ਸ਼੍ਰੀ ਦਸਮ ਗ੍ਰੰਥ

ਅੰਗ - 1365


ਕਰਿ ਕਰਿ ਕੋਪ ਕਾਲ ਸ੍ਰੀ ਤਬ ਹੀ ॥

ਤਦ ਹੀ ਸ੍ਰੀ ਕਾਲ ਕ੍ਰੋਧ ਕਰ ਕੇ

ਰਥ ਪਰ ਚੜਾ ਸਸਤ੍ਰ ਲੈ ਸਭ ਹੀ ॥

ਅਤੇ ਸਾਰੇ ਸ਼ਸਤ੍ਰਾਂ ਨੂੰ ਧਾਰਨ ਕਰ ਕੇ ਰਥ ਉਤੇ ਚੜ੍ਹ ਪਿਆ।

ਸਕਲ ਸਤ੍ਰੁਅਨ ਕੇ ਛੈ ਕਾਰਨ ॥

(ਅਜਿਹਾ ਕਰਨ ਦਾ ਉਸ ਦਾ ਮੂਲ ਮਨੋਰਥ ਸੀ) ਸਾਰਿਆਂ ਵੈਰੀਆਂ ਦਾ ਨਾਸ਼ ਕਰਨਾ

ਸਭ ਸੰਤਨ ਕੇ ਪ੍ਰਾਨ ਉਬਾਰਨ ॥੧੦੨॥

ਅਤੇ ਸਾਰਿਆਂ ਸੰਤਾਂ ਦੇ ਪ੍ਰਾਣਾਂ ਦੀ ਰਖਿਆ ਕਰਨਾ ॥੧੦੨॥

ਪ੍ਰਾਨ ਔਰ ਪਾਨਿਪ ਧਨੁ ਰਾਜਾ ॥

ਪ੍ਰਾਣਾਂ ਅਤੇ ਸ਼ੋਭਾ ਰੂਪ ਧਨ ਦਾ ਸੁਆਮੀ

ਰਾਖਨ ਚੜਾ ਸੇਵਕਨ ਕਾਜਾ ॥

ਸੇਵਕਾਂ ਦੀ ਰਖਿਆ ਲਈ ਚੜ੍ਹ ਪਿਆ।

ਜਾ ਕੀ ਧੁਜਾ ਬਿਖੈ ਰਾਜਿਤ ਅਸਿ ॥

ਜਿਸ ਦੇ ਝੰਡੇ ਵਿਚ ਤਲਵਾਰ (ਦਾ ਚਿੰਨ੍ਹ) ਸ਼ੋਭ ਰਿਹਾ ਸੀ

ਨਿਰਖਿ ਸਤ੍ਰੁ ਜਿਹ ਹੋਤ ਬਿਮਨ ਬਸਿ ॥੧੦੩॥

ਅਤੇ ਜਿਸ ਨੂੰ ਵੇਖ ਕੇ ਵੈਰੀ ਚਿੰਤਾ ਵਿਚ ਫਸ ਜਾਂਦੇ ਸਨ ॥੧੦੩॥

ਅਸਿਧੁਜ ਅਧਿਕ ਕੋਪ ਕਰਿ ਧਾਯੋ ॥

ਅਸਿਧੁਜ (ਜਿਸ ਦੀ ਧੁਜਾ ਉਪਰ ਤਲਵਾਰ ਦਾ ਚਿੰਨ੍ਹ ਹੈ, ਭਾਵ-ਮਹਾ ਕਾਲ) ਬਹੁਤ ਕ੍ਰੋਧਵਾਨ ਹੋ ਕੇ ਚੜ੍ਹ ਪਿਆ

ਬੈਰਿ ਬ੍ਰਿੰਦ ਦਲ ਪ੍ਰਗਟ ਖਪਾਯੋ ॥

ਅਤੇ ਵੈਰੀ ਦਲਾਂ ਦੇ ਸਮੂਹ ਨੂੰ ਜ਼ਾਹਿਰਾ ਤੌਰ ਤੇ ਖਪਾ ਦਿੱਤਾ।

ਸਾਧੁਨ ਕੀ ਰਛਾ ਕਰਿ ਲੀਨੀ ॥

(ਉਸ ਨੇ) ਸਾਧਾਂ ਦੀ ਰਖਿਆ ਕਰ ਲਈ

ਸਤ੍ਰੁ ਸੈਨ ਤਿਲ ਤਿਲ ਖੈ ਕੀਨੀ ॥੧੦੪॥

ਅਤੇ ਵੈਰੀਆਂ ਦੀ ਸੈਨਾ ਨੂੰ ਤਿਲ ਤਿਲ ਕਰ ਕੇ ਨਸ਼ਟ ਕਰ ਦਿੱਤਾ ॥੧੦੪॥

ਤਿਲ ਤਿਲ ਏਕ ਏਕ ਕਰਿ ਡਾਰਾ ॥

(ਉਸ ਨੇ) ਇਕ ਇਕ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ

ਗਜੀ ਰਥੀ ਬਾਜਿਯਨ ਬਿਦਾਰਾ ॥

ਅਤੇ ਹਾਥੀਆਂ, ਘੋੜਿਆਂ ਅਤੇ ਰਥਾਂ ਵਾਲਿਆਂ ਨੂੰ ਨਸ਼ਟ ਕਰ ਦਿੱਤਾ।

ਤਿਹ ਤੇ ਅਮਿਤ ਅਸੁਰ ਉਠਿ ਧਏ ॥

ਉਸ ਤੋਂ ਅਣਗਿਣਤ ਦੈਂਤ ਉੱਠ ਕੇ ਦੌੜ ਪਏ ਅਤੇ

ਘੇਰਤ ਮਹਾਕਾਲ ਕਹ ਭਏ ॥੧੦੫॥

ਮਹਾਂਕਾਲ ਨੂੰ ਘੇਰ ਲਿਆ ॥੧੦੫॥

ਮਚਤ ਭਯੋ ਜਬ ਹੀ ਰਨ ਦਾਰੁਨ ॥

ਜਦੋਂ ਭਿਆਨਕ ਯੁੱਧ ਸ਼ੁਰੂ ਹੋ ਗਿਆ

ਕਟਿ ਕਟਿ ਗਏ ਬਾਜ ਅਰੁ ਬਾਰੁਨ ॥

ਤਾਂ ਹਾਥੀ ਅਤੇ ਘੋੜੇ ਕਟੇ ਜਾਣ ਲਗੇ।

ਜੰਬਕ ਗੀਧ ਮਾਸੁ ਲੈ ਗਏ ॥

ਗਿਧਾਂ ਅਤੇ ਗਿਦੜ ਮਾਸ ਲੈ ਗਏ

ਰਨ ਤਜਿ ਸੁਭਟਨ ਭਾਜਤ ਭਏ ॥੧੦੬॥

ਅਤੇ ਯੋਧੇ ਰਣ ਛਡ ਕੇ ਭਜ ਗਏ ॥੧੦੬॥

ਸਸਤ੍ਰ ਸਾਜ ਕੋਪਾ ਤਬ ਕਾਲਾ ॥

ਤਦ ਮਹਾ ਕਾਲ ਸ਼ਸਤ੍ਰ ਸੰਭਾਲ ਕੇ ਬਹੁਤ ਰੋਹ ਵਿਚ ਆ ਗਿਆ

ਧਾਰਨ ਭਯੋ ਭੇਸ ਬਿਕਰਾਲਾ ॥

ਅਤੇ ਭਿਆਨਕ ਭੇਸ ਧਾਰਨ ਕਰ ਲਿਆ।

ਬਾਨ ਅਨੇਕ ਕੋਪ ਕਰਿ ਛੋਰੇ ॥

(ਉਸ ਨੇ) ਕ੍ਰੋਧਿਤ ਹੋ ਕੇ ਬਹੁਤ ਸਾਰੇ ਬਾਣ ਛਡੇ

ਸਤ੍ਰੁ ਅਨੇਕਨ ਕੇ ਸਿਰ ਫੋਰੇ ॥੧੦੭॥

ਅਤੇ ਅਨੇਕ ਵੈਰੀਆਂ ਦੇ ਸਿਰ ਫੋੜ ਦਿੱਤੇ ॥੧੦੭॥

ਹਕਾਹਕੀ ਮਾਚਾ ਸੰਗ੍ਰਾਮਾ ॥

ਖਿਚੋਤਾਣੀ ਨਾਲ ਯੁੱਧ ਹੋਣ ਲਗ ਗਿਆ।

ਪਠੈ ਦਏ ਬਹੁ ਅਰਿ ਮ੍ਰਿਤੁ ਧਾਮਾ ॥

(ਮਹਾ ਕਾਲ ਨੇ) ਬਹੁਤ ਸਾਰੇ ਵੈਰੀਆਂ ਨੂੰ ਯਮ-ਲੋਕ ਭੇਜ ਦਿੱਤਾ।

ਬਾਜ ਖੁਰਨ ਭੂ ਆਕੁਲ ਭਈ ॥

ਘੋੜਿਆਂ ਦੇ ਖੁਰਾਂ (ਦੇ ਵਜਣ ਨਾਲ) ਧਰਤੀ ਵਿਆਕੁਲ ਹੋ ਗਈ

ਖਟ ਪਟ ਭੂਮਿ ਗਗਨ ਉਡਿ ਗਈ ॥੧੦੮॥

ਅਤੇ ਭੂਮੀ ਦੇ ਛੇ ਪੜਦੇ (ਪਟ, ਪੁੜ) ਆਕਾਸ਼ ਵਿਚ (ਧੂੜ ਬਣ ਕੇ) ਉਡ ਗਏ ॥੧੦੮॥

ਏਕੈ ਰਹਿ ਗਯੋ ਜਬੈ ਪਯਾਲਾ ॥

ਜਦ ਕੇਵਲ ਇਕੋ ਪਾਤਾਲ ਰਹਿ ਗਿਆ

ਐਸਾ ਮਚਾ ਜੁਧ ਬਿਕਰਾਲਾ ॥

ਤਾਂ ਅਜਿਹਾ ਭਿਆਨਕ ਯੁੱਧ ਮਚਿਆ

ਮਹਾ ਕਾਲ ਕੈ ਭਯੋ ਪ੍ਰਸੇਤਾ ॥

ਕਿ ਮਹਾ ਕਾਲ ਨੂੰ ਪਸੀਨਾ ਆ ਗਿਆ।

ਡਾਰਾ ਭੂਮਿ ਪੌਛਿ ਕਰਿ ਤੇਤਾ ॥੧੦੯॥

(ਉਸ ਨੇ) ਉਹ ਸਾਰਾ ਪੂੰਝ ਕੇ ਧਰਤੀ ਉਤੇ ਸੁਟ ਦਿੱਤਾ ॥੧੦੯॥

ਭਟਾਚਾਰਜ ਰੂਪ ਤਬ ਧਰਾ ॥

(ਮਹਾ ਕਾਲ ਦੇ) ਮੁਖ ਦਾ ਜੋ ਪਸੀਨਾ ਧਰਤੀ ਉਤੇ ਡਿਗਿਆ,

ਬਦਨ ਪ੍ਰਸੇਤ ਧਰਨਿ ਜੋ ਪਰਾ ॥

ਉਸ ਨੇ ਤਦ ਭਟਾਚਾਰਜ ਦਾ ਰੂਪ ਧਾਰਨ ਕਰ ਲਿਆ।

ਢਾਢਿ ਸੈਨ ਢਾਢੀ ਬਪੁ ਲਯੋ ॥

(ਫਿਰ) ਢਾਢਿ ਸੈਨ ਨੇ ਢਾਢੀ ਦਾ ਸ਼ਰੀਰ ('ਬਪੁ') ਧਾਰਨ ਕੀਤਾ

ਕਰਖਾ ਬਾਰ ਉਚਾਰਤ ਭਯੋ ॥੧੧੦॥

ਅਤੇ ਕਰਖਾ ਛੰਦ ਵਿਚ (ਮਹਾ ਕਾਲ ਦੇ ਯਸ਼ ਦੀ) ਵਾਰ ਉਚਾਰਨ ਲਗਾ ॥੧੧੦॥

ਜਿਹ ਅਰਿ ਕਾਲ ਕ੍ਰਿਪਾਨ ਪ੍ਰਹਾਰੈ ॥

ਜਿਸ ਉਤੇ ਕਾਲ ਨੇ ਕ੍ਰਿਪਾਨ ਦਾ ਵਾਰ ਕੀਤਾ,

ਇਕ ਤੇ ਦੋਇ ਪੁਰਖ ਕੈ ਡਾਰੈ ॥

(ਉਸ ਨੂੰ) ਇਕ ਤੋਂ ਦੋ ਪੁਰਸ਼ ਬਣਾ ਦਿੱਤਾ।

ਦ੍ਵੈ ਮਨੁਖਨ ਪਰ ਕਰਤ ਪ੍ਰਹਾਰਾ ॥

(ਫਿਰ ਉਨ੍ਹਾਂ) ਦੋ ਮਨੁੱਖਾਂ ਉਤੇ ਵਾਰ ਕਰਦਾ

ਦ੍ਵੈ ਤੇ ਹੋਤ ਛਿਨਿਕ ਮੋ ਚਾਰਾ ॥੧੧੧॥

ਅਤੇ ਛਿਣ ਭਰ ਵਿਚ ਦੋ ਤੋਂ ਚਾਰ ਹੋ ਜਾਂਦੇ ॥੧੧੧॥

ਬਹੁਰਿ ਕਾਲ ਕੀਨਾ ਘਮਸਾਨਾ ॥

ਕਾਲ ਨੇ ਫਿਰ ਘਮਸਾਨ ਯੁੱਧ ਕੀਤਾ

ਮਾਰਤ ਭਯੋ ਦੈਤ ਬਿਧਿ ਨਾਨਾ ॥

ਅਤੇ ਅਨੇਕ ਤਰ੍ਹਾਂ ਨਾਲ ਦੈਂਤਾਂ ਨੂੰ ਮਾਰ ਦਿੱਤਾ।

ਅਧਿਕ ਪ੍ਰਸੇਤ ਧਰਨਿ ਪਰ ਪਰਿਯੋ ॥

(ਜਦ ਮਹਾ ਕਾਲ ਦਾ) ਹੋਰ ਪਸੀਨਾ ਧਰਤੀ ਉਤੇ ਪਿਆ,

ਭੂਮ ਸੈਨ ਤਾ ਤੇ ਬਪੁ ਧਰਿਯੋ ॥੧੧੨॥

ਤਾਂ ਉਸ ਤੋਂ ਭੂਮ ਸੈਨ ਨੇ ਸ਼ਰੀਰ ਧਾਰਨ ਕੀਤਾ ॥੧੧੨॥

ਕਾਢਿ ਕ੍ਰਿਪਾਨ ਧਸੌ ਹੁੰਕਾਰਾ ॥

(ਉਹ) ਕ੍ਰਿਪਾਨ ਕਢ ਕੇ ਲਲਕਾਰਦਾ ਹੋਇਆ (ਵੈਰੀ ਸੈਨਾ ਵਿਚ) ਧਸ ਵੜਿਆ।

ਤਿਨ ਤੇ ਅਮਿਤ ਗਨਨ ਤਨ ਧਾਰਾ ॥

ਉਸ ਤੋਂ ਬੇਸ਼ੁਮਾਰ ਗਣਾਂ ਨੇ ਆਕਾਰ ਧਾਰਨ ਕੀਤੇ।

ਢੋਲ ਪਟਹਿ ਇਕ ਤਾਲ ਬਜਾਵੈ ॥

ਕਈ ਇਕ ਢੋਲ, ਪੱਟਾ ਅਤੇ ਤਾਲ ਵਜਾਉਂਦੇ

ਜੰਗ ਮੁਚੰਗ ਉਪੰਗ ਸੁਨਾਵੈ ॥੧੧੩॥

ਅਤੇ ਚੰਗ, ਮੁਚੰਗ ਤੇ ਉਪੰਗ (ਆਦਿ ਵਾਜੇ ਵਜਾ ਕੇ) ਸੁਣਾਉਂਦੇ ॥੧੧੩॥


Flag Counter