ਅਤੇ ਹੂਰਾਂ ਧਰਤੀ ਉੱਤੇ ਝੂਮਦੀਆਂ ਫਿਰਦੀਆਂ ਹਨ।
ਸੰਖ ਵੱਜਦੇ ਹਨ ਅਤੇ ਜਿਨ੍ਹਾਂ ਵਿੱਚੋਂ 'ਗਦ' ਸ਼ਬਦ (ਨਿਲਕਦਾ ਹੈ)
ਅਤੇ ਛੋਟਿਆਂ ਸੰਖਾਂ ਤੇ ਭੋਰੀਆਂ ਦਾ ਨਾਦ (ਹੋ ਰਿਹਾ ਹੈ) ॥੫੫੨॥
ਕਵਚ ਟੁੱਟ ਰਹੇ ਹਨ ਅਤੇ (ਸੂਰਮਿਆਂ ਦੇ ਅੰਗ) ਫੁੱਟ ਰਹੇ ਹਨ,
ਸੂਰਮੇ ਜੰਗ ਵਿੱਚ ਰੁੱਝੇ ਹੋਏ ਜੂਝ ਰਹੇ ਹਨ।
ਸੂਰਮਿਆਂ ਨੂੰ ਯੁੱਧ ਦਾ ਚਾਉ ਚੜ੍ਹਿਆ ਹੋਇਆ ਹੈ ਅਤੇ ਹੂਰਾਂ ਨੱਚ ਰਹੀਆਂ ਹਨ।
ਮਸਤੀ ਦੀ ਧੁੰਮ ਨੇ ਸਾਰੀ (ਧਰਤੀ) ਪੂਰ ਦਿੱਤੀ ਹੈ ॥੫੫੩॥
ਅੱਧੇ ਵੱਢੇ ਹੋਏ ਧੜ ਉੱਠ ਖੜੋਂਦੇ ਹਨ (ਜਿਨ੍ਹਾਂ ਨੇ) ਜਾਲੀਦਾਰ ਕਵਚ,
ਦਸਤਾਨੇ ਸਿਰ ਦੇ ਟੋਪ ਅਤੇ ਸ਼ਸਤ੍ਰ ਅਸਤ੍ਰ (ਸਜਾਏ ਹੋਏ ਹਨ)
ਉਹ ਕ੍ਰੋਧ ਦੇ ਭਰੇ ਹੋਏ ਹਨ ਅਤੇ (ਉਨ੍ਹਾਂ ਦੇ) ਕੇਸ ਖੁੱਲ੍ਹੇ ਹੇਏ ਹਨ।
ਸ਼ੇਰਾਂ ਦੇ ਰੂਪ ਵਿੱਚ ਸੂਰਮੇ ਜੰਗ ਕਰਦੇ ਹਨ ॥੫੫੪॥
(ਫੁਲਾਦੀ) ਟੋਪ ਅਤੇ (ਮੱਥੇ ਉੱਤੇ ਲਗਾਏ ਲੋਹੇ ਦੇ) ਟਿੱਕੇ ਟੁੱਟੇ ਪਏ ਹਨ।
(ਜਿਨ੍ਹਾਂ ਦੀ) ਤਲਵਾਰ ਟੁੱਟ ਗਈ ਹੈ, (ਉਹ) ਸੈਨਾਪਤੀ ਭੱਜ ਗਏ ਹਨ।
ਫੱਟੜ ਘੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਹਨ।
ਜੰਗਲ ਵਾਂਗੂੰ (ਰਣ-ਭੂਮੀ ਵਿੱਚ) ਧੁੰਧ ਪਸਰ ਰਹੀ ਹੈ ॥੫੫੫॥
ਬੇਹਿਸਾਬੇ ਰਣ-ਸਿੰਘੇ ਅਤੇ ਵਾਜੇ ਵੱਜਦੇ ਹਨ।
ਲੜਾਕੇ ਸੂਰਵੀਰ (ਸ਼ਸਤ੍ਰਾਂ ਨਾਲ) ਸੱਜੇ ਹੋਏ ਹਨ
ਅਤੇ ਰਣ-ਭੂਮੀ ਵਿੱਚ ਟੁਕੜੇ-ਟੁਕੜੇ ਹੋ ਕੇ ਜੂਝ ਰਹੇ ਹਨ,
ਮਾਨੋ ਸ਼ਰਾਬ ਦੇ ਨਸ਼ੇ ਨਾਲ ਬੇਸੁੱਧ ਹੋਏ ਪਏ ਹੋਣ ॥੫੫੬॥
ਬੇਅੰਤ ਸ਼ਸਤ੍ਰ ਤੇ ਅਸਤ੍ਰ ਚਲ ਰਹੇ ਹਨ।
ਰਣ-ਭੂਮੀ (ਲਹੂ ਦੇ) ਭਿਆਨਕ ਰੰਗ ਨਾਲ ਰੰਗੀ ਹੋਈ ਹੈ।
ਹਥਿਆਰ ਅੱਧਾ-ਧੁੰਧ ਨਿਕਲ ਕੇ (ਚਮਕਣ ਲੱਗੇ ਹਨ)
ਅਤੇ ਪ੍ਰਚੰਡ ਸੂਰਵੀਰ ਲਲਕਾਰੇ ਮਾਰਦੇ ਹਨ ॥੫੫੭॥
ਲੋਥਾਂ ਦੇ ਅਨੇਕ ਝੁੰਡ ਖਿੱਲਰੇ ਪਏ ਹਨ,
ਕਰੋੜਾਂ ਸੂਰਮੇ ਯੁੱਧ ਮਚਾ ਰਹੇ ਹਨ (ਅਤੇ ਕਈ ਰਣ-ਭੂਮੀ ਵਿੱਚੋਂ) ਭੱਜ ਨਿਕਲੇ ਹਨ।
ਭੂਤ, ਪ੍ਰੇਤ ਅਤੇ ਮਸਾਣ ਹੱਸ ਰਹੇ ਹਨ।
ਯੋਧੇ ਕ੍ਰਿਪਾਨਾਂ ਲੈ ਕੇ ਜੂਝ ਰਹੇ ਹਨ ॥੫੫੮॥
ਬਹੜਾ ਛੰਦ
ਬਹੁਤ ਕ੍ਰੋਧ ਕਰਕੇ ਘੋੜ ਚੜ੍ਹੇ ਸੈਨਾਪਤੀ ਅੱਗੇ ਵੱਧਦੇ ਹਨ,
ਜੋ ਨਿਸੰਗ ਹੋ ਕੇ ਰਾਮ-ਰਾਮ ਪੁਕਾਰਦੇ ਆਉਂਦੇ ਹਨ।
ਭਿਆਨਕ ਯੁੱਧ ਵਿੱਚ ਰੁਝ ਕੇ ਅੰਤ ਨੂੰ ਧਰਤੀ 'ਤੇ ਡਿੱਗ ਪੈਂਦੇ ਹਨ
ਅਤੇ ਰਾਮ ਚੰਦਰ ਤੋਂ ਹੱਥੋਂ (ਮਰ ਕੇ) ਸੰਸਾਰ ਸਾਗਰ ਤੋਂ ਤਰ ਜਾਂਦੇ ਹਨ ॥੫੫੯॥
ਯੋਧੇ ਇਕੱਠੇ ਹੋ ਕੇ ਬਰਛੇ ਪਕੜਦੇ ਹਨ ਅਤੇ ਸਨਮੁੱਖ ਹੋ ਕੇ ਲੜਦੇ ਹਨ।
ਟੋਟੇ-ਟੋਟੇ ਹੋ ਕੇ ਡਿੱਗਦੇ ਹਨ, ਪਰ ਘਰ ਨੂੰ ਯਾਦ ਤੱਕ ਨਹੀਂ ਕਰਦੇ ਹਨ।
(ਜਿਨ੍ਹਾਂ ਦੇ) ਤਨ ਨੂੰ ਤਲਵਾਰਾਂ ਦੀ ਧਾਰ ਜ਼ਰਾ ਜਿੰਨੀ ਵੀ ਨਹੀਂ ਹੈ ਉਹ ਰਣ-ਭੂਮੀ ਵਿੱਚ
ਟੋਟੇ-ਟੋਟੇ ਹੋ ਕੇ ਡਿੱਗ ਰਹੇ ਹਨ ਅਤੇ ਧਨੁਸ਼ ਟੁੱਟ ਰਹੇ ਹਨ ॥੫੬੦॥
ਸੰਗੀਤ ਬਹੜਾ ਛੰਦ
(ਹੱਥ ਵਿੱਚ) ਬਰਛੇ ਪਕੜ ਕੇ, ਘੋੜੀਆਂ ਨੂੰ ਰਣ-ਭੂਮੀ ਵਿੱਚ ਨਚਾਉਂਦੇ ਹਨ।
(ਫੱਟ ਲੱਗਣ ਤੇ ਉਹ) ਝੂਮ ਕੇ ਧਰਤੀ ਉੱਤੇ ਡਿੱਗਦੇ ਹਨ ਅਤੇ ਸੁਅਰਗਪੁਰੀ ਨੂੰ ਚਲੇ ਜਾਂਦੇ ਹਨ।
(ਜਿਨ੍ਹਾਂ ਦੇ) ਅੰਗ ਭੰਗ ਹੋਏ ਹਨ, (ਉਹ) ਰਣ-ਭੂਮੀ ਵਿੱਚ ਡਿੱਗਦੇ ਹਨ।
ਪ੍ਰਚੰਡ ਸੂਰਮਿਆਂ ਦੇ ਤਨ ਲਹੂ ਨਾਲ ਭਿੱਜੇ ਪਏ ਹਨ ॥੫੬੧॥
ਰਾਵਣ (ਰਿਪੁ-ਰਾਜ) ਕ੍ਰੋਧ ਕਰਕੇ ਲੱਛਮਣ ਵੱਲ ਵਧਿਆ ਹੈ।
ਕ੍ਰੋਧ ਨਾਲ (ਉਸ ਦਾ) ਤਨ ਕੁੜ੍ਹਿਆ ਹੋਇਆ ਹੈ ਅਤੇ ਪਵਨ ਦਾ ਵੇਗ ਹੋ ਕੇ ਤੁਰਿਆ ਹੈ।
(ਰਾਵਣ ਨੇ ਰਾਮ ਦੇ) ਛੋਟੇ ਭਰਾ (ਲੱਛਮਣ) ਦੀ ਛਾਤੀ ਵਿੱਚ (ਤੁਰਤ ਬਰਛੀ) ਫੜ ਕੇ ਸਟ ਮਾਰ ਦਿੱਤੀ ਹੈ।
(ਜਿਸ ਕਰਕੇ ਲੱਛਮਣ) ਘੁਮੇਰੀ ਖਾ ਕੇ ਧਰਤੀ 'ਤੇ ਡਿੱਗ ਪਿਆ ਹੈ। ਮਾਨੋ (ਰਾਵਣ ਨੇ) ਪੁੱਤਰ ਦਾ ਬਦਲਾ ਲੈ ਲਿਆ ਹੋਵੇ ॥੫੬੨॥
ਚੁੜੇਲਾਂ ਚੀਖਦੀਆਂ ਹਨ ਅਤੇ ਡਾਕਣੀਆਂ ਡਕਾਰਦੀਆਂ ਹਨ।
ਭੂਤ ਰੌਲਾ ('ਭਰਹਰ') ਪਾਂਦੇ ਹਨ ਅਤੇ ਰਣ-ਭੂਮੀ ਵਿੱਚ (ਰਾਵਣ) ਕ੍ਰੋਧ ਨਾਲ ਸੜ ਰਿਹਾ ਹੈ।
ਲੱਛਮਣ ਰਣ ਵਿੱਚ ਲੜਦਾ ਹੋਇਆ ਮੂਰਛਿਤ ਹੋ ਗਿਆ ਹੈ।