ਇਹ ਕਹਿ ਕੇ ਰਾਜ ਕੁਮਾਰ ਨੂੰ ਵਿਦਾ ਕਰ ਦਿੱਤਾ।
ਸਵੇਰੇ ਮਰਦ ਦਾ ਭੇਸ ਧਾਰਨ ਕਰ ਲਿਆ।
ਰਾਜ ਕੁਮਾਰ ਦੇ ਘਰ ਵਲ ਪ੍ਰਸਥਾਨ ਕੀਤਾ।
ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੧॥
ਰਾਜ-ਕੁਮਾਰ ਨੇ ਉਸ ਨੂੰ ਨੌਕਰ ਰਖ ਲਿਆ
ਅਤੇ (ਆਪਣੇ) ਮੁਸਾਹਿਬਾਂ (ਸਾਥੀਆਂ) ਵਿਚ ਸਥਾਨ ਦੇ ਦਿੱਤਾ।
ਉਹੀ (ਰਾਜ ਕੁਮਾਰ) ਦੇ ਖਾਣ ਪੀਣ ਦੀ ਵਿਵਸਥਾ ਕਰਨ ਲਗੀ।
ਹੋਰ ਕੋਈ ਨਰ ਨਾਰੀ ਜਾ ਨਹੀਂ ਸਕਦਾ ਸੀ ॥੧੨॥
(ਉਹ) ਇਕ ਦਿਨ ਪ੍ਰੀਤਮ ਨੂੰ ਸ਼ਿਕਾਰ ਖੇਡਣ ਲਈ ਲੈ ਗਈ
ਅਤੇ ਸੁਰਾਹੀ ਵਿਚ ਸ਼ਰਾਬ ਭਰ ਲਈ।
(ਉਸ ਨੇ) ਸੁਰਾਹੀ ਨੂੰ ਜਲ ਨਾਲ ਭਿਗੋ ਕੇ ਉਛਾਲਿਆ (ਜਾਂ ਉੱਚਾ ਟੰਗਿਆ)।
ਉਸ ਵਿਚੋਂ ਪਾਣੀ ਚੋਂਦਾ ਰਿਹਾ ॥੧੩॥
ਸਾਰੇ ਉਸ ਨੂੰ ਪਾਣੀ ਸਮਝ ਰਹੇ ਸਨ।
ਕੋਈ ਵੀ ਬੁੱਧੀਮਾਨ ਉਸ ਨੂੰ ਸ਼ਰਾਬ ਨਹੀਂ ਸਮਝ ਰਿਹਾ ਸੀ।
ਜਦ (ਉਹ) ਬਨ ਦੇ ਵਿਚਕਾਰ ਗਏ,
ਤਾਂ ਬਾਲਿਕਾ ਨੇ ਰਾਜ ਕੁਮਾਰ ਨੂੰ ਕਿਹਾ ॥੧੪॥
ਹੇ ਗੌਰਵਸ਼ਾਲੀ (ਰਾਜ ਕੁਮਾਰ)! ਤੁਹਾਨੂੰ ਪਿਆਸ ਲਗੀ ਹੈ,
(ਇਸ ਲਈ) ਇਹ ਠੰਡਾ ਪਾਣੀ ਪੀ ਲਵੋ।
(ਇਸਤਰੀ ਨੇ) ਪਿਆਲਾ ਭਰ ਕੇ ਉਸ ਨੂੰ ਪਿਲਾਇਆ।
ਸਭ ਨੇ ਉਸ ਨੂੰ ਜਲ ਕਰ ਕੇ ਹੀ ਸਮਝਿਆ ॥੧੫॥
ਫਿਰ ਇਸਤਰੀ ਨੇ ਹੱਥ ਵਿਚ ਕਬਾਬ ਲੈ ਲਿਆ
ਅਤੇ ਕਹਿਣ ਲਗੀ, ਹੇ ਰਾਜ ਕੁਮਾਰ! ਬਨ ਦੇ ਫਲ ਖਾਓ।
ਇਨ੍ਹਾਂ ਨੂੰ ਤੁਹਾਡੇ ਲਈ ਹੀ ਤੋੜ ਕੇ ਲਿਆਂਦਾ ਹੈ।
ਹੁਣ (ਤੁਸੀਂ) ਕਈ ਪ੍ਰਕਾਰ ਦੇ ਸੁਆਦ (ਵਾਲੇ ਫਲਾਂ ਨੂੰ) ਖਾਓ ॥੧੬॥
ਜਦ ਦੁਪਹਿਰ ('ਮਧ੍ਯਾਨ') ਦਾ ਸਮਾਂ ਹੋਇਆ,
ਤਾਂ ਸਭ ਲੋਕਾਂ ਨੂੰ ਇਸ ਤਰ੍ਹਾਂ ਕਿਹਾ,
ਤੁਸੀਂ ਸਾਰੇ ਰਾਜੇ ਨਾਲ ਚਲੋ,
ਅਸੀਂ ਜਗਨ ਨਾਥ ਦੀ ਪੂਜਾ ਕਰਾਂਗੇ ॥੧੭॥
ਸਭ ਲੋਕਾਂ ਨੂੰ ਰਾਜੇ ਨਾਲ ਭੇਜ ਦਿੱਤਾ।
(ਪਿਛੇ) ਦੋਵੇਂ ਇਸਤਰੀ ਅਤੇ ਪੁਰਸ਼ ਰਹਿ ਗਏ।
(ਉਨ੍ਹਾਂ ਨੇ) ਦਸਾਂ ਦਿਸ਼ਾਵਾਂ ਵਿਚ (ਭਾਵ-ਸਭ ਪਾਸੇ) ਪਰਦਾ ਤਾਣ ਲਿਆ
ਅਤੇ ਹਸ ਹਸ ਕੇ ਮੌਜ ਨਾਲ ਕਾਮ-ਕ੍ਰੀੜਾ ਕੀਤੀ ॥੧੮॥
ਦੋਹਰਾ:
ਇਸ ਚਰਿਤ੍ਰ ਦੁਆਰਾ ਦੋਵੇਂ ਇਸਤਰੀ ਪੁਰਸ਼ ਹਸ ਹਸ ਕੇ ਰਮਣ ਕਰਦੇ ਰਹੇ।
(ਉਨ੍ਹਾਂ ਨੇ) ਪ੍ਰਜਾ ਸਮੇਤ ਰਾਜੇ ਨੂੰ ਛਲ ਲਿਆ, ਪਰ ਰਾਜਾ (ਕੁਝ ਵੀ) ਵਿਚਾਰ ਨਾ ਸਕਿਆ ॥੧੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੩॥੬੯੯੬॥ ਚਲਦਾ॥
ਚੌਪਈ:
ਛਤ੍ਰ ਦੇਵ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
ਉਸ ਦਾ ਨਗਰ ਸੁਰਰਾਜਵਤੀ ਕਰ ਕੇ ਜਾਣਿਆ ਜਾਂਦਾ ਸੀ।
ਉਸ ਨਾਲ ਅਮਿਤ ਚਤੁਰੰਗਣੀ ਸੈਨਾ
ਗੰਗਾ ਦੀਆਂ ਲਹਿਰਾਂ ਵਾਂਗ ਉਮਡ ਕੇ ਚਲਦੀ ਸੀ ॥੧॥
ਅੜਿਲ:
ਅਲਕੇਸ ਮਤੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।
ਉਸ ਨੂੰ ਜਾਂ ਤਾਂ ਪਰੀ, ਪਦਮਨੀ, ਉਸ਼ਾ ('ਪ੍ਰਾਤ') ਜਾਂ ਪ੍ਰਕ੍ਰਿਤੀ ਵਰਗੀ ਸਮਝੋ।
ਜਾਂ ਉਹ ਚੰਦ੍ਰਮਾ, ਦੇਵਤਿਆਂ ਜਾਂ ਸੂਰਜ ਦੀ ਧੀ ਮੰਨ ਲਵੋ।
(ਅਸਲ ਵਿਚ) ਉਸ ਵਰਗੀ ਇਸਤਰੀ ਨਾ ਪਹਿਲਾਂ ਹੋਈ ਹੈ ਅਤੇ ਨਾ ਪਿਛੋਂ ਹੋਏਗੀ ॥੨॥
ਉਥੇ ਇਕ ਜ਼ੁਲਫ਼ ਰਾਇ ਨਾਂ ਦਾ ਛਤ੍ਰੀ ਹੁੰਦਾ ਸੀ
ਜਿਸ ਨੂੰ ਬਹੁਤ ਰੂਪਵਾਨ, ਗੁਣਵਾਨ ਅਤੇ ਸੁਘੜ ਸਮਝਿਆ ਜਾਂਦਾ ਸੀ।