ਇਕ ਵੱਡਾ ਯਕਸ਼ ਰਾਸ ਦਾ ਕੌਤਕ ਵੇਖਣ ਲਈ ਕਿਥੋਂ ਆਉਂਦਾ ਸੀ।
ਗੋਪੀਆਂ ਨੂੰ ਵੇਖ ਕੇ ਉਸ ਦੇ ਤਨ ਵਿਚ ਕਾਮ (ਭਾਵਨਾ) ਵੱਧ ਗਈ ਅਤੇ ਜ਼ਰਾ ਵੀ ਰੋਕ ਨਾ ਸਕਿਆ।
ਗੋਪੀਆਂ ਨੂੰ ਲੈ ਕੇ ਉਹ ਆਕਾਸ਼ ਵਲ ਉਡ ਚਲਿਆ, (ਪਰ) ਉਸ (ਰਾਸ-ਮੰਡਲ) ਵਿਚੋਂ ਕਿਸੇ ਨੇ ਵੀ ਨਹੀਂ ਟੋਕਿਆ।
ਜਿਉਂ ਹੀ ਰਾਸ-ਮੰਡਲ ਵਿਚੋਂ (ਉਡਿਆ ਤਿਉਂ ਹੀ) ਬਲਰਾਮ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਰੂਪ ਸ਼ੇਰ ਨੇ ਵੈਰੀ ਰੂਪ ਹਿਰਨ ਨੂੰ ਰੋਕ ਲਿਆ ॥੬੪੭॥
ਯਕਸ਼ ਨਾਲ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਅਤਿ ਅਧਿਕ ਕ੍ਰੋਧ ਕਰ ਕੇ ਯੁੱਧ ਸ਼ੁਰੂ ਕਰ ਦਿੱਤਾ।
ਦੋਹਾਂ ਨੇ ਬ੍ਰਿਛਾਂ ਨੂੰ ਪੁਟ ਕੇ ਹੱਥਾਂ ਵਿਚ ਫੜ ਲਿਆ ਅਤੇ ਭਿਆਨਕ ਰੂਪ ਧਾਰਨ ਕਰ ਕੇ ਆਪਣੇ ਬਲ ਨੂੰ ਸੰਭਾਲਿਆ।
ਇਸ ਤਰ੍ਹਾਂ ਉਨ੍ਹਾਂ ਨੇ ਦੈਂਤ ਨੂੰ ਧਰਤੀ ਉਤੇ ਸੁਟ ਦਿੱਤਾ। ਕਵੀ ਨੇ ਉਸ ਛਬੀ ਦਾ ਯਸ਼ ਇਸ ਤਰ੍ਹਾਂ ਉਚਾਰਿਆ ਹੈ,
ਮਾਨੋ ਅੱਖਾਂ ਦੇ ਖੋਪਿਆਂ ਤੋਂ ਮੁਕਤ ਹੋਏ ਭੁਖੇ ਬਾਜ਼ ਨੇ ਝਪਟਾ ਮਾਰ ਕੇ ਚਕਵਾ ਮਾਰ ਲਿਆ ਹੋਵੇ ॥੬੪੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਗੋਪੀ ਛੁੜਾਉਣ ਅਤੇ ਯਕਸ਼ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।
ਸਵੈਯਾ:
ਉਸ ਨੂੰ ਮਾਰ ਕੇ ਬਲਰਾਮ ਅਤੇ ਕ੍ਰਿਸ਼ਨ ਨੇ ਬੰਸਰੀ ਵਜਾਈ ਅਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਕੀਤਾ।
ਜਿਸ ਨੇ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਰਾਵਣ ਨੂੰ ਮਾਰਿਆ ਸੀ ਅਤੇ (ਜਿਸ ਨੇ) ਰੀਝ ਕੇ ਵਿਭੀਸ਼ਣ ਨੂੰ ਲੰਕਾ (ਦਾ ਰਾਜ) ਦਿੱਤਾ ਸੀ।
ਜਿਸ ਦੀਆਂ ਬਾਂਹਵਾਂ ਦਾ ਬਲ ਕੁਬਜਾ ਨੇ ਵੇਖਿਆ ਸੀ ਅਤੇ ਜਿਸ ਦੇ (ਬਲ ਨੂੰ) ਅਤੰਕਿਤ ਕਰਨ ਵਾਲੇ ਮੁਰ ਦੈਂਤ ਨੇ ਜਾਣਿਆ ਸੀ।
ਉਹੀ ਪ੍ਰਸੰਨ ਹੋ ਕੇ ਮੁਰਲੀ ਵਜਾਉਣ ਲਗ ਗਿਆ, ਮਾਨੋ (ਰਾਖਸ਼ ਨੂੰ) ਜਿਤਣ ਦਾ ਡੰਕਾ ਵਜਾਇਆ ਹੋਵੇ ॥੬੪੯॥
(ਬੰਸਰੀ ਦੀ ਧੁਨ ਦੇ ਪ੍ਰਭਾਵ ਕਰ ਕੇ) ਬ੍ਰਿਛਾਂ ਤੋਂ ਰਸ ਚੋਣ ਲਗ ਗਿਆ ਹੈ ਅਤੇ ਪਰਬਤਾਂ ਤੋਂ ਸੁਖਦਾਇਕ ਝਰਨੇ ਝਰਨ ਲਗ ਗਏ ਹਨ।
ਉਸ (ਬੰਸਰੀ) ਦੀ ਧੁਨ ਨੂੰ ਸੁਣ ਕੇ ਜੰਗਲ ਦੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾਂ ਨੇ ਘਾਹ ਚਰਨਾ ਬੰਦ ਕਰ ਦਿੱਤਾ ਹੈ।
ਦੇਵ ਗੰਧਾਰੀ, ਬਿਲਾਵਲ ਅਤੇ ਸਾਰੰਗ (ਆਦਿ ਰਾਗਾਂ) ਦੀ ਪ੍ਰਸੰਨ ਹੋ ਕੇ ਜਿਸ ਨੇ ਤਾਨ ਮਿਲਾ ਦਿੱਤੀ ਹੈ।
ਜਦੋਂ ਕ੍ਰਿਸ਼ਨ ਨੇ ਮੁਰਲੀ ਵਜਾਈ ਤਾਂ ਇਸ ਕੌਤਕ ਨੂੰ ਵੇਖਣ ਲਈ ਸਾਰੇ ਦੇਵਤੇ ਇਕੱਠੇ ਹੋ ਕੇ ਆ ਗਏ ॥੬੫੦॥
(ਬੰਸਰੀ ਦੀ) ਧੁਨ ਸੁਣ ਕੇ ਜਮਨਾ ਰੁਕ ਗਈ ਹੈ (ਕਿਉਂਕਿ ਉਹ ਬੰਸਰੀ ਵਿਚੋਂ ਨਿਕਲ ਰਹੇ) ਰਾਗਾਂ ਨੂੰ ਸੁਣਨਾ ਚਾਹੁੰਦੀ ਹੈ।
(ਧੁਨ ਨੂੰ ਸੁਣ ਕੇ) ਬਨ ਦੇ ਹਾਥੀ ਅਤੇ ਮ੍ਰਿਗ ਮੋਹੇ ਜਾ ਰਹੇ ਹਨ ਅਤੇ ਸ਼ੇਰ ਅਤੇ ਸਹੇ (ਪਰਸਪਰ ਵਿਰੋਧ ਨੂੰ ਭੁਲਾ ਕੇ ਸੁਣਨ ਲਈ) ਇਕੱਠੇ ਮਿਲ ਕੇ ਚਲੇ ਆ ਰਹੇ ਹਨ।
ਦੇਵ-ਮੰਡਲ ਦੇ ਦੇਵਤੇ (ਸੁਰ ਲੋਕ ਨੂੰ) ਛਡ ਕੇ (ਬੰਸਰੀ ਦੀ) ਸੁਰ ਦੇ ਧਿਆਨ ਵਿਚ ਫਸੇ ਹੋਏ ਆ ਰਹੇ ਹਨ।
ਉਸ (ਧੁਨ) ਨੂੰ ਸੁਣ ਕੇ ਬਨ ਦੇ ਪੰਛੀ ਬ੍ਰਿਛਾਂ ਉਤੇ ਹੀ ਖੰਭ ਖਿਲਾਰ ਕੇ (ਮਸਤ ਹੋ) ਰਹੇ ਹਨ ॥੬੫੧॥
ਜੋ ਵੀ ਗੋਪੀ ਸ੍ਰੀ ਕ੍ਰਿਸ਼ਨ ਨਾਲ ਖੇਡਦੀ ਹੈ, ਉਹ ਬਹੁਤ ਹਿਤ ਕਰਦੀ ਹੈ, ਉਸ ਦਾ ਧਨ ਆਦਿ ਵਿਚ ਕੁਝ ਵੀ ਚਿਤ ਨਹੀਂ ਹੈ।
ਜੋ ਅਤਿ ਸੁੰਦਰ (ਸਾਰਿਆਂ) ਵਿਚ ਲਿਸ਼ਕਦੀ ਹੈ ਅਤੇ ਫਿਰ (ਜਿਸ ਦੇ) ਸ਼ਰੀਰ ਦੀ ਚਮਕ ਸੋਨੇ ਵਰਗੀ ਹੈ।
ਜੋ ਚੰਦ੍ਰਮੁਖੀ ਸ਼ੇਰ ਵਰਗੇ ਪਤਲੇ ਲਕ ਵਾਲੀ ਹੈ ਅਤੇ ਗੋਪੀਆਂ ਦੀ ਟੋਲੀ ਵਿਚ ਸ਼ੋਭਾ ਪਾ ਰਹੀ ਹੈ।
ਉਹ ਮੁਰਲੀ ਦੀ ਧੁਨ ਕੰਨਾਂ ਨਾਲ (ਸੁਣ ਕੇ) ਬਹੁਤ ਖੋਸ਼ ਹੋ ਰਹੀ ਹੈ, ਮਾਨੋ (ਹਿਰਨੀ ਘੰਡਾਹੇੜੇ ਦੇ ਸ਼ਬਦ ਨੂੰ ਸੁਣ ਕੇ) ਬਨ ਵਿਚ ਡਿਗ ਪਈ ਹੋਵੇ ॥੬੫੨॥
ਇਹ ਕੌਤਕ ਕਰ ਕੇ ਬਲਰਾਮ ਅਤੇ ਕ੍ਰਿਸ਼ਨ ਫਿਰ ਸੁੰਦਰ ਗੀਤ ਗਾਉਂਦੇ ਹੋਏ ਘਰ ਨੂੰ ਚਲੇ ਹਨ।
ਕਵੀ ਸ਼ਿਆਮ ਕਹਿੰਦੇ ਹਨ, (ਦੋਵੇਂ ਭਰਾ) ਸੁੰਦਰ ਲਗਦੇ ਹਨ, ਮਾਨੋ ਨਟਾਂ ਵਾਂਗ ਸਾਂਗ ਬਣਾ ਕੇ ਅਖਾੜੇ ਵਿਚ ਆਏ ਹੋਣ।
ਬਲਰਾਮ ਦੀਆਂ ਅੱਖਾਂ ਇਸ ਤਰ੍ਹਾਂ ਸ਼ੋਭਾ ਪਾ ਰਹੀਆਂ ਹਨ ਮਾਨੋ ਇਹ ਕਾਮਦੇਵ ਦੇ ਸਾਂਚੇ ਵਿਚ ਢਲੀਆਂ ਹੋਈਆਂ ਹੋਣ।
(ਬਲਰਾਮ) 'ਰਤਿ' ਦੇ ਪਤੀ (ਕਾਮਦੇਵ) ਤੋਂ ਅਧਿਕ ਸੁੰਦਰ ਹਨ, ਮਾਨੋ ਕਾਮਦੇਵ ਨੂੰ ਪਿਛੇ ਸੁਟ ਰਹੇ ਹੋਣ ॥੬੫੩॥
ਤਦ (ਫਿਰ) ਮਨ ਵਿਚ ਸੁਖ ਪ੍ਰਾਪਤ ਕਰ ਕੇ ਅਤੇ ਵੈਰੀ ਨੂੰ ਮਾਰ ਕੇ ਦੋਵੇਂ ਘਰ ਨੂੰ ਚਲੇ ਹਨ।
ਜਿਨ੍ਹਾਂ ਦੇ ਮੁਖ ਦੀ ਚਮਕ ਚੰਦ੍ਰਮਾ ਦੀ ਪ੍ਰਭਾ ਵਰਗੀ ਹੈ ਅਤੇ ਜਿਨ੍ਹਾਂ ਦੇ ਸਮਾਨ ਕੋਈ ਹੋਰ ਉਤਮ ਨਹੀਂ ਹੈ।
ਜਿਸ ਨੂੰ ਵੇਖ ਕੇ ਵੈਰੀ ਵੀ ਮੋਹਿਤ ਹੋ ਜਾਂਦੇ ਹਨ ਅਤੇ (ਜੋ ਕੋਈ) ਹੋਰ ਵੇਖਦਾ ਹੈ, (ਉਹ ਵੀ) ਖੁਸ਼ ਹੋ ਜਾਂਦਾ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਮ ਅਤੇ ਲੱਛਮਣ ਜਿਹੇ ਵੱਡੇ ਯੋਧੇ ਵੈਰੀ ਨੂੰ ਮਾਰ ਕੇ ਘਰ ਨੂੰ ਚਲੇ ਜਾ ਰਹੇ ਹੋਣ ॥੬੫੪॥
ਹੁਣ ਕੁੰਜ ਗਲੀਆਂ ਵਿਚ ਖੇਡਣ ਦਾ ਕਥਨ:
ਸਵੈਯਾ:
ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇੰਜ ਕਿਹਾ ਕਿ ਹੁਣ ਕੁੰਜ ਗਲੀਆਂ (ਅਰਥਾਤ ਜੰਗਲੀ ਫੁਲਾਂ ਅਤੇ ਬੂਟਿਆਂ ਵਿਚਾਲੇ ਬਣੀਆਂ ਵਿਥਾਂ ਅਥਵਾ ਪਗ-ਡੰਡੀਆਂ) ਵਿਚ (ਚਲ ਕੇ) ਖੇਡ ਮਚਾਈਏ।
(ਫਿਰ) ਉਸ ਨੇ ਇਸ ਤਰ੍ਹਾਂ ਕਿਹਾ ਕਿ ਨਚਦੇ ਅਤੇ ਖੇਡਦੇ ਹੋਇਆਂ ਚੰਗੀ ਤਰ੍ਹਾਂ ਸੋਹਣੇ ਸੋਹਣੇ ਗੀਤਾਂ ਨੂੰ ਗਾਇਆ ਜਾਏ।
(ਨਾਲੇ) ਸੁਣੋ, ਜਿਸ ਦੇ ਕੀਤਿਆਂ ਮਨ ਖੁਸ਼ ਹੋਵੇ, ਉਠ ਕੇ ਉਸ ਕਾਰਜ ਨੂੰ ਕਰ ਦੇਣਾ ਚਾਹੀਦਾ ਹੈ।
ਮੇਰੀ ਸਿਖ ਲੈ ਕੇ ਨਦੀ ਦੇ ਕੰਢੇ ਉਤੇ (ਤੁਹਾਡਾ) ਆਪਣੇ ਆਪ ਨੂੰ ਸੁਖ ਦੇਣਾ ਬਣਦਾ ਹੈ ਅਤੇ ਮੈਨੂੰ ਵੀ ਸੁਖ ਦੇਣਾ ਚਾਹੀਦਾ ਹੈ ॥੬੫੫॥
ਕਾਨ੍ਹ ਦੀ ਆਗਿਆ ਮੰਨ ਕੇ ਬ੍ਰਜ ਦੀਆਂ ਇਸਤਰੀਆਂ ਨੇ ਕੁੰਜ ਗਲੀਆਂ ਵਿਚ ਖੇਡ ਮਚਾ ਦਿੱਤੀ।
ਉਹੀ ਗੀਤ ਚੰਗੀ ਤਰ੍ਹਾਂ ਗਾਉਣ ਲਗ ਗਈਆਂ ਜੋ ਕ੍ਰਿਸ਼ਨ ਦੇ ਮਨ ਨੂੰ ਬਹੁਤ ਚੰਗਾ ਲਗਦਾ ਸੀ।
ਦੇਵ ਗੰਧਾਰੀ ਅਤੇ ਸ਼ੁੱਧ ਮਲ੍ਹਾਰ ਵਿਚ ਓਹੀ ਖਿਆਲ ਕਹਿ ਕੇ ਵਸਾ ਦਿੱਤਾ।
ਉਸ ਨੂੰ ਸੁਣ ਕੇ ਸ਼ਹਿਰ ਅਤੇ ਦੇਵ ਲੋਕ (ਦੇ ਵਾਸੀ) ਪ੍ਰਸੰਨ ਹੋ ਗਏ ॥੬੫੬॥
ਸ੍ਰੀ ਕ੍ਰਿਸ਼ਨ ਦਾ ਕਿਹਾ ਸਿਰ ਉਤੇ ਧਰ ਕੇ (ਅਰਥਾਤ ਮੰਨ ਕੇ) ਸਾਰੀਆਂ (ਗੋਪੀਆਂ) ਮਿਲ ਕੇ ਚੰਗੇ ਢੰਗ ਨਾਲ ਕੁੰਜ ਗਲੀਆਂ ਵਿਚ ਗਈਆਂ।
ਕਮਲ ਵਰਗੇ ਮੁਖ ਵਾਲੀਆਂ ਸੋਨੇ ਰੰਗੇ ਸ਼ਰੀਰ ਵਾਲੀਆਂ, ਸਾਰੀਆਂ ਹੀ ਮਾਨੋ ਰੂਪ ਵਜੋਂ ਕਾਮਦੇਵ ਬਣੀਆਂ ਹੋਈਆਂ ਹੋਣ।
ਉਹ ਸਾਰੀਆਂ ਇਸਤਰੀਆਂ (ਗੋਪੀਆਂ) (ਪ੍ਰੇਮ) ਰਸ ਦੀ ਖੇਡ ਵਿਚ ਕ੍ਰਿਸ਼ਨ ਦੇ ਅਗੇ ਹੋ ਕੇ ਭਜੀਆਂ ਫਿਰਦੀਆਂ ਹਨ।
ਕਵੀ ਸ਼ਿਆਮ (ਉਨ੍ਹਾਂ ਦੀ) ਉਪਮਾ ਇਸ ਤਰ੍ਹਾਂ ਕਹਿੰਦੇ ਹਨ, (ਮਾਨੋ) ਉਹ ਗਜ ਗਾਮਨੀਆਂ (ਅਰਥਾਤ ਹਾਥੀ ਵਾਂਗ ਧੀਰੀ ਚਾਲ ਚਲਣ ਵਾਲੀਆਂ) ਚੰਚਲ ਗਤਿ ਵਾਲੀਆਂ ('ਕਾਮਿਨ') ਹੋ ਗਈਆਂ ਹੋਣ ॥੬੫੭॥