ਸ਼੍ਰੀ ਦਸਮ ਗ੍ਰੰਥ

ਅੰਗ - 616


ਜੋ ਹੁਤੀ ਜਗ ਅਰੁ ਬੇਦ ਰੀਤਿ ॥

ਜੋ ਯੱਗ ਦੀ ਮਰਯਾਦਾ ਅਤੇ ਵੇਦ ਦੀ ਰੀਤ ਸੀ,

ਸੋ ਕਰੀ ਸਰਬ ਨ੍ਰਿਪ ਲਾਇ ਪ੍ਰੀਤਿ ॥

ਉਹ ਸਾਰੀ ਰਾਜੇ ਨੇ ਪ੍ਰੇਮ ਪੂਰਵਕ ਪੂਰੀ ਕੀਤੀ।

ਭੂਆ ਦਾਨ ਦਾਨ ਰਤਨਾਦਿ ਆਦਿ ॥

ਭੂਮੀ ਦਾ ਦਾਨ ਅਤੇ ਰਤਨ ਆਦਿ ਦਾ ਦਾਨ ਕਰ ਕੇ

ਤਿਨ ਭਾਤਿ ਭਾਤਿ ਲਿਨੇ ਸੁਵਾਦ ॥੧੬॥

ਉਸ ਨੇ ਭਾਂਤ ਭਾਂਤ ਦੇ ਆਨੰਦ ਮਾਣੇ ॥੧੬॥

ਕਰਿ ਦੇਸ ਦੇਸ ਇਮਿ ਨੀਤਿ ਰਾਜ ॥

(ਇਸ ਤਰ੍ਹਾਂ) ਦੇਸ਼ ਦੇਸ਼ ਤੇ ਆਪਣੀ ਰਾਜਨੀਤੀ ਦੀ ਸਥਾਪਨਾ ਕੀਤੀ

ਬਹੁ ਭਾਤਿ ਦਾਨ ਦੇ ਸਰਬ ਸਾਜ ॥

ਅਤੇ ਬਹੁਤ ਸਾਰੇ ਦਾਨ ਦੇ ਸਾਜ ਕੀਤੇ।

ਹਸਤਾਦਿ ਦਤ ਬਾਜਾਦਿ ਮੇਧ ॥

(ਉਸ ਰਾਜੇ ਨੇ) ਹਾਥੀ ਆਦਿ ਦਾਨ ਦਿੱਤੇ

ਤੇ ਭਾਤਿ ਭਾਤਿ ਕਿਨੇ ਨ੍ਰਿਪੇਧ ॥੧੭॥

ਅਤੇ ਤਰ੍ਹਾਂ ਤਰ੍ਹਾਂ ਦੇ ਅਸ਼੍ਵਮੇਧ ਅਤੇ ਨ੍ਰਿਪਮੇਧ ਯੱਗ ਕੀਤੇ ॥੧੭॥

ਬਹੁ ਸਾਜ ਬਾਜ ਦਿਨੇ ਦਿਜਾਨ ॥

(ਉਸ ਨੇ) ਬ੍ਰਾਹਮਣਾਂ ਨੂੰ ਬਹੁਤ ਸਾਰੇ ਘੋੜੇ ਸਾਜ਼ਾਂ ਸਮੇਤ ਦਿੱਤੇ

ਦਸ ਚਾਰੁ ਚਾਰੁ ਬਿਦਿਆ ਸੁਜਾਨ ॥

ਜੋ ਚੌਦਾਂ ਵਿਦਿਆਵਾਂ ਵਿਚ ਪ੍ਰਬੀਨ ਸਨ।

ਖਟ ਚਾਰ ਸਾਸਤ੍ਰ ਸਿੰਮ੍ਰਿਤ ਰਟੰਤ ॥

(ਜੋ) ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਪਾਠ ਕਰਦੇ ਸਨ।

ਕੋਕਾਦਿ ਭੇਦ ਬੀਨਾ ਬਜੰਤ ॥੧੮॥

ਕੋਕ (ਸੰਭੋਗ) ਆਦਿਕ ਦੇ ਭੇਦ (ਸਮਝਦੇ ਸਨ) ਅਤੇ ਬੀਨਾ (ਆਦਿਕ ਸਾਜ਼) ਵਜਾਉਂਦੇ ਸਨ ॥੧੮॥

ਘਨਸਾਰ ਘੋਰਿ ਘਸੀਅਤ ਗੁਲਾਬ ॥

ਕਪੂਰ (ਕਾਫੂਰ) ਨੂੰ ਗੁਲਾਬ (ਦੇ ਅਰਕ ਵਿਚ) ਘੋਲ ਕੇ ਘਿਸਾਇਆ ਜਾਂਦਾ ਸੀ

ਮ੍ਰਿਗ ਮਦਿਤ ਡਾਰਿ ਚੂਵਤ ਸਰਾਬ ॥

ਅਤੇ ਕਸਤੂਰੀ ('ਮ੍ਰਿਗ ਮਦਿਤ') ਪਾ ਕੇ ਸ਼ਰਾਬ ਕੱਢੀ ਜਾਂਦੀ ਸੀ।

ਕਸਮੀਰ ਘਾਸ ਘੋਰਤ ਸੁਬਾਸ ॥

ਸੁਗੰਧੀ ਲਈ ਕੇਸਰ ('ਕਸ਼ਮੀਰ ਘਾਸ') ਨੂੰ ਘੋਲਿਆ ਜਾਂਦਾ ਸੀ।

ਉਘਟਤ ਸੁਗੰਧ ਮਹਕੰਤ ਅਵਾਸ ॥੧੯॥

(ਉਸ ਤੋਂ) ਸੁਗੰਧੀ ਉਠਦੀ ਸੀ ਅਤੇ ਘਰ ਮਹਿਕ ਜਾਂਦੇ ਸਨ ॥੧੯॥

ਸੰਗੀਤ ਪਾਧਰੀ ਛੰਦ ॥

ਸੰਗੀਤ ਪਾਧਰੀ ਛੰਦ:

ਤਾਗੜਦੰ ਤਾਲ ਬਾਜਤ ਮੁਚੰਗ ॥

ਛੈਣੇ, ਮੁਚੰਗ, ਬੀਣਾ,

ਬੀਨਾ ਸੁ ਬੈਣ ਬੰਸੀ ਮ੍ਰਿਦੰਗ ॥

ਬੀਨ, ਬੰਸਰੀ, ਮ੍ਰਿਦੰਗ,

ਡਫ ਤਾਲ ਤੁਰੀ ਸਹਿਨਾਇ ਰਾਗ ॥

ਡਫ, ਕੈਂਸੀਆਂ, ਤੁਰੀ, ਸ਼ਹਿਨਾਈਆਂ ਵਜਣ ਨਾਲ ਰਾਗ ਪੈਦਾ ਹੁੰਦਾ ਸੀ

ਬਾਜੰਤ ਜਾਨ ਉਪਨਤ ਸੁਹਾਗ ॥੨੦॥

ਅਤੇ ਵਜਣ ਨਾਲ ਮਾਨੋ ਸੌਭਾਗ ਪ੍ਰਤਖ ਸੀ ॥੨੦॥

ਕਹੂੰ ਤਾਲ ਤੂਰ ਬੀਨਾ ਮ੍ਰਿਦੰਗ ॥

ਕਿਤੇ ਛੈਣੇ, ਤੂਰ, ਬੀਣਾ, ਮ੍ਰਿਦੰਗ,

ਡਫ ਝਾਝ ਢੋਲ ਜਲਤਰ ਉਪੰਗ ॥

ਡਫ, ਝਾਂਝ, ਢੋਲ, ਜਲਤਰੰਗ ਅਤੇ ਉਪੰਗ (ਨਾਂ ਦੇ ਸਾਜ਼ ਵਜਦੇ ਹਨ)।

ਜਹ ਜਹ ਬਿਲੋਕ ਤਹ ਤਹ ਸੁਬਾਸ ॥

ਜਿਥੇ ਜਿਥੇ ਵੇਖੋ ਉਥੇ ਉਥੇ ਹੀ ਸੁਗੰਧੀ ਹੈ।

ਉਠਤ ਸੁਗੰਧ ਮਹਕੰਤ ਅਵਾਸ ॥੨੧॥

ਸੁਗੰਧ ਦੇ ਉਠਣ ਨਾਲ ਘਰ ਮਹਿਕ ਰਹੇ ਹਨ ॥੨੧॥

ਹਰਿ ਬੋਲ ਮਨਾ ਛੰਦ ॥

ਹਰਿ ਬੋਲ ਮਨਾ ਛੰਦ:

ਮਨੁ ਰਾਜ ਕਰ੍ਯੋ ॥

(ਇਸ ਤਰ੍ਹਾਂ ਦਾ) ਮਨੁ ਰਾਜੇ ਨੇ ਰਾਜ ਕੀਤਾ

ਦੁਖ ਦੇਸ ਹਰ੍ਯੋ ॥

ਅਤੇ ਦੇਸ਼ ਦਾ ਦੁਖ ਹਰ ਲਿਆ।

ਬਹੁ ਸਾਜ ਸਜੇ ॥

(ਦੇਸ ਵਿਚ) ਬਹੁਤ ਸਾਰੇ ਸਾਜ ਸਜਾਏ ਸਨ

ਸੁਨਿ ਦੇਵ ਲਜੇ ॥੨੨॥

(ਜਿਨ੍ਹਾਂ ਨੂੰ) ਸੁਣ ਕੇ ਦੇਵਤੇ ਵੀ ਸ਼ਰਮਸਾਰ ਹੁੰਦੇ ਸਨ ॥੨੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਮਨੁ ਰਾਜਾ ਕੋ ਰਾਜ ਸਮਾਪਤੰ ॥੧॥੫॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਮਨੁ ਰਾਜੇ ਦੇ ਰਾਜ ਦੀ ਸਮਾਪਤੀ ॥੧॥੫॥

ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ ॥

ਹੁਣ ਪ੍ਰਿਥੁ ਰਾਜਾ ਦੇ ਰਾਜ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ:

ਕਹੰ ਲਾਗ ਗਨੋ ਨ੍ਰਿਪ ਜੌਨ ਭਏ ॥

ਜਿਤਨੇ ਰਾਜੇ ਹੋਏ, ਉਨ੍ਹਾਂ ਨੂੰ ਕਿਥੋਂ ਤਕ ਗਿਣਾਂ?

ਪ੍ਰਭੁ ਜੋਤਹਿ ਜੋਤਿ ਮਿਲਾਇ ਲਏ ॥

ਪ੍ਰਭੂ ਨੇ (ਉਨ੍ਹਾਂ ਦੀ) ਜੋਤਿ ਆਪਣੀ ਜੋਤਿ ਵਿਚ ਮਿਲਾ ਲਈ ਹੈ।

ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ ॥

ਫਿਰ ਪ੍ਰਿਥਵੀ ਦਾ ਪ੍ਰਿਥੁ ਰਾਜਾ ਹੋਇਆ,

ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥

ਜਿਸ ਨੇ ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ ॥੨੩॥

ਦਲੁ ਲੈ ਦਿਨ ਏਕ ਸਿਕਾਰ ਚੜੇ ॥

(ਰਾਜਾ) ਸੈਨਾ ਦਲ ਲੈ ਕੇ ਇਕ ਦਿਨ ਸ਼ਿਕਾਰ ਚੜ੍ਹਿਆ

ਬਨਿ ਨਿਰਜਨ ਮੋ ਲਖਿ ਬਾਘ ਬੜੇ ॥

ਅਤੇ ਨਿਰਜਨ ਬਨ ਵਿਚ ਵੱਡੇ ਵੱਡੇ ਬਾਘ ਵੇਖੇ।

ਤਹ ਨਾਰਿ ਸੁਕੁੰਤਲ ਤੇਜ ਧਰੇ ॥

ਉਥੇ ਹੀ ਸ਼ਕੁੰਤਲਾ (ਨਾਂ ਵਾਲੀ) ਇਸਤਰੀ ਨੇ ਤੇਜ (ਸੁੰਦਰਤਾ) ਧਾਰਨ ਕੀਤਾ ਹੋਇਆ ਸੀ

ਸਸਿ ਸੂਰਜ ਕੀ ਲਖਿ ਕ੍ਰਾਤਿ ਹਰੇ ॥੨੪॥

ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਦੀ ਚਮਕ ਵੀ ਮਾੜੀ ਪੈ ਜਾਂਦੀ ਸੀ ॥੨੪॥

ਹਰਿ ਬੋਲ ਮਨਾ ਛੰਦ ॥

ਹਰਿ ਬੋਲ ਮਨਾ ਛੰਦ:

ਤਹ ਜਾਤ ਭਏ ॥

(ਰਾਜਾ) ਉਥੇ ਚਲਾ ਗਿਆ।

ਮ੍ਰਿਗ ਘਾਤ ਕਏ ॥

ਹਿਰਨਾਂ ਦਾ ਸ਼ਿਕਾਰ ਕੀਤਾ।

ਇਕ ਦੇਖਿ ਕੁਟੀ ॥

(ਉਥੇ) ਇਕ ਕੁਟੀਆ ਵੇਖੀ,

ਜਨੁ ਜੋਗ ਜੁਟੀ ॥੨੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੋਗ ਵਿਚ ਜੁੜੀ ਹੋਈ ਹੈ ॥੨੫॥

ਤਹ ਜਾਤ ਭਯੋ ॥

(ਰਾਜਾ) ਉਸ (ਕੁਟੀਆ) ਵਿਚ ਚਲਾ ਗਿਆ।

ਸੰਗ ਕੋ ਨ ਲਯੋ ॥

ਨਾਲ ਕਿਸੇ ਨੂੰ ਨਾ ਲਿਆ।