ਤੂੰ ਹੀ ਰਿਸ਼ਟ-ਪੁਸ਼ਟ ਕਰਨ ਵਾਲੀ ਅਤੇ ਸਸਤ੍ਰਾਂ ਵਾਲੀ ਹੈਂ।
ਤੂੰ ਹੀ ਕਸ਼ਟਾਂ ਨੂੰ ਹਰਨ ਵਾਲੀ ਅਤੇ ਅਸਤ੍ਰਾਂ ਨੂੰ ਧਾਰਨ ਕਰਨ ਵਾਲੀ ਹੈਂ।
ਤੂੰ ਹੀ ਯੋਗ ਮਾਇਆ ਹੈਂ ਅਤੇ ਤੂੰ ਹੀ ਸਰਸਵਤੀ ਹੈਂ।
ਤੂੰ ਹੀ ਅੰਬਿਕਾ, ਜੰਭ ਦੈਂਤ ਨੂੰ ਮਾਰਨ ਵਾਲੀ ਅਤੇ ਰਾਜ ਪ੍ਰਦਾਨ ਕਰਨ ਵਾਲੀ ਹੈਂ ॥੪੨੪॥
ਤੂੰ ਮਹਾਨ ਯੋਗ-ਮਾਇਆ ਹੈਂ, ਤੂੰ ਹੀ ਮਹਾਨ ਰਾਜ ਸੱਤਾ ਹੈਂ।
ਤੂੰ ਸੰਸਾਰ ਨਾਲ ਸੰਬੰਧ ਰਖਣ ਵਾਲੀ, ਆਵਾਗਵਣ ਰੂਪ, ਭੂਤ, ਭਵਿਖ ਅਤੇ ਵਰਤਮਾਨ ਵਿਚ ਵਿਆਪਤ ਹੈਂ।
ਤੂੰ ਚੇਤਨਾ ਵਾਲੀ, ਜੜਤਾ ਵਾਲੀ, ਆਕਾਸ਼ ਵਿਚ ਵਿਚਰਨ ਵਾਲੀ ਮਹਾਰਾਣੀ ਹੈਂ।
ਭਾਰੀ ਸੈਨਾ ਵਾਲੀ ਅਤੇ ਆਪ ਹੀ ਆਪਣੇ ਵਰਗੇ ਰੂਪ ਵਾਲੀ ਹੈਂ ॥੪੨੫॥
ਤੂੰ ਮਹਾ ਭੈਰਵੀ, ਭੂਤਨੇਸ਼੍ਵਰੀ ਅਤੇ ਭਵਾਨੀ ਹੈਂ।
ਤੂੰ ਸੰਸਾਰ ਨਾਲ ਸੰਬੰਧ ਰਖਣ ਵਾਲੀ, ਆਵਾਗਵਣ ਰੂਪ, ਤਿੰਨਾਂ ਕਾਲਾਂ ਵਿਚ ਵਿਆਪਤ ਅਤੇ ਕ੍ਰਿਪਾਣ ਰੂਪ ਹੈਂ।
(ਤੂੰ ਹੀ) ਜਿਤਣ ਵਾਲੀ, ਨਾ ਜਿਤੇ ਜਾ ਸਕਣ ਵਾਲੀ, ਹਿੰਗਲਾ ਅਤੇ ਪਿੰਗਲਾ ਹੈਂ।
(ਤੂੰ ਹੀ) ਸ਼ਿਵਾ, ਸੀਤਲਾ, ਮੰਗਲਾ ਅਤੇ ਤੋਤਲਾ ਹੈਂ ॥੪੨੬॥
ਤੂੰ ਹੀ ਅੱਛਰਾ, ਪੱਛਰਾ ਅਤੇ ਬੁੱਧੀ ਨੂੰ ਵਧਾਉਣ ਵਾਲੀ ਹੈਂ।
ਤੂੰ ਹੀ ਭੈਰਵੀ, ਮਹਾਰਾਣੀ ਅਤੇ ਸਹੀ ਰੂਪ ਵਿਚ ਸਿੱਧੀ ਹੈਂ।
(ਤੂੰ ਹੀ) ਮਹਾਨ ਸੈਨਾ ਵਾਲੀ, ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਧਾਰਨ ਕਰਨ ਵਾਲੀ ਹੈਂ।
ਤੂੰ ਹੀ ਤੀਰ, ਤਲਵਾਰ, ਕਾਤੀ ਅਤੇ ਕਟਾਰੀ ਹੈਂ ॥੪੨੭॥
ਤੂੰ ਹੀ ਰਾਜਸੀ, ਸਾਤਵਿਕੀ ਅਤੇ ਤਾਮਸੀ ਸ਼ਕਤੀ ਹੈਂ।
ਤੂੰ ਹੀ ਬਿਰਧ, ਜਵਾਨ ਅਤੇ ਬਾਲਕ ਅਵਸਥਾ ਹੈਂ।
ਤੂੰ ਹੀ ਦੈਂਤਣ, ਦੇਵ-ਇਸਤਰੀ ਅਤੇ ਯਕਸ਼ਣੀ ਹੈਂ।
ਤੂੰ ਹੀ ਕਿੰਨਰਣੀ, ਮੱਛਣੀ ਅਤੇ ਕੱਛਣੀ ਹੈਂ ॥੪੨੮॥
ਤੂੰ ਹੀ ਦੇਵਤਿਆਂ ਦੇ ਸੁਆਮੀ ਇੰਦਰ ਦੀ ਸ਼ਕਤੀ ਹੈਂ ਅਤੇ ਦਾਨਵਾਂ ਦੇ ਸੁਆਮੀ ਦੀ ਸ਼ਕਤੀ ਹੈਂ।
ਤੂੰ ਹੀ ਤੀਰਾਂ ਦੀ ਬਰਖਾ ਕਰਨ ਵਾਲੀ ਅਤੇ ਅਸਤ੍ਰ ਸਰੂਪੀ ਹੈਂ।
ਤੂੰ ਹੀ ਰਾਜਿਆਂ ਦੇ ਰਾਜੇ ਦੀ ਸ਼ਕਤੀ ਅਤੇ ਯੋਗ ਮਾਇਆ ਹੈਂ।
(ਤੂੰ ਹੀ) ਮਹਾ ਮੋਹ ਨਾਲ ਚੌਦਾਂ ਲੋਕਾਂ ਨੂੰ ਢਕਿਆ ਹੋਇਆ ਹੈ ॥੪੨੯॥
ਤੂੰ ਹੀ ਬ੍ਰਹਮਾ ਦੀ ਸ਼ਕਤੀ, ਵਿਸ਼ਣੂ ਦੀ ਸ਼ਕਤੀ ਅਤੇ ਸ਼ਿਵ ਦੀ ਸ਼ਕਤੀ ਹੈਂ।
ਤੂੰ ਹੀ ਇੰਦਰ ਦੀ ਸ਼ਕਤੀ, ਈਸ਼ਵਰ ਦੀ ਸ਼ਕਤੀ ਅਤੇ ਕਾਰਤਿਕੇਯ ਦੀ ਸ਼ਕਤੀ ਹੈ।
ਤੂੰ ਹੀ ਅੰਬਿਕਾ, ਦੁਸ਼ਟਾਂ ਨੂੰ ਮਾਰਨ ਵਾਲੀ ਅਤੇ ਮੁੰਡਾਂ ਦੀ ਮਾਲਾ ਵਾਲੀ ਹੈਂ।
ਤੂੰ ਹੀ ਕਸਟਾਂ ਨੂੰ ਹਰਨ ਵਾਲੀ ਅਤੇ ਕ੍ਰਿਪਾ ਕਰਨ ਵਾਲੀ ਕ੍ਰਿਪਾਲੂ ਹੈਂ ॥੪੩੦॥
ਤੂੰ ਹੀ ਬਰਾਹ ਦੀ ਸ਼ਕਤੀ ਹੋ ਕੇ ਹਿਰਨਾਖਸ ਨੂੰ ਮਾਰਿਆ ਸੀ
ਅਤੇ ਨਰ ਸਿੰਘ ਦੀ ਸ਼ਕਤੀ ਹੋ ਕੇ ਹਿਰਣਕਸ਼ਪ ਨੂੰ ਪਛਾੜਿਆ ਸੀ।
ਤੂੰ ਹੀ ਬਾਵਨ ਦੀ ਸ਼ਕਤੀ ਹੋ ਕੇ ਤਿੰਨਾਂ ਲੋਕਾਂ ਨੂੰ ਮਾਪਿਆ ਸੀ।
ਤੂੰ ਹੀ ਦੇਵਤੇ, ਦੈਂਤ ਅਤੇ ਯਕਸ਼ ਥਾਪੇ ਹਨ ॥੪੩੧॥
ਤੂੰ ਹੀ ਰਾਮ ਹੋ ਕੇ ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ।
ਤੂੰ ਹੀ ਕ੍ਰਿਸ਼ਨ ਹੋ ਕੇ ਕੰਸ ਅਤੇ ਕੇਸੀ ਨੂੰ ਖ਼ਤਮ ਕੀਤਾ ਸੀ।
ਤੂੰ ਹੀ ਜਾਲਪਾ ਹੋ ਕੇ ਬਿੜਾਲਾਛ ਨੂੰ ਮਾਰਿਆ ਸੀ।
ਤੂੰ ਹੀ ਸੁੰਭ ਅਤੇ ਨਿਸੁੰਭ ਦੈਂਤਾਂ ਨੂੰ ਖਪਾਇਆ ਸੀ ॥੪੩੨॥
ਦੋਹਰਾ:
(ਮੈਨੂੰ ਆਪਣਾ) ਦਾਸ ਸਮਝ ਕੇ, ਦਾਸ ਉਤੇ ਅਪਾਰ ਕ੍ਰਿਪਾ ਕਰੋ।
ਮਨ, ਬਾਣੀ ਅਤੇ ਕਰਮ ਦਾ ਵਿਚਾਰ ਕੇ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ ॥੪੩੩॥
ਚੌਪਈ:
ਮੈਂ ਪਹਿਲਾਂ ਗਣੇਸ ਨੂੰ ਨਹੀਂ ਮਨਾਉਂਦਾ
ਅਤੇ ਕ੍ਰਿਸ਼ਨ ਤੇ ਵਿਸ਼ਣੂ ਨੂੰ ਵੀ ਨਹੀਂ ਧਿਆਉਂਦਾ।
(ਮੈਂ ਉਨ੍ਹਾਂ ਬਾਰੇ) ਕੰਨਾਂ ਨਾਲ ਸੁਣਿਆ ਹੈ, (ਪਰ) ਉਨ੍ਹਾਂ ਨਾਲ (ਕੋਈ) ਪਛਾਣ ਨਹੀਂ ਹੈ।
ਮੇਰੀ ਲਿਵ ਤਾਂ ਇਨ੍ਹਾਂ ਚਰਨਾਂ ਨਾਲ ਲਗੀ ਹੋਈ ਹੈ ॥੪੩੪॥
ਮਹਾਕਾਲ ਮੇਰਾ ਰਾਖਾ ਹੈ।
ਹੇ ਮਹਾ ਲੋਹ! ਮੈਂ ਤੇਰਾ ਦਾਸ ਹਾਂ।
ਆਪਣਾ ਸਮਝ ਕੇ ਮੇਰੀ ਰਖਿਆ ਕਰੋ
ਅਤੇ ਬਾਂਹ ਪਕੜੇ ਦੀ ਲਾਜ ਵਿਚਾਰੋ ॥੪੩੫॥