ਅਤੇ ਦੋਹਾਂ ਨੂੰ ਜ਼ਹਿਰ (ਮਿਲਿਆ ਭੋਜਨ ਖਵਾ ਕੇ) ਸਵਰਗ ਨੂੰ ਭੇਜ ਦਿੱਤਾ ॥੫॥
ਆਪ ਸਾਰਿਆਂ ਪ੍ਰਤਿ ਇਸ ਤਰ੍ਹਾਂ ਕਿਹਾ,
ਮੈਨੂੰ ਸ਼ਿਵ ਨੇ ਵਰ ਦਿੱਤਾ ਹੈ।
(ਉਸ ਨੇ) ਰਾਣੀ ਸਮੇਤ ਰਾਜੇ ਨੂੰ ਮਾਰ ਦਿੱਤਾ ਹੈ
ਅਤੇ ਮੇਰੇ ਸਾਰੇ ਅੰਗ ਪੁਰਸ਼ ਵਾਲੇ ਬਣਾ ਦਿੱਤੇ ਹਨ ॥੬॥
ਸ਼ਿਵ ਨੇ ਮੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ।
ਮੈਨੂੰ ਸਾਰੀ ਰਾਜ ਸਾਮਗ੍ਰੀ ਦੇ ਦਿੱਤੀ ਹੈ।
ਕਿਸੇ ਨੇ ਵੀ (ਇਸ ਗੱਲ ਦਾ) ਭੇਦ ਅਭੇਦ ਨਾ ਪਾਇਆ
ਅਤੇ ਰਾਜ ਕੁਮਾਰੀ ਦੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੭॥
ਕੁਝ ਸਮਾਂ ਇਸ ਤਰ੍ਹਾਂ ਗੁਜ਼ਾਰ ਦਿੱਤਾ।
(ਫਿਰ) ਮਿਤਰ ਦੇ ਵਾਲ ਸਾਫ਼ ਕਰਵਾ ਦਿੱਤੇ।
ਉਸ ਨੂੰ ਸਾਰੇ ਇਸਤਰੀ ਦੇ ਕਪੜੇ ਪਵਾ ਦਿੱਤੇ
ਅਤੇ ਉਸ ਨੂੰ ਇਸਤਰੀ ਵਜੋਂ ਵਿਆਹ ਕੇ ਲੈ ਆਈ ॥੮॥
ਦੋਹਰਾ:
ਮਾਤਾ ਪਿਤਾ ਨੂੰ ਮਾਰ ਕੇ, (ਆਪ) ਪੁਰਸ਼ ਬਣ ਕੇ ਉਸ ਇਸਤਰੀ ਨੇ ਮਿਤਰ ਨਾਲ ਵਿਆਹ ਕਰ ਲਿਆ।
ਇਸ ਛਲ ਨਾਲ ਰਾਜ ਕੀਤਾ, ਪਰ ਕੋਈ ਵੀ ਭੇਦ ਪ੍ਰਾਪਤ ਨਾ ਕਰ ਸਕਿਆ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੯॥੬੪੫੮॥ ਚਲਦਾ॥
ਚੌਪਈ:
ਪੂਰਬ ਵਲ ਸੁਜਾਨਵਤੀ ਨਾਂ ਦਾ ਇਕ ਨਗਰ ਸੀ,
ਜੋ ਸਾਰਿਆਂ ਸ਼ਹਿਰਾਂ ਨਾਲੋਂ ਅਦੁੱਤੀ ਸੀ।
ਸੁਜਾਨ ਸਿੰਘ ਉਥੋਂ ਦਾ ਰਾਜਾ ਸੀ
ਜਿਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥
ਉਸ ਦੀ ਨਵਜੋਬਨ ਦੇ (ਦੇਈ) ਨਾਂ ਦੀ ਰਾਣੀ ਸੀ
ਜਿਸ ਵਰਗੀ ਬ੍ਰਹਮਾ ਨੇ (ਕੋਈ ਹੋਰ) ਕੁਮਾਰੀ ਨਹੀਂ ਬਣਾਈ ਸੀ।
ਜੋ ਉਸ ਅਬਲਾ ਦਾ ਰੂਪ ਵੇਖਦਾ
ਤਾਂ ਮਨ, ਬਚ, ਕਰਮ ਕਰ ਕੇ ਇਸ ਤਰ੍ਹਾਂ ਕਹਿੰਦਾ ॥੨॥
ਇੰਦਰ ਦੇ ਘਰ ਵੀ ਇਸ ਤਰ੍ਹਾਂ ਦੀ ਨਾਰੀ ਨਹੀਂ ਹੈ
ਜਿਹੋ ਜਿਹੀ ਅਸੀਂ ਰਾਜੇ ਦੀ ਇਸਤਰੀ ਵੇਖੀ ਹੈ।
(ਉਥੇ) ਇਕ ਸ਼ਾਹ ਦਾ ਇਹੋ ਜਿਹਾ ਸੁੰਦਰ ਪੁੱਤਰ ਸੀ,
ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਵੀ ਸ਼ਰਮਾਉਂਦਾ ਸੀ ॥੩॥
ਜਦ ਇਹ ਭਿਣਕ ਰਾਣੀ ਦੇ ਕੰਨਾਂ ਵਿਚ ਪਈ,
ਤਦ ਤੋਂ ਉਹ ਇਸਤਰੀ ਛਟਪਟਾਉਣ ਲਗ ਗਈ।
(ਸੋਚਣ ਲਗੀ ਕਿ) ਅਜ ਮੈਂ ਕਿਹੜਾ ਯਤਨ ਕਰਾਂ
ਕਿ ਉਸ ਸੁੰਦਰ ਨੂੰ ਆਪਣੇ ਨੈਣਾਂ ਨਾਲ ਵੇਖਾਂ ॥੪॥
(ਉਸ) ਇਸਤਰੀ ਨੇ ਨਗਰ ਵਿਚ ਢੰਡੋਰਾ ਪਿਟਵਾ ਦਿੱਤਾ।
ਸਾਰਿਆਂ ਨੂੰ ਇਸ ਤਰ੍ਹਾਂ ਸੁਣਾ ਦਿੱਤਾ
ਕਿ ਕੋਈ ਉੱਚਾ ਨੀਵਾਂ (ਅਮੀਰ ਗ਼ਰੀਬ) ਨਾ ਰਹੇ
ਅਤੇ ਸਭ (ਆ ਕੇ ਮੇਰੇ ਘਰ) ਕਲ ਸਵੇਰੇ ਪ੍ਰੀਤੀ ਭੋਜਨ ਕਰਨ ॥੫॥
ਰਾਜੇ ਨੇ ਇਸ ਗੱਲ ਦਾ ਭੇਦ ਨਾ ਸਮਝਿਆ।
(ਉਸ ਨੇ ਤਾਂ ਇਹੀ ਸੋਚਿਆ ਕਿ) ਰਾਣੀ ਨੇ (ਆਮ ਜਿਹਾ) ਨਿਉਤਾ ਦਿੱਤਾ ਹੈ।
ਭਾਂਤ ਭਾਂਤ ਦੇ ਪਕਵਾਨ ਪਕਵਾਏ ਗਏ
ਅਤੇ ਅਮੀਰ ਗ਼ਰੀਬ ਸਭ ਨੂੰ ਸਦ ਬੁਲਾਇਆ ॥੬॥
ਭੋਜਨ ਖਾਣ ਲਈ ਲੋਕੀਂ ਖ਼ੁਸ਼ੀ ਖ਼ੁਸ਼ੀ ਆ ਰਹੇ ਸਨ
ਅਤੇ (ਝਰੋਖੇ ਵਿਚ ਬੈਠੀ) ਇਸਤਰੀ ਦੀ ਨਜ਼ਰ ਹੇਠੋਂ ਲੰਘਦੇ ਸਨ।
ਜਦ ਐਠੀ ਰਾਇ ਉਥੇ ਆਇਆ
ਜਿਥੇ ਰਾਣੀ ਝਰੋਖੇ ਵਿਚ ਬੈਠੀ ਸੀ ॥੭॥
ਰਾਣੀ ਉਸ ਨੂੰ ਵੇਖ ਕੇ ਪਛਾਣ ਗਈ।
ਉਸ ਦੀ ਬਹੁਤ ਤਰ੍ਹਾਂ ਨਾਲ ਸ਼ਲਾਘਾ ਕਰਨ ਲਗੀ।