ਜਿਤਨੇ ਵੀ ਭਾਰੀ ਭੁਜਾਵਾਂ ਵਾਲੇ ਦੈਂਤ ਉਥੇ ਢੁਕੇ,
ਉਤਨਿਆਂ ਦਾ ਲਹੂ ਧਰਤੀ ਉਤੇ ਆ ਡਿਗਿਆ
ਅਤੇ ਉਸ ਵਿਚੋਂ ਅਨੇਕ ਮਹਾਨ ਵੱਡੇ ਆਕਾਰ ਵਾਲੇ ਯੋਧੇ ਉਠ ਖੜੋਤੇ ॥੪੮॥
ਚੌਪਈ:
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਉਸ ਵਿਚੋਂ ਵੀ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕਰ ਲਏ।
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਦਾ,
ਉਹ ਰਥੀ (ਰਥਾਂ ਵਾਲੇ) ਗਜੀ (ਹਥੀਆਂ ਵਾਲੇ) ਅਤੇ ਬਾਜੀ (ਘੋੜਿਆਂ ਵਾਲੇ) ਹੋ ਜਾਂਦੇ ॥੪੯॥
ਜਦ ਵੈਰੀ ਪ੍ਰਾਣ ਤਿਆਗਣ ਵੇਲੇ ਸੁਆਸ ਛਡਦੇ ਸਨ,
ਤਾਂ ਉਨ੍ਹਾਂ ਵਿਚੋਂ ਅਨੇਕ ਦੈਂਤ ਪੈਦਾ ਹੋ ਭਜ ਪੈਂਦੇ ਸਨ।
ਕਿਤਨੇ ਦੈਂਤ ਭੂਮੀ ਉਤੇ ਮੂੰਹ ਤੋਂ ਲਾਲ੍ਹਾਂ ਡਿਗਾਂਦੇ ਸਨ,
ਉਨ੍ਹਾਂ ਤੋਂ ਅਨੇਕ ਦੈਂਤ ਸ਼ਰੀਰ ਧਾਰਨ ਕਰ ਲੈਂਦੇ ਸਨ ॥੫੦॥
ਉਨ੍ਹਾਂ ਵਿਚੋਂ ਜੋ ਦੈਂਤ ਸ੍ਵਾਸ ਛਡਦੇ ਸਨ,
ਉਨ੍ਹਾਂ ਤੋਂ (ਹੋਰ) ਦੈਂਤ ਪ੍ਰਗਟ ਹੋ ਰਹੇ ਸਨ।
ਕਿਤਨੇ ਦੈਂਤ ਇਸਤਰੀ (ਬਾਲਾ) ਦੇ ਮਾਰਨ ਨਾਲ ਮਾਰੇ ਗਏ।
ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥੫੧॥
ਕਾਲਕਾ ਨੇ ਚਿਤ ਵਿਚ ਧਿਆਨ ਕੀਤਾ,
(ਤਾਂ) ਭਗਵਾਨ ਨੇ ਆ ਕੇ ਦਰਸ਼ਨ ਦਿੱਤੇ।
ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਉਤੇ ਡਿਗ ਪਈ
ਅਤੇ ਅਨੇਕ ਤਰ੍ਹਾਂ ਨਾਲ ਬੇਨਤੀ ਕੀਤੀ ॥੫੨॥
ਹੇ ਸਤਿ ਕਾਲ! ਮੈਂ ਤੁਹਾਡੀ ਦਾਸੀ ਹਾਂ।
ਆਪਣੀ ਜਾਣ ਕੇ (ਮੇਰੀ) ਪਾਲਣਾ ਕਰੋ।
ਮੇਰੇ ਗੁਣ ਅਤੇ ਅਵਗੁਣ ਕੁਝ ਨਾ ਵੇਖੋ
ਅਤੇ ਬਾਂਹ ਪਕੜਨ ਦੀ ਲਾਜ ਰਖੋ ॥੫੩॥
ਹੇ ਮਹਾਰਾਜ! ਮੈਂ ਤੁਹਾਡੀ ਸ਼ਰਨ ਵਿਚ ਹਾਂ।
ਤੁਹਾਨੂੰ ਬਾਂਹ ਪਕੜਨ ਦੀ ਲਾਜ ਹੈ।
ਜੇ ਤੁਹਾਡਾ ਭਗਤ ਥੋੜਾ ਜਿੰਨਾ ਦੁਖ ਪਾਉਂਦਾ ਹੈ,
ਤਾਂ ਹੇ ਦੀਨ ਦਿਆਲ ਪ੍ਰਭੂ! (ਤੁਹਾਡੀ) ਮਰਯਾਦਾ ਹੀਣੀ ਹੁੰਦੀ ਹੈ ॥੫੪॥
ਹੋਰ ਮੈਂ ਕਿਥੋਂ ਤਕ ਪੁਕਾਰ ਕਰਾਂ,
ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ।
(ਤੁਸੀਂ ਮੇਰੀ) ਇਕ ਵਾਰ ਦੀ ਕਹੀ ਹੋਈ ਨੂੰ ਹਜ਼ਾਰ ਵਾਰ ਪਛਾਣਦੇ ਹੋ।
(ਤੁਸੀਂ) ਆਪ ਆਪਣੇ ਬਿਰਦ (ਮਰਯਾਦਾ) ਨੂੰ ਜਾਣਦੇ ਹੋ ॥੫੫॥
ਇਹ ਬਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹਸਿਆ
ਅਤੇ ਭਗਤ (ਦੀ ਰਖਿਆ ਲਈ) ਤਲਵਾਰ ਨੂੰ ਲਕ ਨਾਲ ਕਸਿਆ।
(ਅਤੇ ਕਹਿਣ ਲਗਾ, ਹੇ ਬਾਲਾ!) ਚਿੰਤਾ ਨਾ ਕਰ, ਮੈਂ ਦੈਂਤਾਂ ਨੂੰ ਮਾਰਾਂਗਾ
ਅਤੇ ਭਗਤਾਂ ਦਾ ਸਾਰਾ ਦੁਖ ਦੂਰ ਕਰਾਂਗਾ ॥੫੬॥
ਜਿਥੇ ਅਮਿਤ ਦੈਂਤ ਪੈਦਾ ਹੋਏ ਸਨ,
ਕਾਲ ਚਲ ਕੇ ਉਥੇ ਜਾ ਪਹੁੰਚਿਆ।
(ਉਸ ਨੇ) ਚੌਹਾਂ ਹੱਥਾਂ ਨਾਲ ਸ਼ਸਤ੍ਰ ਚਲਾਏ
ਅਤੇ ਅਨੇਕ ਦੈਂਤ ਮਾਰ ਦਿੱਤੇ ॥੫੭॥
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਿਆ,
(ਉਸ ਤੋਂ) ਬੇਸ਼ੁਮਾਰ ਦੈਂਤ ਉਠ ਕੇ (ਅਰਥਾਤ ਪੈਦਾ ਹੋ ਕੇ) ਭਜਣ ਲਗੇ।
ਉਨ੍ਹਾਂ ਦੇ ਚਲਣ ਨਾਲ ਨਿਕਲਦੇ ਸ੍ਵਾਸਾਂ ਤੋਂ
ਬੇਹਿਸਾਬ ਦੈਂਤ ਪੈਦਾ ਹੋ ਕੇ ਰਣ ਵਿਚ ਜੁਟ ਗਏ ॥੫੮॥
ਕਾਲ ਨੇ ਉਨ੍ਹਾਂ ਨੂੰ ਛਿਣ ਭਰ ਵਿਚ ਮਾਰ ਦਿੱਤਾ
ਅਤੇ ਧਰਤੀ ਉਤੇ ਲਹੂ ਦੇ ਪਰਨਾਲੇ ਚਲਣ ਲਗੇ।
ਉਸ ਤੋਂ ਬਹੁਤ ਸਾਰੇ ਦੈਂਤ ਪੈਦਾ ਹੋ ਕੇ ਡਟ ਗਏ
ਅਤੇ ਬਹੁਤ ਕ੍ਰੋਧ ਕਰ ਕੇ ਧਾਵਾ ਕਰਨ ਲਗੇ ॥੫੯॥