ਸ਼੍ਰੀ ਦਸਮ ਗ੍ਰੰਥ

ਅੰਗ - 969


ਭੇਦ ਅਭੇਦ ਕੀ ਬਾਤ ਸਭੈ ਕਹਿ ਕੈ ਮੁਖ ਤੇ ਸਭ ਹੀ ਸਮੁਝਾਈ ॥

(ਉਸ ਨੇ) ਭੇਦ ਅਭੇਦ ਦੀ ਸਾਰੀ ਗੱਲ (ਰਾਜੇ ਨੂੰ) ਮੂੰਹੋਂ ਬੋਲ ਕੇ ਸਮਝਾਈ।

ਪਾਨ ਚਬਾਇ ਚਲੀ ਤਿਤ ਕੋ ਮਨ ਦੇਵ ਅਦੇਵਨ ਕੋ ਬਿਰਮਾਈ ॥

ਪਾਨ ਚਬਾਉਂਦੀ ਹੋਈ ਉਥੋਂ ਨੂੰ ਚਲ ਪਈ ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ ਭਰਮਾਉਣ ਵਾਲੀ ਸੀ।

ਅਨੰਦ ਲੋਕ ਭਏ ਤਜਿ ਸੋਕ ਸੁ ਸੋਕ ਕੀ ਬਾਤ ਸਭੈ ਬਿਸਰਾਈ ॥੮॥

(ਉਸ ਨੂੰ ਜਾਂਦਿਆਂ ਵੇਖ ਕੇ) ਸਾਰੇ ਲੋਕ ਦੁਖ ਨੂੰ ਛਡ ਕੇ ਪ੍ਰਸੰਨ ਹੋ ਗਏ (ਅਤੇ ਇਸ ਤਰ੍ਹਾਂ) ਦੁਖ ਦੀ ਸਾਰੀ ਗੱਲ ਭੁਲਾ ਦਿੱਤੀ ॥੮॥

ਕਾ ਬਪੁਰੋ ਮੁਨਿ ਹੈ ਸੁਨਿ ਹੇ ਨ੍ਰਿਪ ਨੈਕ ਜੋ ਨੈਨ ਨਿਹਾਰਨ ਪੈਹੌ ॥

(ਉਹ ਇਸਤਰੀ ਕਹਿਣ ਲਗੀ) ਉਹ ਮੁਨੀ ਵਿਚਾਰਾ ਕੀ ਚੀਜ਼ ਹੈ? ਹੇ ਰਾਜਨ! ਸੁਣੋ, ਜੇ ਉਹ ਜ਼ਰਾ ਵੀ ਮੇਰੇ ਵਲ ਅੱਖਾਂ ਖੋਲ੍ਹ ਕੇ ਵੇਖੇਗਾ।

ਰੂਪ ਦਿਖਾਇ ਤਿਸੈ ਉਰਝਾਇ ਸੁ ਬਾਤਨ ਸੌ ਅਪਨੇ ਬਸਿ ਕੈਹੌ ॥

(ਮੈਂ) ਉਸ ਨੂੰ (ਆਪਣਾ) ਰੂਪ ਵਿਖਾ ਕੇ ਅਤੇ ਗੱਲਾਂ ਵਿਚ ਉਲਝਾ ਕੇ ਆਪਣੇ ਵਸ ਵਿਚ ਕਰ ਲਵਾਂਗੀ।

ਪਾਗ ਬੰਧਾਇ ਜਟਾਨ ਮੁੰਡਾਇ ਸੁ ਤਾ ਨ੍ਰਿਪ ਜਾਇ ਤਵਾਲਯ ਲ੍ਯੈਹੌ ॥

(ਉਸ ਦੀਆਂ) ਜਟਾਵਾਂ ਮੁਨਵਾ ਕੇ ਅਤੇ ਪਗੜੀ ਬੰਨ੍ਹਵਾ ਕੇ ਹੇ ਰਾਜਨ! ਤੇਰੇ ਘਰ ਲੈ ਆਵਾਂਗੀ।

ਕੇਤਿਕ ਬਾਤ ਸੁਨੋ ਇਹ ਨਾਥ ਤਵਾਨਨ ਤੇ ਟੁਕ ਆਇਸੁ ਪੈਹੌ ॥੯॥

ਹੇ ਨਾਥ! (ਮੇਰੀ) ਜ਼ਰਾ ਜਿੰਨੀ ਗੱਲ ਸੁਣੋ, (ਮੈਂ) ਤੁਹਾਡੇ ਮੂੰਹ ਤੋਂ ਬਸ ਆਗਿਆ ਪ੍ਰਾਪਤ ਕਰ ਲਵਾਂ ॥੯॥

ਕੇਤਿਕ ਬਾਤ ਸੁਨੋ ਮੁਹਿ ਹੇ ਨ੍ਰਿਪ ਤਾਰਨ ਤੋਰਿ ਅਕਾਸ ਤੇ ਲ੍ਯੈਹੌ ॥

ਹੇ ਰਾਜਨ! ਮੇਰੀ ਮਾੜੀ ਜਿੰਨੀ ਗੱਲ ਸੁਣੋ, (ਮੈਂ) ਆਕਾਸ਼ ਤੋਂ ਤਾਰੇ ਤੋੜ ਲਿਆਵਾਂਗੀ।

ਦੇਵ ਅਦੇਵ ਕਹਾ ਨਰ ਹੈ ਬਰ ਦੇਵਨ ਕੋ ਛਿਨ ਮੈ ਬਸਿ ਕੈਹੌ ॥

ਦੇਵਤੇ, ਦੈਂਤ ਅਤੇ ਮਨੁੱਖ ਕੀ ਹਨ, (ਮੈਂ) ਛਿਣ ਭਰ ਵਿਚ ਸ੍ਰੇਸ਼ਠ ਦੇਵਤਿਆਂ ਨੂੰ ਵੀ ਵਸ ਵਿਚ ਕਰ ਲਵਾਂਗੀ।

ਦ੍ਯੋਸ ਕੇ ਬੀਚ ਚੜੈ ਹੌ ਨਿਸਾਕਰ ਰੈਨਿ ਸਮੈ ਰਵਿ ਕੋ ਪ੍ਰਗਟੈ ਹੌ ॥

(ਮੈਂ) ਦਿਨ ਨੂੰ ਚੰਦ੍ਰਮਾ ਚੜ੍ਹਾ ਦਿਆਂਗੀ ਅਤੇ ਰਾਤ ਵੇਲੇ ਸੂਰਜ ਨੂੰ ਪ੍ਰਗਟ ਕਰ ਦਿਆਂਗੀ।

ਗ੍ਯਾਰਹ ਰੁਦ੍ਰਨ ਕੋ ਹਰਿ ਕੌ ਬਿਧਿ ਕੀ ਬੁਧਿ ਕੌ ਬਿਧਿ ਸੌ ਬਿਸਰੈਹੌ ॥੧੦॥

(ਮੈਂ) ਗਿਆਰਾਂ ਰੁਦ੍ਰਾਂ ਦੀ, ਵਿਸ਼ਣੂ ਦੀ, ਬ੍ਰਹਮਾ ਦੀ ਬੁੱਧੀ ਨੂੰ ਜੁਗਤ ਨਾਲ ਮਾਰ ਦਿਆਂਗੀ ॥੧੦॥

ਦੋਹਰਾ ॥

ਦੋਹਰਾ:

ਐਸੇ ਬਚਨ ਉਚਾਰਿ ਤ੍ਰਿਯ ਤਹ ਤੇ ਕਿਯੋ ਪਯਾਨ ॥

ਅਜਿਹੇ ਬੋਲ ਉਚਾਰ ਕੇ (ਉਹ) ਇਸਤਰੀ ਉਥੋਂ ਲਈ ਚਲ ਪਈ

ਪਲਕ ਏਕ ਬੀਤੀ ਨਹੀ ਤਹਾ ਪਹੂੰਚੀ ਆਨਿ ॥੧੧॥

ਅਤੇ (ਅਜੇ) ਇਕ ਪਲਕ ਝਪਕਣ ਦਾ ਸਮਾਂ ਵੀ ਬੀਤਿਆ ਨਹੀਂ ਸੀ ਕਿ ਉਥੇ ਆ ਪਹੁੰਚੀ ॥੧੧॥

ਸਵੈਯਾ ॥

ਸਵੈਯਾ:

ਦੇਖਿ ਤਪੋਧਨ ਕੌ ਬਨ ਮਾਨਨਿ ਮੋਹਿ ਰਹੀ ਮਨ ਮੈ ਸੁਖੁ ਪਾਯੋ ॥

(ਉਹ) ਗਰਬੀਲੀ ਇਸਤਰੀ 'ਤਪੋਧਨ' (ਤਪਸਵਰੀ ਸ੍ਰਿੰਗੀ ਰਿਸ਼ੀ) ਦੇ ਬਨ ਨੂੰ ਵੇਖ ਕੇ ਮੋਹਿਤ ਹੋ ਗਈ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਖਾਤ ਬਿਭਾਡਵ ਜੂ ਫਲ ਥੋ ਤਿਨ ਡਾਰਿਨ ਸੋ ਪਕਵਾਨ ਲਗਾਯੋ ॥

ਵਿਭਾਂਡਵ ਜੀ ਜੋ ਫਲ ਖਾਂਦੇ ਸਨ, ਉਨ੍ਹਾਂ ਡਾਲੀਆਂ ਨਾਲ ਪਕਵਾਨ ਲਗਾ ਦਿੱਤੇ।

ਭੂਖ ਲਗੀ ਜਬ ਹੀ ਮੁਨਿ ਕੌ ਤਬ ਹੀ ਤਹ ਠੌਰ ਛੁਧਾਤਰ ਆਯੋ ॥

ਜਦੋਂ ਮੁਨੀ ਨੂੰ ਭੁਖ ਲਗੀ, ਤਾਂ ਉਸ ਥਾਂ ਤੇ ਭੁਖ ਦਾ ਸਤਾਇਆ ਹੋਇਆ ਆਇਆ।

ਤੇ ਫਲ ਖਾਇ ਰਹਿਯੋ ਬਿਸਮਾਇ ਮਹਾ ਮਨ ਭੀਤਰ ਮੋਦ ਬਢਾਯੋ ॥੧੨॥

(ਉਹ ਪਕਵਾਨ ਰੂਪ) ਫਲ ਖਾ ਕੇ ਬਹੁਤ ਹੈਰਾਨ ਹੋਇਆ ਅਤੇ ਮਨ ਵਿਚ ਆਨੰਦ ਵਧਾਇਆ ॥੧੨॥

ਸੋਚ ਬਿਚਾਰ ਕੀਯੋ ਚਿਤ ਮੋ ਮੁਨਿ ਏ ਫਲ ਦੈਵ ਕਹਾ ਉਪਜਾਯੋ ॥

ਮੁਨੀ ਨੇ ਮਨ ਵਿਚ ਵਿਚਾਰ ਕੀਤਾ ਕਿ ਇਹ ਫਲ ਪਰਮਾਤਮਾ ਨੇ ਕਿਵੇ ਪੈਦਾ ਕੀਤੇ ਹਨ?

ਕਾਨਨ ਮੈ ਨਿਰਖੇ ਨਹਿ ਨੇਤ੍ਰਨ ਆਜੁ ਲਗੇ ਕਬਹੂੰ ਨ ਚਬਾਯੋ ॥

ਬਨ ਵਿਚ ਅੱਖਾਂ ਨਾਲ ਵੇਖੇ ਨਹੀਂ ਅਤੇ ਅਜ ਤਕ ਕਦੇ ਖਾਏ ਨਹੀਂ।

ਕੈ ਮਘਵਾ ਬਲੁ ਕੈ ਛਲੁ ਕੈ ਹਮਰੇ ਤਪ ਕੋ ਅਵਿਲੋਕਨ ਆਯੋ ॥

ਜਾਂ ਇੰਦਰ ਛਲ ਦੇ ਬਲ ਨਾਲ ਮੇਰੇ ਤਪ ਨੂੰ ਵੇਖਣ ਤਾਂ ਨਹੀਂ ਆਇਆ।

ਕੈ ਜਗਦੀਸ ਕ੍ਰਿਪਾ ਕਰਿ ਮੋ ਪਰ ਮੋਰੇ ਰਿਝਾਵਨ ਕਾਜ ਬਨਾਯੋ ॥੧੩॥

ਜਾਂ ਜਗਦੀਸ਼ ਨੇ ਕ੍ਰਿਪਾ ਕਰ ਕੇ ਮੈਂਨੂੰ ਪ੍ਰਸੰਨ ਕਰਨ ਲਈ ਇਹ ਕਾਰਜ ਤਾਂ ਨਹੀਂ ਕੀਤਾ ॥੧੩॥

ਆਨੰਦ ਯੌ ਉਪਜ੍ਯੋ ਮਨ ਮੈ ਮੁਨਿ ਚੌਕ ਰਹਿਯੋ ਬਨ ਕੇ ਫਲ ਖੈ ਕੈ ॥

ਮੁਨੀ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੋਈ ਅਤੇ ਬਨ ਦੇ ਫਲ ਖਾ ਕੇ ਚੌਂਕ ਪਿਆ।

ਕਾਰਨ ਹੈ ਸੁ ਕਛੂ ਇਨ ਮੈ ਕਹਿ ਐਸੇ ਰਹਿਯੋ ਚਹੂੰ ਓਰ ਚਿਤੈ ਕੈ ॥

ਇਸ ਦਾ ਕੁਝ ਕਾਰਨ ਹੈ, ਇਹ ਕਹਿ ਕੇ ਚੌਹਾਂ ਪਾਸੇ ਵੇਖਣ ਲਗਾ।

ਹਾਰ ਸਿੰਗਾਰ ਧਰੇ ਇਕ ਸੁੰਦਰਿ ਠਾਢੀ ਤਹਾ ਮਨ ਮੋਦ ਬਢੈ ਕੈ ॥

(ਉਸ ਨੇ ਵੇਖਿਆ ਕਿ) ਹਾਰ ਸ਼ਿੰਗਾਰ ਕਰ ਕੇ ਇਕ ਸੁੰਦਰੀ ਉਥੇ ਪ੍ਰਸੰਨ ਚਿਤ ਖੜੋਤੀ ਹੈ।

ਸੋਭਿਤ ਹੈ ਮਹਿ ਭੂਖਨ ਪੈ ਮਹਿਭੂਖਨ ਕੌ ਮਨੋ ਭੂਖਿਤ ਕੈ ਕੈ ॥੧੪॥

(ਉਹ) ਧਰਤੀ ਦੀ ਸ਼ਿੰਗਾਰਿਕ ਸਾਮਗ੍ਰੀ ਉਤੇ ਸੁਸ਼ੋਭਿਤ ਹੈ, ਮਾਨੋ ਧਰਤੀ ਦੇ ਸ਼ਿੰਗਾਰ ਦਾ ਸ਼ਿੰਗਾਰ ਬਣੀ ਹੋਈ ਹੋਵੇ ॥੧੪॥

ਜੋਬਨ ਜੇਬ ਜਗੇ ਅਤਿ ਹੀ ਇਕ ਮਾਨਨਿ ਕਾਨਨ ਬੀਚ ਬਿਰਾਜੈ ॥

(ਜਿਸ ਦਾ) ਜੋਬਨ ਬਹੁਤ ਸ਼ੋਭਾਸ਼ਾਲੀ ਸੀ, ਉਹ ਇਕ ਇਸਤਰੀ ਜੰਗਲ ਵਿਚ ਖੜੋਤੀ ਸੀ।

ਨੀਲ ਨਿਚੋਲ ਸੇ ਨੈਨ ਲਸੈ ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ ॥

ਉਸ ਦੇ ਨੈਣ ਨੀਲੇ ਕਮਲਾਂ ਵਾਂਗ ਚਮਕ ਰਹੇ ਸਨ, (ਉਸ ਦੀ) ਖ਼ੂਬਸੂਰਤੀ ਨੂੰ ਵੇਖ ਕੇ ਕਾਮ ਦੇਵ ਦਾ ਮਨ ਵੀ ਲਲਚਾਉਂਦਾ ਸੀ।

ਕੋਕ ਕਪੋਤ ਕਲਾਨਿਧਿ ਕੇਹਰਿ ਕੀਰ ਕੁਰੰਗ ਕਹੀ ਕਿਹ ਕਾਜੈ ॥

ਚਕਵਾ, ਕਬੂਤਰ, ਚੰਦ੍ਰਮਾ, ਸ਼ੇਰ, ਤੋਤਾ ਅਤੇ ਹਿਰਨ (ਇਸ ਇਸਤਰੀ ਦੇ ਸਾਹਮਣੇ ਦਸੋ) ਕਿਸ ਕੰਮ ਦੇ ਹਨ।

ਸੋਕ ਮਿਟੈ ਨਿਰਖੇ ਸਭ ਹੀ ਛਬਿ ਆਨੰਦ ਕੌ ਹਿਯ ਮੈ ਉਪਰਾਜੈ ॥੧੫॥

ਉਸ ਨੂੰ ਵੇਖਣ ਨਾਲ ਸਭ ਦੇ ਦੁਖ ਦੂਰ ਹੋ ਜਾਂਦੇ ਹਨ। (ਉਸ ਨੂੰ ਵੇਖ ਕੇ) ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧੫॥

ਚਿਤ ਬਿਚਾਰ ਕਿਯੋ ਅਪਨੇ ਮਨ ਕੋ ਮੁਨਿ ਹੈ ਯਹ ਤਾਹਿ ਨਿਹਾਰੌ ॥

ਮੁਨੀ ਨੇ ਉਸ (ਇਸਤਰੀ) ਨੂੰ ਵੇਖ ਕੇ ਆਪਣੇ ਮਨ ਵਿਚ ਇਹ ਵਿਚਾਰ ਕੀਤਾ।

ਦੇਵ ਅਦੇਵ ਕਿ ਜਛ ਭੁਜੰਗ ਕਿਧੌ ਨਰ ਦੇਵ ਰੁ ਦੇਵ ਬਿਚਾਰੌ ॥

ਕੀ ਇਸ ਨੂੰ ਦੇਵਤਾ, ਦੈਂਤ, ਯਕਸ਼, ਨਾਗ, ਨਰ ਦੇਵ ਅਤੇ ਦੇਵ ਵਿਚਾਰਾਂ।

ਰਾਜ ਕੁਮਾਰਿ ਬਿਰਾਜਤ ਹੈ ਕੋਊ ਤਾ ਪਰ ਆਜ ਸਭੈ ਤਨ ਵਾਰੌ ॥

ਜਾਂ (ਇਹ) ਕੋਈ ਰਾਜ ਕੁਮਾਰੀ ਬਿਰਾਜਦੀ ਹੈ ਜਿਸ ਉਤੇ ਅਜ ਸਾਰਾ ਸ਼ਰੀਰ (ਭਾਵ-ਸਭ ਕੁਝ) ਵਾਰ ਦਿਆਂ।

ਯਾਹੀ ਕੋ ਤੀਰ ਰਹੌ ਦਿਨ ਰੈਨਿ ਕਰੌ ਤਪਸ੍ਯਾ ਬਨ ਬੀਚ ਬਿਹਾਰੌ ॥੧੬॥

ਦਿਨ ਰਾਤ ਇਸੇ ਦੇ ਨੇੜੇ ਰਹਾਂ, ਤਪਸਿਆ ਕਰਾਂ ਅਤੇ ਬਨ ਵਿਚ ਵਿਚਰਾਂ ॥੧੬॥

ਜਾਇ ਪ੍ਰਨਾਮ ਕਿਯੋ ਤਿਹ ਕੋ ਸੁਨਿ ਬਾਤ ਕਹੋ ਹਮ ਸੌ ਤੁਮ ਕੋ ਹੈ ॥

(ਮੁਨੀ ਨੇ ਉਸ ਇਸਤਰੀ ਨੂੰ) ਜਾ ਕੇ ਪ੍ਰਨਾਮ ਕੀਤਾ (ਅਤੇ ਕਿਹਾ) ਮੇਰੀ ਗੱਲ ਸੁਣ ਅਤੇ ਦਸ ਤੂੰ ਕੌਣ ਹੈਂ?

ਦੇਵ ਅਦੇਵਨ ਕੀ ਦੁਹਿਤ ਕਿਧੌ ਰਾਮ ਕੀ ਬਾਮ ਹੁਤੀ ਬਨ ਸੋਹੈ ॥

ਕੀ ਦੇਵਤਿਆਂ ਜਾਂ ਦੈਂਤਾਂ ਦੀ ਪੁੱਤਰੀ ਹੈਂ ਜਾਂ ਰਾਮ ਦੀ ਇਸਤਰੀ (ਸੀਤਾ) ਜੰਗਲ ਵਿਚ ਸੁਸ਼ੋਭਿਤ ਹੈਂ।

ਰਾਜਸਿਰੀ ਕਿਧੌ ਰਾਜ ਕੁਮਾਰਿ ਤੂ ਜਛ ਭੁਜੰਗਨ ਕੇ ਮਨ ਮੋਹੈ ॥

ਕੀ ਤੂੰ ਰਾਣੀ ਜਾਂ ਰਾਜ ਕੁਮਾਰੀ ਹੈਂ ਜੋ ਯਕਸ਼ਾਂ ਅਤੇ ਨਾਗਾਂ ਨੂੰ ਵੀ ਮੋਹਣ ਵਾਲੀ ਹੈਂ।

ਸਾਚ ਉਚਾਰੁ ਸਚੀ ਕਿ ਸਿਵਾ ਕਿ ਤੁਹੀ ਰਤਿ ਹੈ ਪਤਿ ਕੋ ਮਗੁ ਜੋਹੈ ॥੧੭॥

ਸਚ ਦਸ ਕਿ ਤੂੰ ਸਚੀ (ਇੰਦ੍ਰਾਣੀ) ਹੈਂ, ਸ਼ਿਵਾ (ਦੁਰਗਾ) ਹੈ, ਜਾਂ (ਕਾਮ ਦੀ ਪਤਨੀ) ਰਤੀ ਹੈਂ, ਜਾਂ ਆਪਣੇ ਪਤੀ ਦਾ ਰਾਹ ਤਕ ਰਹੀ ਹੈਂ ॥੧੭॥

ਨਾਥ ਸਚੀ ਰਤਿ ਹੌ ਨ ਸਿਵਾ ਨਹਿ ਹੌਗੀ ਨ ਰਾਜ ਕੁਮਾਰ ਕੀ ਜਾਈ ॥

(ਇਸਤਰੀ ਨੇ ਉੱਤਰ ਦਿੱਤਾ) ਹੇ ਨਾਥ! ਨਾ ਮੈਂ ਸਚੀ, ਜਾਂ ਰਤੀ ਜਾਂ ਸ਼ਿਵਾ ਹਾਂ ਅਤੇ ਨਾ ਹੀ ਰਾਜ ਕੁਮਾਰ ਦੀ ਪੈਦਾ ਕੀਤੀ ਹੋਈ (ਭਾਵ ਰਾਜ ਕੁਮਾਰੀ) ਹਾਂ।

ਰਾਜਸਿਰੀ ਨਹਿ ਜਛ ਭੁਜੰਗਨਿ ਦੇਵ ਅਦੇਵ ਨਹੀ ਉਪਜਾਈ ॥

ਨਾ ਮੈਂ ਰਾਣੀ ਹਾਂ ਅਤੇ ਨਾ ਹੀ ਯਕਸ਼ਾਂ, ਨਾਗਾਂ, ਦੇਵਤਿਆਂ ਜਾਂ ਦੈਂਤਾਂ ਦੀ ਪੈਦਾ ਕੀਤੀ ਹੋਈ ਹਾਂ।

ਰਾਮ ਕੀ ਬਾਮ ਨ ਹੋ ਅਥਿਤੀਸ ਰਿਖੀਸ ਉਦਾਲਕ ਕੀ ਤ੍ਰਿਯ ਜਾਈ ॥

ਹੇ ਯੋਗੀ! ਨਾ ਮੈਂ ਰਾਮ ਦੀ ਇਸਤਰੀ (ਸੀਤਾ) ਹਾਂ; ਮੈਂ ਤਾਂ ਰਿਸ਼ੀ ਉਦਾਲਕ ਦੀ ਇਸਤਰੀ ਦੀ ਪੈਦਾ ਕੀਤੀ ਹੋਈ ਹਾਂ।

ਏਕੁ ਜੁਗੀਸ ਸੁਨੇ ਤੁਮਹੂੰ ਤਿਹ ਤੇ ਤੁਮਰੇ ਬਰਬੇ ਕਹ ਆਈ ॥੧੮॥

(ਮੈਂ) ਇਕ ਤੂੰ ਹੀ ਸ੍ਰੇਸ਼ਠ ਯੋਗੀ ਸੁਣਿਆ ਹੈ, ਇਸ ਲਈ ਤੈਨੂੰ ਵਿਆਹੁਣ ਲਈ ਆਈ ਹਾਂ ॥੧੮॥

ਚੰਚਲ ਨੈਨ ਕਿ ਚੰਚਲਤਾਈ ਸੋ ਟਾਮਨ ਸੌ ਤਿਹ ਕੋ ਕਰਿ ਦੀਨੋ ॥

ਚੰਚਲ ਨੈਣਾਂ ਦੀ ਚੰਚਲਤਾਈ ਨਾਲ (ਇਸਤਰੀ ਨੇ) ਉਸ ਨੂੰ ਟੂਣਾ ਜਿਹਾ ਕਰ ਦਿੱਤਾ।

ਹਾਵ ਸੁ ਭਾਵ ਦਿਖਾਇ ਘਨੇ ਛਿਨਕੇਕ ਬਿਖੈ ਮੁਨਿ ਜੂ ਬਸਿ ਕੀਨੋ ॥

ਬਹੁਤ ਹਾਵ ਭਾਵ ਵਿਖਾ ਕੇ ਇਕ ਛਿਣ ਵਿਚ ਹੀ ਮੁਨੀ ਨੂੰ ਵਸ ਵਿਚ ਕਰ ਲਿਆ।

ਪਾਗ ਬੰਧਾਇ ਜਟਾਨ ਮੁੰਡਾਇ ਸੁ ਭੂਖਨ ਅੰਗ ਬਨਾਇ ਨਵੀਨੋ ॥

(ਉਸ ਦੀਆਂ) ਜਟਾਵਾਂ ਮੁੰਨ ਕੇ, ਪਗੜੀ ਬੰਨ੍ਹਵਾ ਕੇ ਅਤੇ ਸ਼ਰੀਰ ਉਤੇ ਨਵੇਂ ਜ਼ੇਵਰ ਸਜਾ ਦਿੱਤੇ।

ਜੀਤਿ ਗੁਲਾਮ ਕਿਯੋ ਅਪਨੌ ਤਿਹ ਤਾਪਸ ਤੇ ਗ੍ਰਿਸਤੀ ਕਰਿ ਲੀਨੋ ॥੧੯॥

ਉਸ ਨੂੰ ਜਿਤ ਕੇ ਆਪਣਾ ਗ਼ੁਲਾਮ ਬਣਾ ਲਿਆ ਅਤੇ ਤਪਸਵੀ ਤੋਂ ਗ੍ਰਿਹਸਥੀ ਕਰ ਦਿੱਤਾ ॥੧੯॥

ਤਾਪਸਤਾਈ ਕੋ ਤ੍ਯਾਗ ਤਪੀਸ੍ਵਰ ਤਾ ਤ੍ਰਿਯ ਪੈ ਚਿਤ ਕੈ ਉਰਝਾਯੋ ॥

ਤਪਸਿਆ ਨੂੰ ਤਿਆਗ ਕੇ ਉਹ ਤਪਸਵੀ ਉਸ ਇਸਤਰੀ ਵਿਚ ਆਪਣੇ ਚਿਤ ਨੂੰ ਫਸਾ ਬੈਠਾ।


Flag Counter