ਸ਼੍ਰੀ ਦਸਮ ਗ੍ਰੰਥ

ਅੰਗ - 362


ਸਖੀ ਬਾਚ ॥

ਸਖੀ ਨੇ ਕਿਹਾ:

ਸਵੈਯਾ ॥

ਸਵੈਯਾ:

ਬਿਜ ਛਟਾ ਜਿਹ ਨਾਮ ਸਖੀ ਕੋ ਸੋਊ ਬ੍ਰਿਖਭਾਨ ਸੁਤਾ ਪਹਿ ਆਈ ॥

ਜਿਸ ਸਖੀ ਦਾ ਨਾਂ ਬਿੱਜਛਟਾ ਹੈ, ਉਹ ਰਾਧਾ ਕੋਲ ਆ ਗਈ।

ਆਇ ਕੈ ਸੁੰਦਰ ਐਸੇ ਕਹਿਯੋ ਸੁਨ ਤੂ ਰੀ ਤ੍ਰੀਯਾ ਬ੍ਰਿਜਨਾਥਿ ਬੁਲਾਈ ॥

(ਉਸ ਨੇ) ਆ ਕੇ ਇਸ ਤਰ੍ਹਾਂ ਸੁੰਦਰ (ਢੰਗ ਨਾਲ) ਕਿਹਾ, ਹੇ ਤ੍ਰੀਯਾ (ਰਾਧਾ!) ਸੁਣ, ਤੈਨੂੰ 'ਬ੍ਰਿਜਨਾਥ' (ਸ੍ਰੀ ਕ੍ਰਿਸ਼ਨ) ਨੇ ਬੁਲਾਇਆ ਹੈ।

ਕੋ ਬ੍ਰਿਜਨਾਥ ਕਹਿਯੋ ਬ੍ਰਿਜ ਨਾਰਿ ਸੁ ਕੋ ਕਨ੍ਰਹਈਯਾ ਕਹਿਯੋ ਕਉਨ ਕਨਾਈ ॥

(ਉੱਤਰ ਵਿਚ) ਰਾਧਾ ('ਬ੍ਰਿਜ ਨਾਰ') ਨੇ ਕਿਹਾ, ਕਿਹੜਾ ਬ੍ਰਜ ਦਾ ਸੁਆਮੀ। (ਫਿਰ ਬਿੱਜਛਟਾ ਨੇ ਕਿਹਾ) ਓਹੀ, ਜਿਸ ਨੂੰ ਕਨ੍ਹੱਯਾ ਕਿਹਾ ਜਾਂਦਾ ਹੈ। (ਰਾਧਾ ਨੇ ਫਿਰ ਉਤਰ ਦਿੱਤਾ) ਕਿਹੜਾ ਕਨ੍ਹੱਯਾ।

ਖੇਲਹੁ ਤਾ ਹੀ ਤ੍ਰੀਯਾ ਸੰਗਿ ਲਾਲ ਰੀ ਕੋ ਜਿਹ ਕੇ ਸੰਗਿ ਪ੍ਰੀਤਿ ਲਗਾਈ ॥੬੮੧॥

(ਬਿੱਜਛਟਾ ਨੇ ਫਿਰ ਕਿਹਾ ਹੇ ਸਖੀ! ਓਹੀ ਲਾਲ ਜਿਸ ਨਾਲ ਖੇਡਦੀ ਆਈ ਹੈਂ ਅਤੇ ਜਿਸ ਨਾਲ (ਤੂੰ) ਪਿਆਰ ਪਾਇਆ ਹੈ ॥੬੮੧॥

ਸਜਨੀ ਨੰਦ ਲਾਲ ਬੁਲਾਵਤ ਹੈ ਅਪਨੇ ਮਨ ਮੈ ਹਠ ਰੰਚ ਨ ਕੀਜੈ ॥

ਹੇ ਸਜਨੀ! (ਤੈਨੂੰ) ਨੰਦ ਲਾਲ (ਕ੍ਰਿਸ਼ਨ) ਬੁਲਾ ਰਿਹਾ ਹੈ, ਆਪਣੇ ਮਨ ਵਿਚ ਜ਼ਰਾ ਜਿੰਨਾ ਵੀ ਹਠ ਨਾ ਕਰ।

ਆਈ ਹੋ ਹਉ ਚਲਿ ਕੈ ਤੁਮ ਪੈ ਤਿਹ ਤੇ ਸੁ ਕਹਿਯੋ ਅਬ ਮਾਨ ਹੀ ਲੀਜੈ ॥

ਮੈਂ ਤੇਰੇ ਕੋਲ ਚਲ ਕੇ ਆਈ ਹਾਂ, ਇਸ ਲਈ (ਮੇਰਾ) ਕਿਹਾ ਹੁਣ ਮੰਨ ਲੈ।

ਬੇਗ ਚਲੋ ਜਦੁਰਾਇ ਕੇ ਪਾਸ ਕਛੂ ਤੁਮਰੋ ਇਹ ਤੇ ਨਹੀ ਛੀਜੈ ॥

ਸ੍ਰੀ ਕ੍ਰਿਸ਼ਨ ਕੋਲ ਜਲਦੀ ਹੀ ਚਲ, ਇਸ ਨਾਲ ਤੇਰਾ ਕੁਝ ਹਰਜ ਨਹੀਂ ਹੋਣਾ।

ਤਾਹੀ ਤੇ ਬਾਤ ਕਹੋ ਤੁਮ ਸੋ ਸੁਖ ਆਪਨ ਲੈ ਸੁਖ ਅਉਰਨ ਦੀਜੈ ॥੬੮੨॥

ਇਸੇ ਲਈ (ਮੈਂ) ਤੈਨੂੰ ਗੱਲ ਕਹਿੰਦੀ ਹਾਂ ਕਿ ਆਪ ਵੀ ਸੁਖ ਲੈ ਅਤੇ ਹੋਰਾਂ ਨੂੰ ਵੀ ਦੇ ॥੬੮੨॥

ਤਾ ਤੇ ਕਰੋ ਨਹੀ ਮਾਨ ਸਖੀ ਉਠਿ ਬੇਗ ਚਲੋ ਸਿਖ ਮਾਨਿ ਹਮਾਰੀ ॥

ਇਸ ਲਈ ਹੇ ਸਖੀ! 'ਮਾਣ' ਨਾ ਕਰ, ਮੇਰੀ ਸਿਖਿਆ ਮੰਨ ਅਤੇ ਉਠ ਕੇ ਜਲਦੀ ਚਲ।

ਮੁਰਲੀ ਜਹ ਕਾਨ੍ਰਹ ਬਜਾਵਤ ਹੈ ਬਹਸੈ ਤਹ ਗ੍ਵਾਰਿਨ ਸੁੰਦਰ ਗਾਰੀ ॥

ਜਿਥੇ ਕਾਨ੍ਹ ਮੁਰਲੀ ਵਜਾਉਂਦਾ ਹੈ, ਉਥੇ ਗੋਪੀਆਂ ਹਸਦੀਆਂ ਅਤੇ ਗਾਲ੍ਹੀਆਂ ਦਿੰਦੀਆਂ ਹਨ।

ਤਾਹੀ ਤੇ ਤੋ ਸੋ ਕਹੋ ਚਲੀਐ ਕਛੁ ਸੰਕ ਕਰੋ ਨ ਮਨੈ ਬ੍ਰਿਜ ਨਾਰੀ ॥

ਇਸ ਵਾਸਤੇ ਤੈਨੂੰ ਕਹਿੰਦੀ ਹਾਂ, ਹੇ ਰਾਧਾ ('ਬ੍ਰਜ ਨਾਰੀ!') ਮਨ ਵਿਚ ਸ਼ੰਕਾ ਨਾ ਕਰ (ਅਤੇ ਜਲਦੀ) ਚਲ।

ਪਾਇਨ ਤੋਰੇ ਪਰੋ ਤਜਿ ਸੰਕ ਨਿਸੰਕ ਚਲੋ ਹਰਿ ਪਾਸਿਹ ਹਹਾ ਰੀ ॥੬੮੩॥

ਹਾਇ ਨੀ! (ਮੈਂ) ਤੇਰੇ ਪੈਰੀਂ ਪੈਂਦੀ ਹਾਂ, ਸੰਗ ਨੂੰ ਛਡ ਅਤੇ ਨਿਸੰਗ ਹੋ ਕੇ ਸ੍ਰੀ ਕ੍ਰਿਸ਼ਨ ਪਾਸ ਚਲ ॥੬੮੩॥

ਸੰਕ ਕਛੂ ਨ ਕਰੋ ਮਨ ਮੈ ਤਜਿ ਸੰਕ ਨਿਸੰਕ ਚਲੋ ਸੁਨਿ ਮਾਨਨਿ ॥

ਹੇ ਮਾਣ ਮੱਤੀਏ! ਸੁਣ, ਮਨ ਵਿਚ ਕੁਝ ਵੀ ਸੰਗ ਨਾ ਕਰ, ਸੰਗ ਨੂੰ ਛਡ ਕੇ ਅਤੇ ਨਿਸੰਗ ਹੋ ਕੇ (ਮੇਰੇ ਨਾਲ) ਚਲ।

ਤੇਰੇ ਮੈ ਪ੍ਰੀਤਿ ਮਹਾ ਹਰਿ ਕੀ ਤਿਹ ਤੇ ਹਉ ਕਹੋ ਤੁਹਿ ਸੰਗ ਗੁਮਾਨਨਿ ॥

ਸ੍ਰੀ ਕ੍ਰਿਸ਼ਨ ਦੀ ਤੇਰੇ ਵਿਚ ਬਹੁਤ ਪ੍ਰੀਤ ਹੈ, ਇਸੇ ਲਈ ਹੇ ਗੁਮਾਨਣੇ! ਮੈਂ ਤੇਰੇ ਨਾਲ ਗੱਲ ਕਰਦੀ ਹਾਂ।

ਨੈਨ ਬਨੇ ਤੁਮਰੇ ਸਰ ਸੇ ਸੁ ਧਰੇ ਮਨੋ ਤੀਛਨ ਮੈਨ ਕੀ ਸਾਨਨਿ ॥

ਤੇਰੇ ਨੈਣ ਤੀਰਾਂ ਵਾਂਗ ਬਣੇ ਹੋਏ ਹਨ ਜੋ ਮਾਨੋ ਕਾਮ ਦੀ ਸਾਣ ਤੇ ਚੜ੍ਹਾ ਕੇ ਤੇਜ਼ ਕੀਤੇ ਹੋਏ ਹੋਣ।

ਤੋ ਹੀ ਸੋ ਪ੍ਰੇਮ ਮਹਾ ਹਰਿ ਕੋ ਇਹ ਬਾਤ ਹੀ ਤੇ ਕਛੂ ਹਉ ਹੂੰ ਅਜਾਨਨਿ ॥੬੮੪॥

ਸ੍ਰੀ ਕ੍ਰਿਸ਼ਨ ਦਾ ਤੇਰੇ ਨਾਲ ਬਹੁਤ ਪ੍ਰੇਮ ਹੈ, (ਪਰ) ਇਸ ਗੱਲ ਤੋਂ ਮੈਂ ਹੀ ਕੁਝ ਅਣਜਾਣ ਜਿਹੀ ਹਾਂ ॥੬੮੪॥

ਮੁਰਲੀ ਜਦੁਬੀਰ ਬਜਾਵਤ ਹੈ ਕਬਿ ਸ੍ਯਾਮ ਕਹੈ ਅਤਿ ਸੁੰਦਰ ਠਉਰੈ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਬਹੁਤ ਸੁੰਦਰ ਸਥਾਨ ਉਤੇ ਮੁਰਲੀ ਵਜਾਉਂਦੇ ਹਨ।

ਤਾਹੀ ਤੇ ਤੇਰੇ ਪਾਸਿ ਪਠੀ ਸੁ ਕਹਿਯੋ ਤਿਹ ਲਿਆਵ ਸੁ ਜਾਇ ਕੈ ਦਉਰੈ ॥

ਉਸ ਵਾਸਤੇ ਤਾਂ ਮੈਨੂੰ ਤੇਰੇ ਪਾਸ ਭੇਜਿਆ ਹੈ ਅਤੇ ਕਿਹਾ ਹੈ ਕਿ ਦੌੜ ਕੇ ਜਾ ਅਤੇ ਉਸ ਨੂੰ ਲੈ ਕੇ ਆ।

ਨਾਚਤ ਹੈ ਜਹ ਚੰਦ੍ਰਭਗਾ ਅਰੁ ਗਾਇ ਕੈ ਗ੍ਵਾਰਨਿ ਲੇਤ ਹੈ ਭਉਰੈ ॥

ਜਿਥੇ ਚੰਦ੍ਰਭਗਾ ਨਚਦੀ ਹੈ, ਗੋਪੀਆਂ ਗਾਉਂਦੀਆਂ ਹੋਈਆਂ (ਕ੍ਰਿਸ਼ਨ ਦੇ ਦੁਆਲੇ) ਘੁੰਮਦੀਆਂ ਹਨ।

ਤਾਹੀ ਤੇ ਬੇਗ ਚਲੋ ਸਜਨੀ ਤੁਮਰੇ ਬਿਨ ਹੀ ਰਸ ਲੂਟਤ ਅਉਰੈ ॥੬੮੫॥

ਇਸ ਲਈ ਹੇ ਸਜਨੀ! ਜਲਦੀ ਚਲ, (ਕਿਉਂਕਿ) ਤੇਰੇ ਬਿਨਾ ਹੀ ਹੋਰ ਰਸ ਲੁਟ ਰਹੀਆਂ ਹਨ ॥੬੮੫॥

ਤਾਹੀ ਤੇ ਬਾਲ ਬਲਾਇ ਲਿਉ ਤੇਰੀ ਮੈ ਬੇਗ ਚਲੋ ਨੰਦ ਲਾਲ ਬੁਲਾਵੈ ॥

ਇਸ ਵਾਸਤੇ ਹੇ ਸਖੀ! ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹੈ, ਜਲਦੀ ਚਲ, ਨੰਦ ਲਾਲ (ਕ੍ਰਿਸ਼ਨ) ਬੁਲਾ ਰਿਹਾ ਹੈ।

ਸ੍ਯਾਮ ਬਜਾਵਤ ਹੈ ਮੁਰਲੀ ਜਹ ਗ੍ਵਾਰਿਨੀਯਾ ਮਿਲਿ ਮੰਗਲ ਗਾਵੈ ॥

ਜਿਥੇ ਸ੍ਰੀ ਕ੍ਰਿਸ਼ਨ ਮੁਰਲੀ ਵਜਾਉਂਦਾ ਹੈ, (ਉਥੇ) ਗੋਪੀਆਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ।


Flag Counter