ਸ਼੍ਰੀ ਦਸਮ ਗ੍ਰੰਥ

ਅੰਗ - 302


ਅਥ ਸਾਰੀ ਬਿਸ੍ਵ ਮੁਖ ਮੋ ਕ੍ਰਿਸਨ ਜੀ ਜਸੋਧਾ ਕੋ ਦਿਖਾਈ ॥

ਹੁਣ ਸਾਰਾ ਵਿਸ਼ਵ ਕ੍ਰਿਸ਼ਨ ਜੀ ਦੁਆਰਾ ਜਸੋਧਾ ਨੂੰ ਦਿਖਾਣਾ

ਸਵੈਯਾ ॥

ਸਵੈਯਾ:

ਮੋਹਿ ਬਢਾਇ ਮਹਾ ਮਨ ਮੈ ਹਰਿ ਕੌ ਲਗੀ ਫੇਰਿ ਖਿਲਾਵਨ ਮਾਈ ॥

ਮਾਤਾ (ਜਸੋਧਾ) ਮਨ ਵਿਚ ਬਹੁਤ ਮੋਹ ਵਧਾ ਕੇ ਕ੍ਰਿਸ਼ਨ ਨੂੰ ਫਿਰ ਖਿਡਾਉਣ ਲਗੀ।

ਤਉ ਹਰਿ ਜੀ ਮਨ ਮਧ ਬਿਚਾਰਿ ਸਿਤਾਬ ਲਈ ਮੁਖਿ ਮਾਹਿ ਜੰਭਾਈ ॥

ਤਦੋਂ ਕ੍ਰਿਸ਼ਨ ਜੀ ਨੇ ਮਨ ਵਿਚ ਵਿਚਾਰ ਕਰ ਕੇ ਛੇਤੀ ਨਾਲ ਮੁਖ ਵਿਚ ਉਬਾਸੀ ਲਈ।

ਚਕ੍ਰਤ ਹੋਇ ਰਹੀ ਜਸੁਧਾ ਮਨ ਮਧਿ ਭਈ ਤਿਹ ਕੇ ਦੁਚਿਤਾਈ ॥

(ਕ੍ਰਿਸ਼ਨ ਦੇ) ਮੁਖ ਵਿਚ (ਤਿੰਨੇ ਲੋਕ ਵੇਖ ਕੇ) ਜਸੋਧਾ ਹੈਰਾਨ ਹੋ ਰਹੀ ਅਤੇ ਉਸ ਦੇ ਮਨ ਵਿਚ ਦੁਚਿੱਤੀ ਪੈਦਾ ਹੋ ਗਈ।

ਮਾਇ ਸੁ ਢਾਪਿ ਲਈ ਤਬ ਹੀ ਸਭ ਬਿਸਨ ਮਯਾ ਤਿਨ ਜੋ ਲਖਿ ਪਾਈ ॥੧੧੩॥

ਉਸੇ ਵੇਲੇ ਮਾਤਾ ਨੇ ਵਿਸ਼ਣੂ ਦੀ ਜੋ ਮਾਇਆ ਵੇਖੀ ਸੀ (ਉਸ ਨੂੰ) ਢਕ ਲਿਆ ॥੧੧੩॥

ਕਾਨ੍ਰਹ ਚਲੇ ਘੁੰਟੂਆ ਘਰ ਭੀਤਰ ਮਾਤ ਕਰੈ ਉਪਮਾ ਤਿਹ ਚੰਗੀ ॥

ਕਾਨ੍ਹ ਘਰ ਦੇ ਅੰਦਰ ਗੋਡਿਆਂ ਭਾਰ ਤੁਰਦੇ ਹਨ ਅਤੇ ਮਾਤਾ ਉਨ੍ਹਾਂ ਦੀ ਚੰਗੀ ਸਿਫ਼ਤ ਕਰਦੀ ਹੈ।

ਲਾਲਨ ਕੀ ਮਨਿ ਲਾਲ ਕਿਧੌ ਨੰਦ ਧੇਨ ਸਭੈ ਤਿਹ ਕੇ ਸਭ ਸੰਗੀ ॥

(ਰਿੜਨ ਨਾਲ ਧਰਤੀ ਤੇ) ਪਏ ਨਿਸ਼ਾਨ ਹੀ ਲਾਲਾਂ ਦੀਆਂ ਮਾਲਾਵਾਂ ਵਾਂਗ ਲਗਦੇ ਹਨ, ਅਥਵਾ ਨੰਦ ਦੀਆਂ ਸਾਰੀਆਂ ਗਊਆਂ ਉਸ ਦੀਆਂ ਸੰਗੀ (ਲਗਦੀਆਂ ਹਨ)।

ਲਾਲ ਭਈ ਜਸੁਦਾ ਪਿਖਿ ਪੁਤ੍ਰਹਿੰ ਜਿਉ ਘਨਿ ਮੈ ਚਮਕੈ ਦੁਤਿ ਰੰਗੀ ॥

ਜਸੋਧਾ ਪੁੱਤਰ ਨੂੰ ਵੇਖ ਕੇ (ਇਉਂ) ਪ੍ਰਸੰਨ ਹੋ ਰਹੀ ਹੈ, ਜਿਵੇਂ ਬਦਲਾਂ ਵਿਚ ਬਿਜਲੀ ਚਮਕਦੀ ਹੈ।

ਕਿਉ ਨਹਿ ਹੋਵੈ ਪ੍ਰਸੰਨ੍ਯ ਸੁ ਮਾਤ ਭਯੋ ਜਿਨ ਕੇ ਗ੍ਰਿਹਿ ਤਾਤ ਤ੍ਰਿਭੰਗੀ ॥੧੧੪॥

ਉਹ ਮਾਤਾ ਭਲਾ ਪ੍ਰਸੰਨ ਕਿਉਂ ਨਾ ਹੋਵੇ, ਜਿਸ ਦੇ ਘਰ ਕ੍ਰਿਸ਼ਨ ਵਰਗਾ ਪੁੱਤਰ ਪੈਦਾ ਹੋਇਆ ਹੋਵੇ ॥੧੧੪॥

ਰਾਹਿ ਸਿਖਾਵਨ ਕਾਜ ਗਡੀਹਰਿ ਗੋਪ ਮਨੋ ਮਿਲ ਕੈ ਸੁ ਬਨਾਯੋ ॥

ਰਾਹ (ਉਤੇ ਤੁਰਨ ਦਾ ਢੰਗ) ਸਿਖਾਉਣ ਲਈ ਗਵਾਲਿਆਂ ਨੇ ਮਿਲ ਕੇ ਇਕ ਸੁੰਦਰ 'ਗਡੀਅਰਾ' ਬਣਵਾਇਆ।

ਕਾਨਹਿ ਕੋ ਤਿਹ ਉਪਰ ਬਿਠਾਇ ਕੈ ਆਪਨੇ ਆਙਨ ਬੀਚ ਧਵਾਯੋ ॥

ਕ੍ਰਿਸ਼ਨ ਨੂੰ ਉਸ ਦੇ ਉਪਰ ਬਿਠਾ ਕੇ ਆਪਣੇ ਘਰ ਦੇ ਵੇਹੜੇ ਵਿਚ ਫਿਰਾਇਆ।

ਫੇਰਿ ਉਠਾਇ ਲਯੋ ਜਸੁਦਾ ਉਰ ਮੋ ਗਹਿ ਕੈ ਪਯ ਪਾਨ ਕਰਾਯੋ ॥

ਫਿਰ ਜਸੋਧਾ ਨੇ (ਕ੍ਰਿਸ਼ਨ ਨੂੰ) ਗੋਦੀ ਵਿਚ ਚੁਕ ਲਿਆ ਅਤੇ ਦੁੱਧ ਪਿਲਾਇਆ।

ਸੋਇ ਰਹੇ ਹਰਿ ਜੀ ਤਬ ਹੀ ਕਬਿ ਨੇ ਅਪੁਨੇ ਮਨ ਮੈ ਸੁਖ ਪਾਯੋ ॥੧੧੫॥

(ਜਦੋਂ) ਕ੍ਰਿਸ਼ਨ ਜੀ ਸੌਂ ਗਏ ਤਦੋਂ ਕਵੀ ਨੇ ਆਪਣੇ ਮਨ ਵਿਚ (ਵੱਡਾ) ਸੁਖ ਪ੍ਰਾਪਤ ਕੀਤਾ ॥੧੧੫॥

ਦੋਹਰਾ ॥

ਦੋਹਰਾ:

ਜਬ ਹੀ ਨਿੰਦ੍ਰਾ ਛੁਟ ਗਈ ਹਰੀ ਉਠੇ ਤਤਕਾਲ ॥

ਜਦੋਂ ਹੀ ਨੀਂਦ ਖੁਲ੍ਹ ਗਈ, ਕ੍ਰਿਸ਼ਨ ਉਸੇ ਵੇਲੇ ਉਠ ਬੈਠੇ।

ਖੇਲ ਖਿਲਾਵਨ ਸੋ ਕਰਿਯੋ ਲੋਚਨ ਜਾਹਿ ਬਿਸਾਲ ॥੧੧੬॥

(ਫਿਰ ਉਸ ਨੇ) ਜਿਸ ਦੇ ਵੱਡੇ ਨੇਤਰ ਹਨ, ਖੇਡਾਂ ਖੇਡਣ (ਵਲ ਰੁਝਾਨ) ਕੀਤਾ ॥੧੧੬॥

ਇਸੀ ਭਾਤਿ ਸੋ ਕ੍ਰਿਸਨ ਜੀ ਖੇਲ ਕਰੇ ਬ੍ਰਿਜ ਮਾਹਿ ॥

ਇਸੇ ਤਰ੍ਹਾਂ ਕ੍ਰਿਸ਼ਨ ਜੀ ਬ੍ਰਜ ਭੂਮੀ ਵਿਚ ਖੇਡਾਂ ਕਰਦੇ ਹਨ।

ਅਬ ਪਗ ਚਲਤਿਯੋ ਕੀ ਕਥਾ ਕਹੋਂ ਸੁਨੋ ਨਰ ਨਾਹਿ ॥੧੧੭॥

ਹੇ ਰਾਜਨ! ਹੁਣ ਪੈਰੀਂ ਤੁਰਨ ਦੀ ਕਥਾ ਕਹਿੰਦਾ ਹਾਂ, ਧਿਆਨ ਨਾਲ ਸੁਣੋ ॥੧੧੭॥

ਸਵੈਯਾ ॥

ਸਵੈਯਾ:

ਸਾਲ ਬਿਤੀਤ ਭਯੋ ਜਬ ਹੀ ਤਬ ਕਾਨ੍ਰਹ ਭਯੋ ਬਲ ਕੈ ਪਗ ਮੈ ॥

ਜਦ (ਇਕ) ਸਾਲ ਬੀਤ ਗਿਆ ਤਦੋਂ ਕ੍ਰਿਸ਼ਨ ਪੈਰਾਂ ਦੇ ਭਾਰ ਖੜਨ ਲਗ ਗਏ ਹਨ।

ਜਸੁ ਮਾਤ ਪ੍ਰਸੰਨ੍ਯ ਭਈ ਮਨ ਮੈ ਪਿਖਿ ਧਾਵਤ ਪੁਤ੍ਰਹਿ ਕੋ ਮਗ ਮੈ ॥

ਮਾਤਾ ਜਸੋਧਾ ਪੁੱਤਰ ਨੂੰ ਮਾਰਗ ਵਿਚ ਨਸਦਾ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ ਹੈ।

ਬਾਤ ਕਰੀ ਇਹ ਗੋਪਿਨ ਸੋ ਪ੍ਰਭਾ ਫੈਲ ਰਹੀ ਸੁ ਸਭੈ ਜਗ ਮੈ ॥

(ਉਸ ਨੇ) ਇਹ ਗੱਲ ਗਵਾਲਿਆਂ ਨੂੰ ਆਖੀ ਕਿ (ਜਿਸ ਦਾ) ਤੇਜ ਸਾਰੇ ਸੰਸਾਰ ਵਿਚ ਫੈਲ ਰਿਹਾ ਹੈ।

ਜਨੁ ਸੁੰਦਰਤਾ ਅਤਿ ਮਾਨੁਖ ਕੋ ਸਬ ਧਾਇ ਧਸੀ ਹਰਿ ਕੈ ਨਗ ਮੈ ॥੧੧੮॥

ਇੰਜ ਲਗਦਾ ਹੈ ਮਾਨੋ ਮਨੁੱਖਤਾ ਦੀ ਸਾਰੀ ਸੁੰਦਰਤਾ ਭਜ ਕੇ ਕਾਨ੍ਹ ਦੇ ਨੌਹਾਂ ਵਿਚ ਧਸ ਗਈ ਹੋਵੇ ॥੧੧੮॥

ਗੋਪਿਨ ਸੋ ਮਿਲ ਕੈ ਹਰਿ ਜੀ ਜਮੁਨਾ ਤਟਿ ਖੇਲ ਮਚਾਵਤ ਹੈ ॥

ਗੁਆਲ ਬਾਲਕਾਂ ਨਾਲ ਮਿਲ ਕੇ ਕ੍ਰਿਸ਼ਨ ਜੀ ਜਮਨਾ ਦੇ ਕੰਢੇ ਉਤੇ ਖੇਡਾਂ ਖੇਡਦੇ ਹਨ।

ਜਿਮ ਬੋਲਤ ਹੈ ਖਗ ਬੋਲਤ ਹੈ ਜਿਮ ਧਾਵਤ ਹੈ ਤਿਮ ਧਾਵਤ ਹੈ ॥

ਜਿਵੇਂ ਪੰਛੀ ਬੋਲਦੇ ਹਨ (ਓਵੇਂ) ਬੋਲਦੇ ਹਨ; ਅਤੇ ਜਿਵੇਂ ਭਜਦੇ ਹਨ, ਤਿਵੇਂ ਭਜਦੇ ਹਨ।

ਫਿਰਿ ਬੈਠਿ ਬਰੇਤਨ ਮਧ ਮਨੋ ਹਰਿ ਸੋ ਵਹ ਤਾਲ ਬਜਾਵਤ ਹੈ ॥

ਫਿਰ ਬਰੇਤੀ ਵਿਚ ਬੈਠ ਕੇ ਉਹ ਕ੍ਰਿਸ਼ਨ (ਨਾਲ ਮਿਲ ਕੇ) ਤਾਲੀਆਂ ਵਜਾਉਂਦੇ ਹਨ।

ਕਬਿ ਸ੍ਯਾਮ ਕਹੈ ਤਿਨ ਕੀ ਉਪਮਾ ਸੁਭ ਗੀਤ ਭਲੇ ਮੁਖ ਗਾਵਤ ਹੈ ॥੧੧੯॥

ਸ਼ਿਆਮ ਕਵੀ ਉਨ੍ਹਾਂ ਦੀ ਉਪਮਾ ਕਹਿੰਦੇ ਹਨ (ਜੋ) ਮੂੰਹ ਨਾਲ ਚੰਗੇ ਚੰਗੇ ਗੀਤ ਗਾਉਂਦੇ ਹਨ ॥੧੧੯॥

ਕੁੰਜਨ ਮੈ ਜਮੁਨਾ ਤਟਿ ਪੈ ਮਿਲਿ ਗੋਪਿਨ ਸੋ ਹਰਿ ਖੇਲਤ ਹੈ ॥

ਜਮਨਾ ਦੇ ਕੰਢੇ ਦੀਆਂ ਵੇਲਾਂ ਦੇ ਝੁਰਮੁਟ ਵਿਚ ਕ੍ਰਿਸ਼ਨ ਗਵਾਲ-ਬਾਲਕਾਂ ਨਾਲ ਖੇਡਦੇ ਹਨ।

ਤਰਿ ਕੈ ਤਬ ਹੀ ਸਿਗਰੀ ਜਮੁਨਾ ਹਟਿ ਮਧਿ ਬਰੇਤਨ ਪੇਲਤ ਹੈ ॥

ਉਸ ਵੇਲੇ ਸਾਰੀ ਜਮਨਾ ਨੂੰ ਤਰ ਕੇ, ਬਰੇਤੀ ਵਿਚ ਹਟ ਕੇ ਲੇਟਣੀਆਂ ਲੈਂਦੇ ਹਨ।

ਫਿਰਿ ਕੂਦਤ ਹੈ ਜੁ ਮਨੋ ਨਟ ਜਿਉ ਜਲ ਕੋ ਹਿਰਦੇ ਸੰਗਿ ਰੇਲਤ ਹੈ ॥

ਫਿਰ ਨਟ ਵਾਂਗ ਕੁਦਦੇ ਹਨ ਅਤੇ ਪਾਣੀ ਨੂੰ ਛਾਤੀ ਨਾਲ ਧਕਦੇ ਹਨ।

ਫਿਰਿ ਹ੍ਵੈ ਹੁਡੂਆ ਲਰਕੇ ਦੁਹੂੰ ਓਰ ਤੇ ਆਪਸਿ ਮੈ ਸਿਰ ਮੇਲਤ ਹੈ ॥੧੨੦॥

ਫਿਰ ਦੋਹਾਂ ਪਾਸਿਓਂ ਭੇਡੂ ਬਣ ਕੇ ਆਪਸ ਵਿਚ ਸਿਰ ਟਕਰਾਂਦੇ ਹਨ ॥੧੨੦॥

ਆਇ ਜਬੈ ਹਰਿ ਜੀ ਗ੍ਰਿਹਿ ਆਪਨੇ ਖਾਇ ਕੈ ਭੋਜਨ ਖੇਲਨ ਲਾਗੇ ॥

ਜਦੋਂ ਕ੍ਰਿਸ਼ਨ ਜੀ ਆਪਣੇ ਘਰ ਆਏ (ਤਾਂ ਫਿਰ) ਭੋਜਨ ਖਾ ਕੇ ਖੇਡਣ ਲਗ ਗਏ।

ਮਾਤ ਕਹੈ ਨ ਰਹੈ ਘਰਿ ਭੀਤਰਿ ਬਾਹਰਿ ਕੋ ਤਬ ਹੀ ਉਠਿ ਭਾਗੇ ॥

ਮਾਤਾ ਬਹੁਤ ਕਹਿੰਦੀ ਹੈ (ਪਰ) ਘਰ ਅੰਦਰ ਨਹੀਂ ਰਹਿੰਦੇ (ਸਗੋਂ) ਉਸੇ ਵੇਲੇ ਉਠ ਕੇ ਬਾਹਰ ਨੂੰ ਭਜ ਜਾਂਦੇ ਹਨ।

ਸ੍ਯਾਮ ਕਹੈ ਤਿਨ ਕੀ ਉਪਮਾ ਬ੍ਰਿਜ ਕੇ ਪਤਿ ਬੀਥਿਨ ਮੈ ਅਨੁਰਾਗੇ ॥

ਸ਼ਿਆਮ ਕਵੀ ਉਨ੍ਹਾਂ ਦੀ ਸਿਫ਼ਤ ਕਰਦੇ ਹਨ ਕਿ ਬ੍ਰਜ ਦੇ ਸੁਆਮੀ ਦਾ ਗਲੀਆਂ ਵਿਚ ਪ੍ਰੇਮ ਪੈ ਗਿਆ ਹੈ।

ਖੇਲ ਮਚਾਇ ਦਯੋ ਲੁਕ ਮੀਚਨ ਗੋਪ ਸਭੈ ਤਿਹ ਕੇ ਰਸਿ ਪਾਗੇ ॥੧੨੧॥

ਲੁਕਣ ਮੀਟੀ ਦੀ ਖੇਡ ਮਚਾ ਦਿੱਤੀ ਹੈ ਅਤੇ ਸਾਰੇ ਗਵਾਲ ਬਾਲਕ ਉਸ ਦੇ ਰਸ ਵਿਚ ਮਗਨ ਹੋ ਗਏ ਹਨ ॥੧੨੧॥

ਖੇਲਤ ਹੈ ਜਮੁਨਾ ਤਟ ਪੈ ਮਨ ਆਨੰਦ ਕੈ ਹਰਿ ਬਾਰਨ ਸੋ ॥

ਜਮਨਾ ਦੇ ਕੰਢੇ ਉਤੇ ਕ੍ਰਿਸ਼ਨ ਜੀ ਬਾਲਕਾਂ ਨਾਲ (ਮਿਲ ਕੇ) ਮਨ ਵਿਚ ਆਨੰਦ ਭਰ ਕੇ ਖੇਡਦੇ ਹਨ।

ਚੜਿ ਰੂਖ ਚਲਾਵਤ ਸੋਟ ਕਿਧੋ ਸੋਊ ਧਾਇ ਕੈ ਲਿਆਵੈ ਗੁਆਰਨ ਕੋ ॥

ਕਦੇ ਬ੍ਰਿਛ ਉਤੇ ਚੜ੍ਹ ਕੇ ਸੋਟੀ ਚਲਾਉਂਦੇ ਹਨ ਅਤੇ ਗਵਾਲੇ ਬਾਲਕ ਭਜ ਕੇ ਚੁਕ ਲਿਆਉਂਦੇ ਹਨ।

ਕਬਿ ਸ੍ਯਾਮ ਲਖੀ ਤਿਨ ਕੀ ਉਪਮਾ ਮਨੋ ਮਧਿ ਅਨੰਤ ਅਪਾਰਨ ਸੋ ॥

ਸ਼ਿਆਮ ਕਵੀ ਨੇ ਉਸ ਦੀ (ਜੋ) ਉਪਮਾ ਮਨ ਵਿਚ ਜਾਣੀ ਹੈ ਉਹ ਅਨੰਤ ਅਪਾਰ ਹੈ।

ਬਲ ਜਾਤ ਸਬੈ ਮੁਨਿ ਦੇਖਨ ਕੌ ਕਰਿ ਕੈ ਬਹੁ ਜੋਗ ਹਜਾਰਨ ਸੋ ॥੧੨੨॥

ਸਾਰੇ ਮੁਨੀ (ਜਿਸ ਨੂੰ) ਦੇਖਣ ਲਈ ਹਜ਼ਾਰਾਂ (ਵਰ੍ਹੇ) ਯੋਗ ਕਰਦੇ ਹਨ, (ਉਸ ਤੋਂ) ਬਲਿਹਾਰ ਜਾਂਦੇ ਹਨ ॥੧੨੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿਨ ਸੋ ਖੇਲਬੋ ਬਰਨਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਗੋਪਾਂ ਨਾਲ ਖੇਲ-ਵਰਣਨ ਦੀ ਸਮਾਪਤੀ।

ਅਥ ਮਾਖਨ ਚੁਰਾਇ ਖੈਬੋ ਕਥਨੰ ॥

ਹੁਣ ਮੱਖਣ ਚੁਰਾ ਕੇ ਖਾਣ ਦਾ ਕਥਨ:

ਸਵੈਯਾ ॥

ਸਵੈਯਾ:

ਖੇਲਨ ਕੇ ਮਿਸ ਪੈ ਹਰਿ ਜੀ ਘਰਿ ਭੀਤਰ ਪੈਠਿ ਕੈ ਮਾਖਨ ਖਾਵੈ ॥

ਕ੍ਰਿਸ਼ਨ ਜੀ ਖੇਡਣ ਦੇ ਬਹਾਨੇ ਨਾਲ ਘਰ ਦੇ ਅੰਦਰ ਵੜ ਕੇ ਮੱਖਣ ਖਾਂਦੇ ਹਨ।

ਨੈਨਨ ਸੈਨ ਤਬੈ ਕਰਿ ਕੈ ਸਭ ਗੋਪਿਨ ਕੋ ਤਬ ਹੀ ਸੁ ਖੁਲਾਵੈ ॥

ਉਸੇ ਵੇਲੇ ਅੱਖਾਂ ਦੀ ਸੈਨਤ ਕਰ ਕੇ ਸਾਰੇ ਗਵਾਲ ਬਾਲਕਾਂ ਨੂੰ ਬੁਲਾ ਕੇ ਖੁਆਉਂਦੇ ਹਨ।

ਬਾਕੀ ਬਚਿਯੋ ਅਪਨੇ ਕਰਿ ਲੈ ਕਰਿ ਬਾਨਰ ਕੇ ਮੁਖ ਭੀਤਰਿ ਪਾਵੈ ॥

ਬਾਕੀ ਬਚ ਰਹੇ ਮੱਖਣ ਨੂੰ ਉਹ ਆਪਣੇ ਹੱਥ ਵਿਚ ਲੈ ਕੇ ਬੰਦਰਾਂ ਦੇ ਮੂੰਹ ਵਿਚ ਪਾ ਦਿੰਦੇ ਹਨ।

ਸ੍ਯਾਮ ਕਹੈ ਤਿਹ ਕੀ ਉਪਮਾ ਇਹ ਕੈ ਬਿਧਿ ਗੋਪਿਨ ਕਾਨ੍ਰਹ ਖਿਝਾਵੈ ॥੧੨੩॥

ਸ਼ਿਆਮ ਕਵੀ (ਉਸ ਦੀ) ਸਿਫ਼ਤ ਕਹਿੰਦੇ ਹਨ ਕਿ ਕ੍ਰਿਸ਼ਨ ਇਸ ਤਰ੍ਹਾਂ ਨਾਲ ਗੋਪੀਆਂ ਨੂੰ ਖਿਝਾਉਂਦਾ ਹੈ ॥੧੨੩॥

ਖਾਇ ਗਯੋ ਹਰਿ ਜੀ ਜਬ ਮਾਖਨ ਤਉ ਗੁਪੀਆ ਸਭ ਜਾਇ ਪੁਕਾਰੀ ॥

ਜਦੋਂ ਹਰਿ ਜੀ ਮੱਖਣ ਖਾ ਕੇ ਚਲੇ ਗਏ ਤਾਂ ਗੋਪੀਆਂ ਨੇ ਜਾ ਕੇ ਪੁਕਾਰ ਕੀਤੀ,


Flag Counter