ਜਦੋਂ ਇਸਤਰੀ ਦਾ ਨਾਮ ਸੁਣਿਆ
ਤਾਂ ਘਾਇਲ ਸੁਭਟ ਸਿੰਘ ਨੇ ਘੁੰਮਦੇ ਹੋਇਆਂ ਬੋਲ ਸੁਣਾਇਆ।
ਧੰਨ ਧੰਨ ਕਰ ਕੇ ਉਸ ਦੀ ਵਡਿਆਈ ਕੀਤੀ
(ਅਤੇ ਪੁਛਿਆ-) ਕਿਸ ਲਈ ਤੂੰ ਇਥੇ ਆਈ ਹੈਂ ॥੧੦੧॥
ਦੋਹਰਾ:
ਹੇ ਰਾਜਨ! ਸੁਣੋ, ਮੈਂ ਲਾਜ ਛਡ ਕੇ ਇਸ ਥਾਂ ਤੇ ਆ ਪਹੁੰਚੀ ਹਾਂ (ਅਤੇ ਵੇਖ ਰਹੀ ਹਾਂ ਕਿ)
ਜੇ ਤੁਹਾਨੂੰ ਜੀਉਂਦਾ ਵੇਖਿਆ ਤਾਂ ਲੈ ਆਵਾਂਗੀ ਅਤੇ ਜੇ ਮਰ ਗਏ (ਤਾਂ) ਜਾ ਕੇ ਵਰ ਲਵਾਂਗੀ ॥੧੦੨॥
ਘਾਇਲ ਰਾਜੇ ਨੇ ਘੁੰਮ ਕੇ ਅਤੇ ਅੱਖਾਂ ਬੰਦ ਕਰ ਕੇ ਇਸ ਤਰ੍ਹਾਂ ਕਿਹਾ,
ਹੇ ਇਸਤਰੀ! ਮਨ ਇਛਿਤ ਵਰ ਮੰਗ ਲੈ, ਮੈਂ ਤੈਨੂੰ (ਉਹੀ) ਵਰ ਦਿਆਂਗਾ ॥੧੦੩॥
ਚੌਪਈ:
ਜਦ ਮੈਂ ਤੁਹਾਨੂੰ ਜੀਉਂਦਾ ਵੇਖ ਲਿਆ, (ਤਾਂ ਸਮਝਿਆ ਕਿ)
ਵਿਧਾਤਾ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੈ।
ਇਸ ਲਈ ਮਨ ਵਿਚ ਸ਼ੰਕਾ ਨਾ ਧਰੋ
ਅਤੇ ਮੇਰੇ ਨਾਲ ਫਿਰ ਵਿਆਹ ਕਰ ਲਵੋ ॥੧੦੪॥
ਜੋ ਇਸਤਰੀ ਨੇ ਕਿਹਾ, ਉਹੀ ਪਤੀ ਨੇ ਮੰਨ ਲਿਆ
ਅਤੇ ਦੁਖੀ ਹੋਏ ਨੇ ਭੇਦ ਅਤੇ ਅਭੇਦ ਕੁਝ ਵੀ ਨਾ ਸਮਝਿਆ।
ਉਥੇ ਚਕਮਕ ਪੱਥਰ ਰਗੜ ਕੇ ਅੱਗ ਜਲਾਈ
ਅਤੇ ਪਿਆਰੀ ਨਾਲ ਚਾਰ ਫੇਰੇ ਲੈ ਲਏ ॥੧੦੫॥
ਫਿਰ ਬਚਿਤ੍ਰ ਦੇਈ ਨੇ ਇਸ ਤਰ੍ਹਾਂ ਕਿਹਾ,
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
ਕਾਮ ਦੇਵ ('ਤ੍ਰਿਪੁਰਾਂਤਕ ਅਰਿ') ਨੇ ਮੈਨੂੰ ਬਹੁਤ (ਪ੍ਰਭਾਵਿਤ) ਕੀਤਾ ਹੋਇਆ ਹੈ
ਅਤੇ (ਇਸ ਨੇ) ਤੁਹਾਡੇ ਬਿਨਾ ਮੈਨੂੰ ਬਹੁਤ ਦੁਖ ਦਿੱਤਾ ਹੈ ॥੧੦੬॥
ਹੇ ਨਾਥ! (ਤੁਸੀਂ) ਤੁਰਤ ਉਠ ਕੇ ਮੇਰੇ ਨਾਲ ਰਮਣ ਕਰੋ
ਅਤੇ ਮੇਰੇ ਸਾਰੇ ਅਪਰਾਧ ਖਿਮਾ ਕਰ ਦਿਓ।
ਤਦ ਰਾਜੇ ਨੇ ਉਸ ਨਾਲ ਸੰਯੋਗ ਕੀਤਾ
ਅਤੇ ਇਸਤਰੀ (ਰਾਜ ਕੁਮਾਰੀ) ਦਾ (ਸਾਰਾ) ਦੁਖ ਦੂਰ ਕਰ ਦਿੱਤਾ ॥੧੦੭॥
ਦੋਹਰਾ:
ਰਾਜੇ ਨੇ ਲਿਪਟ ਲਿਪਟ ਕੇ ਰਮਣ ਕੀਤਾ ਅਤੇ ਇਸਤਰੀ ਨੇ ਚਿਮਟ ਚਿਮਟ ਕੇ (ਰਤੀ-ਕ੍ਰੀੜਾ) ਕੀਤੀ।
ਉਸ ਦੇ ਵਿਕਟ ਦੁਖ ਝਟਪਟ ਕਟੇ ਗਏ ਅਤੇ ਮਨ ਵਿਚ ਸੁਖ ਬਹੁਤ ਵਧ ਗਿਆ ॥੧੦੮॥
ਚੌਪਈ:
ਪਤੀ ਨੇ ਰਤੀ-ਕੇਲ ਕਰ ਕੇ (ਰਾਜ ਕੁਮਾਰੀ) ਨੂੰ ਰਥ ਉਤੇ ਚੜ੍ਹਾ ਲਿਆ
ਅਤੇ ਸਵੇਰ ਵੇਲੇ ਧੌਂਸਾ ਵਜਾ ਕੇ ਵਿਆਹ ਕਰ ਲਿਆ।
(ਰਾਜ ਕੁਮਾਰੀ ਨੇ) ਸਾਰਿਆਂ ਰਾਜਿਆਂ ਨੂੰ ਮਿਧ ਦਿੱਤਾ
ਅਤੇ ਸੁਭਟ ਸਿੰਘ ਨੂੰ ਆਪਣਾ ਪਤੀ ਬਣਾ ਲਿਆ ॥੧੦੯॥
ਦੋਹਰਾ:
ਉਸ ਇਸਤਰੀ (ਰਾਜ ਕੁਮਾਰੀ) ਨੇ ਘਮਸਾਨ ਯੁੱਧ ਕਰ ਕੇ ਸਾਰਿਆਂ ਰਾਜਿਆਂ ਨੂੰ ਮਾਰ ਦਿੱਤਾ
ਅਤੇ ਜੈ ਦਾ ਨਗਾਰਾ ਵਜਾ ਕੇ ਸੁਭਟ ਸਿੰਘ ਨੂੰ (ਆਪਣਾ) ਪਤੀ ਬਣਾ ਲਿਆ ॥੧੧੦॥
ਘੋੜੇ, ਹਾਥੀ, ਰਥ (ਅਤੇ ਰਥਾਂ ਨਾਲ ਜੁਤੇ) ਘੋੜੇ ਆਦਿ ਨਸ਼ਟ ਕਰ ਦਿੱਤੇ ਅਤੇ ਰਾਜਿਆਂ ਦਾ ਬਲ ਕਮਜ਼ੋਰ ਕਰ ਦਿੱਤਾ।
ਯੁੱਧ ਰੂਪ ਸੁਅੰਬਰ ਜਿਤ ਕੇ ਸੁਭਟ ਸਿੰਘ ਨੂੰ ਆਪਣਾ ਪਤੀ ਬਣਾ ਲਿਆ ॥੧੧੧॥
ਚੌਪਈ:
ਦੈਤਾਂ ਦੇ ਰਾਜਿਆਂ ਅਤੇ ਧਰਤੀ ਦੇ ਰਾਜਿਆਂ ਨੂੰ ਮਾਰ ਦਿੱਤਾ
ਅਤੇ ਹਾਥੀ, ਘੋੜੇ, ਰਥ ਅਤੇ ਪੈਦਲ ਦਲਾਂ ਨੂੰ ਮਸਲ ਦਿੱਤਾ।
(ਉਹ) ਕਿਸੇ ਸੂਰਮੇ ਦਾ ਭੈ ਨਹੀਂ ਮੰਨਦੀ ਸੀ।
ਸੁਭਟ ਸਿੰਘ ਨੂੰ ਜਿਤ ਕੇ ਉਸ ਨਾਲ ਵਿਆਹ ਕੀਤਾ ॥੧੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰੇ ਦੇ ਮੰਤ੍ਰੀ ਭੂਪ ਸੰਵਾਦ ਦੇ ੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੨॥੯੯੧॥ ਚਲਦਾ॥
ਚੌਪਈ:
ਇਕ ਥਾਂ ਇਕ ਰਾਣੀ ਰਹਿੰਦੀ ਸੀ।
ਉਸ ਨੂੰ ਜਗਤ ਵਿਚ ਵਿਜੈ ਕੁਅਰਿ ਕਰ ਕੇ ਜਾਣਿਆ ਜਾਂਦਾ ਸੀ।