ਸ਼੍ਰੀ ਦਸਮ ਗ੍ਰੰਥ

ਅੰਗ - 358


ਕੰਚਨ ਸੋ ਜਿਹ ਕੋ ਤਨ ਹੈ ਜਿਹ ਕੇ ਮੁਖ ਕੀ ਸਮ ਸੋਭ ਸਸੀ ਹੈ ॥

ਜਿਸ ਦਾ ਸ਼ਰੀਰ ਸੋਨੇ ਵਰਗਾ ਹੈ ਅਤੇ ਜਿਸ ਦੇ ਮੂੰਹ ਦੀ ਸ਼ੋਭਾ ਚੰਦ੍ਰਮਾ ਦੇ ਸਮਾਨ ਹੈ।

ਤਾ ਕੈ ਬਜਾਇਬੇ ਕੌ ਸੁਨ ਕੈ ਮਤਿ ਗ੍ਵਾਰਿਨ ਕੀ ਤਿਹ ਬੀਚ ਫਸੀ ਹੈ ॥੬੪੧॥

ਉਸ ਦੀ ਵਜਾਈ ਹੋਈ (ਬੰਸਰੀ ਨੂੰ) ਸੁਣ ਕੇ ਗੋਪੀਆਂ ਦੀ ਬੁੱਧੀ ਉਸ ਵਿਚ ਫਸ ਗਈ ਹੈ ॥੬੪੧॥

ਦੇਵ ਗੰਧਾਰਿ ਬਿਭਾਸ ਬਿਲਾਵਲ ਸਾਰੰਗ ਕੀ ਧੁਨਿ ਤਾ ਮੈ ਬਸਾਈ ॥

ਦੇਵ ਗੰਧਾਰੀ, ਵਿਭਾਸ, ਬਿਲਾਵਲ, ਸਾਰੰਗ (ਆਦਿਕ ਰਾਗਾਂ) ਦੀ ਧੁਨ ਉਸ (ਬੰਸਰੀ) ਵਿਚ ਵਸੀ ਹੋਈ ਹੈ।

ਸੋਰਠਿ ਸੁਧ ਮਲਾਰ ਕਿਧੌ ਸੁਰ ਮਾਲਸਿਰੀ ਕੀ ਮਹਾ ਸੁਖਦਾਈ ॥

ਸੋਰਠ, ਸ਼ੁੱਧ ਮਲ੍ਹਾਰ ਜਾਂ ਮਾਲਸਿਰੀ ਦੀ ਸੁਰ ਬਹੁਤ ਸੁਖ ਦੇਣ ਵਾਲੀ ਹੈ।

ਮੋਹਿ ਰਹੇ ਸਭ ਹੀ ਸੁਰ ਅਉ ਨਰ ਗ੍ਵਾਰਿਨ ਰੀਝ ਰਹੀ ਸੁਨਿ ਧਾਈ ॥

(ਉਸ ਸੁਰ ਨੂੰ ਸੁਣਨ ਵਾਲੇ) ਸਾਰੇ ਦੇਵਤੇ ਅਤੇ ਮਨੁੱਖ ਮੋਹਿਤ ਹੋ ਰਹੇ ਹਨ ਅਤੇ ਗੋਪੀਆਂ ਸੁਣ ਕੇ ਪ੍ਰਸੰਨ ਹੋਈਆਂ ਭਜੀਆਂ ਆ ਰਹੀਆਂ।

ਯੌ ਉਪਜੀ ਸੁਰ ਚੇਟਕ ਕੀ ਭਗਵਾਨ ਮਨੋ ਧਰਿ ਫਾਸ ਚਲਾਈ ॥੬੪੨॥

(ਉਹ) ਜਾਦੂ ਭਰੀ ਸੁਰ ਇਸ ਤਰ੍ਹਾਂ ਉਪਜੀ ਹੈ, ਮਾਨੋ ਸ੍ਰੀ ਕ੍ਰਿਸ਼ਨ ਨੇ (ਪ੍ਰੇਮ ਦੀ) ਫਾਹੀ ਰਖ ਕੇ ਚਲਾਈ ਹੋਵੇ ॥੬੪੨॥

ਆਨਨ ਹੈ ਜਿਹ ਕੋ ਅਤਿ ਸੁੰਦਰ ਕੰਧਿ ਧਰੇ ਜੋਊ ਹੈ ਪਟ ਪੀਲੋ ॥

ਜਿਸ ਦਾ ਮੁਖ ਬਹੁਤ ਸੁੰਦਰ ਹੈ ਅਤੇ ਜਿਸ ਨੇ ਮੋਢੇ ਉਤੇ ਪੀਲਾ ਬਸਤ੍ਰ ਧਾਰਨ ਕੀਤਾ ਹੋਇਆ ਹੈ।

ਜਾਹਿ ਮਰਿਯੋ ਅਘ ਨਾਮ ਬਡੋ ਰਿਪੁ ਤਾਤ ਰਖਿਯੋ ਅਹਿ ਤੇ ਜਿਨ ਲੀਲੋ ॥

ਜਿਸ ਨੇ 'ਅਘ' ਨਾਂ ਦੇ ਵੱਡੇ ਵੈਰੀ ਨੂੰ ਮਾਰਿਆ ਸੀ ਅਤੇ ਜਿਸ ਨੇ ਸੱਪ ਦੁਆਰਾ ਨਿਗਲੇ ਪਿਤਾ ਦੀ ਰਖਿਆ ਕੀਤੀ ਸੀ।

ਅਸਾਧਨ ਕੌ ਸਿਰ ਜੋ ਕਟੀਯਾ ਅਰੁ ਸਾਧਨ ਕੋ ਹਰਤਾ ਜੋਊ ਹੀਲੋ ॥

ਜੋ ਦੁਸ਼ਟਾਂ ਦਾ ਸਿਰ ਕਟਣ ਵਾਲਾ ਹੈ ਅਤੇ ਜੋ ਸਾਧਕਾਂ ਦੇ ਕਸ਼ਟਾਂ ਨੂੰ ਹਰਨ ਵਾਲਾ ਹੈ।

ਚੋਰ ਲਯੋ ਸੁਰ ਸੋ ਮਨ ਤਾਸ ਬਜਾਇ ਭਲੀ ਬਿਧਿ ਸਾਥ ਰਸੀਲੋ ॥੬੪੩॥

ਉਸ ਨੇ ਚੰਗੀ ਤਰ੍ਹਾਂ ਰਸੀਲੇ ਅੰਦਾਜ਼ ਵਿਚ (ਬੰਸਰੀ ਨੂੰ) ਵਜਾ ਕੇ ਉਸ ਦੀ ਸੁਰ ਨਾਲ ਸਾਰਿਆਂ ਦੇ ਮਨ ਨੂੰ ਚਰਾ ਲਿਆ ਹੈ ॥੬੪੩॥

ਜਾਹਿ ਭਭੀਛਨ ਰਾਜ ਦਯੋ ਅਰੁ ਰਾਵਨ ਜਾਹਿ ਮਰਿਯੋ ਕਰਿ ਕ੍ਰੋਹੈ ॥

ਜਿਸ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ ਰਾਵਣ ਨੂੰ ਮਾਰਿਆ ਸੀ।

ਚਕ੍ਰ ਕੇ ਸਾਥ ਕਿਧੋ ਜਿਨਹੂੰ ਸਿਸੁਪਾਲ ਕੋ ਸੀਸ ਕਟਿਯੋ ਕਰਿ ਛੋਹੈ ॥

ਜਿਸ ਨੇ ਕ੍ਰੋਧ ਕਰ ਕੇ (ਸੁਦਰਸ਼ਨ) ਚੱਕਰ ਨਾਲ ਸ਼ਿਸ਼ੁਪਾਲ ਦਾ ਸਿਰ ਕਟ ਦਿੱਤਾ ਸੀ।

ਮੈਨ ਸੁ ਅਉ ਸੀਯ ਕੋ ਭਰਤਾ ਜਿਹ ਮੂਰਤਿ ਕੀ ਸਮਤੁਲਿ ਨ ਕੋ ਹੈ ॥

ਉਹ ਕਾਮਦੇਵ (ਵਾਂਗ ਸੁੰਦਰ) ਅਤੇ ਸੀਤਾ ਦਾ ਪਤੀ (ਰਾਮ) ਹੈ ਜਿਸ ਦੇ ਸਰੂਪ ਵਰਗਾ ਕੋਈ ਵੀ ਨਹੀਂ ਹੈ।

ਸੋ ਕਰਿ ਲੈ ਅਪੁਨੇ ਮੁਰਲੀ ਅਬ ਸੁੰਦਰ ਗੋਪਿਨ ਕੇ ਮਨ ਮੋਹੈ ॥੬੪੪॥

ਉਹ ਆਪਣੇ ਹੱਥ ਵਿਚ ਬੰਸਰੀ ਲੈ ਕੇ ਹੁਣ ਸੁੰਦਰ ਗੋਪੀਆਂ ਦਾ ਮਨ ਮੋਹ ਰਿਹਾ ਹੈ ॥੬੪੪॥

ਰਾਧਿਕਾ ਚੰਦ੍ਰਭਗਾ ਮੁਖਿ ਚੰਦ ਸੁ ਖੇਲਤ ਹੈ ਮਿਲਿ ਖੇਲ ਸਬੈ ॥

ਰਾਧਾ, ਚੰਦ੍ਰਭਗਾ ਅਤੇ ਚੰਦ੍ਰਮੁਖੀ (ਨਾਂ ਦੀਆਂ ਗੋਪੀਆਂ) ਸਾਰੀਆ ਮਿਲ ਕੇ ਖੇਡ ਖੇਡਦੀਆਂ ਹਨ।

ਮਿਲਿ ਸੁੰਦਰਿ ਗਾਵਤ ਗੀਤ ਭਲੇ ਸੁ ਬਜਾਵਤ ਹੈ ਕਰਤਾਲ ਤਬੈ ॥

(ਸਾਰੀਆਂ) ਮਿਲ ਕੇ ਸੁੰਦਰ ਗੀਤ ਗਾਉਂਦੀਆਂ ਹਨ ਅਤੇ ਉਦੋਂ ਹੱਥ ਨਾਲ ਤਾੜੀਆਂ ਵੀ ਵਜਾਉਂਦੀਆਂ ਹਨ।

ਫੁਨਿ ਤਿਆਗਿ ਸਭੈ ਸੁਰ ਮੰਡਲ ਕੋ ਸਭ ਕਉਤੁਕ ਦੇਖਤ ਦੇਵ ਸਬੈ ॥

ਫਿਰ ਸਾਰੇ ਦੇਵਤੇ ਦੇਵ-ਮੰਡਲ ਨੂੰ ਛਡ ਕੇ ਕੌਤਕ ਦੇਖਣ ਲਈ (ਉਥੇ ਆ ਗਏ ਹਨ)।

ਅਬ ਰਾਕਸ ਮਾਰਨ ਕੀ ਸੁ ਕਥਾ ਕਛੁ ਥੋਰੀ ਅਹੈ ਸੁਨ ਲੇਹੁ ਅਬੈ ॥੬੪੫॥

ਹੁਣ (ਇਕ) ਰਾਖਸ਼ ਨੂੰ ਮਾਰਨ ਦੀ ਕੁਝ ਕੁ ਥੋੜੀ ਜਿੰਨੀ ਕਥਾ ਹੈ, ਉਹ ਵੀ ਸੁਣ ਲਵੋ ॥੬੪੫॥

ਨਾਚਤ ਥੀ ਜਹਿ ਗ੍ਵਰਨੀਆ ਜਹ ਫੂਲ ਖਿਰੇ ਅਰੁ ਭਉਰ ਗੁੰਜਾਰੈ ॥

ਜਿਥੇ ਗੋਪੀਆਂ ਨਚਦੀਆਂ ਸਨ ਅਤੇ ਖਿੜੇ ਹੋਏ ਫੁਲਾਂ ਉਤੇ ਭੌਰੇ ਗੁੰਜਾਰ ਕਰਦੇ ਸਨ।

ਤੀਰ ਬਹੈ ਜਮੁਨਾ ਜਹ ਸੁੰਦਰਿ ਕਾਨ੍ਰਹ ਹਲੀ ਮਿਲਿ ਗੀਤ ਉਚਾਰੈ ॥

ਜਿਥੇ ਨੇੜੇ ਹੀ ਸੁੰਦਰ ਜਮਨਾ ਵਗ ਰਹੀ ਹੈ ਅਤੇ ਕ੍ਰਿਸ਼ਨ ਅਤੇ ਬਲਰਾਮ ਮਿਲ ਕੇ ਗੀਤ ਗਾਉਂਦੇ ਹਨ।

ਖੇਲ ਕਰੈ ਅਤਿ ਹੀ ਹਿਤ ਸੋ ਨ ਕਛੂ ਮਨ ਭੀਤਰ ਸੰਕਹਿ ਧਾਰੈ ॥

ਬਹੁਤ ਪ੍ਰੇਮ ਨਾਲ ਖੇਡ ਕਰਦੇ ਹਨ ਅਤੇ ਮਨ ਵਿਚ ਕੁਝ ਵੀ ਸ਼ੰਕਾ ਧਾਰਨ ਨਹੀਂ ਕਰਦੇ।

ਰੀਝਿ ਕਬਿਤ ਪੜੈ ਰਸ ਕੇ ਬਹਸੈ ਦੋਊ ਆਪਸ ਮੈ ਨਹੀ ਹਾਰੈ ॥੬੪੬॥

ਦੋਵੇਂ ਖੁਸ਼ ਹੋ ਕੇ (ਪ੍ਰੇਮ) ਰਸ ਵਾਲੇ ਕਬਿੱਤ ਪੜ੍ਹਦੇ ਹਨ ਅਤੇ ਆਪਸ ਵਿਚ ਮੁਕਾਬਲੇ ਕਰਦੇ ਹਨ, ਪਰ ਹਾਰਦੇ ਨਹੀਂ ॥੬੪੬॥

ਅਥ ਜਖਛ ਗੋਪਿਨ ਕੌ ਨਭ ਕੋ ਲੇ ਉਡਾ ॥

ਹੁਣ ਇਕ ਯਕਸ਼ ('ਜਖਛ') ਦਾ ਗੋਪੀਆਂ ਨੂੰ ਆਕਾਸ ਵਿਚ ਲੈ ਕੇ ਉਡਣ ਦਾ ਪ੍ਰਸੰਗ

ਸਵੈਯਾ ॥

ਸਵੈਯਾ:


Flag Counter