ਇਸ ਤਰ੍ਹਾਂ ਬਲਰਾਮ ਨੇ ਉਸ ਨੂੰ ਮਾਰ ਦਿੱਤਾ ਅਤੇ ਬ੍ਰਾਹਮਣਾਂ ਦੇ ਕੰਮ ਸੰਵਾਰ ਦਿੱਤੇ ॥੨੪੦੧॥
ਬਲਰਾਮ ਦੀ ਸ਼ਕਤੀ ਨੂੰ ਰਾਜਾ (ਪਰੀਕਸ਼ਿਤ) ਨੂੰ ਕਹਿ ਕੇ ਸੁਕਦੇਵ ਨੇ ਸੁਣਾਇਆ
ਜਿਨ੍ਹਾਂ ਨੇ ਇਸ ਕਥਾ ਨੂੰ ਬ੍ਰਾਹਮਣਾਂ ਦੇ ਮੁਖ ਤੋਂ ਕੰਨਾਂ ਨਾਲ ਸੁਣਿਆ, ਉਨ੍ਹਾਂ ਸਾਰਿਆਂ ਨੇ ਸੁਖ ਪ੍ਰਾਪਤ ਕੀਤਾ।
ਚੰਦ੍ਰਮਾ, ਸੂਰਜ, ਰਾਤ ਅਤੇ ਦਿਨ ਜਿਸ ਦੇ ਕੀਤੇ ਅਥਵਾ ਬਣਾਏ ਹੋਏ ਹਨ, ਉਸ ਦੀ ਗੱਲ ਸੁਣੀ ਜਾਏ, (ਉਸ ਦੇ) ਮਨ ਵਿਚ ਆਈ।
ਹੇ ਉਤਮ ਬ੍ਰਾਹਮਣ! ਉਸ ਦੀ ਗੱਲ ਸੁਣਾਓ ਜਿਸ ਦੇ ਭੇਦ ਨੂੰ ਵੇਦ ਵੀ ਨਾ ਪਾ ਸਕੇ ॥੨੪੦੨॥
ਜਿਸ ਨੂੰ ਛੇ ਮੂੰਹਾਂ ਵਾਲੇ (ਕਾਰਤਿਕੇ) ਅਤੇ ਹਜ਼ਾਰ ਮੂੰਹਾਂ ਵਾਲੇ (ਸ਼ੇਸ਼ਨਾਗ) ਵਰਗੇ ਖੋਜ ਰਹੇ ਹਨ, (ਪਰ ਉਸ ਦਾ) ਕੁਝ ਪਾਰ ਨਹੀਂ ਪਾ ਸਕੇ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਜਿਸ ਦੇ ਗੁਣਾਂ ਨੂੰ ਬ੍ਰਹਮਾ ਨੇ ਵੇਦਾਂ ਅੰਦਰ ਗਾਇਆ ਹੈ।
ਜਿਸ ਦੇ ਅੰਤ ਨੂੰ ਸ਼ਿਵ ਵਰਗੇ ਖੋਜ ਰਹੇ ਹਨ, ਉਨ੍ਹਾਂ ਨੇ ਥਕ ਕੇ 'ਅਨੰਤ' ਕਹਿ ਦਿੱਤਾ, ਪਰ ਉਸ ਦਾ ਅੰਤ ਨਹੀਂ ਪਾਇਆ।
ਹੇ ਸੁਕਦੇਵ! (ਮੈਂ ਮਨ ਵਿਚ) ਇਹ ਮਿਥਿਆ ਹੈ ਕਿ ਉਸ ਦੀ ਗੱਲ ਤੁਹਾਡੇ ਮੂੰਹ ਤੋਂ ਸੁਣਾ ॥੨੪੦੩॥
ਜਦ ਰਾਜਾ ਪਰੀਕਸ਼ਿਤ ਨੇ ਇਸ ਤਰ੍ਹਾਂ ਸੁਕਦੇਵ ਨੂੰ ਕਿਹਾ, (ਤਦ) ਸੁਕਦੇਵ ਨੇ ਇਸ ਤਰ੍ਹਾਂ (ਵਾਰਤਾ) ਸੁਣਾਈ।
ਮੈਂ ਤੈਨੂੰ ਦੀਨ-ਦਿਆਲ ਦੀ ਗੱਲ ਸੁਣਾਉਂਦਾ ਹਾਂ, ਤੂੰ ਇਸ ਭੇਦ ਨੂੰ ਲੁਕਾਈ ਰਖੀਂ।
ਇਕ ਸੁਦਾਮਾ ਬ੍ਰਾਹਮਣ ਸੀ। ਉਸ ਦੀ ਬਿਪਤਾ (ਦੀ ਕਥਾ) ਮੈਂ ਸੁਣਾਉਂਦਾ ਹਾਂ, ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਉਸ (ਦੀ ਬਿਪਤਾ) ਨੂੰ ਮਿਟਾਇਆ।
ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ, ਹੇ ਮਹਾਰਾਜ! ਕੰਨ ਦੇ ਕੇ ਸੁਣ ਲਵੋ ॥੨੪੦੪॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਲਭਦ੍ਰ ਤੀਰਥ ਇਸਨਾਨ ਕਰ ਕੇ ਬਲਲ ਦੈਂਤ ਨੂੰ ਮਾਰ ਕੇ ਘਰ ਨੂੰ ਆਏ, ਅਧਿਆਇ ਦੀ ਸਮਾਪਤੀ।
ਸੁਦਾਮਾ ਦੀ ਵਾਰਤਾ ਦਾ ਕਥਨ
ਸਵੈਯਾ:
ਇਕ ਇਸਤਰੀ ਸਹਿਤ ਬ੍ਰਾਹਮਣ ਸੀ, ਉਸ ਨੇ ਇਸ ਜਗਤ ਵਿਚ ਬਹੁਤ ਦੁਖ ਪਾਇਆ ਸੀ।
ਇਕ ਦਿਨ ਦੁਖੀ ਹੋ ਕੇ ਉਸ ਨੇ ਕਿਹਾ, ਉਹ (ਕ੍ਰਿਸ਼ਨ) ਮੇਰਾ ਮਿਤਰ ਹੈ ਜਿਸ ਨੂੰ ਜਗਤ 'ਪ੍ਰਭੂ' ਕਹਿੰਦਾ ਹੈ।
(ਉੱਤਰ ਵਿਚ) ਉਸ ਦੀ ਇਸਤਰੀ ਨੇ ਕਿਹਾ, ਉਥੇ ਜਾ। ਉਸ ਬ੍ਰਾਹਮਣ ਨੇ (ਉਸ ਦੀ ਗੱਲ) ਸੁਣ ਕੇ ਮੰਨ ਲਈ, ਅਤੇ ਉਸ ਨੇ ਸਿਰ ਮੁਨਵਾ ਲਿਆ।
(ਇਸਤਰੀ ਨੇ) ਨਿਰਧਨ ਬ੍ਰਾਹਮਣ ਦੇ ਹੱਥ ਵਿਚ (ਭੇਟਾ ਕਰਨ ਲਈ) ਚਾਵਲ ਦੇ ਦਿੱਤੇ ਅਤੇ ਉਹ ਦੁਆਰਿਕਾ ਵਲ ਚਲ ਪਿਆ ॥੨੪੦੫॥
ਬ੍ਰਾਹਮਣ ਨੇ ਕਿਹਾ:
ਸਵੈਯਾ:
ਮੈਂ ਅਤੇ ਕ੍ਰਿਸ਼ਨ ਸੰਦੀਪਨ ਗੁਰੂ ਦੇ ਘਰ ਪੜ੍ਹਦੇ ਹੋਇਆਂ ਆਪਸ ਵਿਚ ਬਹੁਤ ਹਿਤ ਕਰਦੇ ਸਾਂ।
ਮੈਂ ਸ੍ਰੀ ਕ੍ਰਿਸ਼ਨ ਨੂੰ ਚਿਤ ਵਿਚ ਵਸਾਇਆ ਹੋਇਆ ਹੈ, (ਉਧਰ) ਕ੍ਰਿਸ਼ਨ ਵੀ ਮੈਨੂੰ ਚਿਤ ਵਿਚ ਯਾਦ ਕਰਦੇ ਹੋਣਗੇ।