(ਉਹ) ਭਾਂਤ ਭਾਂਤ ਦੇ ਆਸਣ ਕਰਦੀ ਹੋਈ ਸੁਹਾਵਣੀ ਲਗ ਰਹੀ ਸੀ ॥੨॥
ਦੋਹਰਾ:
ਰਾਣੀ ਮਿਤਰ ਨੂੰ ਨਾਲ ਲੈ ਕੇ ਬਾਗ਼ ਵਿਚ ਗਈ
ਅਤੇ ਹਿਰਦੇ ਵਿਚ ਖ਼ੁਸ਼ ਹੋ ਕੇ ਉਸ ਨਾਲ ਕਾਮ ਭੋਗ ਕੀਤਾ ॥੩॥
ਬਾਗ਼ ਵਿਚ ਜਿਥੇ ਰਾਣੀ ਯਾਰ ਨਾਲ ਰਮਣ ਕਰ ਰਹੀ ਸੀ,
ਤਾਂ ਉਧਰ ਨੂੰ ਰਾਜਾ ਕੌਤਕ ਵਸ ਆ ਨਿਕਲਿਆ ॥੪॥
ਚੌਪਈ:
ਰਾਜੇ ਨੂੰ ਵੇਖ ਕੇ ਰਾਣੀ ਡਰ ਗਈ
ਅਤੇ ਮਿਤਰ ਪ੍ਰਤਿ ਕਹਿਣ ਲਗੀ।
ਮੇਰੀ ਗੱਲ ਮਨ ਵਿਚ ਧਾਰਨ ਕਰ
ਅਤੇ ਮੂਰਖ ਰਾਜੇ ਤੋਂ ਜ਼ਰਾ ਵੀ ਨਾ ਡਰ ॥੫॥
ਅੜਿਲ:
ਉਸ ਨੇ ਯਾਰ ਨੂੰ ਇਕ ਟੋਏ ਵਿਚ ਸੁਟ ਦਿੱਤਾ
ਅਤੇ (ਉਸ ਉਤੇ) ਤਖ਼ਤਾ ਰਖ ਕੇ ਉਸ ਉਪਰ ਚੰਗੀ ਤਰ੍ਹਾਂ ਨਾਲ ਸ਼ੇਰ ਦੀ ਖਲ੍ਹ ਵਿਛਾ ਦਿੱਤੀ।
ਆਪ ਜੋਗ ਦਾ ਭੇਸ ਬਣਾ ਕੇ ਉਪਰ ਬੈਠ ਗਈ।
ਰਾਜੇ ਨੂੰ ਚਲਣ ਦਿੱਤਾ ਅਤੇ (ਉਸ ਨੂੰ) ਦ੍ਰਿਸ਼ਟੀ ਹੇਠ ਨਾ ਲਿਆਂਦਾ ॥੬॥
ਰਾਜਾ ਉਸ ਦਾ ਰੂਪ ਵੇਖ ਕੇ ਚਿਤ ਵਿਚ ਹੈਰਾਨ ਹੋ ਗਿਆ
ਅਤੇ ਕਹਿਣ ਲਗਾ ਕਿ ਕਿਹੜੇ ਦੇਸ ਦਾ ਰਾਜਾ ਜੋਗੀ ਹੋ ਗਿਆ ਹੈ।
ਇਸ ਦੇ ਦੋਹਾਂ ਪੈਰਾਂ ਉਤੇ ਪੈਣਾ ਚਾਹੀਦਾ ਹੈ
ਅਤੇ ਇਸ ਦਾ ਮਨ ਪ੍ਰਸੰਨ ਕਰ ਕੇ ਆਗਿਆ (ਭਾਵ ਅਸੀਸ) ਲੈਣੀ ਚਾਹੀਦੀ ਹੈ ॥੭॥
ਚੌਪਈ:
ਜਦ ਰਾਜਾ ਉਸ ਕੋਲ ਆਇਆ,
ਤਾਂ ਜੋਗੀ ਨਾ ਉਠਿਆ ਅਤੇ ਨਾ ਹੀ ਬੋਲਿਆ।
ਰਾਜਾ ਇਸ ਪਾਸੇ ਤੋਂ ਉਸ ਪਾਸੇ ਵਲ ਗਿਆ।
(ਜਦ ਜੋਗੀ ਕੁਝ ਨਾ ਬੋਲਿਆ) ਤਦ ਰਾਜੇ ਨੇ ਹੱਥ ਜੋੜ ਲਏ ॥੮॥
ਰਾਜੇ ਨੇ ਜਦ ਉਸ ਨੂੰ ਪ੍ਰਨਾਮ ਕੀਤਾ,
ਤਦ ਜੋਗੀ ਨੇ ਮੁਖ ਫੇਰ ਲਿਆ।
ਜਿਸ ਜਿਸ ਪਾਸੇ ਵਲ ਰਾਜਾ ਚਲ ਕੇ ਆਉਂਦਾ,
ਉਸ ਉਸ ਪਾਸੇ ਵਲੋਂ ਇਸਤਰੀ (ਜੋਗੀ) ਅੱਖ ਬਚਾ ਲੈਂਦੀ ॥੯॥
ਇਹ ਹਾਲਤ ਵੇਖ ਕੇ ਰਾਜਾ ਹੈਰਾਨ ਰਹਿ ਗਿਆ
ਅਤੇ ਮਨ ਵਿਚ ਜੋਗੀ ਨੂੰ ਧੰਨ ਧੰਨ ਕਹਿਣ ਲਗਾ।
ਇਹ ਮੇਰੀ ਪਰਵਾਹ ਨਹੀਂ ਕਰਦਾ,
ਇਸ ਲਈ ਮੈਨੂੰ ਮੁਖ ਤੋਂ ਕੁਝ ਨਹੀਂ ਬੋਲਦਾ ॥੧੦॥
ਰਾਜਾ ਅਨੇਕ ਯਤਨ ਕਰ ਕੇ ਹਾਰ ਗਿਆ,
ਪਰ ਕਿਸੇ ਤਰ੍ਹਾਂ ਰਾਣੀ ਨੇ ਨਾ ਵੇਖਿਆ।
ਕਰਦਿਆਂ ਕਰਦਿਆਂ (ਆਖਿਰ ਰਾਣੀ ਨੇ) ਮੂਹੋਂ ਇਕ ਬੋਲ ਕਿਹਾ,
ਪਰ ਮੂਰਖ ਰਾਜਾ ਬੋਲ ਨਾ ਪਛਾਣ ਸਕਿਆ ॥੧੧॥
ਰਾਜੇ ਨਾਲ ਉਹੀ ਗੱਲ ਕਰੇ
ਜੋ ਮਨ ਵਿਚ ਧਨ ਦੀ ਇੱਛਾ ਰਖਦਾ ਹੋਵੇ।
ਅਸੀਂ ਰਾਜੇ ਅਤੇ ਰੰਕ (ਨਿਰਧਨ) ਨੂੰ ਕੁਝ ਨਹੀਂ ਜਾਣਦੇ,
(ਬਸ) ਇਕੋ ਹਰੀ ਦਾ ਨਾਮ ਹੀ ਪਛਾਣਦੇ ਹਾਂ ॥੧੨॥
ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ।
ਰਾਜੇ ਨੇ ਸਾਰੀ ਸੈਨਾ ਭੇਜ ਦਿੱਤੀ।
ਉਥੇ ਉਹ ਇਕਲਾ ਹੀ ਰਹਿ ਗਿਆ
ਅਤੇ ਚਿੰਤਾ ਕਰਦਿਆਂ (ਭਾਵ ਸੋਚਦਿਆਂ) ਅੱਧੀ ਰਾਤ ਬੀਤ ਗਈ ॥੧੩॥
ਅੜਿਲ:
ਜਦੋਂ ਰਾਜੇ ਨੂੰ ਰਾਣੀ ਨੇ ਸੁੱਤਾ ਹੋਇਆ ਵੇਖ ਲਿਆ ਤਾਂ ਮਿਤਰ ਨੂੰ ਸਦਿਆ।
ਉਸ ਨੂੰ ਹੱਥ ਨਾਲ ਟੁੰਬ ਕੇ ਜਗਾਇਆ ਅਤੇ ਬਹੁਤ ਤਰ੍ਹਾਂ ਨਾਲ ਭੋਗ ਕੀਤਾ।