ਉਸ ਦਿਨ ਤੋਂ ਉਸ ਇਸਤਰੀ ਨਾਲ ਰਾਜੇ ਨੇ ਰੁਚੀ ਪੂਰਵਕ ਭੋਗ ਨਾ ਕੀਤਾ ॥੩੮॥
ਰਾਜਾ ਵਖ ਵਖ ਢੰਗਾਂ ਨਾਲ ਇਸਤਰੀ ਨਾਲ ਭੋਗ ਕਰ ਕੇ ਸੁਖ ਪਾਂਦਾ ਸੀ,
ਪਰ ਜਦ ਹੀ ਚਿਤ ਵਿਚ (ਉਹ) ਗੱਲ ਆ ਜਾਂਦੀ, ਤਾਂ ਇਕ ਘੜੀ ਲਈ ਵੀ ਭੋਗ ਨਾ ਕਰ ਸਕਦਾ ॥੩੯॥
ਚੌਪਈ:
ਇਹ ਗੱਲ ਰਾਣੀ ਮਨ ਵਿਚ ਸਮਝਦੀ ਸੀ,
ਪਰ ਸ਼ਰਮਿੰਦਗੀ ਕਰ ਕੇ ਰਾਜੇ ਨੂੰ ਕੁਝ ਨਾ ਦਸਦੀ।
ਗੱਲਾਂ ਗੱਲਾਂ ਨਾਲ ਹੀ ਉਸ ਨੂੰ ਪਰਚਾਉਂਦੀ ਰਹਿੰਦੀ
ਅਤੇ ਕਈ ਤਰ੍ਹਾਂ ਦੇ ਕਟਾਖ ਕਰ ਕੇ ਵਿਖਾਂਦੀ ਰਹਿੰਦੀ ॥੪੦॥
ਦੋਹਰਾ:
ਹੇ ਮਿਤਰ! ਇਹ (ਭਲੀ ਭਾਂਤ) ਮਨ ਵਿਚ ਜਾਣ ਲਵੋ ਕਿ ਸਭ ਕੁਝ ਟੁਟਿਆ ਹੋਇਆ ਜੁੜ ਜਾਂਦਾ ਹੈ,
ਪਰ ਇਹ ਦੋ (ਚੀਜ਼ਾਂ) ਟੁਟੀਆਂ ਹੋਈਆਂ ਨਹੀਂ ਜੁੜਦੀਆਂ। ਇਕ ਸਿਰ ਅਤੇ ਦੂਜਾ ਚਿਤ ॥੪੧॥
ਨੌਕਰ ਅਤੇ ਇਸਤਰੀ ਲਈ ਇਹੀ ਵੱਡੀ ਸਜ਼ਾ ਹੈ
ਕਿ ਇਨ੍ਹਾਂ ਨੂੰ ਜਾਨ ਤੋਂ ਕਦੇ ਨਾ ਮਾਰੀਏ ਅਤੇ ਮਨ ਤੋਂ ਭੁਲਾ ਕੇ ਮਿਲੀਏ ॥੪੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩॥੬੬੦॥ ਚਲਦਾ॥
ਚੌਪਈ:
ਹੇ ਰਾਜਨ! ਸੁਣੋ, ਇਕ ਕਥਾ ਕਹਿੰਦਾ ਹਾਂ
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਤੁਹਾਨੂੰ ਇਕ ਤ੍ਰੀਆ ਚਰਿਤ੍ਰ ਸੁਣਾਉਂਦਾ ਹਾਂ
ਅਤੇ ਤੁਹਾਡੇ ਮਨ ਨੂੰ ਅਧਿਕ ਪ੍ਰਸੰਨ ਕਰਦਾ ਹਾਂ ॥੧॥
ਸਰਹਿੰਦ ਸ਼ਹਿਰ ਵਿਚ ਇਕ ਜੋਗੀ (ਰਹਿੰਦਾ ਸੀ)
ਜੋ ਕਾਮ-ਕ੍ਰੀੜਾ ਵਿਚ ਬਹੁਤ ਰੁਚੀ ਰਖਦਾ ਸੀ।
(ਉਹ) ਇਕ ਗ੍ਰਿਹਸਥੀ ਦੇ ਘਰ ਆਉਂਦਾ ਸੀ
ਅਤੇ ਉਸ ਦੀ ਪਤਨੀ ਨਾਲ ਭੋਗ ਕਰਦਾ ਸੀ ॥੨॥
(ਉਸ) ਜੋਗੀ ਦਾ ਨਾਂ ਸੁਰਗ ਨਾਥ ਸੀ।
ਉਸ (ਇਸਤਰੀ ਦਾ) ਨਾਮ ਸ੍ਰੀ ਛਬਿ ਮਾਨ ਮਤੀ ਸੀ।
ਉਸ ਨਾਲ (ਉਹ ਜੋਗੀ) ਰਾਤ ਦਿਨ ਭੋਗ ਕਰਦਾ ਸੀ,
(ਪਰ) ਉਸ ਦੇ ਪਤੀ ਨੂੰ (ਇਸ ਦਾ) ਕੁਝ ਪਤਾ ਨਹੀਂ ਸੀ ॥੩॥
ਦੋਹਰਾ:
ਇਕ ਦਿਨ ਜੋਗੀ (ਇਸਤਰੀ ਦੇ) ਘਰ ਵਿਚ ਸੀ। (ਉਤੋਂ) ਗ੍ਰਿਹਸਥੀ ਆ ਪਹੁੰਚਿਆ।
ਉਸ (ਜੋਗੀ) ਨੂੰ ਇਸਤਰੀ ਨੇ ਇਕ ਚਰਿਤ੍ਰ (ਕਥਾ) ਬਣਾ ਕੇ ਸਮਝਾ ਦਿੱਤੀ ॥੪॥
ਚੌਪਈ:
(ਸੇਵਕ ਨੂੰ ਬੁਲਾ ਕੇ ਕਿਹਾ, ਹੇ ਸੇਵਕ!) ਤੂੰ ਹੱਥ ਵਿਚ ਤਲਵਾਰ ਕਢ ਕੇ ਭਜ ਜਾ
ਅਤੇ ਭਜਦੇ ਹੋਇਆਂ ਮੇਰੇ ਪਤੀ ਕੋਲੋਂ ਲੰਘਦਾ ਜਾਈਂ।
ਉਸ ਨੂੰ ਸੁਣਾਉਂਦੇ ਹੋਇਆ ਇਹ ਬੋਲ ਕਹੀਂ
ਕਿ ਮੇਰੇ ਚੋਰ ਨੂੰ ਇਸ (ਇਸਤਰੀ) ਨੇ ਲੁਕਾ ਲਿਆ ਹੈ ॥੫॥
ਦੋਹਰਾ:
ਹੇ ਸੇਵਕ! ਤੂੰ ਆਪਣੇ ਇਸ ਸੁਆਮੀ ਨੂੰ ਜਾ ਕੇ ਲੁਕਾ।
(ਮੈਂ) ਫਿਰ ਕੋਈ ਚਰਿਤ੍ਰ ਕਰ ਕੇ ਇਸ ਨੂੰ ਕਢ ਦਿਆਂਗੀ ॥੬॥
ਚੌਪਈ:
ਇਸ ਤਰ੍ਹਾਂ ਆਗਿਆ ਦੇ ਕੇ (ਸੇਵਕ ਨੂੰ) ਭੇਜ ਦਿੱਤਾ
ਅਤੇ ਆਪ ਉਸ (ਜੋਗੀ) ਨਾਲ ਭੋਗ ਕਰਨ ਲਗੀ।
ਪਤੀ ਦੇ ਆਉਣ ਤੇ ਉਸ ਨੂੰ ਲੁਕਾ ਦਿੱਤਾ
ਅਤੇ ਆਪ ਉਸ (ਪਤੀ) ਨੂੰ ਇਸ ਤਰ੍ਹਾਂ ਕਹਿਣ ਲਗੀ ॥੭॥
ਹੇ ਪਤੀ ਦੇਵ! ਸੁਣੋ, ਇਕ ਗੱਲ ਕਹਿੰਦੀ ਹਾਂ,
ਪਰ ਤੁਹਾਡੇ ਕੋਲੋਂ ਮਨ ਵਿਚ ਬਹੁਤ ਡਰਦੀ ਹਾਂ।
ਇਕ ਜੋਗੀ ਨੂੰ ਬਹੁਤ ਗੁੱਸਾ ਚੜ੍ਹ ਗਿਆ
ਅਤੇ ਆਪਣੇ ਚੇਲੇ ਨੂੰ ਮਾਰਨ ਲਗਾ ॥੮॥
ਮੈਂ ਜੋਗੀ ਨੂੰ ਤਾਂ ਹਟਾ ਦਿੱਤਾ,
ਪਰ ਉਸ ਦੇ ਚੇਲੇ ਨੂੰ ਲੁਕਾ ਲਿਆ।
ਹੇ ਸੁਆਮੀ! ਚਲੋ, ਤੁਹਾਨੂੰ ਵਿਖਾਵਾਂ
ਅਤੇ ਤੁਹਾਡਾ ਹਿਰਦਾ ਪ੍ਰਸੰਨ ਕਰਾਂ ॥੯॥
ਦੋਹਰਾ:
ਤੂੰ ਚੰਗਾ ਕੀਤਾ (ਜੋ ਇਸ ਨੂੰ) ਬਚਾਲਿਆ ਅਤੇ ਮੇਰੇ ਚਿਤ ਨੂੰ ਪ੍ਰਸੰਨ ਕੀਤਾ।
ਸ਼ਰਨਾਗਤ ਨੂੰ (ਵੈਰੀ ਦੇ ਹਵਾਲੇ) ਨਹੀਂ ਕੀਤਾ ਜਾਂਦਾ, ਇਹੀ ਵੱਡਿਆਂ ਦੀ ਰੀਤ ਹੈ ॥੧੦॥
ਇਹ ਸੁਖਾਵੀਂ ਗੱਲ ਸੁਣ ਕੇ ਮੂਰਖ (ਪਤੀ) ਮਨ ਵਿਚ ਬਹੁਤ ਖੁਸ਼ ਹੋਇਆ
ਅਤੇ ਆਪਣੀ ਪਤਨੀ ਨਾਲ ਜ਼ਿਆਦਾ ਪ੍ਰੀਤ ਕਰਨ ਲਗਾ, ਪਰ ਭੇਦ ਨੂੰ ਨਾ ਪਛਾਣਿਆ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪॥੬੭੧॥ ਚਲਦਾ॥
ਚੌਪਈ:
(ਮੈਂ) ਤੁਹਾਡੇ ਕੋਲ ਇਕ ਨਰ ਚਰਿਤ੍ਰ ਕਹਿੰਦਾ ਹਾਂ।
(ਮੰਤ੍ਰੀ ਨੇ) ਕਿਹਾ, ਹੇ ਰਾਜਨ! ਮੇਰੀ ਗੱਲ ਸੁਣੋ।
ਦੱਖਣ ਦੇਸ ਵਿਚ ਇਕ ਰਾਜਾ ਰਹਿੰਦਾ ਸੀ।
ਉਸ ਨੂੰ ਸੰਸਾਰ ਵਾਲੇ ਅਤਿ ਸੁੰਦਰ ਕਹਿੰਦੇ ਸਨ ॥੧॥
ਅੜਿਲ:
ਉਸ ਦੇ ਅਨੂਪਮ ਰੂਪ ਨੂੰ ਵੇਖਣ ਲਈ ਇਸਤਰੀਆਂ ਆਉਂਦੀਆਂ ਸਨ
ਅਤੇ (ਉਸ ਦੀ) ਪ੍ਰਭਾ ਨੂੰ ਵੇਖ ਕੇ ਸਾਰੀਆਂ ਬਲਿਹਾਰੇ ਜਾਂਦੀਆਂ ਹੋਈਆਂ ਸੁਖ ਪ੍ਰਾਪਤ ਕਰਦੀਆਂ ਸਨ।
ਉਸ ਨੂੰ ਮੁਖ ਤੋਂ ਸਦਾ ਪ੍ਰਿਯ ਪ੍ਰਿਯ ਬਚਨ ਬੋਲਦੀਆਂ ਸਨ
ਅਤੇ ਹਰ ਰੋਜ਼ ਉਸ ਰਾਜੇ ਪ੍ਰਤਿ ਅਧਿਕ ਪ੍ਰੇਮ (ਦੀ ਭਾਵਨਾ) ਰਖਦੀਆਂ ਸਨ ॥੨॥
ਦੋਹਰਾ:
ਉਸ (ਰਾਜੇ) ਕੋਲ ਦੋ ਇਸਤਰੀਆਂ ਰਹਿੰਦੀਆਂ ਸਨ ਜੋ ਅਮਿਤ ਸੁੰਦਰਤਾ ਦੀ ਖਾਣ (ਸਮਝੀਆਂ ਜਾਂਦੀਆਂ) ਸਨ।
(ਉਨ੍ਹਾਂ ਵਿਚੋਂ) ਇਕ ਨਾਲ ਰਾਜਾ ਮਨੋ ਅਧਿਕ ਪ੍ਰੇਮ ਕਰਦਾ ਹੋਇਆ ਰਮਣ ਕਰਦਾ ਸੀ ॥੩॥
ਇਕ ਦਿਨ ਦੋਹਾਂ ਇਸਤਰੀਆਂ ਨੇ ਰਾਜੇ ਨੂੰ ਬੁਲਾ ਲਿਆ
ਅਤੇ ਬਹੁਤ ਪ੍ਰੇਮ ਸਹਿਤ ਲੁਕਣ-ਮੀਟੀ (ਦੀ ਖੇਡ) ਖੇਡਣ ਲਗਿਆ ॥੪॥