ਸ਼੍ਰੀ ਦਸਮ ਗ੍ਰੰਥ

ਅੰਗ - 627


ਇਹ ਬਿਧਿ ਰਾਜੁ ਕਰ੍ਯੋ ਰਘੁ ਰਾਜਾ ॥

ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ

ਦਾਨ ਨਿਸਾਨ ਚਹੂੰ ਦਿਸ ਬਾਜਾ ॥

ਅਤੇ ਉਸ ਦੀ ਦਾਨਸ਼ੀਲਤਾ ਦਾ ਧੌਂਸਾ ਚੌਹਾਂ ਪਾਸੇ ਵਜਦਾ ਰਿਹਾ।

ਚਾਰੋ ਦਿਸਾ ਬੈਠ ਰਖਵਾਰੇ ॥

ਚੌਹਾਂ ਪਾਸਿਆਂ ਵਲ ਰਖਵਾਲੇ ਬੈਠੇ ਹੋਏ ਸਨ,

ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥

ਜੋ ਬਹੁਤ ਬਲਵਾਨ ਅਤੇ ਓਜਸਵੀ ਸਰੂਪ ਵਾਲੇ ਸਨ ॥੧੭੫॥

ਬੀਸ ਸਹੰਸ੍ਰ ਬਰਖ ਪਰਮਾਨਾ ॥

ਵੀਹ ਹਜ਼ਾਰ ਸਾਲਾਂ ਤਕ

ਰਾਜੁ ਕਰਾ ਦਸ ਚਾਰ ਨਿਧਾਨਾ ॥

ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ (ਰਘੂਰਾਜ) ਨੇ ਰਾਜ ਕੀਤਾ।

ਭਾਤਿ ਅਨੇਕ ਕਰੇ ਨਿਤਿ ਧਰਮਾ ॥

ਉਸ ਨੇ ਅਨੇਕ ਤਰ੍ਹਾਂ ਦੇ ਨਿੱਤ ਧਰਮ ਕੀਤੇ।

ਔਰ ਨ ਸਕੈ ਐਸ ਕਰ ਕਰਮਾ ॥੧੭੬॥

ਇਸ ਤਰ੍ਹਾਂ ਦੇ ਕਰਮ ਹੋਰ ਕੋਈ ਵੀ ਕਰ ਨਹੀਂ ਸਕਦਾ ਸੀ ॥੧੭੬॥

ਪਾਧੜੀ ਛੰਦ ॥

ਪਾਧੜੀ ਛੰਦ:

ਇਹੁ ਭਾਤਿ ਰਾਜੁ ਰਘੁਰਾਜ ਕੀਨ ॥

ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ ਸੀ

ਗਜ ਬਾਜ ਸਾਜ ਦੀਨਾਨ ਦੀਨ ॥

ਅਤੇ ਘੋੜੇ ਤੇ ਹਾਥੀ ਸਜਾ ਕੇ ਦੀਨਾਂ ਅਨਾਥਾਂ ਨੂੰ ਦਾਨ ਦਿੱਤੇ ਸਨ।

ਨ੍ਰਿਪ ਜੀਤਿ ਜੀਤਿ ਲਿਨੇ ਅਪਾਰ ॥

ਉਸ ਨੇ ਬੇਸ਼ੁਮਾਰ ਰਾਜੇ ਜਿਤ ਲਏ ਸਨ

ਕਰਿ ਖੰਡ ਖੰਡ ਖੰਡੇ ਗੜਵਾਰ ॥੧੭੭॥

ਅਤੇ ਕਿਲ੍ਹਿਆਂ ਵਾਲਿਆਂ ਰਾਜਿਆਂ ਨੂੰ ਖੰਡੇ ਨਾਲ ਖੰਡ ਖੰਡ ਕਰ ਦਿੱਤਾ ਸੀ ॥੧੭੭॥

ਇਤਿ ਰਘੁ ਰਾਜ ਸਮਾਪਤਹਿ ॥੯॥੫॥

ਇਥੇ ਰਘੂ ਦੇ ਰਾਜ ਦੀ ਸਮਾਪਤੀ ॥੯॥੫॥

ਅਥ ਅਜ ਰਾਜਾ ਕੋ ਰਾਜ ਕਥਨੰ ॥

ਹੁਣ ਅਜ ਰਾਜਾ ਦੇ ਰਾਜ ਦਾ ਕਥਨ

ਪਾਧੜੀ ਛੰਦ ॥

ਪਾਧੜੀ ਛੰਦ:

ਫੁਨਿ ਭਏ ਰਾਜ ਅਜਰਾਜ ਬੀਰ ॥

ਫਿਰ ਅਜਰਾਜ ਸੂਰਬੀਰ ਰਾਜਾ ਬਣਿਆ

ਜਿਨਿ ਭਾਤਿ ਭਾਤਿ ਜਿਤੇ ਪ੍ਰਬੀਰ ॥

ਜਿਸ ਨੇ ਭਾਂਤ ਭਾਂਤ ਦੇ ਬਹੁਤ ਬਲਵਾਨ ਵੀਰ ਜਿਤ ਲਏ।

ਕਿਨੇ ਖਰਾਬ ਖਾਨੇ ਖਵਾਸ ॥

(ਉਸ ਨੇ) ਕਿਤਨਿਆਂ ਦੇ ਰਣਵਾਸ ਅਤੇ ਖ਼ਾਨਦਾਨ ਨਸ਼ਟ ਕਰ ਦਿੱਤੇ

ਜਿਤੇ ਮਹੀਪ ਤੋਰੇ ਮਵਾਸ ॥੧॥

ਅਤੇ ਰਾਜਿਆਂ ਨੂੰ ਜਿਤ ਕੇ ਘਮੰਡ ਤੋੜ ਦਿੱਤੇ (ਜਾਂ ਆਕੀ ਅਧੀਨ ਕਰ ਲਏ) ॥੧॥

ਜਿਤੇ ਅਜੀਤ ਮੁੰਡੇ ਅਮੁੰਡ ॥

ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ

ਖੰਡੇ ਅਖੰਡ ਕਿਨੇ ਘਮੰਡ ॥

ਅਤੇ ਸਿਰਲਥ (ਸੂਰਬੀਰਾਂ) ਦੇ ਸਿਰ ਲਾਹ ਦਿੱਤੇ।

ਦਸ ਚਾਰਿ ਚਾਰਿ ਬਿਦਿਆ ਨਿਧਾਨ ॥

ਜਿਨ੍ਹਾਂ ਨੇ ਨਾ ਖੰਡੇ ਜਾ ਸਕਣ ਕਾਰਨ ਘਮੰਡ ਕੀਤਾ ਹੋਇਆ ਸੀ, (ਉਨ੍ਹਾਂ ਨੂੰ) ਖੰਡਿਤ ਕਰ ਦਿੱਤਾ।

ਅਜਰਾਜ ਰਾਜ ਰਾਜਾ ਮਹਾਨ ॥੨॥

ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਅਜਰਾਜ ਬਹੁਤ ਵੱਡਾ ਰਾਜਾ ਸੀ ॥੨॥

ਸੂਰਾ ਸੁਬਾਹ ਜੋਧਾ ਪ੍ਰਚੰਡ ॥

(ਉਹ) ਬਲਵਾਨ ਸੂਰਮਾ ਅਤੇ ਪ੍ਰਚੰਡ ਯੋਧਾ ਸੀ।

ਸ੍ਰੁਤਿ ਸਰਬ ਸਾਸਤ੍ਰ ਬਿਦਿਆ ਉਦੰਡ ॥

ਵੇਦਾਂ ('ਸ੍ਰੁਤਿ') ਅਤੇ ਸਾਰਿਆਂ ਸ਼ਾਸਤ੍ਰਾਂ ਅਤੇ ਵਿਦਿਆਵਾਂ ਦਾ ਪ੍ਰਕਾਂਡ ਵਿਦਵਾਨ ਸੀ।

ਮਾਨੀ ਮਹਾਨ ਸੁੰਦਰ ਸਰੂਪ ॥

(ਉਹ) ਬਹੁਤ ਮਾਣ (ਅਥਵਾ ਮੌਨ ਸੁਭਾ ਵਾਲਾ) ਅਤੇ ਬਹੁਤ ਸੁੰਦਰ ਸਰੂਪ ਵਾਲਾ ਸੀ,

ਅਵਿਲੋਕਿ ਜਾਸੁ ਲਾਜੰਤ ਭੂਪ ॥੩॥

ਜਿਸ ਨੂੰ ਵੇਖ ਕੇ ਰਾਜੇ ਲਜਿਤ ਹੁੰਦੇ ਸਨ ॥੩॥

ਰਾਜਾਨ ਰਾਜ ਰਾਜਾਧਿਰਾਜ ॥

ਉਹ ਰਾਜਿਆਂ ਦੇ ਰਾਜਿਆਂ ਦਾ ਵੀ ਮਹਾਰਾਜਾ ਸੀ।

ਗ੍ਰਿਹ ਭਰੇ ਸਰਬ ਸੰਪਤਿ ਸਮਾਜ ॥

(ਉਸ ਦੇ) ਘਰ (ਰਾਜ) ਸਮਾਜ ਦੀ ਸੰਪੱਤੀ ਨਾਲ ਭਰੇ ਹੋਏ ਸਨ।

ਅਵਿਲੋਕ ਰੂਪ ਰੀਝੰਤ ਨਾਰਿ ॥

(ਉਸ ਦੇ) ਰੂਪ ਨੂੰ ਵੇਖ ਕੇ ਇਸਤਰੀਆਂ ਰੀਝ ਜਾਂਦੀਆਂ ਸਨ।

ਸ੍ਰੁਤਿ ਦਾਨ ਸੀਲ ਬਿਦਿਆ ਉਦਾਰ ॥੪॥

(ਉਹ) ਵੇਦ (ਅਧਿਐਨ) ਦਾਨ (ਧਰਮ) ਸ਼ੀਲ ਅਤੇ ਵਿਦਿਆ ਵਿਚ ਬਹੁਤ ਉਦਾਰ ਸੁਭਾ ਵਾਲਾ ਸੀ ॥੪॥

ਜੌ ਕਹੋ ਕਥਾ ਬਾਢੰਤ ਗ੍ਰੰਥ ॥

ਜੇ ਕਰ (ਉਸ ਦੀ ਸਾਰੀ) ਕਥਾ ਕਹਾਂ ਤਾਂ ਗ੍ਰੰਥ ਵੱਡਾ ਹੋ ਜਾਂਦਾ ਹੈ।

ਸੁਣਿ ਲੇਹੁ ਮਿਤ੍ਰ ਸੰਛੇਪ ਕੰਥ ॥

(ਇਸ ਲਈ ਹੇ) ਮਿਤਰੋ! ਸੰਖੇਪ ਵਿਚ ਹੀ ਕਥਾ ਸੁਣ ਲਵੋ।

ਬੈਦਰਭ ਦੇਸਿ ਰਾਜਾ ਸੁਬਾਹ ॥

ਬੈਦਰਭ ਦੇਸ ਦਾ ਇਕ ਸੂਰਬੀਰ (ਅਥਵਾ 'ਸੁਬਾਹੂ' ਨਾਂ ਦਾ) ਰਾਜਾ ਸੀ

ਚੰਪਾਵਤੀ ਸੁ ਗ੍ਰਿਹ ਨਾਰਿ ਤਾਹਿ ॥੫॥

ਜਿਸ ਦੇ ਘਰ ਚੰਪਾਵਤੀ ਨਾਂ ਵਾਲੀ ਇਸਤਰੀ ਸੀ ॥੫॥

ਤਿਹ ਜਈ ਏਕ ਕੰਨਿਆ ਅਪਾਰ ॥

ਉਨ੍ਹਾਂ ਨੇ ਇਕ ਅਪਾਰ ਰੂਪ ਵਾਲੀ ਕੰਨਿਆ ਨੂੰ ਜਨਮ ਦਿੱਤਾ।

ਤਿਹ ਮਤੀਇੰਦ੍ਰ ਨਾਮਾ ਉਦਾਰ ॥

ਉਸ ਦਾ ਬਹੁਤ ਸ੍ਰੇਸ਼ਠ ਇੰਦਰਮਤੀ ਨਾਂ ਸੀ।

ਜਬ ਭਈ ਜੋਗ ਬਰ ਕੇ ਕੁਮਾਰਿ ॥

ਜਦ ਉਹ ਕੁਮਾਰੀ ਵਰ ਦੇ ਯੋਗ ਹੋਈ,

ਤਬ ਕੀਨ ਬੈਠਿ ਰਾਜਾ ਬਿਚਾਰਿ ॥੬॥

ਤਦ ਰਾਜੇ ਨੇ ਬੈਠ ਕੇ ਵਿਚਾਰ ਕੀਤਾ ॥੬॥

ਲਿਨੇ ਬੁਲਾਇ ਨ੍ਰਿਪ ਸਰਬ ਦੇਸ ॥

ਸਾਰਿਆਂ ਦੇਸਾਂ ਦੇ ਰਾਜੇ ਬੁਲਾ ਲਏ ਗਏ।

ਧਾਏ ਸੁਬਾਹ ਲੈ ਦਲ ਅਸੇਸ ॥

(ਸਾਰੇ) ਸੂਰਬੀਰ ਬੇਸ਼ੁਮਾਰ ਸੈਨਾ ਲੈ ਕੇ ਚਲ ਪਏ।

ਮੁਖ ਭਈ ਆਨਿ ਸਰਸ੍ਵਤੀ ਆਪੁ ॥

(ਸਾਰਿਆਂ) ਦੇ ਮੁਖ ਵਿਚ ਸਰਸਵਤੀ ਆਪ ਆਣ ਬਿਰਾਜੀ

ਜਿਹਿ ਜਪਤ ਲੋਗ ਮਿਲਿ ਸਰਬ ਜਾਪੁ ॥੭॥

ਜਿਸ ਦੇ ਜਾਪ ਨੂੰ ਸਾਰੇ ਲੋਕ ਮਿਲ ਕੇ ਜਪਦੇ ਹਨ ॥੭॥

ਤਬ ਦੇਸ ਦੇਸ ਕੇ ਭੂਪ ਆਨਿ ॥

ਤਦ ਦੇਸ ਦੇਸਾਂਤਰਾਂ ਦੇ ਰਾਜਿਆਂ ਨੇ ਆ ਕੇ

ਕਿਨੋ ਪ੍ਰਣਾਮ ਰਾਜਾ ਮਹਾਨਿ ॥

(ਉਸ) ਮਹਾਨ ਰਾਜੇ ਨੂੰ ਪ੍ਰਨਾਮ ਕੀਤਾ।

ਤਹ ਬੈਠਿ ਰਾਜ ਸੋਭੰਤ ਐਸੁ ॥

ਉਥੇ ਬੈਠ ਕੇ ਰਾਜੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ

ਜਨ ਦੇਵ ਮੰਡਲੀ ਸਮ ਨ ਤੈਸੁ ॥੮॥

ਮਾਨੋ ਉਨ੍ਹਾਂ ਦੇ ਸਮਾਨ ਦੇਵ-ਮੰਡਲੀ ਵੀ ਨਾ ਹੋਵੇ ॥੮॥