ਉਹ ਹਠੀ ਯੋਧਾ ਰਣ ਤੋਂ ਭਜਿਆ ਨਹੀਂ ਹੈ ਅਤੇ ਅਣਗ ਸਿੰਘ ਸੂਰਮਾ ਕ੍ਰੋਧ ਨਾਲ ਭਰ ਗਿਆ ਹੈ।
ਉਸ ਨੇ ਤਲਵਾਰ ਲੈ ਕੇ ਵਾਰ ਕੀਤਾ ਹੈ, ਉਸ ਦਾ ਸਿਰ ਕਟਿਆ ਗਿਆ ਹੈ, (ਪਰ) ਧੜ ਨੇ ਬਹੁਤ ਯੁੱਧ ਕੀਤਾ ਹੈ।
ਫਿਰ ਉਹ (ਧਰਤੀ ਉਪਰ ਇਸ ਤਰ੍ਹਾਂ) ਡਿਗ ਪਿਆ ਹੈ ਮਾਨੋ ਹਨੇਰੀ ਦੇ ਚਲਣ ਨਾਲ ਵੱਡਾ ਸਾਰਾ ਬ੍ਰਿਛ ਟੁੱਟ ਕੇ ਧਰਤੀ ਉਤੇ ਡਿਗਾ ਹੋਵੇ ॥੧੧੫੦॥
ਅਜਾਇਬ ਖ਼ਾਨ ਦੀ ਇਹ ਹਾਲਤ ਵੇਖ ਕੇ ਗ਼ੈਰਤ ਖ਼ਾਨ ਦੇ ਮਨ ਵਿਚ ਰੋਸ ਭਰ ਗਿਆ।
ਉਹ ਰਥ ਨੂੰ ਭਜਵਾ ਕੇ (ਯੁੱਧ ਖੇਤਰ ਵਿਚ) ਜਾ ਵੜਿਆ ਅਤੇ ਸ਼ੂਰਵੀਰ (ਅਣਗ ਸਿੰਘ) ਤੋਂ ਬਿਲਕੁਲ ਨਾ ਡਰਿਆ।
ਉਨ੍ਹਾਂ ਦੋਹਾਂ ਨੇ ਰਣ-ਭੂਮੀ ਵਿਚ ਹੱਥਾਂ ਵਿਚ ਤਲਵਾਰਾਂ ਪਕੜੀਆਂ ਹੋਈਆਂ ਹਨ ਅਤੇ ਆਪਸ ਵਿਚ ਬਹੁਤ ਹੀ ਯੁੱਧ ਕਰ ਰਹੇ ਹਨ।
(ਕਵੀ ਦੇ) ਮਨ ਵਿਚ ਇਸ ਪ੍ਰਕਾਰ ਦੀ ਉਪਮਾ ਪੈਦਾ ਹੋਈ ਹੈ ਕਿ ਬਨ ਵਿਚ ਇਕ ਮਸਤ ਹਾਥੀ ਦੂਜੇ ਹਾਥੀ ਨਾਲ ਅੜ ਖੜੋਤਾ ਹੈ ॥੧੧੫੧॥
ਗ਼ੈਰਤ ਖ਼ਾਨ ਨੇ ਬਰਛੀ ਪਕੜ ਕੇ ਜ਼ੋਰ ਨਾਲ ਵੈਰੀ ਸੂਰਮੇ ਵਲ ਚਲਾ ਦਿੱਤੀ।
ਬਿਜਲੀ ਵਾਂਗ ਆਉਂਦੀ (ਬਰਛੀ) ਨੂੰ ਵੇਖ ਕੇ, ਕ੍ਰਿਪਾਨ ਨਾਲ ਕਟ ਕੇ ਧਰਤੀ ਉਤੇ ਸੁਟ ਦਿੱਤੀ।
ਉਹ (ਵੈਰੀ ਨੂੰ) ਨਾ ਲਗਣ ਕਰ ਕੇ ਕ੍ਰੋਧਿਤ ਹੋ ਕੇ (ਉਸ ਨੇ) ਦੂਜੀ ਬਰਛੀ ਪਕੜ ਕੇ ਵੈਰੀ ਵਲ ਚਲਾ ਦਿੱਤੀ।
(ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਹਵਾਈ ਛੁਟ ਕੇ ਆਕਾਸ਼ ਵਿਚੋਂ ਜਾ ਰਹੀ ਹੈ ॥੧੧੫੨॥
ਦੂਜੀ ਬਰਛੀ ਨੂੰ ਆਉਂਦੇ ਹੋਇਆਂ ਵੇਖ ਕੇ ਬਲਵਾਨ ਰਾਜੇ ਨੇ ਕਟ ਕੇ ਧਰਤੀ ਉਤੇ ਗਿਰਾ ਦਿੱਤੀ ਹੈ।
ਆਪਣੇ ਹੱਥ ਵਿਚ ਬਰਛੀ ਲੈ ਕੇ ਰਾਜੇ ਨੇ ਕ੍ਰੋਧਿਤ ਹੋ ਕੇ ਗ਼ੈਰਤ ਖ਼ਾਨ ਉਤੇ ਚਲਾ ਦਿੱਤੀ।
(ਉਹ ਬਰਛੀ) ਉਸ ਦੇ ਮੂੰਹ ਵਿਚ ਲਗੀ, ਲਹੂ ਵਗ ਪਿਆ, (ਉਸ ਦੀ) ਉਪਮਾ (ਕਵੀ ਨੇ ਇਸ ਤਰ੍ਹਾਂ) ਨਿਸਚਿਤ ਕੀਤੀ ਹੈ,
ਮਾਨੋ ਕ੍ਰੋਧ ਦੀ ਅੱਗ ਬਹੁਤ ਵਧ ਕੇ ਅਤੇ ਹਿਰਦੇ ਨੂੰ ਸਾੜ ਕੇ ਬਾਹਰ ਨਿਕਲ ਆਈ ਹੋਵੇ ॥੧੧੫੩॥
ਦੋਹਰਾ:
(ਗ਼ੈਰਤ ਖ਼ਾਨ) ਮਿਰਤਕ ਹੋ ਕੇ ਭੂਮੀ ਉਤੇ (ਡਿਗਿਆ) ਪਿਆ ਹੈ ਅਤੇ (ਉਸ ਦੀ) ਜੋਤਿ (ਅਰਥਾਤ ਆਤਮਾ) ਸਥਿਰ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਦੇ ਡਰੋਂ ਆਕਾਸ਼ ਤੋਂ ਸੂਰਜ ਡਿਗ ਪਿਆ ਹੋਵੇ ॥੧੧੫੪॥
ਸਵੈਯਾ:
ਕਵੀ ਸ਼ਿਆਮ (ਕਹਿੰਦੇ ਹਨ) ਕ੍ਰੋਧ ਦੇ ਭਰੇ ਹੋਏ ਸ੍ਰੀ ਕ੍ਰਿਸ਼ਨ ਨੇ ਰਣ-ਭੂਮੀ ਵਿਚ ਇਸ ਤਰ੍ਹਾਂ ਕਿਹਾ ਹੈ,
ਯੁੱਧ ਵਿਚ ਸੂਰਮਿਆਂ ਦੀ ਗਿਣਤੀ ਕੌਣ ਕਰੇ, ਮਨ ਵਿਚ ਉਸ ਨੇ ਜੋ ਚਾਹਿਆ ਹੈ, ਸੂਰਮਿਆਂ ਨੂੰ ਵੇਖ ਵੇਖ ਕੇ ਮਾਰਿਆ ਹੈ।
ਮੈਂ ਜਾਣਦਾ ਹਾਂ, ਉਸ ਦੇ ਡਰ ਕਰ ਕੇ ਕਿਸੇ ਨੇ ਵੀ ਹੱਥ ਵਿਚ ਧਨੁਸ਼ ਧਾਰਨ ਨਹੀਂ ਕੀਤਾ ਹੈ।
ਇਸ ਲਈ ਘਰਾਂ ਨੂੰ ਜਾਓ (ਕਿਉਂਕਿ ਮੈਂ) ਵੇਖਿਆ ਹੈ ਕਿ ਤੁਹਾਡੇ ਵਿਚੋਂ ਬਹਾਦਰੀ ਖ਼ਤਮ ਹੋ ਗਈ ਹੈ ॥੧੧੫੫॥
ਜਦ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ, (ਤਾਂ) ਸਭ ਨੇ ਕ੍ਰੋਧਿਤ ਹੋ ਕੇ ਧਨੁਸ਼ ਬਾਣ ਸੰਭਾਲ ਲਏ।
ਸਾਰੇ ਇਕੱਠੇ ਹੋ ਕੇ ਯੁੱਧ ਖੇਤਰ ਵਲ ਚਲ ਪਏ (ਅਤੇ ਸਭ ਨੇ) ਆਪਣੇ ਮਨ ਵਿਚ ਸੂਰਵੀਰਤਾ, ਬਹਾਦਰੀ ਅਤੇ ਦਲੇਰੀ ਨੂੰ ਵਿਚਾਰ ਲਿਆ।
(ਹਰ ਪਾਸੇ) 'ਮਾਰੋ-ਮਾਰੋ' ਦੀ ਆਵਾਜ਼ ਪੈ ਰਹੀ ਹੈ, ਉਨ੍ਹਾਂ ਨੇ ਉਸ ਵੈਰੀ ਨੂੰ ਮਾਰ ਮੁਕਾਇਆ (ਜੋ) ਆ ਕੇ ਅੜ ਖੜੋਤਾ।
ਉਥੇ ਦੋਹਾਂ ਪਾਸਿਆਂ ਤੋਂ ਬਹੁਤ ਤਕੜਾ ਯੁੱਧ ਹੋਇਆ ਹੈ ਜਿਸ ਨੂੰ ਰਾਜੇ ਨੇ ਖੜੋ ਕੇ ਵੇਖਿਆ ਹੈ ॥੧੧੫੬॥
ਸੁਜਾਨ (ਨਾਂ ਦਾ) ਇਕ ਵੱਡਾ ਬਲਵਾਨ ਹੱਥ ਵਿਚ ਤਲਵਾਰ ਲੈ ਕੇ ਘੋੜੇ ਨੂੰ ਪ੍ਰੇਰ ਕੇ ਲੈ ਆਇਆ।
(ਉਸ ਨੇ ਆਉਂਦਿਆਂ ਹੀ) ਪੰਜਾਹ ਘੋੜੇ ਮਾਰ ਦਿੱਤੇ ਅਤੇ ਫਿਰ ਅਣਗ ਸਿੰਘ ਨੂੰ ਲਲਕਾਰ ਕੇ (ਉਸ ਅਗੇ) ਜਾ ਡਟਿਆ।
(ਉਸ ਨੇ) ਭਜ ਕੇ ਰਾਜੇ ਉਤੇ ਵਾਰ ਕੀਤਾ, ਰਾਜੇ ਨੇ ਖਬੇ ਹੱਥ ਵਿਚ ਢਾਲ ਲੈ ਕੇ (ਉਸ ਦੀ) ਓਟ ਵਿਚ (ਵਾਰ ਤੋਂ ਆਪਣੇ ਆਪ ਨੂੰ) ਬਚਾ ਲਿਆ।
ਸੱਜੇ ਹੱਥ ਵਿਚ ਕ੍ਰਿਪਾਨ ਨੂੰ ਖਿਚ ਕੇ ਸੁਜਾਨ ਦਾ ਸਿਰ ਕਟ ਕੇ ਉਤਾਰ ਦਿੱਤਾ ॥੧੧੫੭॥
ਦੋਹਰਾ:
ਜਦ ਉਸ ਥਾਂ ਤੇ ਅਣਗ ਸਿੰਘ ਨੇ ਸੁਜਾਨ (ਨਾਂ ਦੇ) ਸੂਰਮੇ ਨੂੰ ਮਾਰ ਦਿੱਤਾ
(ਤਾਂ) ਯਾਦਵੀ ਸੈਨਾ ਨੇ ਵੇਖਿਆ ਅਤੇ ਅਰੜਾ ਕੇ ਹਮਲਾ ਕਰ ਦਿੱਤਾ ॥੧੧੫੮॥
ਸਵੈਯਾ:
ਲਾਜ ਦੇ ਭਰੇ ਹੋਏ ਸੂਰਮੇ ਅਰੜਾ ਕੇ ਪੈ ਗਏ ਹਨ ਅਤੇ ਵੈਰੀ ਤੋਂ ਡਰੇ ਨਹੀਂ ਹਨ ਅਤੇ ਆ ਕੇ ਡਟ ਗਏ ਹਨ।
ਸਾਰੇ ਕ੍ਰੋਧ ਨਾਲ ਭਰੇ ਹੋਏ ਹਨ ਅਤੇ ਲੋਹੇ ਨਾਲ ਮੜ੍ਹੇ ਹੋਏ ਹਨ ਅਤੇ ਮੁਖ ਤੋਂ ਕਹਿੰਦੇ ਹਨ ਕਿ ਹੁਣੇ ਇਸ ਨੂੰ ਮਾਰ ਦਿੰਦੇ ਹਾਂ।
ਤਲਵਾਰ, ਭਾਲਾ, ਗਦਾ, ਲੋਹਹਥੀ, ਬਰਛੀ (ਆਦਿਕ ਹਥਿਆਰ) ਹੱਥਾਂ ਵਿਚ ਲੈ ਕੇ ਲਲਕਾਰ ਕੇ ਪੈ ਗਏ ਹਨ।
ਕਵੀ ਰਾਮ ਕਹਿੰਦੇ ਹਨ, ਕਿਤਨੇ (ਹੀ ਸੂਰਮੇ ਜੋ) ਗਿਣੇ ਨਹੀਂ ਜਾ ਸਕਦੇ, (ਸਭ ਨੇ) ਚੰਗੇ ਚੰਗੇ ਬਾਣ ਧਨੁਸ਼ਾਂ ਉਤੇ ਧਰੇ ਹੋਏ ਹਨ ॥੧੧੫੯॥
ਅਣਗ ਸਿੰਘ ਬਲਵਾਨ ਨੇ ਧਨੁਸ਼ ਅਤੇ ਬਾਣ ਪਕੜੇ ਹੋਏ ਹਨ, ਰੋਸ ਨਾਲ ਭਰਿਆ ਹੋਇਆ ਹੈ, ਅਤੇ ਅੱਖਾਂ ਨਾਲ ਘੂਰ ਰਿਹਾ ਹੈ।
'ਮਾਰੋ ਹੀ ਮਾਰੋ' ਪੁਕਾਰਦਾ ਹੋਇਆ ਪੈ ਗਿਆ ਹੈ ਅਤੇ ਵੈਰੀਆਂ ਦੀਆਂ ਛਾਤੀਆਂ ਵਿਚ ਬਾਣ ਮਾਰੇ ਹਨ।
ਇਕ ਮਰ ਗਏ ਹਨ ਅਤੇ ਕਈ ਇਕ ਘਾਇਲ ਹੋ ਗਏ ਹਨ; ਇਕ (ਯੁੱਧ ਤੋਂ) ਡਰ ਗਏ ਹਨ ਅਤੇ ਕਈ ਰਣ-ਖੇਤਰ ਨੂੰ ਤਿਆਗ ਗਏ ਹਨ।
ਜਿਹੜੇ ਲਾਜ ਦੇ ਭਰੇ ਹੋਏ ਹਨ, (ਉਹ ਵੀ) ਆ ਕੇ (ਯੁੱਧ-ਕਰਮ) ਵਿਚ ਲਗ ਗਏ ਹਨ ਅਤੇ ਮਨ ਵਿਚ ਯੁੱਧ ਸੰਬੰਧੀ ਗੁੱਸੇ ਨੂੰ ਵਧਾਇਆ ਹੋਇਆ ਹੈ ॥੧੧੬੦॥
ਸਾਤਕ, ਬਲਰਾਮ ਅਤੇ ਬਸੁਦੇਵ (ਆਦਿਕ) ਰਥਾਂ ਉਤੇ ਬੈਠ ਕੇ ਸਭ ਭਜ ਕੇ ਚਲੇ ਹਨ।
ਬਰਮਾਕ੍ਰਿਤ, ਊਧਵ ਅਤੇ ਅਕਰੂਰ ਉਸ ਵੇਲੇ ਲਾਜ ਦੇ ਭਰੇ ਹੋਏ ਰਣ-ਭੂਮੀ ਨੂੰ ਚਲੇ ਹਨ।
ਉਨ੍ਹਾਂ ਵਿਚ ਘਿਰਿਆ ਹੋਇਆ ਰਾਜਾ (ਅਣਗ ਸਿੰਘ) ਇਸ ਤਰ੍ਹਾਂ ਸ਼ੋਭ ਰਿਹਾ ਸੀ ਅਤੇ ਉਸ ਦੀ ਛਬੀ ਨੂੰ ਵੇਖ ਕੇ ਯੋਧੇ ਰੀਝ ਰਹੇ ਸਨ।
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ (ਮਾਨੋ) ਬਰਖਾ ਦੀ ਰੁਤ ਵਿਚ ਬਦਲਾਂ ਵਿਚ ਸੂਰਜ ਫਬ ਰਿਹਾ ਹੋਵੇ ॥੧੧੬੧॥
ਬਲਰਾਮ ਨੇ ਹੱਥ ਵਿਚ ਹਲ ਨੂੰ ਸੰਭਾਲ ਲਿਆ ਅਤੇ ਵੈਰੀ ਦੇ ਚਾਰੇ ਘੋੜੇ ਮਾਰ ਦਿੱਤੇ।