(ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ ਜਾਏ।
ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ ॥੩੬੯॥
(ਉਹ) ਦੈਂਤਾਂ ਦਾ ਰਾਜਾ ਇਕ ਵੀ ਪੈਰ
ਪਿਛੇ ਕਰ ਕੇ ਯੁੱਧ ਤੋਂ ਨਾ ਭਜਿਆ।
ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ,
ਤਾਂ ਵੀ ਉਹ ਹਠ ਪੂਰਵਕ ਬਾਣ ਚਲਾਉਂਦਾ ਰਿਹਾ ॥੩੭੦॥
ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ,
ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ।
ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ
ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ ॥੩੭੧॥
ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ
ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ।
(ਉਸ ਨੇ) ਇਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ।
ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ ॥੩੭੨॥
ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ)
ਇਕ ਛਿਣ ਵਿਚ ਕਟ ਦਿੱਤੇ।
ਚਾਰ ਤੀਰਾਂ ਨਾਲ ਚੌਹਾਂ ਹੀ ਘੋੜਿਆਂ ਨੂੰ
ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ ॥੩੭੩॥
ਫਿਰ ਜਗਤ ਦੇ ਨਾਥ ਅਸਿਕੇਤੁ ਨੇ
(ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ।
ਅਤੇ ਮਨੁੱਖਾਂ ਦੇ ਰਾਜੇ ਅਸਿਧੁਜ ਨੇ
ਦੂਜੇ ਬਾਣ ਨਾਲ ਵੈਰੀ ਦੇ ਹੱਥ ਕਟ ਸੁਟੇ ॥੩੭੪॥
ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ
ਰਾਖਸ਼ ਦਾ ਸੀਸ ਕਟ ਦਿੱਤਾ।
ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ।
ਸਾਰਿਆਂ ਨੇ ਆ ਕੇ ਵਧਾਈ ਦਿੱਤੀ ॥੩੭੫॥
(ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ,
(ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ।
ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ!
ਦਾਸ ਜਾਣ ਕੇ ਮੇਰੀ ਰਖਿਆ ਕਰੋ ॥੩੭੬॥
ਕਵੀ ਨੇ ਬੇਨਤੀ ਕੀਤੀ:
ਚੌਪਈ:
(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
(ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।
ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।
ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥
ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ ਕਰੋ।
ਮੈਨੂੰ ਆਪਣਾ ਹੱਥ ਦੇ ਕੇ ਬਚਾਓ।
ਹੇ ਕਰਤਾਰ! ਮੇਰਾ ਪਰਿਵਾਰ,
ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥
ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।
ਮੇਰੀ ਆਸ ਪੂਰੀ ਹੋ ਜਾਏ।
(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥
ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾਂ।
ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ।
ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ।
ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥
ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।
ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ।
ਸਦਾ ਮੇਰੇ ਪੱਖ ਵਿਚ ਰਹੋ
ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥
ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।
(ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।
(ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ।
ਤੁਸੀਂ ਹੀ ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ ॥੩੮੨॥
ਸਮਾਂ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।
ਸਮਾਂ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।
ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।
(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥
ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ
ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ।
ਜਿਸ ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ ਸੰਵਾਰਿਆ ਹੈ,
ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥
ਜਿਸ ਕਾਲ ਨੇ ਸਾਰਾ ਜਗਤ ਬਣਾਇਆ
ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।
(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)
ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥
ਉਸ ਨੂੰ ਮੇਰਾ ਨਮਸਕਾਰ ਹੈ,
ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।
(ਹੇ ਪਰਮ ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ
ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥