹਾਂ) ਦੀ ਆਕਾਸ਼ਬਾਣੀ ਹੋਈ ॥੧੦੯॥

ਬ੍ਯੋਮ ਬਾਨੀ ਬਾਚ ਦਤ ਪ੍ਰਤਿ ॥

ਆਕਾਸ਼ਬਾਣੀ ਨੇ ਦੱਤ ਪ੍ਰਤਿ ਕਿਹਾ:

ਦਤ ਸਤਿ ਕਹੋ ਤੁਝੈ ਗੁਰ ਹੀਣ ਮੁਕਤਿ ਨ ਹੋਇ ॥

ਹੇ ਦੱਤ! ਤੈਨੂੰ ਸੱਚ ਕਹਿੰਦਾ ਹਾਂ, ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋਵੇਗੀ।

ਰਾਵ ਰੰਕ ਪ੍ਰਜਾ ਵਜਾ ਇਮ ਭਾਖਈ ਸਭ ਕੋਇ ॥

ਰਾਜਾ ਅਤੇ ਰੰਕ, ਪਰਜਾ ਵਰਜਾ (ਆਦਿ) ਸਭ ਕੋਈ ਇਸੇ ਤਰ੍ਹਾਂ ਕਹਿੰਦਾ ਹੈ।

ਕੋਟਿ ਕਸਟ ਨ ਕਿਉ ਕਰੋ ਨਹੀ ਐਸ ਦੇਹਿ ਉਧਾਰ ॥

ਕਰੋੜਾਂ ਕਸ਼ਟ ਕਿਉਂ ਕਰਦਾ ਹੈਂ, ਇਸ ਤਰ੍ਹਾਂ ਨਾਲ ਦੇਹ ਦਾ ਉੱਧਾਰ ਨਹੀਂ ਹੋਣਾ।

ਜਾਇ ਕੈ ਗੁਰ ਕੀਜੀਐ ਸੁਨਿ ਸਤਿ ਅਤ੍ਰਿ ਕੁਮਾਰ ॥੧੧੦॥

ਹੇ ਅਤ੍ਰੀ ਮੁਨੀ ਦੇ ਪੁੱਤਰ! ਇਸ ਸੱਚੀ ਸਿਖਿਆ ਨੂੰ ਸੁਣ ਲੈ ਅਤੇ ਜਾ ਕੇ ਗੁਰੂ ਧਾਰਨ ਕਰ ॥੧੧੦॥

ਦਤ ਬਾਚ ॥

ਦੱਤ ਨੇ ਕਿਹਾ:

ਰੂਆਲ ਛੰਦ ॥

ਰੂਆਲ ਛੰਦ:

ਐਸ ਬਾਕ ਭਏ ਜਬੈ ਤਬ ਦਤ ਸਤ ਸਰੂਪ ॥

ਜਦ ਇਸ ਪ੍ਰਕਾਰ ਦੀ ਆਕਾਸ਼ ਬਾਣੀ ਹੋਈ, ਤਦ ਦੱਤ ਜੋ ਸਤਿ ਸਰੂਪ,

ਸਿੰਧੁ ਸੀਲ ਸੁਬ੍ਰਿਤ ਕੋ ਨਦ ਗ੍ਯਾਨ ਕੋ ਜਨੁ ਕੂਪ ॥

ਸ਼ੀਲ ਦਾ ਸਮੁੰਦਰ, ਚੰਗੀ ਬਿਰਤੀ ਦਾ ਦਰਿਆ ਅਤੇ ਗਿਆਨ ਦਾ ਮਾਨੋ ਖੂਹ ਹੈ,

ਪਾਨ ਲਾਗ ਡੰਡੌਤਿ ਕੈ ਇਹ ਭਾਤਿ ਕੀਨ ਉਚਾਰ ॥

ਚਰਨੀਂ ਲਗ ਗਿਆ ਅਤੇ ਡੰਡੌਤ ਕਰ ਕੇ ਇਸ ਤਰ੍ਹਾਂ ਕਹਿਣ ਲਗਿਆ ਕਿ

ਕਉਨ ਸੋ ਗੁਰ ਕੀਜੀਐ ਕਹਿ ਮੋਹਿ ਤਤ ਬਿਚਾਰ ॥੧੧੧॥

(ਉਹ) ਕੌਣ ਹੈ? ਜਿਸ ਨੂੰ ਗੁਰੂ ਕੀਤਾ ਜਾਏ, ਇਹ ਮੈਨੂੰ ਵਿਚਾਰ ਪੂਰਵਕ ਦਸੋ ॥੧੧੧॥

ਬ੍ਯੋਮ ਬਾਨੀ ਬਾਚ ॥

ਆਕਾਸ਼ ਬਾਣੀ ਨੇ ਕਿਹਾ:

ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ ਗੁਰਦੇਵ ॥

ਜੋ ਚਿਤ ਨੂੰ ਚੰਗਾ ਲਗੇ ਉਸੇ ਨੂੰ ਗੁਰੂ ਕਰਨਾ ਚਾਹੀਦਾ ਹੈ।


Flag Counter