ਸ਼੍ਰੀ ਦਸਮ ਗ੍ਰੰਥ

ਅੰਗ - 872


ਮੁਨਿ ਨਾਰਦ ਕਹੂੰ ਬੇਨੁ ਬਜਾਵੈ ॥

ਕਿਤੇ ਨਾਰਦ ਮੁਨੀ ਬੀਨ ਵਜਾ ਰਿਹਾ ਸੀ

ਕਹੂੰ ਰੁਦ੍ਰ ਡਮਰੂ ਡਮਕਾਵੈ ॥

ਅਤੇ ਕਿਤੇ ਰੁਦ੍ਰ ਡਮਰੂ ਡਮਕਾ ਰਿਹਾ ਸੀ।

ਰੁਧਿਰ ਖਪਰ ਜੁਗਿਨ ਭਰਿ ਭਾਰੀ ॥

(ਕਿਤੇ) ਜੋਗਣਾਂ ਨੇ ਲਹੂ ਨਾਲ ਵੱਡੇ ਖੱਪਰ ਭਰੇ ਹੋਏ ਸਨ

ਮਾਰਹਿ ਭੂਤ ਪ੍ਰੇਤ ਕਿਲਕਾਰੀ ॥੩੨॥

ਅਤੇ (ਕਿਤੇ) ਭੂਤ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ ॥੩੨॥

ਰਨ ਅਗੰਮ ਕੋਊ ਜਾਨ ਨ ਪਾਵੈ ॥

ਅਗੰਮੀ ਯੁੱਧ ਨੂੰ ਕੋਈ ਸਮਝ ਨਹੀਂ ਰਿਹਾ ਸੀ

ਡਹ ਡਹ ਡਹ ਸਿਵ ਡਮਰੁ ਬਜਾਵੈ ॥

ਅਤੇ ਸ਼ਿਵ ਡਹਿ ਡਹਿ ਕਰਦਾ ਡਮਰੂ ਵਜਾ ਰਿਹਾ ਸੀ।

ਕਹ ਕਹ ਕਹੂੰ ਕਾਲਿਕਾ ਕਹਕੈ ॥

ਕਿਤੇ ਕਾਲਿਕਾ ਕਹ ਕਹ ਕਰ ਕੇ ਬੋਲ ਰਹੀ ਸੀ।

ਜਾਨੁਕ ਧੁਜਾ ਕਾਲ ਕੀ ਲਹਕੈ ॥੩੩॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਲ ਦਾ ਝੰਡਾ ਲਹਿਰਾ ਰਿਹਾ ਹੋਵੇ ॥੩੩॥

ਹਸਤ ਪਾਰਬਤੀ ਨੈਨ ਬਿਸਾਲਾ ॥

ਵਡਿਆਂ ਨੈਣਾਂ ਵਾਲੀ ਪਾਰਬਤੀ ਹਸ ਰਹੀ ਸੀ

ਨਾਚਤ ਭੂਪ ਪ੍ਰੇਤ ਬੈਤਾਲਾ ॥

ਅਤੇ ਭੂਤ, ਪ੍ਰੇਤ ਤੇ ਬੈਤਾਲ ਨਚ ਰਹੇ ਸਨ।

ਕਹ ਕਹਾਟ ਕਹੂੰ ਕਾਲ ਸੁਨਾਵੈ ॥

ਕਿਤੇ ਕਾਲੀ 'ਕਹ ਕਹਾਟ' ਸ਼ਬਦ ਸੁਣਾਉਂਦੀ ਸੀ।

ਭੀਖਨ ਸੁਨੇ ਨਾਦ ਭੈ ਆਵੈ ॥੩੪॥

ਭਿਆਨਕ ਨਾਦ ਨੂੰ ਸੁਣ ਕੇ ਡਰ ਲਗਦਾ ਸੀ ॥੩੪॥

ਬਿਨੁ ਸੀਸਨ ਕੇਤਿਕ ਭਟ ਡੋਲਹਿ ॥

ਕਿਤਨੇ ਹੀ ਸੂਰਮੇ ਬਿਨਾ ਸਿਰਾਂ ਦੇ ਘੁੰਮ ਰਹੇ ਸਨ

ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥

ਅਤੇ ਕਿਤਨੇ 'ਮਾਰੋ-ਮਾਰੋ' ਪੁਕਾਰ ਰਹੇ ਸਨ।

ਕਿਤੇ ਤਮਕਿ ਰਨ ਤੁਰੈ ਨਚਾਵੈ ॥

ਕਿਤਨੇ ਕ੍ਰੋਧਿਤ ਹੋ ਕੇ ਘੋੜੇ ਨਚਾ ਰਹੇ ਸਨ

ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥

ਅਤੇ ਕਿਤਨੇ ਹੀ ਜੂਝ ਕੇ ਯਮ-ਲੋਕ ਸਿਧਾਰ ਗਏ ਸਨ ॥੩੫॥

ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥

ਕਈ ਵੱਡੇ ਸੂਰਮੇ ਕਟ ਕਟ ਕੇ ਧਰਤੀ ਉਤੇ ਡਿਗ ਪਏ ਸਨ

ਭੂਪ ਸੁਤਾ ਕਰਿ ਕੋਪ ਪਛਾਰੇ ॥

ਅਤੇ (ਕਈਆਂ ਨੂੰ) ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਪਛਾੜ ਦਿੱਤਾ ਸੀ।

ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥

ਜਿਨ੍ਹਾਂ ਦੇ ਹੱਥ ਰਾਜ ਕੁਮਾਰੀ ਨਹੀਂ ਲਗੀ,

ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥

ਉਹ ਬਿਨਾ ਮਾਰਿਆਂ ਹੀ ਕਟਾਰ ਮਾਰ ਕੇ ਮਰ ਗਏ ॥੩੬॥

ਦੋਹਰਾ ॥

ਦੋਹਰਾ:

ਮੋੜਤੇਸ ਅੰਬੇਰ ਪਤਿ ਅਮਿਤ ਸੈਨ ਲੈ ਸਾਥ ॥

(ਹੁਣ) ਮੋੜ (ਮੇੜਤਾ) ਅਤੇ ਆਮੇਰ ਦੇ ਰਾਜੇ ਅਮਿਤ ਸੈਨਾ ਨਾਲ

ਬਾਲ ਨਿਮਿਤਿ ਆਵਤ ਭਏ ਗਹੇ ਬਰਛਿਯੈ ਹਾਥ ॥੩੭॥

ਹੱਥਾਂ ਵਿਚ ਬਰਛੇ ਪਕੜੇ ਹੋਏ ਰਾਜ ਕੁਮਾਰੀ (ਨੂੰ ਪ੍ਰਾਪਤ ਕਰਨ ਲਈ) ਆ ਪਹੁੰਚੇ ਸਨ ॥੩੭॥

ਬਿਕਟ ਸਿੰਘ ਅੰਬੇਰ ਪਤਿ ਅਮਿਟ ਸਿੰਘ ਤਿਹ ਨਾਮ ॥

(ਮੋੜਤਾ ਦੇ ਰਾਜੇ ਦਾ ਨਾਂ) ਬਿਕਟ ਸਿੰਘ ਅਤੇ ਆਮੇਰ ਦੇ ਰਾਜੇ ਦਾ ਨਾਂ ਅਮਿਟ ਸਿੰਘ ਸੀ।

ਕਬਹੂੰ ਦਈ ਨ ਪੀਠ ਰਨ ਜੀਤੇ ਬਹੁ ਸੰਗ੍ਰਾਮ ॥੩੮॥

ਉਨ੍ਹਾਂ ਨੇ ਬਹੁਤ ਯੁੱਧ ਜਿਤੇ ਸਨ ਅਤੇ ਰਣ ਵਿਚ ਕਦੇ ਪਿਠ ਨਹੀਂ ਵਿਖਾਈ ਸੀ ॥੩੮॥

ਚੌਪਈ ॥

ਚੌਪਈ:

ਤੇ ਨ੍ਰਿਪ ਜੋਰਿ ਸੈਨ ਦ੍ਵੈ ਧਾਏ ॥

ਉਹ ਦੋਵੇਂ ਰਾਜੇ ਸੈਨਾ ਇਕੱਠੀ ਕਰ ਕੇ ਤੁਰ ਪਏ

ਭਾਤਿ ਭਾਤਿ ਬਾਜਿਤ੍ਰ ਬਜਾਏ ॥

ਅਤੇ ਕਈ ਤਰ੍ਹਾਂ ਦੇ (ਜੰਗੀ) ਵਾਜੇ ਵਜਾਏ।

ਰਾਜ ਸੁਤਾ ਜਬ ਨੈਨ ਨਿਹਾਰੇ ॥

ਜਦ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਅੱਖਾਂ ਨਾਲ ਵੇਖਿਆ

ਸੈਨਾ ਸਹਿਤ ਮਾਰ ਹੀ ਡਾਰੇ ॥੩੯॥

ਤਾਂ ਸੈਨਾ ਸਮੇਤ ਉਨ੍ਹਾਂ ਨੂੰ ਮਾਰ ਹੀ ਸੁਟਿਆ ॥੩੯॥

ਜਬ ਅਬਲਾ ਨ੍ਰਿਪ ਦੋਊ ਸੰਘਾਰੇ ॥

ਜਦ ਰਾਜ ਕੁਮਾਰੀ ਨੇ ਦੋਵੇਂ ਰਾਜੇ ਮਾਰ ਦਿੱਤੇ,

ਠਟਕੇ ਸੁਭਟ ਸਕਲ ਤਬ ਭਾਰੇ ॥

ਤਦ ਸਾਰੇ ਵੱਡੇ ਰਾਜੇ ਚੁਪ ਕਰ ਕੇ ਖੜੋ ਗਏ।

ਖੇਤ ਛਾਡਿ ਯਹ ਤਰੁਨਿ ਨ ਟਰਿਹੈ ॥

(ਉਹ ਮਨ ਵਿਚ ਸੋਚਣ ਲਗੇ) ਕਿ ਯੁੱਧ-ਭੂਮੀ ਨੂੰ ਛਡ ਕੇ ਇਹ ਰਾਜ ਕੁਮਾਰੀ ਨਹੀਂ ਟਲੇਗੀ

ਸਭਹਿਨ ਕੋ ਪ੍ਰਾਨਨ ਬਿਨੁ ਕਰਿ ਹੈ ॥੪੦॥

ਅਤੇ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦੇਵੇਗੀ ॥੪੦॥

ਬੂੰਦੀ ਨਾਥ ਰਣੁਤ ਕਟ ਧਾਯੋ ॥

ਬੂੰਦੀ (ਰਿਆਸਤ) ਦਾ ਰਾਜਾ ਰਣੁਤ ਕਟ ਚਲ ਪਿਆ

ਅਧਿਕ ਮਦੁਤ ਕਟ ਸਿੰਘ ਰਿਸਾਯੋ ॥

ਅਤੇ ਮਦੁਤ ਕਟ ਸਿੰਘ ਵੀ ਬਹੁਤ ਕ੍ਰੋਧਿਤ ਹੋ ਗਿਆ।

ਨਾਥ ਉਜੈਨ ਜਿਸੇ ਜਗ ਕਹਈ ॥

ਜਿਸ ਨੂੰ ਲੋਕੀਂ ਉਜੈਨ ਦਾ ਰਾਜਾ ਕਹਿੰਦੇ ਸਨ,

ਵਾ ਕਹਿ ਜੀਤੈ ਜਗ ਕੋ ਰਹਈ ॥੪੧॥

ਉਸ ਨੂੰ ਜਿਤੇ ਬਿਨਾ ਜਗਤ ਵਿਚ ਕੌਣ ਰਹਿ ਸਕਦਾ ਸੀ ॥੪੧॥

ਜਬ ਅਬਲਾ ਆਵਤ ਵਹੁ ਲਹੇ ॥

ਜਦੋਂ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਆਉਂਦਿਆਂ ਵੇਖਿਆ

ਹਾਥ ਹਥਯਾਰ ਆਪਨੇ ਗਹੇ ॥

(ਤਾਂ ਉਸ ਨੇ) ਆਪਣੇ ਹੱਥਾਂ ਵਿਚ ਹਥਿਆਰ ਪਕੜ ਲਏ।

ਅਧਿਕ ਕੋਪ ਕਰਿ ਕੁਵਤਿ ਪ੍ਰਹਾਰੇ ॥

(ਰਾਜ ਕੁਮਾਰੀ ਨੇ) ਅਧਿਕ ਕ੍ਰੋਧ ਕਰ ਕੇ ਬਲ ਪੂਰਵਕ ('ਕੁਵਤਿ') ਚਲਾਏ

ਛਿਨਿਕ ਬਿਖੈ ਦਲ ਸਹਿਤ ਸੰਘਾਰੇ ॥੪੨॥

ਅਤੇ ਛਿਣ ਭਰ ਵਿਚ (ਉਨ੍ਹਾਂ ਨੂੰ) ਦਲ ਸਹਿਤ ਮਾਰ ਦਿੱਤਾ ॥੪੨॥

ਗੰਗਾਦ੍ਰੀ ਜਮੁਨਾਦ੍ਰੀ ਹਠੇ ॥

ਗੰਗਾ ਵਾਲੇ ਪਹਾੜੀ ਰਾਜੇ ਅਤੇ ਯਮੁਨਾ ਦੇ ਪਹਾੜ ਵਿਚ ਰਹਿਣ ਵਾਲੇ ਰਾਜੇ

ਸਾਰਸ੍ਵਤੀ ਹ੍ਵੈ ਚਲੇ ਇਕਠੇ ॥

ਅਤੇ ਸਾਰਸਵਤੀ ਵਾਲੇ ਰਾਜੇ ਹਠ ਪੂਰਵਕ ਇਕੱਠੇ ਹੋ ਕੇ ਚਲੇ ਹਨ।

ਸਤੁਦ੍ਰਵਾਦਿ ਅਤਿ ਦ੍ਰਿੜ ਪਗ ਰੋਪੇ ॥

ਸਤਲੁਜ ਅਤੇ ਬਿਆਸ ਆਦਿ ਦੇ ਰਾਜਿਆਂ ਨੇ ਆਪਣੇ ਪੈਰ ਜਮਾਏ

ਬ੍ਰਯਾਹਾਦ੍ਰੀ ਸਿਗਰੇ ਮਿਲਿ ਕੋਪੇ ॥੪੩॥

ਅਤੇ ਸਾਰੇ ਮਿਲ ਕੇ ਕ੍ਰੋਧਿਤ ਹੋ ਗਏ ॥੪੩॥

ਦੋਹਰਾ ॥

ਦੋਹਰਾ:

ਪਰਮ ਸਿੰਘ ਪੂਰੋ ਪੁਰਖ ਕਰਮ ਸਿੰਘ ਸੁਰ ਗ੍ਯਾਨ ॥

ਪਰਮ ਸਿੰਘ ਪੂਰਨ ਪੁਰਸ਼ ਸੀ ਅਤੇ ਕਰਮ ਸਿੰਘ ਦੇਵਤਿਆਂ ਵਾਂਗ ਗਿਆਨਵਾਨ ਸੀ।

ਧਰਮ ਸਿੰਘ ਹਾਠੋ ਹਠੀ ਅਮਿਤ ਜੁਧ ਕੀ ਖਾਨ ॥੪੪॥

ਧਰਮ ਸਿੰਘ ਬਹੁਤ ਹਠੀ ਸੀ ਅਤੇ ਅਮਿਤ ਯੁੱਧ ਦੀ ਖਾਣ ਸੀ ॥੪੪॥

ਅਮਰ ਸਿੰਘ ਅਰੁ ਅਚਲ ਸਿੰਘ ਮਨ ਮੈ ਕੋਪ ਬਢਾਇ ॥

ਅਮਰ ਸਿੰਘ ਅਤੇ ਅਚਲ ਸਿੰਘ ਮਨ ਵਿਚ ਬਹੁਤ ਕ੍ਰੋਧਿਤ ਹੋਏ।

ਪਾਚੌ ਭੂਪ ਪਹਾਰਿਯੈ ਸਨਮੁਖਿ ਪਹੁਚੇ ਆਇ ॥੪੫॥

ਇਹ ਪੰਜੇ ਪਹਾੜੀ ਰਾਜੇ (ਰਾਜ ਕੁਮਾਰੀ ਨਾਲ ਯੁੱਧ ਕਰਨ ਲਈ) ਸਾਹਮਣੇ ਆ ਗਏ ॥੪੫॥

ਚੌਪਈ ॥

ਚੌਪਈ:

ਪਰਬਤੀਸ ਪਾਚੋ ਨ੍ਰਿਪ ਧਾਏ ॥

ਪੰਜੇ ਪਹਾੜੀ ਰਾਜੇ (ਯੁੱਧ ਲਈ) ਤੁਰ ਪਏ।

ਖਸੀਯਾ ਅਧਿਕ ਸੰਗ ਲੈ ਆਏ ॥

ਬਹੁਤ ਸਾਰੇ ਬਕਰੇ ਨਾਲ ਲੈ ਕੇ ਆਏ।

ਪਾਹਨ ਬ੍ਰਿਸਟਿ ਕੋਪ ਕਰਿ ਕਰੀ ॥

ਉਨ੍ਹਾਂ ਨੇ ਗੁੱਸੇ ਨਾਲ ਪੱਥਰਾਂ ਦੀ ਬਰਖਾ ਕੀਤੀ

ਮਾਰਿ ਮਾਰਿ ਮੁਖ ਤੇ ਉਚਰੀ ॥੪੬॥

ਅਤੇ ਮੂੰਹ ਤੋਂ 'ਮਾਰੋ ਮਾਰੋ' ਦਾ ਉਚਾਰਨ ਕੀਤਾ ॥੪੬॥

ਦੁੰਦਭ ਢੋਲ ਦੁਹੂੰ ਦਿਸਿ ਬਾਜੇ ॥

ਦੋਹਾਂ ਪਾਸਿਓਂ ਢੋਲ ਅਤੇ ਨਗਾਰੇ ਵਜੇ

ਸਾਜੇ ਸਸਤ੍ਰ ਸੂਰਮਾ ਗਾਜੇ ॥

ਅਤੇ ਸ਼ਸਤ੍ਰ ਨਾਲ ਸਜੇ ਹੋਏ ਸੂਰਮੇ ਗਜੇ।

ਕੁਪਿ ਕੁਪਿ ਅਧਿਕ ਹ੍ਰਿਦਨ ਮੈ ਲਰੇ ॥

ਹਿਰਦਿਆਂ ਵਿਚ ਬਹੁਤ ਗੁੱਸੇ ਹੋ ਹੋ ਕੇ ਲੜੇ

ਕਟਿ ਕਟਿ ਮਰੇ ਬਰੰਗਨਿ ਬਰੇ ॥੪੭॥

ਅਤੇ ਕਟ ਕਟ ਕੇ ਮਰਦੇ ਹੋਏ ਅਪੱਛਰਾਵਾਂ ਨੂੰ ਵਰਨ ਲਗੇ ॥੪੭॥

ਭੂਪ ਪਾਚਉ ਬਾਨ ਚਲਾਵੈਂ ॥

ਪੰਜੇ ਰਾਜੇ ਬਾਣ ਚਲਾ ਰਹੇ ਸਨ

ਬਾਧੇ ਗੋਲ ਸਾਮੁਹੇ ਆਵੈਂ ॥

ਅਤੇ ਗੋਲ ਘੇਰੇ ਬੰਨ੍ਹ ਕੇ ਸਾਹਮਣੇ ਆ ਰਹੇ ਸਨ।

ਤਬ ਬਚਿਤ੍ਰ ਦੇ ਸਸਤ੍ਰ ਪ੍ਰਹਾਰੇ ॥

ਤਦ ਬਚਿਤ੍ਰ ਦੇਈ ਨੇ ਸ਼ਸਤ੍ਰਾਂ ਦਾ ਪ੍ਰਹਾਰ ਕੀਤਾ

ਛਿਨਿਕ ਬਿਖੈ ਸਕਲੇ ਹਨਿ ਡਾਰੇ ॥੪੮॥

ਅਤੇ ਛਿਣ ਭਰ ਵਿਚ ਸਾਰੇ ਮਾਰ ਸੁਟੇ ॥੪੮॥

ਦੇਇ ਬਚਿਤ੍ਰ ਪਾਚ ਨ੍ਰਿਪ ਮਾਰੇ ॥

ਬਚਿਤ੍ਰ ਦੇਈ ਨੇ ਪੰਜ ਰਾਜਿਆਂ ਨੂੰ ਮਾਰ ਦਿੱਤਾ

ਔਰ ਸੁਭਟ ਚੁਨਿ ਚੁਨਿ ਹਨਿ ਡਾਰੇ ॥

ਅਤੇ ਹੋਰ ਵੀ ਸੂਰਮੇ ਚੁਣ ਚੁਣ ਕੇ ਸੰਘਾਰ ਦਿੱਤੇ।

ਸਾਤ ਨ੍ਰਿਪਤਿ ਅਵਰੈ ਤਬ ਚਲੇ ॥

ਤਦ ਸੱਤ ਰਾਜੇ ਹੋਰ ਚਲ ਪਏ

ਜੋਧਾ ਜੋਰ ਜੁਧ ਕਰਿ ਭਲੇ ॥੪੯॥

ਜੋ ਯੁੱਧ ਕਰਨ ਵਿਚ ਬਹੁਤ ਸ਼ਕਤੀਸ਼ਾਲੀ ਸਨ ॥੪੯॥

ਕਾਸਿ ਰਾਜ ਮਘਧੇਸ੍ਵਰ ਕੋਪੇ ॥

ਕਾਸ਼ੀ ਅਤੇ ਮਗਧ ਦੇ ਰਾਜੇ ਕ੍ਰੋਧਿਤ ਹੋਏ ਅਤੇ

ਅੰਗ ਬੰਗ ਰਾਜਨ ਪਗ ਰੋਪੇ ॥

ਅੰਗ ਤੇ ਬੰਗ (ਬੰਗਾਲ) ਦੇ ਰਾਜਿਆਂ ਨੇ ਪੈਰ ਗਡ ਲਏ।

ਔਰ ਕੁਲਿੰਗ ਦੇਸ ਪਤਿ ਧਾਯੋ ॥

ਇਸ ਤੋਂ ਇਲਾਵਾ ਕੁਲਿੰਗ ਦੇਸ ਦਾ ਰਾਜਾ ਵੀ ਤੁਰ ਪਿਆ

ਤ੍ਰਿਗਤਿ ਦੇਸ ਏਸ੍ਵਰ ਹੂੰ ਆਯੋ ॥੫੦॥

ਅਤੇ ਤ੍ਰਿਗਤਿ ਦੇਸ ਦਾ ਰਾਜਾ ਵੀ ਆ ਪਹੁੰਚਿਆ ॥੫੦॥


Flag Counter