ਸ਼੍ਰੀ ਦਸਮ ਗ੍ਰੰਥ

ਅੰਗ - 531


ਦੂਤ ਬਾਚ ॥

ਦੂਤ ਨੇ ਕਿਹਾ:

ਸਵੈਯਾ ॥

ਸਵੈਯਾ:

ਕਾਨ੍ਰਹ ਜੂ ਜੋ ਤੁਮ ਜੀਤ ਕੈ ਭੂਪਤਿ ਛੋਰਿ ਦਯੋ ਤਿਹ ਓਜ ਜਨਾਯੋ ॥

ਹੇ ਕ੍ਰਿਸ਼ਨ ਜੀ! ਜਿਸ ਰਾਜੇ ਨੂੰ ਤੁਸੀਂ ਜਿਤ ਕੇ ਛਡ ਦਿੱਤਾ ਸੀ, ਉਸ ਨੇ (ਫਿਰ ਆਪਣਾ) ਜ਼ੋਰ ਜਤਾਉਣਾ ਸ਼ੁਰੂ ਕਰ ਦਿੱਤਾ ਹੈ।

ਮੈ ਦਲ ਤੇਈਸ ਛੂਹਨ ਲੈ ਸੰਗਿ ਤੇਈਸ ਬਾਰ ਸੁ ਜੁਧ ਮਚਾਯੋ ॥

(ਕਹਿੰਦਾ ਹੈ) 'ਮੈਂ ਤੇਈ ਅਛੋਹਣੀਆਂ ਸੈਨਾ ਲੈ ਕੇ, ਤੇਈ ਵਾਰ ਯੁੱਧ ਮਚਾਇਆ ਹੈ

ਕਾਨ੍ਰਹ ਕੋ ਅੰਤਿ ਭਜਾਇ ਰਹਿਯੋ ਮਥਰਾ ਕੇ ਬਿਖੈ ਰਹਨੇ ਹੂ ਨ ਪਾਯੋ ॥

ਅਤੇ ਅੰਤ ਵਿਚ ਕ੍ਰਿਸ਼ਨ ਨੂੰ ਭਜਾ ਕੇ ਰਿਹਾ ਹਾਂ। ਉਹ ਮਥੁਰਾ ਵਿਚ ਰਹਿ ਹੀ ਨਹੀਂ ਸਕਿਆ ਹੈ।

ਬੇਚ ਕੈ ਖਾਈ ਹੈ ਲਾਜ ਮਨੋ ਤਿਨਿ ਯੌ ਜੜ ਆਪਨ ਕੋ ਗਰਬਾਯੋ ॥੨੩੦੮॥

ਉਸ ਨੇ ਮਾਨੋ ਸ਼ਰਮ ਵੇਚ ਕੇ ਖਾ ਲਈ ਹੋਵੇ, ਇਸ ਤਰ੍ਹਾਂ (ਉਹ) ਮੂਰਖ (ਹੁਣ ਫਿਰ) ਘਮੰਡ ਕਰ ਰਿਹਾ ਹੈ ॥੨੩੦੮॥

ਅਥ ਕਾਨ੍ਰਹ ਜੂ ਦਿਲੀ ਆਵਨ ਰਾਜਸੂਇ ਜਗ ਕਰਨ ਕਥਨੰ ॥

ਹੁਣ ਕ੍ਰਿਸ਼ਨ ਦੇ ਦਿੱਲੀ ਆਉਣ ਅਤੇ ਰਾਜਸੂ ਯੱਗ ਕਰਨ ਦਾ ਕਥਨ

ਦੋਹਰਾ ॥

ਦੋਹਰਾ:

ਤਬ ਲਉ ਨਾਰਦ ਕ੍ਰਿਸਨ ਕੀ ਸਭਾ ਪਹੁਚਿਓ ਆਇ ॥

ਤਦ ਤਕ ਨਾਰਦ ਸ੍ਰੀ ਕ੍ਰਿਸ਼ਨ ਦੀ ਸਭਾ ਵਿਚ ਆ ਪਹੁੰਚਿਆ।

ਦਿਲੀ ਕੌ ਬ੍ਰਿਜਨਾਥ ਕੋ ਲੈ ਚਲਿਓ ਸੰਗਿ ਲਵਾਇ ॥੨੩੦੯॥

ਉਹ ਸ੍ਰੀ ਕ੍ਰਿਸ਼ਨ ਨੂੰ ਆਪਣੇ ਨਾਲ ਦਿੱਲੀ ਲੈ ਚਲਿਆ ॥੨੩੦੯॥

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜਨਾਥ ਕਹੀ ਸਭ ਸੌ ਹਮ ਦਿਲੀ ਚਲੈ ਕਿਧੌ ਤਾਹੀ ਕੋ ਮਾਰੈ ॥

ਸ੍ਰੀ ਕ੍ਰਿਸ਼ਨ ਨੇ ਸਭ ਨੂੰ (ਇਹ ਗੱਲ) ਕਹੀ, ਅਸੀਂ ਦਿੱਲੀ ਚਲੇ ਹਾਂ, ਸ਼ਾਇਦ ਉਸੇ ਨੂੰ ਮਾਰਨ ਲਈ।

ਜੋ ਮਤਿਵਾਰਨ ਕੇ ਮਨ ਭੀਤਰ ਆਵਤ ਹੈ ਸੋਊ ਬਾਤ ਬਿਚਾਰੈ ॥

ਜੋ ਗੱਲ ਬੁੱਧੀਮਾਨਾਂ ਦੇ ਮਨ ਵਿਚ ਆਉਂਦੀ ਹੈ, ਉਸ ਨੂੰ ਵਿਚਾਰਨਾ ਚਾਹੀਦਾ ਹੈ।

ਊਧਵ ਐਸੇ ਕਹਿਯੋ ਪ੍ਰਭ ਜੂ ਪ੍ਰਿਥਮੈ ਫੁਨਿ ਦਿਲੀ ਹੀ ਓਰ ਸਿਧਾਰੈ ॥

ਊਧਵ ਨੇ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਫਿਰ ਪਹਿਲਾਂ ਦਿੱਲੀ ਵਲ ਹੀ ਜਾਣਾ ਚਾਹੀਦਾ ਹੈ।

ਪਾਰਥ ਭੀਮ ਕੋ ਲੈ ਸੰਗ ਆਪਨੇ ਤਉ ਤਿਹ ਸਤ੍ਰੁ ਕੌ ਜਾਇ ਸੰਘਾਰੈ ॥੨੩੧੦॥

ਅਰਜਨ ਅਤੇ ਭੀਮ ਨੂੰ ਆਪਣੇ ਨਾਲ ਲੈ ਕੇ ਫਿਰ ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ ॥੨੩੧੦॥

ਊਧਵ ਜੋ ਸੁਭ ਸਤ੍ਰੁ ਕਉ ਮਾਰਿ ਕਹਿਓ ਸੁ ਸਭੈ ਹਰਿ ਮਾਨ ਲੀਓ ॥

ਊਧਵ ਨੇ ਵੈਰੀ ਨੂੰ ਮਾਰਨ ਦੀ ਜੋ ਸ਼ੁਭ (ਵਿਧੀ) ਕਹੀ, ਉਹ ਸਾਰੀ ਸ੍ਰੀ ਕ੍ਰਿਸ਼ਨ ਨੇ ਮੰਨ ਲਈ।

ਰਥਪਤਿ ਭਲੇ ਗਜ ਬਾਜਨ ਕੇ ਬ੍ਰਿਜ ਨਾਇਕ ਸੈਨ ਭਲੇ ਰਚੀਓ ॥

ਚੰਗੇ ਰਥੀਆਂ, ਘੋੜ-ਸਵਾਰਾਂ ਅਤੇ ਹਾਥੀਆਂ ਦੇ ਸਵਾਰਾਂ ਦੀ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡੀ ਸੈਨਾ ਤਿਆਰ ਕਰ ਲਈ।

ਮਿਲਿ ਟਾਕ ਅਫੀਮਨ ਭਾਗ ਚੜਾਇ ਸੁ ਅਉ ਮਦਰਾ ਸੁਖ ਮਾਨ ਪੀਓ ॥

(ਸਾਰਿਆਂ ਨੇ) ਮਿਲ ਕੇ ਅਫ਼ੀਮ ਨੂੰ ਟੁਕ ਕੇ ਅਤੇ ਭੰਗ ਚੜ੍ਹਾ ਕੇ ਅਤੇ ਸ਼ਰਾਬ ਪੀ ਕੇ ਸੁਖ ਮਾਣਿਆ।

ਸੁਧਿ ਕੈਬੇ ਕਉ ਨਾਰਦ ਭੇਜਿ ਦਯੋ ਕਹਿਯੋ ਊਧਵ ਸੋ ਮਿਲਿ ਕਾਜ ਕੀਓ ॥੨੩੧੧॥

ਖ਼ਬਰ ਦੇਣ ਲਈ ਨਾਰਦ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਊਧਵ ਨਾਲ ਮਿਲ ਕੇ ਕਾਰਜ ਕਰਨਾ ॥੨੩੧੧॥

ਚੌਪਈ ॥

ਚੌਪਈ:

ਦਿਲੀ ਸਜਿ ਸਭ ਹੀ ਦਲ ਆਏ ॥

ਸਾਰੇ ਦਲ ਤਿਆਰ ਹੋ ਕੇ ਦਿੱਲੀ ਆ ਗਏ।

ਕੁੰਤੀ ਸੁਤ ਪਾਇਨ ਲਪਟਾਏ ॥

ਕੁੰਤੀ ਦੇ ਪੁੱਤਰ (ਸ੍ਰੀ ਕ੍ਰਿਸ਼ਨ ਦੇ) ਪੈਰਾਂ ਨਾਲ ਲਿਪਟ ਗਏ।

ਜਦੁਪਤਿ ਕੀ ਅਤਿ ਸੇਵਾ ਕਰੀ ॥

ਸ੍ਰੀ ਕ੍ਰਿਸ਼ਨ ਦੀ (ਉਨ੍ਹਾਂ ਨੇ) ਬਹੁਤ ਸੇਵਾ ਕੀਤੀ

ਸਭ ਮਨ ਕੀ ਚਿੰਤਾ ਪਰਹਰੀ ॥੨੩੧੨॥

ਅਤੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੨੩੧੨॥

ਸੋਰਠਾ ॥

ਸੋਰਠਾ:

ਕਹੀ ਜੁਧਿਸਟਰ ਬਾਤ ਇਕ ਪ੍ਰਭੁ ਹਉ ਬਿਨਤੀ ਕਰਤ ॥

ਯੁਧਿਸ਼ਠਰ ਨੇ ਇਕ ਗੱਲ ਕਹੀ, ਹੇ ਪ੍ਰਭੂ! ਮੈਂ ਇਕ ਬੇਨਤੀ ਕਰਦਾ ਹਾਂ।

ਜਉ ਪ੍ਰਭੁ ਸ੍ਰਵਨ ਸੁਹਾਤ ਰਾਜਸੂਅ ਤਬ ਮੈ ਕਰੋ ॥੨੩੧੩॥

ਜੇ (ਉਹ) ਪ੍ਰਭੂ ਨੂੰ ਚੰਗੀ ਲਗੇ ਤਾਂ ਮੈਂ ਰਾਜਸੂ ਯੱਗ ਕਰਾਂ ॥੨੩੧੩॥

ਚੌਪਈ ॥

ਚੌਪਈ:

ਤਬ ਜਦੁਪਤਿ ਇਹ ਭਾਤਿ ਸੁਨਾਯੋ ॥

ਤਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ

ਮੈ ਇਹ ਕਾਰਜ ਹੀ ਕਉ ਆਯੋ ॥

ਕਿ ਮੈਂ ਇਸ ਕੰਮ ਲਈ ਹੀ ਆਇਆ ਹਾਂ।

ਪਹਲੇ ਜਰਾਸੰਧਿ ਕਉ ਮਾਰੈ ॥

(ਪਰ) ਪਹਿਲਾਂ ਜਰਾਸੰਧ ਨੂੰ ਮਾਰ ਲਈਏ,

ਨਾਮ ਜਗ੍ਯ ਕੋ ਬਹੁਰ ਉਚਾਰੈ ॥੨੩੧੪॥

ਫਿਰ ਯੱਗ ਦਾ ਨਾਂ ਲੈਣਾ ਬਣਦਾ ਹੈ ॥੨੩੧੪॥

ਸਵੈਯਾ ॥

ਸਵੈਯਾ:

ਭੀਮ ਪਠਿਓ ਤਬ ਪੂਰਬ ਕੋ ਅਰੁ ਦਛਨ ਕੋ ਸਹਦੇਵ ਪਠਾਯੋ ॥

ਭੀਮ ਨੂੰ ਉਸ ਵੇਲੇ ਪੂਰਬ ਵਲ ਭੇਜਿਆ ਅਤੇ ਦੱਖਣ ਵਲ ਸਹਿਦੇਵ ਨੂੰ ਭੇਜਿਆ। ਪੱਛਮ ਵਲ ਨੁਕਲ ਨੂੰ ਭੇਜਿਆ।

ਪਛਮਿ ਭੇਜਤ ਭੇ ਨੁਕਲ ਕਹਿ ਬਿਉਤ ਇਹੈ ਨ੍ਰਿਪ ਜਗ੍ਯ ਬਨਾਯੋ ॥

ਇਸ ਤਰ੍ਹਾਂ ਦੀ ਰਾਜੇ (ਯੁਧਿਸ਼ਠਰ ਨੇ) ਯੱਗ ਦੀ ਵਿਉਂਤ ਬਣਾਈ।

ਪਾਰਥ ਗਯੋ ਤਬ ਉਤਰ ਕਉ ਨ ਬਚਿਯੋ ਜਿਹ ਯਾ ਸੰਗ ਜੁਧ ਮਚਾਯੋ ॥

ਤਦ ਅਰਜਨ ਉੱਤਰ ਵਲ ਗਿਆ ਜਿਸ ਨਾਲ ਯੁੱਧ ਕਰ ਕੇ (ਫਿਰ ਕੋਈ ਵੀ) ਨਾ ਬਚਿਆ।

ਜੋਰਿ ਘਨੋ ਧਨੁ ਸ੍ਯਾਮ ਭਨੈ ਸੁ ਦਿਲੀਪਤਿ ਪੈ ਚਲਿ ਅਰਜੁਨ ਆਯੋ ॥੨੩੧੫॥

(ਕਵੀ) ਸ਼ਿਆਮ ਕਹਿੰਦੇ ਹਨ, ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਅਤੇ ਧਨੁਸ਼ ਲੈ ਕੇ ਅਰਜਨ ਦਿੱਲੀ ਦੇ ਸੁਆਮੀ ਪਾਸ ਆਇਆ ॥੨੩੧੫॥

ਪੂਰਬ ਜੀਤ ਕੈ ਭੀਮ ਫਿਰਿਯੋ ਅਰੁ ਉਤਰ ਜੀਤ ਕੈ ਪਾਰਥ ਆਯੋ ॥

ਪੂਰਬ (ਦਿਸ਼ਾ) ਨੂੰ ਜਿਤ ਕੇ ਭੀਮ ਸੈਨ ਪਰਤ ਆਇਆ ਅਤੇ ਉੱਤਰ (ਦਿਸ਼ਾ) ਨੂੰ ਜਿਤ ਕੇ ਅਰਜਨ ਆ ਗਿਆ।

ਦਛਨ ਜੀਤਿ ਫਿਰਿਓ ਸਹਦੇਵ ਘਨੋ ਚਿਤ ਮੈ ਤਿਨਿ ਓਜ ਜਨਾਯੋ ॥

ਦੱਖਣ (ਦਿਸ਼ਾ) ਨੂੰ ਜਿਤ ਕੇ ਸਹਿਦੇਵ ਮੁੜ ਆਇਆ ਅਤੇ ਉਸ ਨੇ ਮਨ ਵਿਚ ਬਹੁਤ ਬਹਾਦਰੀ ਨੂੰ ਜਤਾਇਆ।

ਪਛਮ ਜੀਤਿ ਲੀਯੋ ਨੁਕਲੇ ਨ੍ਰਿਪ ਕੇ ਤਿਨਿ ਪਾਇਨ ਪੈ ਸਿਰੁ ਨਿਆਯੋ ॥

ਪੱਛਮ (ਦਿਸ਼ਾ) ਨੂੰ ਜਿਤ ਕੇ ਨੁਕਲ ਨੇ ਰਾਜੇ (ਯੁਧਿਸ਼ਠਰ) ਦੇ ਪੈਰਾਂ ਉਤੇ ਸਿਰ ਨਿਵਾਇਆ।

ਐਸ ਕਹਿਯੋ ਸਭ ਜੀਤ ਲਏ ਹਮ ਸੰਧਿ ਜਰਾ ਨਹੀ ਜੀਤਨ ਪਾਯੋ ॥੨੩੧੬॥

(ਸਾਰਿਆਂ ਨੇ) ਇਸ ਤਰ੍ਹਾਂ ਕਿਹਾ ਕਿ ਅਸੀਂ ਸਭ ਨੂੰ ਜਿਤ ਲਿਆ ਹੈ, ਪਰ ਜਰਾਸੰਧ ਨੂੰ ਜਿਤ ਨਹੀਂ ਸਕੇ ॥੨੩੧੬॥

ਸੋਰਠਾ ॥

ਸੋਰਠਾ:

ਕਹੀ ਕ੍ਰਿਸਨ ਦਿਜ ਭੇਖ ਧਰਿ ਤਾ ਸੋ ਹਮ ਰਨ ਚਹੈ ॥

ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਅਸੀਂ ਬ੍ਰਾਹਮਣ ਦਾ ਭੇਖ ਧਾਰ ਕੇ ਉਸ ਪਾਸ ਯੁੱਧ ਕਰਨ ਦੀ ਇੱਛਾ ਪ੍ਰਗਟ ਕਰੀਏ।

ਭਿਰਿ ਹਮ ਸਿਉ ਹੁਇ ਏਕ ਸੁਭਟ ਸੈਨ ਸਭ ਛੋਰ ਕੈ ॥੨੩੧੭॥

(ਅਤੇ ਕਹੀਏ ਕਿ) ਸਾਰਿਆਂ ਸੂਰਮਿਆਂ ਅਤੇ ਸੈਨਾ ਨੂੰ ਛਡ ਕੇ ਸਾਡੇ ਨਾਲ ਇਕਲਾ ਹੋ ਕੇ ਲੜੇ ॥੨੩੧੭॥

ਸਵੈਯਾ ॥

ਸਵੈਯਾ:

ਭੇਖ ਧਰੋ ਤੁਮ ਬਿਪਨ ਕੋ ਸੰਗ ਪਾਰਥ ਭੀਮ ਕੇ ਸ੍ਯਾਮ ਕਹਿਓ ॥

ਸ੍ਰੀ ਕ੍ਰਿਸ਼ਨ ਨੇ ਅਰਜਨ ਅਤੇ ਭੀਮ ਨੂੰ ਕਿਹਾ ਕਿ ਤੁਸੀਂ ਬ੍ਰਾਹਮਣ ਦਾ ਭੇਖ ਧਾਰਨ ਕਰ ਲਵੋ।

ਹਮਹੂ ਤੁਮਰੇ ਸੰਗ ਬਿਪ ਕੇ ਭੇਖਹਿ ਧਾਰਤ ਹੈ ਨਹਿ ਜਾਤ ਰਹਿਓ ॥

ਮੈਂ ਵੀ ਤੁਹਾਡੇ ਨਾਲ ਬ੍ਰਾਹਮਣ ਦਾ ਭੇਖ ਧਾਰਦਾ ਹਾਂ। (ਕਿਉਂਕਿ ਮੇਰੇ ਕੋਲੋਂ ਪਿਛੇ) ਰਿਹਾ ਨਹੀਂ ਜਾਂਦਾ।

ਚਿਤ ਚਾਹਤ ਹੈ ਚਹਿ ਹੈ ਤਿਹ ਤੇ ਫੁਨਿ ਏਕਲੇ ਕੈ ਕਰਿ ਖਗ ਗਹਿਓ ॥

ਚਿਤ ਕਰਦਾ ਹੈ ਕਿ ਉਸ ਨੂੰ ਇਕਲਿਆਂ ਕਰ ਕੇ ਯੁੱਧ ਦੀ ਚਾਹ ਕਰੀਏ ਅਤੇ ਹੱਥ ਵਿਚ ਖੜਗ ਧਾਰਨ ਕਰ ਲਈਏ।


Flag Counter