ਸ਼੍ਰੀ ਦਸਮ ਗ੍ਰੰਥ

ਅੰਗ - 603


ਕ੍ਰੀੜੰਤ ਈਸ ਪੋਅੰਤ ਕਪਾਲ ॥

ਸ਼ਿਵ (ਯੁੱਧ-ਭੂਮੀ ਵਿਚ) ਕ੍ਰੀੜਾ ਕਰ ਰਿਹਾ ਹੈ (ਅਤੇ ਮਾਲਾ ਵਿਚ) ਖੋਪੜੀਆਂ ਪਰੋ ਰਿਹਾ ਹੈ।

ਨਿਰਖਤ ਬੀਰ ਛਕਿ ਬਰਤ ਬਾਲ ॥੫੧੪॥

ਸੂਰਮਿਆਂ ਨੂੰ ਵੇਖ ਕੇ ਅਪੱਛਰਾਵਾਂ ਖੁਸ਼ ਹੋ ਕੇ (ਉਨ੍ਹਾਂ ਨੂੰ) ਵਰ ਰਹੀਆਂ ਹਨ ॥੫੧੪॥

ਧਾਵੰਤ ਬੀਰ ਬਾਹੰਤ ਘਾਵ ॥

ਯੋਧੇ ਭਜੇ ਫਿਰਦੇ ਹਨ (ਅਤੇ ਉਨ੍ਹਾਂ ਦੇ) ਜ਼ਖ਼ਮਾਂ ਵਿਚੋਂ (ਲਹੂ) ਵਗ ਰਿਹਾ ਹੈ।

ਨਾਚੰਤ ਭੂਤ ਗਾਵੰਤ ਚਾਵ ॥

ਭੂਤ ਚਾਉ ਨਾਲ ਗਾਉਂਦੇ ਅਤੇ ਨਚਦੇ ਹਨ।

ਡਮਕੰਤ ਡਉਰੁ ਨਾਚੰਤ ਈਸ ॥

ਸ਼ਿਵ ਡੌਰੂ ਵਜਾ ਕੇ ਨਚ ਰਿਹਾ ਹੈ।

ਰੀਝੰਤ ਹਿਮਦ੍ਰਿ ਅੰਤ ਸੀਸ ॥੫੧੫॥

ਪਾਰਬਤੀ ('ਹਿਮਦ੍ਰਿ') ਰੀਝ ਰਹੀ ਹੈ ਅਤੇ ਮੁੰਡਾਂ (ਨੂੰ ਮਾਲਾ ਵਿਚ) ਪਰੋ ਰਹੀ ਹੈ ॥੫੧੫॥

ਗੰਧ੍ਰਭ ਸਿਧ ਚਾਰਣ ਪ੍ਰਸਿਧ ॥

ਗੰਧਰਬ, ਸਿੱਧ, ਪ੍ਰਸਿੱਧ ਚਾਰਣ (ਸੂਰਮਿਆਂ ਅਥਵਾ ਕਲਕੀ ਦੇ ਯਸ਼ ਦੇ)

ਕਥੰਤ ਕਾਬਿ ਸੋਭੰਤ ਸਿਧ ॥

ਕਬਿੱਤ ਕਥਨ ਕਰ ਰਹੇ ਹਨ ਅਤੇ ਸਿੱਧ ਲੋਕ ਸ਼ੋਭਾ ਪਾ ਰਹੇ ਹਨ।

ਗਾਵੰਤ ਬੀਨ ਬੀਨਾ ਬਜੰਤ ॥

ਪ੍ਰਬੀਨ ('ਬੀਨ') (ਅਪੱਛਰਾਵਾਂ) ਗੀਤ ਗਾ ਰਹੀਆਂ ਹਨ ਅਤੇ ਬੀਣਾ ਵਜਾ ਰਹੀਆਂ ਹਨ

ਰੀਝੰਤ ਦੇਵ ਮੁਨਿ ਮਨਿ ਡੁਲੰਤ ॥੫੧੬॥

(ਜਿਨ੍ਹਾਂ ਨੂੰ ਵੇਖ ਕੇ) ਦੇਵ ਰੀਝ ਰਹੇ ਹਨ ਅਤੇ ਮੁਨੀਆਂ ਦੇ ਮਨ ਡੋਲ ਰਹੇ ਹਨ ॥੫੧੬॥

ਗੁੰਜਤ ਗਜਿੰਦ੍ਰ ਹੈਵਰ ਅਸੰਖ ॥

ਵੱਡੇ ਵੱਡੇ ਹਾਥੀ ਚਿੰਘਾੜਦੇ ਹਨ, ਅਸੰਖਾਂ ਘੋੜੇ (ਹਿਣਕ ਰਹੇ ਹਨ)।

ਬੁਲਤ ਸੁਬਾਹ ਮਾਰੂ ਬਜੰਤ ॥

ਚੰਗੀ ਡੀਲ ਡੌਲ ਵਾਲੇ ਛਤ੍ਰੀ ਲਲਕਾਰਦੇ ਹਨ ਅਤੇ ਮਾਰੂ ਵਜਦਾ ਹੈ।

ਉਠੰਤ ਨਾਦ ਪੂਰਤ ਦਿਸਾਣੰ ॥

(ਇਤਨਾ) ਨਾਦ ਹੋ ਰਿਹਾ ਹੈ (ਜਿਸ ਨਾਲ) ਸਾਰੀਆਂ ਦਿਸ਼ਾਵਾਂ ਭਰੀਆਂ ਗਈਆਂ ਹਨ।

ਡੁਲਤ ਮਹੇਾਂਦ੍ਰ ਮਹਿ ਧਰ ਮਹਾਣੰ ॥੫੧੭॥

ਵੱਡੇ ਵੱਡੇ ਰਾਜੇ ਅਤੇ ਭੂਮੀਏ ਡੋਲਦੇ ਫਿਰ ਰਹੇ ਹਨ ॥੫੧੭॥

ਖੁਲੰਤ ਖੇਤਿ ਖੂਨੀ ਖਤੰਗ ॥

'ਅਮੰਡ' ਲਹੂ ਪੀਣੇ ਤੀਰ ('ਖਤੰਗ') ਯੁੱਧ-ਭੂਮੀ ਵਿਚ ਖੁਲ੍ਹ ਰਹੇ ਹਨ (ਅਰਥਾਤ-ਚਲ ਰਹੇ ਹਨ)।

ਛੁਟੰਤ ਬਾਣ ਜੁਟੇ ਨਿਸੰਗ ॥

ਬਾਣ ਛੁਟ ਰਹੇ ਹਨ ਅਤੇ (ਯੋਧੇ) ਨਿਸੰਗ ਹੋ ਕੇ (ਯੁੱਧ-ਕਰਮ ਵਿਚ) ਜੁਟੇ ਹੋਏ ਹਨ।

ਭਿਦੰਤ ਮਰਮ ਜੁਝਤ ਸੁਬਾਹ ॥

ਚੰਗਿਆਂ ਸੂਰਮਿਆਂ ਦੇ ਨਾਜ਼ਕ ਅੰਗਾਂ ਨੂੰ ਵਿੰਨ੍ਹ ਦਿੰਦੇ ਹਨ ਅਤੇ (ਉਹ) ਜੂਝ ਜਾਂਦੇ ਹਨ।

ਘੁਮੰਤ ਗੈਣਿ ਅਛ੍ਰੀ ਉਛਾਹ ॥੫੧੮॥

ਉਤਸਾਹ ਨਾਲ ਭਰੀਆਂ ਅਪੱਛਰਾਵਾਂ ਆਕਾਸ਼ ਵਿਚ ਘੁੰਮ ਰਹੀਆਂ ਹਨ ॥੫੧੮॥

ਸਰਖੰਤ ਸੇਲ ਬਰਖੰਤ ਬਾਣ ॥

(ਯੋਧੇ) ਬਰਛਿਆਂ ਨੂੰ (ਅਗੇ ਵਲ) ਸਰਕਾ ਰਹੇ ਹਨ, ਬਾਣਾਂ ਦੀ ਬਰਖਾ ਕਰ ਰਹੇ ਹਨ।

ਹਰਖੰਤ ਹੂਰ ਪਰਖੰਤ ਜੁਆਣ ॥

ਹੂਰਾਂ ਖੁਸ਼ ਹੋ ਰਹੀਆਂ ਹਨ, ਜੁਆਨਾਂ ਨੂੰ ਪਰਖ ਰਹੀਆਂ ਹਨ।

ਬਾਜੰਤ ਢੋਲ ਡਉਰੂ ਕਰਾਲ ॥

ਭਿਆਨਕ ਡੌਰੂ ਅਤੇ ਢੋਲ ਵਜ ਰਹੇ ਹਨ।

ਨਾਚੰਤ ਭੂਤ ਭੈਰੋ ਕਪਾਲਿ ॥੫੧੯॥

ਭੂਤ, ਭੈਰੋ ਅਤੇ ਕਪਾਲੀ (ਦੇਵੀ) ਨਚ ਰਹੀ ਹੈ ॥੫੧੯॥

ਹਰੜੰਤ ਹਥ ਖਰੜੰਤ ਖੋਲ ॥

ਹੱਥ ਹਿਲ ਰਹੇ ਹਨ, ਟੋਪ (ਅਥਵਾ ਖੋਲ) ਖੜਕ ਰਹੇ ਹਨ।

ਟਿਰੜੰਤ ਟੀਕ ਝਿਰੜੰਤ ਝੋਲ ॥

(ਹਾਥੀਆਂ, ਘੋੜਿਆਂ ਦੇ ਮੱਥੇ ਉਤੇ ਬੰਨ੍ਹੇ ਲੋਹੇ ਦੇ) ਟਿੱਕੇ ਟੁੱਟ ਰਹੇ ਹਨ ਅਤੇ ਫੁਲਾਦੀ ਝੁਲਾਂ ਫਟ ਰਹੀਆਂ ਹਨ।

ਦਰੜੰਤ ਦੀਹ ਦਾਨੋ ਦੁਰੰਤ ॥

ਅਨੰਤ ਵਡਾਕਾਰੇ ਦੈਂਤ ਦਰੜੇ ਜਾ ਰਹੇ ਹਨ।

ਹਰੜੰਤ ਹਾਸ ਹਸਤ ਮਹੰਤ ॥੫੨੦॥

ਮਹੰਤ ਲੋਕ ਹੜ ਹੜ ਕਰ ਕੇ ਹਸ ਰਹੇ ਹਨ ॥੫੨੦॥

ਉਤਭੁਜ ਛੰਦ ॥

ਉਤਭੁਜ ਛੰਦ:

ਹਹਾਸੰ ਕਪਾਲੰ ॥

ਕਪਾਲ ਹਸ ਰਿਹਾ ਹੈ

ਸੁ ਬਾਸੰ ਛਤਾਲੰ ॥

ਜੋ ਯੁੱਧ-ਭੂਮੀ ('ਛਤਾਲ') ਵਿਚ ਨਿਵਾਸ ਕਰਦਾ ਹੈ।

ਪ੍ਰਭਾਸੰ ਜ੍ਵਾਲੰ ॥

ਸੁੰਦਰ ਫਬ ਵਾਲੀ ਜਵਾਲਾ ਵਾਂਗ

ਅਨਾਸੰ ਕਰਾਲੰ ॥੫੨੧॥

ਅਤੇ ਕਲਿਆਣਕਾਰੀ ('ਅਨਾਸ') ਭਿਆਨਕ ਰੂਪ ਵਾਲਾ ਹੈ ॥੫੨੧॥

ਮਹਾ ਰੂਪ ਧਾਰੇ ॥

ਬਹੁਤ ਸੁੰਦਰ ਰੂਪ ਧਾਰਿਆ ਹੋਇਆ ਹੈ।

ਦੁਰੰ ਦੁਖ ਤਾਰੇ ॥

ਭੈੜੇ ਦੁਖਾਂ ਤੋਂ ਬਚਾ ਲਿਆ ਹੈ।

ਸਰੰਨੀ ਉਧਾਰੇ ॥

ਸ਼ਰਨ ਵਿਚ ਆਇਆਂ ਨੂੰ ਉੱਧਾਰ ਦਿੱਤਾ ਹੈ,

ਅਘੀ ਪਾਪ ਵਾਰੇ ॥੫੨੨॥

(ਭਾਵੇਂ ਉਹ) ਪਾਪ ਕਰਨ ਵਾਲੇ ਹੀ ਸਨ ॥੫੨੨॥

ਦਿਪੈ ਜੋਤਿ ਜ੍ਵਾਲਾ ॥

ਅੱਗ ਦੀ ਲਾਟ ਵਾਂਗ ਸ਼ੋਭ ਰਿਹਾ ਹੈ।

ਕਿਧੌ ਜ੍ਵਾਲ ਮਾਲਾ ॥

ਜਾਂ ਜਵਾਲਾ ਦੀ ਹੀ ਮਾਲਾ ਹੈ।

ਮਨੋ ਜ੍ਵਾਲ ਬਾਲਾ ॥

ਮਾਨੋ 'ਜਵਾਲਾ' (ਪ੍ਰਕਾਸ਼) ਕਰਨ ਵਾਲਾ ਹੈ।

ਸਰੂਪੰ ਕਰਾਲਾ ॥੫੨੩॥

(ਜਾਂ) ਭਿਆਨਕ (ਪਰ) ਸੁੰਦਰ ਰੂਪ ਵਾਲਾ ਹੈ ॥੫੨੩॥

ਧਰੇ ਖਗ ਪਾਣੰ ॥

ਹੱਥ ਵਿਚ ਤਲਵਾਰ ਧਾਰਨ ਕੀਤੀ ਹੋਈ ਹੈ।

ਤਿਹੂੰ ਲੋਗ ਮਾਣੰ ॥

ਤਿੰਨਾਂ ਲੋਕਾਂ ਦਾ ਮਾਣ ਹੈ।

ਦਯੰ ਦੀਹ ਦਾਨੰ ॥

ਬਹੁਤ ਅਧਿਕ ਦਾਨ ਦੇਣ ਵਾਲਾ ਹੈ।

ਭਰੇ ਸਉਜ ਮਾਨੰ ॥੫੨੪॥

ਮਾਣ ਦੀ ਸਾਮਗ੍ਰੀ (ਅਥਵਾ ਮੌਜ) ਨਾਲ ਭਰਿਆ ਹੋਇਆ ਹੈ ॥੫੨੪॥

ਅਜੰਨ ਛੰਦ ॥

ਅਜੰਨ ਛੰਦ:

ਅਜੀਤੇ ਜੀਤ ਜੀਤ ਕੈ ॥

ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਕੇ,

ਅਭੀਰੀ ਭਾਜੇ ਭੀਰ ਹ੍ਵੈ ॥

ਨਿਡਰ ('ਅਭੀਰੀ') ਵੀ ਕਾਇਰ ('ਭੀਰ') ਹੋ ਕੇ ਭਜ ਗਏ ਹਨ।

ਸਿਧਾਰੇ ਚੀਨ ਰਾਜ ਪੈ ॥

ਸਾਰਿਆਂ ਸਾਥੀਆਂ ਦੇ ਸਾਥੀ ਬਣ ਕੇ

ਸਥੋਈ ਸਰਬ ਸਾਥ ਕੈ ॥੫੨੫॥

ਚੀਨ ਦੇ ਰਾਜ ਉਤੇ ਚੜ੍ਹਾਈ ਕਰ ਦਿੱਤੀ ਹੈ ॥੫੨੫॥


Flag Counter