ਸ਼੍ਰੀ ਦਸਮ ਗ੍ਰੰਥ

ਅੰਗ - 528


ਏਕ ਤੇਜ ਕੋਊ ਹਮ ਪੈ ਆਯੋ ॥੨੨੮੧॥

ਕਿ (ਕੋਈ) ਇਕ ਤੇਜ ਮੇਰੇ ਉਤੇ (ਚੜ੍ਹ ਕੇ) ਆ ਰਿਹਾ ਹੈ ॥੨੨੮੧॥

ਜੋ ਇਹ ਕੇ ਫੁਨਿ ਅਗ੍ਰਜ ਆਵੈ ॥

ਫਿਰ ਜੋ ਕੋਈ ਇਸ ਦੇ ਸਾਹਮਣੇ ਆਵੇਗਾ,

ਸੋ ਸਭ ਭਸਮ ਹੋਤ ਹੀ ਜਾਵੈ ॥

ਉਹ ਸਭ ਭਸਮ ਹੀ ਹੋ ਜਾਵੇਗਾ।

ਜੋ ਇਹ ਸੰਗਿ ਮਾਡਿ ਰਨ ਲਰੈ ॥

ਜੋ ਇਸ ਨਾਲ ਯੁੱਧ ਕਰੇਗਾ,

ਸੋ ਜਮਲੋਕਿ ਪਯਾਨੋ ਕਰੈ ॥੨੨੮੨॥

ਉਹ ਯਮਲੋਕ ਵਲ ਚਾਲੇ ਪਾਵੇਗਾ ॥੨੨੮੨॥

ਸਵੈਯਾ ॥

ਸਵੈਯਾ:

ਜੋ ਉਹਿ ਕੇ ਮੁਖ ਆਇ ਗਯੋ ਪ੍ਰਭ ਸੋ ਉਨ ਹੂ ਛਿਨ ਮਾਹਿ ਜਰਾਯੋ ॥

ਜੋ ਇਸ ਦੇ ਸਾਹਮਣੇ ਆ ਗਿਆ, ਹੇ ਕ੍ਰਿਸ਼ਨ! ਉਸ ਨੂੰ ਛਿਣ ਭਰ ਵਿਚ ਹੀ ਸਾੜ ਦੇਵੇਗੀ।

ਯੌ ਸੁਨਿ ਬਾਤ ਚੜਿਯੋ ਰਥ ਪੈ ਹਰਿ ਤਾਹੀ ਕੇ ਸਾਮੁਹੇ ਚਕ੍ਰ ਚਲਾਯੋ ॥

ਇਸ ਤਰ੍ਹਾਂ ਸੁਣ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹੇ ਅਤੇ ਉਸ ਦੇ ਸਾਹਮਣੇ ਹੋ ਕੇ ਚੱਕਰ ਚਲਾ ਦਿੱਤਾ।

ਚਕ੍ਰ ਸੁਦਰਸਨ ਕੇ ਤਿਨ ਅਗ੍ਰ ਨ ਤਾਹੀ ਕੋ ਪਉਰਖ ਨੈਕੁ ਬਸਾਯੋ ॥

ਸੁਦਰਸ਼ਨ ਚੱਕਰ ਦੇ ਸਾਹਮਣੇ ਉਸ ਦੀ ਸ਼ਕਤੀ ਦਾ ਬਿਲਕੁਲ ਕੋਈ ਵਸ ਨਾ ਚਲਿਆ।

ਅੰਤ ਖਿਸਾਇ ਚਲੀ ਫਿਰ ਕੈ ਕਬਿ ਸ੍ਯਾਮ ਕਹੈ ਸੋਊ ਭੂਪਤਿ ਆਯੋ ॥੨੨੮੩॥

ਕਵੀ ਸ਼ਿਆਮ ਕਹਿੰਦੇ ਹਨ, ਅੰਤ ਖਿਝ ਕੇ ਪਰਤ ਚਲੀ ਅਤੇ ਉਸ ਰਾਜੇ ਨੂੰ ਹੀ (ਜਾ ਕੇ) ਮਾਰ ਸੁਟਿਆ ॥੨੨੮੩॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜ ਨਾਇਕ ਕੋ ਜਿਨ ਹੂ ਕਬਿ ਸ੍ਯਾਮ ਭਨੈ ਨਹਿ ਧ੍ਯਾਨ ਲਗਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸ੍ਰੀ ਕ੍ਰਿਸ਼ਨ ਦਾ ਧਿਆਨ ਨਹੀਂ ਲਗਾਇਆ;

ਅਉਰ ਕਹਾ ਭਯੋ ਜਉ ਗੁਨ ਕਾਹੂ ਕੇ ਗਾਵਤ ਹੈ ਗੁਨ ਸ੍ਯਾਮ ਨ ਗਾਯੋ ॥

ਅਤੇ ਕੀ ਹੋਇਆ, ਜੇ ਕਿਸੇ ਦੇ ਗੁਣ ਗਾਏ ਹਨ, (ਪਰ) ਸ੍ਰੀ ਕ੍ਰਿਸ਼ਨ ਦੇ ਗੁਣ ਨਹੀਂ ਗਏ;

ਅਉਰ ਕਹਾ ਭਯੋ ਜਉ ਜਗਦੀਸ ਬਿਨਾ ਸੁ ਗਨੇਸ ਮਹੇਸ ਮਨਾਯੋ ॥

ਅਤੇ ਕੀ ਹੋਇਆ, ਜੇ ਜਗਦੀਸ਼ ਤੋਂ ਬਿਨਾ ਉਸ ਨੇ ਗਣੇਸ਼ ਅਤੇ ਮਹੇਸ਼ ਨੂੰ ਮਨਾ ਲਿਆ;

ਲੋਕ ਪ੍ਰਲੋਕ ਕਹੈ ਕਬਿ ਸ੍ਯਾਮ ਸਦਾ ਤਿਹ ਆਪਨੋ ਜਨਮ ਗਵਾਯੋ ॥੨੨੮੪॥

ਕਵੀ ਸ਼ਿਆਮ ਕਹਿੰਦੇ ਹਨ, ਉਸ ਨੇ ਲੋਕ ਪਰਲੋਕ ਵਿਚ ਸਦਾ ਲਈ ਆਪਣਾ ਜਨਮ ਗੰਵਾ ਲਿਆ ॥੨੨੮੪॥

ਇਤਿ ਸ੍ਰੀ ਬਚਿਤ੍ਰ ਨਾਟਕੇ ਮੂਰਤ ਸੁਦਛਨ ਭੂਪ ਸੁਤ ਕੋ ਬਧਹਿ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਮੂਰਤ ਸੁਦੱਛਨ ਰਾਜੇ ਦੇ ਪੁੱਤਰ ਦੇ ਬਧ ਦੇ ਅਧਿਆਇ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਸੋਊ ਜੀਤ ਕੈ ਛੋਰਿ ਦਯੋ ਰਨ ਮੈ ਨ੍ਰਿਪ ਜੋ ਰਨ ਤੇ ਕਬਹੂੰ ਨ ਟਰੈ ॥

(ਸ੍ਰੀ ਕ੍ਰਿਸ਼ਨ ਨੇ) ਉਨ੍ਹਾਂ ਰਾਜਿਆਂ ਨੂੰ ਰਣ-ਭੂਮੀ ਵਿਚ ਜਿਤ ਕੇ ਛਡ ਦਿੱਤਾ ਜੋ ਰਣ ਵਿਚੋਂ ਕਦੇ ਟਲੇ ਨਹੀਂ ਸਨ।

ਦਈ ਕਾਟਿ ਸਹਸ੍ਰ ਭੁਜਾ ਤਿਹ ਕੀ ਜਿਹ ਤੇ ਫੁਨਿ ਚਉਦਹ ਲੋਕ ਡਰੈ ॥

ਫਿਰ ਉਸ (ਰਾਜੇ) ਦੀਆਂ ਹਜ਼ਾਰ ਭੁਜਾਵਾਂ ਕਟ ਸੁਟੀਆਂ, ਜਿਸ ਕੋਲੋਂ ਚੌਦਾਂ ਲੋਕ ਡਰਦੇ ਸਨ।

ਕਰਿ ਕੰਚਨ ਧਾਮ ਦਏ ਤਿਹ ਕੋ ਦਿਜ ਮਾਗ ਸਦਾ ਜੋਊ ਪੇਟ ਭਰੈ ॥

ਉਨ੍ਹਾਂ ਦੇ ਘਰ ਸੋਨੇ ਦੇ ਬਣਾ ਦਿੱਤੇ ਜੋ ਬ੍ਰਾਹਮਣ ਸਦਾ ਮੰਗ ਕੇ ਢਿਡ ਭਰਦੇ ਸਨ।

ਫੁਨਿ ਰਾਖ ਕੈ ਲਾਜ ਲਈ ਦ੍ਰੁਪਦੀ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੨੮੫॥

ਫਿਰ ਦ੍ਰੋਪਦੀ ਦੀ ਲਾਜ ਰਖ ਲਈ। ਸ੍ਰੀ ਕ੍ਰਿਸ਼ਨ ਤੋਂ ਬਿਨਾ ਅਜਿਹੀ (ਗੱਲ) ਕੌਣ ਕਰ ਸਕਦਾ ਹੈ ॥੨੨੮੫॥

ਅਥ ਕਪਿ ਬਧ ਕਥਨੰ ॥

ਹੁਣ ਕਪਿ (ਬੰਦਰ) ਦੇ ਬਧ ਦਾ ਕਥਨ

ਚੌਪਈ ॥

ਚੌਪਈ:

ਰੇਵਤ ਨਗਰ ਹਲਧਰ ਜੂ ਗਯੋ ॥

ਬਲਰਾਮ ਜੀ ਰੇਵਤ ਨਗਰ ਵਿਚ ਗਏ।

ਤ੍ਰੀਯ ਸੰਗਿ ਲੈ ਹੁਲਾਸ ਚਿਤਿ ਭਯੋ ॥

ਅਤੇ (ਆਪਣੀ) ਇਸਤਰੀ ਨੂੰ ਸੰਗ ਲੈ ਕੇ ਬਹੁਤ ਪ੍ਰਸੰਨ ਹੋਏ।

ਸਭਨ ਤਹਾ ਮਿਲਿ ਮਦਰਾ ਪੀਯੋ ॥

ਉਥੇ ਸਾਰਿਆਂ ਨਾਲ ਮਿਲ ਕੇ ਸ਼ਰਾਬ ਪੀਤੀ

ਗਾਵਤ ਭਯੋ ਉਮਗ ਕੈ ਹੀਯੋ ॥੨੨੮੬॥

ਅਤੇ ਦਿਲ ਵਿਚ ਚਾਉ ਭਰ ਕੇ ਗਾਉਣ ਲਗ ਪਏ ॥੨੨੮੬॥

ਇਕ ਕਪਿ ਹੁਤੇ ਤਹਾ ਸੋ ਆਯੋ ॥

ਉਥੇ ਇਕ ਬੰਦਰ ਰਹਿੰਦਾ ਸੀ, ਉਹ ਵੀ ਆ ਗਿਆ।

ਮਦਰਾ ਸਕਲ ਫੋਰਿ ਘਟ ਗ੍ਵਾਯੋ ॥

(ਉਸ ਨੇ) ਸ਼ਰਾਬ ਦਾ ਘੜਾ ਭੰਨ ਕੇ ਸਾਰੀ (ਸ਼ਰਾਬ) ਜ਼ਾਇਆ ਕਰ ਦਿੱਤੀ।

ਫਾਧਤ ਭਯੋ ਰਤੀ ਕੁ ਨ ਡਰਿਯੋ ॥

(ਉਹ) ਟਪੂਸੀਆਂ ਮਾਰਨ ਲਗਾ ਅਤੇ ਕਿਸੇ ਤੋਂ ਜ਼ਰਾ ਜਿੰਨਾ ਵੀ ਨਾ ਡਰਿਆ।

ਮੁਸਲੀਧਰਿ ਅਤਿ ਕ੍ਰੋਧਹਿ ਭਰਿਯੋ ॥੨੨੮੭॥

ਬਲਰਾਮ (ਉਸ ਦੇ ਵਿਵਹਾਰ ਕਰ ਕੇ) ਕ੍ਰੋਧ ਨਾਲ ਭਰ ਗਿਆ ॥੨੨੮੭॥

ਦੋਹਰਾ ॥

ਦੋਹਰਾ:

ਉਠਿ ਠਾਢੋ ਮੁਸਲੀ ਭਯੋ ਦੋਊ ਅਸਤ੍ਰ ਸੰਭਾਰਿ ॥

ਬਲਰਾਮ ਦੋਵੇਂ ਅਸਤ੍ਰ ਸੰਭਾਲ ਕੇ ਉਠ ਖੜੋਤਾ

ਜਿਉ ਕਪਿ ਨਾਚਤ ਫਿਰਤ ਥੋ ਛਿਨ ਮੈ ਦਯੋ ਸੰਘਾਰਿ ॥੨੨੮੮॥

ਅਤੇ ਜਿਵੇਂ ਉਹ ਬੰਦਰ ਨਚਦਾ ਫਿਰਦਾ ਸੀ, (ਉਸ ਨੂੰ) ਛਿਣ ਭਰ ਵਿਚ ਮਾਰ ਦਿੱਤਾ ॥੨੨੮੮॥

ਇਤਿ ਕਪਿ ਕੋ ਬਲਭਦ੍ਰ ਬਧ ਕੀਬੋ ਸਮਾਪਤੰ ॥

ਇਥੇ 'ਬੰਦਰ ਦਾ ਬਲਭਦ੍ਰ ਨੇ ਬਧ ਕੀਤਾ' ਪ੍ਰਸੰਗ ਦੀ ਸਮਾਪਤੀ:

ਗਜਪੁਰ ਕੇ ਰਾਜਾ ਕੀ ਦੁਹਿਤਾ ਸਾਬ ਬਰੀ ॥

ਗਜਪੁਰ ਦੇ ਰਾਜਾ ਦੀ ਪੁੱਤਰੀ ਸਾਂਬਰ (ਸਾਂਬ) ਨੇ ਵਰੀ:

ਸਵੈਯਾ ॥

ਸਵੈਯਾ:

ਬੀਰ ਗਜਪੁਰ ਕੇ ਰੁਚਿ ਸੋ ਦੁਹਿਤਾ ਕੋ ਦ੍ਰੁਜੋਧਨ ਬ੍ਯਾਹ ਰਚਾਯੋ ॥

ਗਜਪੁਰ ਦੇ ਸੂਰਵੀਰ ਰਾਜੇ ਦੀ ਪੁੱਤਰੀ ਦਾ ਵਿਆਹ ਦੁਰਯੋਧਨ ਨੇ ਰੁਚੀ ਪੂਰਵਕ ਰਚਾ ਦਿੱਤਾ।

ਭੂਪ ਜਿਤੇ ਭੂਅ ਮੰਡਲ ਕੇ ਤਿਨ ਕਉਤੁਕ ਹੇਰਬੇ ਕਾਜ ਬੁਲਾਯੋ ॥

ਜਿਤਨੇ ਵੀ ਧਰਤੀ ਉਤੇ ਰਾਜੇ ਸਨ, ਉਨ੍ਹਾਂ ਨੂੰ (ਵਿਆਹ ਦਾ) ਕੌਤਕ ਵਿਖਾਉਣ ਲਈ ਬੁਲਾ ਲਿਆ।

ਅੰਧ ਕੇ ਪੂਤਹਿ ਬ੍ਯਾਹ ਰਚਿਯੋ ਸੋ ਸੁ ਤਾਹੀ ਕੋ ਦੁਆਰਵਤੀ ਸੁਨਿ ਪਾਯੋ ॥

ਅੰਨ੍ਹੇ (ਧ੍ਰਿਤਰਾਸ਼ਟਰ) ਦੇ ਪੁੱਤਰ ਨੇ ਵਿਆਹ ਰਚਿਆ ਹੈ, ਉਸ ਦੀ (ਖ਼ਬਰ) ਦੁਆਰਿਕਾ ਵਿਚ ਵੀ ਸੁਣੀ ਗਈ।

ਸਾਬ ਹੁਤੋ ਇਕ ਕਾਨ੍ਰਹ ਕੋ ਬਾਲਕ ਜਾਬਵਤੀ ਹੂ ਤੇ ਸੋ ਚਲਿ ਆਯੋ ॥੨੨੮੯॥

ਜਾਂਬਵਤੀ ਤੋਂ ਕ੍ਰਿਸ਼ਨ ਦਾ ਇਕ ਬਾਲਕ 'ਸਾਂਬ' ਸੀ, ਉਹ ਵੀ ਚਲ ਕੇ (ਉਥੇ ਆ ਗਿਆ) ॥੨੨੮੯॥

ਗਹਿ ਕੈ ਬਹੀਯਾ ਪੁਨਿ ਭੂਪ ਸੁਤਾ ਹੂ ਕੀ ਸ੍ਯੰਦਨ ਭੀਤਰ ਡਾਰਿ ਸਿਧਾਰਿਯੋ ॥

ਫਿਰ ਉਸ ਨੇ ਰਾਜੇ ਦੀ ਪੁੱਤਰੀ ਦੀ ਬਾਂਹ ਪਕੜ ਕੇ ਰਥ ਉਤੇ ਚੜ੍ਹਾ ਲਿਆ।

ਜੋ ਭਟ ਤਾਹਿ ਸਹਾਇ ਕੇ ਕਾਜ ਲਰਿਯੋ ਸੋਊ ਏਕ ਹੀ ਬਾਨ ਸੋ ਮਾਰਿਯੋ ॥

ਜੋ ਕੋਈ ਸ਼ੂਰਵੀਰ ਉਸ ਦੀ ਮੱਦਦ ਲਈ ਲੜਿਆ, ਉਸ ਨੂੰ ਇਕ ਹੀ ਬਾਣ ਨਾਲ ਮਾਰ ਦਿੱਤਾ।

ਧਾਇ ਪਰੇ ਛਿ ਰਥੀ ਮਿਲਿ ਕੈ ਸੁ ਘਨੋ ਦਲੁ ਲੈ ਜਬ ਭੂਪ ਪਚਾਰਿਯੋ ॥

ਜਦ ਰਾਜੇ ਨੇ ਵੰਗਾਰਿਆ ਤਾਂ ਰਥ-ਦਲ ਵਾਲੇ ਛੇ ਸ਼ੂਰਵੀਰ ਬਹੁਤ ਸਾਰੀ ਸੈਨਾ ਲੈ ਕੇ ਧਾ ਕੇ ਪੈ ਗਏ।

ਜੁਧੁ ਭਯੋ ਤਿਹ ਠਉਰ ਘਨੋ ਸੋਊ ਯੌ ਮੁਖ ਤੇ ਕਬਿ ਸ੍ਯਾਮ ਉਚਾਰਿਯੋ ॥੨੨੯੦॥

ਕਵੀ ਸ਼ਿਆਮ ਕਹਿੰਦੇ ਹਨ, ਉਸ ਥਾਂ ਤੇ ਬਹੁਤ ਭਿਆਨਕ ਯੁੱਧ ਹੋਇਆ ॥੨੨੯੦॥

ਪਾਰਥ ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀ ਸੁਤ ਕੋਪ ਭਰਿਯੋ ਮਨ ਮੈ ॥

ਅਰਜਨ, ਭੀਸ਼ਮ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ ਅਤੇ ਕ੍ਰਿਪੀ ਦਾ ਪੁੱਤਰ (ਅਸ਼੍ਵਸਥਾਮਾ) ਨੇ (ਆਪਣੇ) ਮਨ ਵਿਚ ਕ੍ਰੋਧ ਭਰ ਲਿਆ।

ਅਰੁ ਅਉਰ ਸੁ ਕਰਨ ਚਲਿਯੋ ਰਿਸ ਸੋਅ ਕਰੋਧ ਰੁ ਕਉਚ ਤਬੈ ਤਨ ਮੈ ॥

ਅਤੇ ਹੋਰ 'ਕਰਨ' (ਵੀ ਉਨ੍ਹਾਂ ਨਾਲ) ਚਲਿਆ ਜੋ ਕ੍ਰੋਧ ਕਰ ਕੇ ਰੋਸ ਦਾ ਰੂਪ ਹੋ ਰਿਹਾ ਸੀ ਅਤੇ ਉਸ ਨੇ ਸ਼ਰੀਰ ਉਤੇ ਕਵਚ (ਧਾਰਨ ਕੀਤਾ ਹੋਇਆ ਸੀ)।