ਸ਼੍ਰੀ ਦਸਮ ਗ੍ਰੰਥ

ਅੰਗ - 443


ਮੁਖ ਸੋ ਨਰ ਹਾਡਨ ਚਾਬਤ ਹੈ ਪੁਨਿ ਦਾਤ ਸੇ ਦਾਤ ਬਜੇ ਤਿਨ ਕੇ ॥

(ਜੋ) ਮੁਖ ਨਾਲ ਮਨੁੱਖਾਂ ਦੀਆਂ ਹਡੀਆਂ ਚਬਦੇ ਸਨ ਅਤੇ ਉਨ੍ਹਾਂ ਦੇ ਦੰਦਾਂ ਨਾਲ ਦੰਦ ਵਜ ਰਹੇ ਸਨ।

ਸਰ ਸ੍ਰਉਨਤ ਕੇ ਅਖੀਆਂ ਜਿਨ ਕੀ ਸੰਗ ਕੌਨ ਭਿਰੈ ਬਲ ਕੈ ਇਨ ਕੇ ॥

ਜਿਨ੍ਹਾਂ ਦੀਆਂ ਅੱਖਾਂ ਲਹੂ ਵਾਂਗ ਲਾਲ ਹਨ, ਇਨ੍ਹਾਂ ਨਾਲ ਬਲ ਪੂਰਵਕ ਕੌਣ ਲੜ ਸਕਦਾ ਹੈ।

ਸਰ ਚਾਪ ਚਢਾਇ ਕੈ ਰੈਨ ਫਿਰੈ ਸਬ ਕਾਮ ਕਰੈ ਨਿਤ ਪਾਪਨ ਕੇ ॥੧੪੬੪॥

(ਜੋ) ਸਾਰੀ ਰਾਤ ਧਨੁਸ਼ ਉਤੇ ਤੀਰ ਚੜ੍ਹਾ ਕੇ ਫਿਰਦੇ ਹਨ ਅਤੇ ਨਿੱਤ ਪਾਪਾਂ ਵਾਲੇ ਕਰਮ ਕਰਦੇ ਹਨ ॥੧੪੬੪॥

ਧਾਇ ਪਰੇ ਮਿਲ ਕੈ ਉਤ ਰਾਛਸ ਭੂਪ ਇਤੇ ਥਿਰ ਠਾਢੋ ਰਹਿਓ ਹੈ ॥

ਉਧਰੋਂ ਰਾਖਸ਼ ਮਿਲ ਕੇ ਰਾਜੇ ਉਤੇ ਟੁਟ ਪਏ ਹਨ ਅਤੇ ਇਧਰੋਂ ਰਾਜਾ ਅਚਲ ਅਵਸਥਾ ਵਿਚ ਖੜੋਤਾ ਹੈ।

ਡਾਢ ਸੁ ਕੈ ਅਪਨੇ ਮਨ ਕੋ ਰਿਸਿ ਸਤ੍ਰਨ ਕੋ ਇਹ ਭਾਤਿ ਕਹਿਓ ਹੈ ॥

ਆਪਣੇ ਮਨ ਨੂੰ ਤਕੜਾ ਕਰ ਕੇ (ਅਤੇ ਫਿਰ) ਕ੍ਰੋਧਵਾਨ ਹੋ ਕੇ ਵੈਰੀਆਂ ਨੂੰ ਇਸ ਤਰ੍ਹਾਂ ਕਹਿੰਦਾ ਹੈ।

ਆਜ ਸਬੈ ਹਨਿ ਹੋ ਰਨ ਮੈ ਕਹਿ ਯੌ ਬਤੀਯਾ ਧਨੁ ਬਾਨ ਗਹਿਓ ਹੈ ॥

ਅਜ ਸਾਰਿਆਂ ਨੂੰ ਰਣ ਵਿਚ ਮਾਰਦਾ ਹਾਂਇਹ ਗੱਲ ਕਹਿ ਕੇ ਧਨੁਸ਼ ਅਤੇ ਬਾਣ ਗ੍ਰਹਿਣ ਕਰਦਾ ਹੈ।

ਯੌ ਨ੍ਰਿਪ ਕੋ ਅਤਿ ਧੀਰਜ ਪੇਖ ਕੈ ਦਾਨਵ ਕੋ ਦਲ ਰੀਝਿ ਰਹਿਓ ਹੈ ॥੧੪੬੫॥

ਇਸ ਤਰ੍ਹਾਂ ਰਾਜੇ ਨੂੰ ਅਤਿ ਧੀਰਜਵਾਨ ਵੇਖ ਕੇ ਦੈਂਤਾਂ ਦਾ ਦਲ ਪ੍ਰਸੰਨ ਹੋ ਰਿਹਾ ਹੈ ॥੧੪੬੫॥

ਤਾਨਿ ਕਮਾਨ ਮਹਾ ਬਲਵਾਨ ਸੁ ਸਤ੍ਰਨ ਕੋ ਬਹੁ ਬਾਨ ਚਲਾਏ ॥

ਮਹਾਨ ਬਲਵਾਨ (ਖੜਗ ਸਿੰਘ) ਨੇ ਕਮਾਨ ਖਿਚ ਕੇ ਵੈਰੀਆਂ ਉਤੇ ਬਹੁਤ ਬਾਣ ਚਲਾਏ ਹਨ।

ਏਕਨ ਕੀ ਭੁਜ ਕਾਟਿ ਦਈ ਰਿਸਿ ਏਕਨ ਕੇ ਉਰ ਮੈ ਸਰ ਲਾਏ ॥

ਇਕਨਾਂ ਦੀਆਂ ਭੁਜਾਵਾਂ ਕਟ ਦਿੱਤੀਆਂ ਹਨ ਅਤੇ ਇਕਨਾਂ ਦੀਆਂ ਹਿੱਕਾਂ ਵਿਚ ਬਾਣ ਮਾਰੇ ਹਨ।

ਘਾਇਲ ਏਕ ਗਿਰੇ ਰਨ ਮੋ ਲਖਿ ਕਾਇਰ ਛਾਡਿ ਕੈ ਖੇਤ ਪਰਾਏ ॥

ਕਈ ਇਕ ਘਾਇਲ ਹੋ ਕੇ ਰਣ-ਭੂਮੀ ਵਿਚ ਡਿਗੇ ਪਏ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਇਰ ਲੋਕ ਯੁੱਧ-ਭੂਮੀ ਛਡ ਕੇ ਖਿਸਕ ਗਏ ਹਨ।

ਏਕ ਮਹਾ ਬਲਵੰਤ ਦਯੰਤ ਰਹੇ ਥਿਰ ਹ੍ਵੈ ਤਿਨ ਬੈਨ ਸੁਨਾਏ ॥੧੪੬੬॥

ਕਈ ਇਕ ਮਹਾਨ ਬਲਵਾਨ ਦੈਂਤ ਅਚਲ ਹੋ ਕੇ ਖੜੋਤੇ ਹਨ ਅਤੇ ਉਨ੍ਹਾਂ ਨੇ (ਇਸ ਤਰ੍ਹਾਂ ਦੇ) ਬੋਲ ਕਹੇ ਹਨ ॥੧੪੬੬॥

ਕਾਹੇ ਕੋ ਜੂਝ ਕਰੇ ਸੁਨ ਰੇ ਨ੍ਰਿਪ ਤੋਹੂ ਕੋ ਜੀਵਤ ਜਾਨ ਨ ਦੈ ਹੈ ॥

ਹੇ ਰਾਜੇ! ਸੁਣ, (ਤੂੰ) ਕਿਸ ਵਾਸਤੇ ਯੁੱਧ ਕਰਦਾ ਹੈਂ, ਤੈਨੂੰ (ਅਸੀਂ) ਜੀਉਂਦੇ ਜਾਣ ਨਹੀਂ ਦਿਆਂਗੇ।

ਦੀਰਘ ਦੇਹ ਸਲੋਨੀ ਸੀ ਮੂਰਤਿ ਤੋ ਸਮ ਭਛ ਕਹਾ ਹਮ ਪੈ ਹੈ ॥

(ਤੇਰੀ) ਲੰਬੀ ਦੇਹ ਅਤੇ ਸਲੋਣੀ ਸੂਰਤ ਹੈ, ਤੇਰੇ ਵਰਗਾ ਭੋਜਨ ਅਸੀਂ ਕਿਥੋਂ ਪ੍ਰਾਪਤ ਕਰਾਂਗੇ।

ਤੂ ਨਹੀ ਜਾਨਤ ਹੈ ਸੁਨ ਰੇ ਸਠ ਤੋ ਕਹੁ ਦਾਤਨ ਸਾਥ ਚਬੈ ਹੈ ॥

ਹੇ ਮੂਰਖ! ਸੁਣ, ਤੂੰ ਨਹੀਂ ਜਾਣਦਾ, (ਅਸੀਂ) ਤੈਨੂੰ ਦੰਦਾਂ ਨਾਲ ਚਬ ਜਾਵਾਂਗੇ।

ਤੋਹੀ ਕੇ ਮਾਸ ਕੇ ਖੰਡਨ ਖੰਡ ਕੈ ਪਾਵਕ ਬਾਨ ਮੈ ਭੁੰਜ ਕੈ ਖੈ ਹੈ ॥੧੪੬੭॥

ਤੇਰੇ ਹੀ ਮਾਸ ਦੀਆਂ ਬੋਟੀਆਂ ਕਰ ਕੇ ਬਾਣਾਂ ਰੂਪ ਅਗ ਵਿਚ ਭੁੰਨ ਕੇ ਖਾਵਾਂਗੇ ॥੧੪੬੭॥

ਦੋਹਰਾ ॥

ਦੋਹਰਾ:

ਯੌ ਸੁਨ ਕੈ ਤਿਹ ਬੈਨ ਕੋ ਨ੍ਰਿਪ ਬੋਲਿਓ ਰਿਸ ਖਾਇ ॥

ਉਨ੍ਹਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਰਾਜਾ (ਖੜਗ ਸਿੰਘ) ਕ੍ਰੋਧਵਾਨ ਹੋ ਕੇ ਕਹਿਣ ਲਗਾ,

ਜੋ ਹਮ ਤੇ ਭਜਿ ਜਾਇ ਤਿਹ ਮਾਤਾ ਦੂਧ ਅਪਾਇ ॥੧੪੬੮॥

ਜੋ (ਕੋਈ) ਮੇਰੇ ਕੋਲੋਂ ਭਜ ਕੇ ਜਾਏਗਾ, ਉਸ ਲਈ ਮਾਂ ਦਾ ਦੁੱਧ ਹਰਾਮ ('ਅਪਾਇ') ਹੋਵੇਗਾ ॥੧੪੬੮॥

ਏਕੁ ਬੈਨ ਸੁਨਿ ਦਾਨਵੀ ਸੈਨ ਪਰੀ ਸਬ ਧਾਇ ॥

(ਇਹ) ਇਕੋ ਬੋਲ ਸੁਣ ਕੇ ਸਾਰੀ ਦੈਂਤ ਸੈਨਾ (ਰਾਜੇ ਉਤੇ) ਟੁਟ ਕੇ ਪੈ ਗਈ

ਚਹੂੰ ਓਰ ਘੇਰਿਓ ਨ੍ਰਿਪਤਿ ਖੇਤ ਬਾਰ ਕੀ ਨਿਆਇ ॥੧੪੬੯॥

ਅਤੇ ਰਾਜੇ ਨੂੰ ਖੇਤ ਦੀ ਵਾੜ ਵਾਂਗ ਚੌਹਾਂ ਪਾਸਿਆਂ ਤੋਂ ਘੇਰ ਲਿਆ ॥੧੪੬੯॥

ਚੌਪਈ ॥

ਚੌਪਈ:

ਅਸੁਰਨ ਘੇਰ ਖੜਗ ਸਿੰਘ ਲੀਨੋ ॥

(ਜਦੋਂ) ਦੈਂਤਾਂ ਨੇ ਖੜਗ ਸਿੰਘ ਨੂੰ ਘੇਰ ਲਿਆ,

ਤਬ ਨ੍ਰਿਪ ਕੋਪ ਘਨੋ ਮਨਿ ਕੀਨੋ ॥

ਤਦੋਂ ਰਾਜੇ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ।

ਧਨੁਖ ਬਾਨ ਕਰ ਬੀਚ ਸੰਭਾਰੇ ॥

ਹੱਥ ਵਿਚ ਧਨੁਸ਼ ਬਾਣ ਸੰਭਾਲ ਕੇ


Flag Counter