ਸ਼੍ਰੀ ਦਸਮ ਗ੍ਰੰਥ

ਅੰਗ - 1116


ਇਹੈ ਆਪਨੇ ਚਿਤ ਬਿਚਾਰਿਯੋ ॥

ਤਾਂ ਆਪਣੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ।

ਯਾ ਕੌ ਭਲੀ ਭਾਤਿ ਗਹਿ ਤੋਰੋ ॥

ਇਸ ਨੂੰ (ਮੈਂ) ਚੰਗੀ ਤਰ੍ਹਾਂ ਪਕੜ ਕੇ ਤੋੜਾਂਗਾ (ਅਰਥਾਤ-ਕਾਮ-ਭੋਗ ਵਿਚ ਥਕਾ ਦਿਆਂਗਾ)।

ਬ੍ਰਾਹਮਨੀ ਹਮ ਨ ਕਛੁ ਛੋਰੋ ॥੩॥

ਬ੍ਰਾਹਮਣੀ ਹੋਣ ਤੇ ਵੀ ਮੈਂ (ਇਸ ਨੂੰ) ਬਿਲਕੁਲ ਨਹੀਂ ਛਡਾਂਗਾ ॥੩॥

ਏਕ ਸਹਿਚਰੀ ਤਹਾ ਪਠਾਈ ॥

(ਰਾਜੇ ਨੇ) ਇਕ ਦਾਸੀ ਉਸ ਪਾਸ ਭੇਜੀ

ਤਰੁਨਿ ਕੁਅਰਿ ਤਨ ਬਾਤ ਜਤਾਈ ॥

ਅਤੇ ਜਵਾਨ ਲੜਕੀ ਤਕ (ਆਪਣੇ ਮਨ ਦੀ) ਗੱਲ ਪਹੁੰਚਾਈ।

ਆਜੁ ਨ੍ਰਿਪਤਿ ਕੇ ਸਦਨ ਸਿਧਾਰੋ ॥

(ਦਾਸੀ ਨੇ ਉਸ ਨੂੰ ਸਮਝਾਇਆ ਕਿ) ਅਜ ਰਾਜੇ ਦੇ ਮਹੱਲ ਵਿਚ ਜਾਓ

ਲਪਟਿ ਲਪਟਿ ਤਿਹ ਸੰਗ ਬਿਹਾਰੋ ॥੪॥

ਅਤੇ ਲਿਪਟ ਲਿਪਟ ਕੇ ਉਸ ਨਾਲ ਸੰਯੋਗ ਕਰੋ ॥੪॥

ਤਰੁਨਿ ਕੁਅਰਿ ਮਨ ਮੈ ਯੌ ਕਹੀ ॥

ਉਸ ਜਵਾਨ ਲੜਕੀ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ

ਹਮਰੀ ਬਾਤ ਧਰਮ ਕੀ ਰਹੀ ॥

ਕਿ ਮੇਰੇ ਧਰਮ ਦੀ ਗੱਲ ਟਲ ਰਹੀ ਹੈ (ਭਾਵ-ਧਰਮ ਭ੍ਰਸ਼ਟ ਹੁੰਦਾ ਦਿਸਦਾ ਹੈ)।

ਹਾ ਭਾਖੌ ਤੌ ਧਰਮ ਗਵਾਊਾਂ ॥

'ਹਾਂ' ਕਹਿੰਦੀ ਹਾਂ ਤਾਂ ਧਰਮ ਨਸ਼ਟ ਕਰਵਾ ਲਵਾਂਗੀ

ਨਾਹਿ ਕਰੇ ਬਾਧੀ ਘਰ ਜਾਊਾਂ ॥੫॥

ਅਤੇ 'ਨਾਂਹ' ਕਰਦੀ ਹਾਂ ਤਾਂ ਘਰੋਂ ਬੰਨ੍ਹੀ ਹੋਈ ਜਾਵਾਂਗੀ ॥੫॥

ਤਾ ਤੇ ਜਤਨ ਐਸ ਕਛੁ ਕਰਿਯੈ ॥

ਇਸ ਕਰ ਕੇ ਕੁਝ ਅਜਿਹਾ ਯਤਨ ਕਰਨਾ ਚਾਹੀਦਾ ਹੈ

ਧਰਮ ਰਾਖਿ ਮੂਰਖ ਕਹ ਮਰਿਯੈ ॥

ਕਿ ਧਰਮ ਨੂੰ ਬਚਾ ਕੇ ਮੂਰਖ (ਰਾਜੇ) ਨੂੰ ਮਾਰ ਦਿੱਤਾ ਜਾਏ।

ਨਾਹਿ ਨਾਮ ਪਾਪੀ ਸੁਨਿ ਲੈਹੈ ॥

(ਉਹ) ਪਾਪੀ ਜਦੋਂ 'ਨਾਂਹ' ਸ਼ਬਦ ਸੁਣ ਲਵੇਗਾ

ਖਾਟਿ ਉਠਾਇ ਮੰਗਾਇ ਪਠੈਹੈ ॥੬॥

ਤਾਂ ਮੰਜੀ (ਸਮੇਤ) ਉਠਵਾ ਕੇ ਮੰਗਵਾ ਲਵੇਗਾ ॥੬॥

ਤਬ ਤਿਨ ਕਹਿਯੋ ਬਚਨ ਸਹਚਰਿ ਸੁਨਿ ॥

ਤਦ ਉਸ ਨੇ ਦਾਸੀ ਨੂੰ ਕਿਹਾ, (ਮੇਰੀ) ਗੱਲ ਸੁਣ।

ਪੂਜਨ ਕਾਲਿ ਜਾਊਗੀ ਮੈ ਮੁਨਿ ॥

(ਰਾਜੇ ਨੂੰ ਕਹੀਂ ਕਿ) ਮੈਂ ਕਲ 'ਮੁਨਿ' (ਸ਼ਿਵ) ਨੂੰ ਪੂਜਣ ਜਾਵਾਂਗੀ।

ਤਹ ਹੀ ਆਪ ਨ੍ਰਿਪਤਿ ਤੁਮ ਐਯਹੁ ॥

ਉਥੇ ਹੀ ਹੇ ਰਾਜਨ! ਤੁਸੀਂ ਆਪ ਆ ਜਾਣਾ

ਕਾਮ ਭੋਗ ਮੁਹਿ ਸਾਥ ਕਮੈਯਹੁ ॥੭॥

ਅਤੇ ਮੇਰੇ ਨਾਲ ਕਾਮ-ਭੋਗ ਕਰਨਾ ॥੭॥

ਭੋਰ ਭਯੋ ਪੂਜਨ ਸਿਵ ਗਈ ॥

ਸਵੇਰ ਹੋਣ ਤੇ (ਉਹ) ਸ਼ਿਵ ਪੂਜਾ ਲਈ ਗਈ

ਨ੍ਰਿਪਹੂੰ ਤਹਾ ਬੁਲਾਵਤ ਭਈ ॥

ਅਤੇ ਰਾਜੇ ਨੂੰ ਉਥੇ ਬੁਲਾ ਲਿਆ।

ਉਤੈ ਦੁਸਮਨਨ ਦੂਤ ਪਠਾਯੋ ॥

ਉਧਰ ਦੁਸ਼ਮਣ ਵਲ ਦੂਤ ਭੇਜ ਦਿੱਤਾ

ਸੰਭਹਿ ਮ੍ਰਿਤੁ ਸ੍ਵਾਨ ਕੀ ਘਾਯੋ ॥੮॥

ਕਿ ਸੰਭਾ ਨੂੰ ਕੁੱਤੇ ਦੀ ਮੌਤੇ ਮਾਰੋ ॥੮॥

ਜਬ ਹੀ ਫੌਜ ਸਤ੍ਰੁ ਕੀ ਧਈ ॥

ਜਦੋਂ ਵੈਰੀ ਦੀ ਫ਼ੌਜ ਚੜ੍ਹ ਆਈ

ਅਬਲਾ ਸਹਿਤ ਨ੍ਰਿਪਤਿ ਗਹਿ ਲਈ ॥

ਤਾਂ ਇਸਤਰੀ ਸਮੇਤ ਰਾਜੇ ਨੂੰ ਪਕੜ ਲਿਆ।

ਨਿਰਖਿ ਰੂਪ ਤਾ ਕੋ ਲਲਚਾਯੋ ॥

(ਉਸ ਲੜਕੀ ਦਾ) ਰੂਪ ਵੇਖ ਕੇ ਵੈਰੀ ਵੀ ਲਲਚਾ ਗਿਆ

ਭੋਗ ਕਰਨ ਤਾ ਸੌ ਚਿਤ ਭਾਯੋ ॥੯॥

ਅਤੇ ਉਸ ਨਾਲ ਭੋਗ ਕਰਨ ਲਈ ਮਨ ਵਿਚ ਸੋਚਣ ਲਗਾ ॥੯॥

ਦੋਹਰਾ ॥

ਦੋਹਰਾ:

ਤਰੁਨ ਕਲਾ ਤਰੁਨੀ ਤਬੈ ਅਧਿਕ ਕਟਾਛ ਦਿਖਾਇ ॥

ਤਦ ਤਰੁਨ ਕਲਾ ਨਾਂ ਦੀ ਇਸਤਰੀ ਨੇ ਉਸ ਨੂੰ ਬਹੁਤ ਅਧਿਕ ਹਾਵ ਭਾਵ ਵਿਖਾਏ

ਮੂੜ ਮੁਗਲ ਕੌ ਆਤਮਾ ਛਿਨ ਮੈ ਲਯੋ ਚੁਰਾਇ ॥੧੦॥

ਅਤੇ ਮੂਰਖ ਮੁਗ਼ਲ ਦੀ ਆਤਮਾ ਨੂੰ ਛਿਣ ਭਰ ਵਿਚ ਚੁਰਾ ਲਿਆ ॥੧੦॥

ਚੌਪਈ ॥

ਚੌਪਈ:

ਅਧਿਕ ਕੈਫ ਤਬ ਤਾਹਿ ਪਿਵਾਈ ॥

ਤਦ ਉਸ ਨੂੰ ਬਹੁਤ ਸ਼ਰਾਬ ਪਿਲਾਈ

ਬਹੁ ਬਿਧਿ ਤਾਹਿ ਗਰੇ ਲਪਟਾਈ ॥

ਅਤੇ ਬਹੁਤ ਢੰਗ ਨਾਲ ਉਸ ਦੇ ਗਲੇ ਨਾਲ ਲਿਪਟੀ।

ਦੋਊ ਏਕ ਖਾਟ ਪਰ ਸੋਏ ॥

ਦੋਵੇਂ ਇਕ ਮੰਜੀ ਉਤੇ ਸੁਤੇ

ਮਨ ਕੇ ਮੁਗਲ ਸਗਲ ਦੁਖ ਖੋਏ ॥੧੧॥

ਅਤੇ ਮੁਗ਼ਲ ਨੇ ਆਪਣੇ ਮਨ ਦੇ ਸਾਰੇ ਦੁਖ ਖ਼ਤਮ ਕਰ ਦਿੱਤੇ ॥੧੧॥

ਦੋਹਰਾ ॥

ਦੋਹਰਾ:

ਨਿਰਖਿ ਮੁਗਲ ਸੋਯੋ ਪਰਿਯੋ ਕਾਢਿ ਲਈ ਕਰਵਾਰਿ ॥

ਮੁਗ਼ਲ ਨੂੰ ਸੁਤਾ ਹੋਇਆ ਵੇਖ ਕੇ (ਲੜਕੀ ਨੇ) ਤਲਵਾਰ ਕਢ ਲਈ

ਕਾਟਿ ਕੰਠ ਤਾ ਕੋ ਗਈ ਅਪਨੋ ਧਰਮ ਉਬਾਰਿ ॥੧੨॥

ਅਤੇ ਉਸ ਦਾ ਗੱਲਾ ਕਟ ਕੇ ਆਪਣੇ ਧਰਮ ਨੂੰ ਬਚਾ ਕੇ ਚਲੀ ਗਈ ॥੧੨॥

ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ ॥

ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਸਮਝ ਨਹੀਂ ਸਕਿਆ,

ਬ੍ਰਹਮ ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ ॥੧੩॥

ਭਾਵੇਂ ਬ੍ਰਹਮਾ, ਵਿਸ਼ਣੂ, ਰੁਦ੍ਰ, ਸਾਰੇ ਦੇਵਤੇ ਅਤੇ ਇੰਦਰ ਵੀ ਕਿਉਂ ਨਾ ਹੋਵੇ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੰਦਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੫॥੪੧੨੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੫॥੪੧੨੩॥ ਚਲਦਾ॥

ਚੌਪਈ ॥

ਚੌਪਈ:

ਜੋਗੀ ਇਕ ਗਹਬਰ ਬਨ ਰਹਈ ॥

ਇਕ ਜੋਗੀ ਸੰਘਣੇ ਬਨ ਵਿਚ ਰਹਿੰਦਾ ਸੀ।

ਚੇਟਕ ਨਾਥ ਤਾਹਿ ਜਗ ਕਹਈ ॥

ਉਸ ਨੂੰ ਸਾਰੇ ਚੇਟਕ ਨਾਥ ਕਹਿੰਦੇ ਸਨ।

ਏਕ ਪੁਰਖ ਪੁਰ ਤੇ ਨਿਤਿ ਖਾਵੈ ॥

(ਉਹ) ਸ਼ਹਿਰ ਦਾ ਇਕ ਬੰਦਾ ਰੋਜ਼ ਖਾਂਦਾ ਸੀ

ਤਾ ਤੇ ਤ੍ਰਾਸ ਸਭਨ ਚਿਤ ਆਵੈ ॥੧॥

ਜਿਸ ਕਰ ਕੇ ਸਭ ਚਿਤ ਵਿਚ ਡਰਦੇ ਸਨ ॥੧॥

ਤਹਾ ਕਟਾਛਿ ਕੁਅਰਿ ਇਕ ਰਾਨੀ ॥

ਉਥੇ ਇਕ ਕਟਾਛ ਕੁਅਰਿ ਨਾਂ ਦੀ ਰਾਣੀ ਸੀ

ਜਾ ਕੀ ਪ੍ਰਭਾ ਨ ਜਾਤ ਬਖਾਨੀ ॥

ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।