ਰਾਮ ਚੰਦਰ ਭਰਾ ਸਹਿਤ
ਅਤੇ ਪਰਮ ਸੁੰਦਰੀ ਸੀਤਾ ਨੂੰ ਨਾਲ ਲੈ ਕੇ,
ਸਰੀਰ ਦੀ ਚਿੰਤਾ ਛੱਡਦੇ ਹੋਏ
ਨਿਸੰਗ ਹੀ ਬਣ ਵਿੱਚ ਜਾ ਵੜੇ ॥੩੨੭॥
(ਜਿਨ੍ਹਾਂ ਨੇ) ਹੱਥ ਵਿਚ ਬਾਣ ਧਾਰਨ ਕੀਤਾ ਹੋਇਆ ਸੀ,
ਲੱਕ ਨਾਲ ਤਲਵਾਰ ਬੰਨ੍ਹੀ ਹੋਈ ਸੀ,
ਗੋਡਿਆਂ (ਅਜਾਨੁ) ਤਕ (ਜਿਨ੍ਹਾਂ ਦੀਆਂ) ਸੁੰਦਰ ਬਾਂਹਾਂ ਸਨ,
(ਉਹ ਰਾਮ) ਚਲ ਕੇ ਤੀਰਥ ਵਿੱਚ ਇਸ਼ਨਾਨ ਕਰਨ ਲੱਗੇ ॥੩੨੮॥
ਗੋਦਾਵਰੀ ਦੇ ਕੰਢੇ ਉਤੇ
(ਸ੍ਰੀ ਰਾਮ) ਭਰਾ ਸਹਿਤ ਗਏ
ਅਤੇ ਬਸਤ੍ਰ ਉਤਾਰ ਕੇ ਰਾਮ ਚੰਦਰ ਨੇ
(ਇਸ਼ਨਾਨ ਕਰਕੇ) ਸਰੀਰ ਨੂੰ ਪਵਿੱਤਰ ਕੀਤਾ ॥੩੨੯॥
ਰਾਮ ਚੰਦਰ ਦੇ ਅਦਭੁਤ
ਅਤੇ ਅਨੂਪਮ ਰੂਪ ਨੂੰ ਵੇਖ ਕੇ,
ਜਿਥੇ ਸ਼ੂਰਪਣਖਾ ਰਹਿੰਦੀ ਹੁੰਦੀ ਸੀ,
(ਉਸ) ਬਣ ਦੇ ਰਾਖੇ ਉਥੇ ਚਲੇ ਗਏ ॥੩੩੦॥
(ਰਾਖਿਆਂ ਨੇ) ਜਾ ਕੇ ਉਸ ਨੂੰ ਕਿਹਾ-
ਹੇ ਸ਼ੂਰਪਣਖਾ! (ਤੂੰ ਸਾਡੀ ਗੱਲ ਨੂੰ) ਸੁਣ ਲੈ,
ਸਾਡੇ ਬਣ ਵਿੱਚ ਦੋ ਸਾਧੂਆਂ ਨੇ ਆ ਕੇ ਇਸ਼ਨਾਨ ਕੀਤਾ ਹੈ,
ਉਨ੍ਹਾਂ ਨੇ ਅਨੂਪਮ ਸਰੀਰ ਪ੍ਰਾਪਤ ਕੀਤੇ ਹੋਏ ਹਨ ॥੩੩੧॥
ਸੁੰਦਰੀ ਛੰਦ
ਸੂਰਪਣਖਾ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ,
ਤਦ ਉਹ ਇਸਤਰੀ ਬਿਨਾਂ ਦੇਰ ਕੀਤੇ ਧਾਈ ਕਰਕੇ ਤੁਰ ਪਈ।
ਉਸ ਨੇ ਰਾਮ ਚੰਦਰ ਦੇ ਸਰੀਰ ਨੂੰ ਕਾਮ ਸਰੂਪ ਕਰਕੇ ਜਾਣ ਲਿਆ।