ਸ਼੍ਰੀ ਦਸਮ ਗ੍ਰੰਥ

ਅੰਗ - 515


ਭੈਨ ਭ੍ਰਾਤ ਅਤਿ ਹੀ ਸੁਖੁ ਪਾਯੋ ॥੨੧੬੨॥

ਤਦ ਭੈਣ ਭਰਾ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੧੬੨॥

ਬ੍ਯਾਹ ਭਲੋ ਅਨਰੁਧ ਕੋ ਕਯੋ ॥

ਅਨਰੁੱਧ ਦਾ ਚੰਗੀ ਤਰ੍ਹਾਂ ਵਿਆਹ ਕੀਤਾ।

ਜਦੁਪਤਿ ਆਪ ਸੇਹਰਾ ਦਯੋ ॥

ਸ੍ਰੀ ਕ੍ਰਿਸ਼ਨ ਨੇ ਖ਼ੁਦ (ਪੋਤਰੇ ਨੂੰ) ਸੇਹਰਾ ਬੰਨ੍ਹਿਆ।

ਜੂਪ ਮੰਤ੍ਰ ਉਤ ਰੁਕਮਿ ਬਿਚਾਰਿਯੋ ॥

ਉਧਰ ਰੁਕਮੀ ਨੇ ਜੂਆ ਖੇਡਣ ਦਾ ਮਨਸੂਬਾ ਵਿਚਾਰਿਆ

ਖੇਲ ਹਲੀ ਹਮ ਸੰਗ ਉਚਾਰਿਯੋ ॥੨੧੬੩॥

ਅਤੇ ਬਲਰਾਮ ਨੂੰ ਕਿਹਾ ਕਿ ਮੇਰੇ ਨਾਲ (ਆ ਕੇ) ਖੇਡੋ ॥੨੧੬੩॥

ਸਵੈਯਾ ॥

ਸਵੈਯਾ:

ਸੰਗ ਹਲੀ ਕੇ ਤਬੈ ਰੁਕਮੀ ਕਬਿ ਸ੍ਯਾਮ ਜੂਆ ਹੂ ਕੋ ਖੇਲੁ ਮਚਾਯੋ ॥

ਕਵੀ ਸ਼ਿਆਮ (ਕਹਿੰਦੇ ਹਨ) ਤਦ ਰੁਕਮੀ ਨੇ ਬਲਰਾਮ ਨਾਲ ਜੂਏ ਦੀ ਖੇਡ ਰਚਾ ਦਿੱਤੀ।

ਭੂਪ ਘਨੇ ਜਿਹ ਥੇ ਤਿਨ ਦੇਖਤ ਦਰਬ ਘਨੋ ਤਿਹ ਮਾਝਿ ਲਗਾਯੋ ॥

ਉਥੇ ਜੋ ਬਹੁਤ ਸਾਰੇ ਰਾਜੇ (ਮੌਜੂਦ) ਸਨ, ਉਨ੍ਹਾਂ ਨੇ ਵੇਖ ਕੇ ਉਸ (ਖੇਡ) ਵਿਚ ਬਹੁਤ ਸਾਰਾ ਧਨ ਲਗਾ ਦਿੱਤਾ।

ਦਾਵ ਪਰਿਯੋ ਮੁਸਲੀ ਕੋ ਸਭੋ ਰੁਕਮੀ ਹੂ ਕੋ ਦਾਵ ਪਰਿਯੋ ਯੌ ਸੁਨਾਯੋ ॥

ਸਾਰੇ ਦਾਓ ਬਲਰਾਮ ਦੇ ਪਏ ਸਨ, (ਪਰ ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਰੁਕਮੀ ਦੇ ਦਾਓ ਪਏ ਹਨ।

ਹਾਸ ਕੀਯੋ ਮਿਲਿ ਕੈ ਅਤਿ ਹੀ ਗਰੁੜ ਧੁਜ ਭ੍ਰਾਤ ਘਨੋ ਰਿਸਵਾਯੋ ॥੨੧੬੪॥

ਸ੍ਰੀ ਕ੍ਰਿਸ਼ਨ ('ਗਰੁੜ ਧੁਜ') ਨੇ ਸਭ ਨਾਲ ਰਲ ਕੇ (ਭਰਾ ਨਾਲ) ਬਹੁਤ ਮਖੌਲ ਕੀਤਾ। (ਫਲਸਰੂਪ) ਬਲਰਾਮ ਬਹੁਤ ਕ੍ਰੋਧਿਤ ਹੋ ਗਿਆ ॥੨੧੬੪॥

ਚੌਪਈ ॥

ਚੌਪਈ:

ਐਸੇ ਘਨੀ ਬੇਰ ਡਹਕਾਯੋ ॥

ਇਸ ਤਰ੍ਹਾਂ ਕਈ ਵਾਰ ਚਿੜ੍ਹਾਇਆ,

ਜਦੁਪਤਿ ਭ੍ਰਾਤ ਕ੍ਰੋਧ ਅਤਿ ਆਯੋ ॥

(ਜਿਸ ਕਰ ਕੇ) ਬਲਰਾਮ ਨੂੰ ਬਹੁਤ ਕ੍ਰੋਧ ਆ ਗਿਆ।

ਏਕ ਗਦਾ ਉਠਿ ਕਰ ਮੈ ਧਰੀ ॥

(ਉਸ ਨੇ) ਉਠ ਕੇ ਇਕ ਗਦਾ ਹੱਥ ਵਿਚ ਪਕੜ ਲਈ

ਸਭ ਭੂਪਨ ਕੀ ਪੂਜਾ ਕਰੀ ॥੨੧੬੫॥

ਅਤੇ ਸਾਰਿਆਂ ਰਾਜਿਆਂ ਦੀ ਪੂਜਾ ਕੀਤੀ (ਅਰਥਾਤ ਕੁਟਾਪਾ ਚੜ੍ਹਾਇਆ) ॥੨੧੬੫॥

ਘਨੇ ਚਾਇ ਸੋ ਭੂਪ ਸੰਘਾਰੇ ॥

ਬੜੇ ਚਾਉ ਨਾਲ ਰਾਜਿਆਂ ਦੀ ਖੜਕਾਈ ਕੀਤੀ ਹੈ।

ਪਰੇ ਝੂਮ ਕੈ ਭੂ ਬਿਸੰਭਾਰੇ ॥

(ਰਾਜੇ) ਧਰਤੀ ਉਤੇ ਬੇਸੁਧ ਹੋ ਕੇ ਡਿਗ ਪਏ ਹਨ।

ਗਿਰੇ ਸ੍ਰਉਨ ਕੇ ਰਸ ਸੋ ਰਾਤੇ ॥

ਲਹੂ ਦੇ ਰਸ ਨਾਲ ਰਤੇ ਹੋਏ ਡਿਗੇ ਪਏ ਹਨ।

ਖੇਡਿ ਬਸੰਤ ਮਨੋ ਮਦਮਾਤੇ ॥੨੧੬੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮਦ ਨਾਲ ਮਸਤ ਬਸੰਤ ਖੇਡ ਕੇ (ਡਿਗੇ ਹੋਣ) ॥੨੧੬੬॥

ਫਿਰਤ ਭੂਤ ਸੋ ਤਿਨ ਮੈ ਹਲੀ ॥

ਉਨ੍ਹਾਂ ਵਿਚ ਬਲਰਾਮ ਭੂਤ ਬਣਿਆ ਫਿਰਦਾ ਹੈ

ਜੈਸੇ ਅੰਤ ਕਾਲ ਸਿਵ ਬਲੀ ॥

ਜਿਵੇਂ ਪਰਲੋ ਵਾਲੇ ਦਿਨ ਬਲਵਾਨ ਸ਼ਿਵ (ਫਿਰ ਰਿਹਾ ਹੈ)।

ਜਿਉ ਰਿਸਿ ਡੰਡ ਲੀਏ ਜਮੁ ਆਵੈ ॥

(ਜਾਂ ਫਿਰ) ਜਿਵੇਂ ਯਮਰਾਜ ਡੰਡਾ ਲੈ ਕੇ ਆਉਂਦਾ ਹੈ,

ਤੈਸੇ ਹੀ ਮੁਸਲੀ ਛਬਿ ਪਾਵੈ ॥੨੧੬੭॥

ਉਸੇ ਤਰ੍ਹਾਂ ਬਲਰਾਮ ਸ਼ੋਭਾ ਪਾ ਰਿਹਾ ਸੀ ॥੨੧੬੭॥

ਰੁਕਮੀ ਭਯੋ ਗਦਾ ਗਹਿ ਠਾਢੋ ॥

(ਦੂਜੇ ਪਾਸਿਓਂ) ਰੁਕਮੀ ਵੀ ਗਦਾ ਪਕੜ ਕੇ ਖੜੋ ਗਿਆ।

ਘਨੋ ਕ੍ਰੋਧ ਤਾ ਕੈ ਚਿਤਿ ਬਾਢੋ ॥

ਉਸ ਦੇ ਚਿਤ ਵਿਚ ਬਹੁਤ ਕ੍ਰੋਧ ਵਧਿਆ ਹੋਇਆ ਸੀ।

ਭਾਜਤ ਭਯੋ ਨ ਸਾਮੁਹੇ ਆਯੋ ॥

(ਉਹ) ਭਜ ਕੇ ਨਹੀਂ ਗਿਆ (ਸਗੋਂ) ਸਾਹਮਣੇ ਆ ਕੇ ਡਟਿਆ ਹੈ।

ਆਇ ਹਲੀ ਸੋ ਜੁਧੁ ਮਚਾਯੋ ॥੨੧੬੮॥

ਆ ਕੇ ਬਲਰਾਮ ਨਾਲ ਯੁੱਧ ਮਚਾਇਆ ਹੈ ॥੨੧੬੮॥

ਹਲੀ ਗਦਾ ਤਬ ਤਾ ਪਰ ਮਾਰੀ ॥

ਤਦ ਬਲਰਾਮ ਨੇ ਉਸ (ਰੁਕਮੀ) ਉਤੇ ਗਦਾ ਦਾ ਵਾਰ ਕੀਤਾ।

ਉਨ ਹੂ ਕੋਪ ਸੋ ਤਾ ਪਰ ਝਾਰੀ ॥

ਉਸ ਨੇ ਵੀ ਕ੍ਰੋਧ ਨਾਲ ਉਸ (ਬਲਰਾਮ) ਉਤੇ (ਗਦਾ) ਝਾੜ ਦਿੱਤੀ।

ਸ੍ਰਉਨਤ ਛੁਟਿਯੋ ਅਰੁਨ ਦੋਊ ਭਏ ॥

(ਦੋਹਾਂ ਦਾ) ਲਹੂ ਵਗਣ ਲਗਿਆ ਅਤੇ ਦੋਵੇਂ (ਲਹੂ ਨਾਲ) ਲਾਲ ਰੰਗ ਦੇ ਹੋ ਗਏ।

ਮਾਨਹੁ ਕ੍ਰੋਧ ਰੂਪ ਹੁਇ ਗਏ ॥੨੧੬੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋਵੇਂ ਕ੍ਰੋਧ ਦਾ ਰੂਪ ਹੀ ਹੋ ਗਏ ਹੋਣ ॥੨੧੬੯॥

ਦੋਹਰਾ ॥

ਦੋਹਰਾ:

ਦਾਤ ਕਾਢਿ ਇਕ ਹਸਤ ਥੋ ਸੋ ਇਹ ਨੈਨ ਨਿਹਾਰਿ ॥

ਇਕ (ਵਿਅਕਤੀ) ਦੰਦ ਕਢ ਕੇ ਹਸ ਰਿਹਾ ਸੀ, ਉਸ ਨੂੰ ਇਸ (ਬਲਰਾਮ) ਨੇ ਅੱਖਾਂ ਨਾਲ ਵੇਖ ਲਿਆ।

ਰੁਕਮਿਨਿ ਜੁਧੁ ਕੋ ਛੋਰ ਕੈ ਤਾ ਪਰ ਚਲਿਯੋ ਹਕਾਰਿ ॥੨੧੭੦॥

ਰੁਕਮੀ ਨਾਲ ਯੁੱਧ ਨੂੰ ਛਡ ਕੇ ਉਸ ਉਤੇ ਲਲਕਾਰਾ ਮਾਰ ਕੇ ਜਾ ਪਿਆ ॥੨੧੭੦॥

ਸਵੈਯਾ ॥

ਸਵੈਯਾ:

ਸਭ ਤੋਰ ਕੈ ਦਾਤ ਦਏ ਤਿਹ ਕੇ ਬਲਭਦ੍ਰ ਗਦਾ ਸੰਗ ਪੈ ਗਹਿ ਕੈ ॥

ਬਲਰਾਮ ਨੇ ਗਦਾ ਨੂੰ ਪਕੜ ਕੇ ਉਸ ਨਾਲ ਉਸ ਦੇ ਸਾਰੇ ਦੰਦ ਤੋੜ ਸੁਟੇ।

ਦੋਊ ਮੂਛ ਉਖਾਰ ਲਈ ਤਿਹ ਕੀ ਅਤਿ ਸ੍ਰਉਨ ਚਲਿਯੋ ਤਿਹ ਤੇ ਬਹਿ ਕੈ ॥

ਉਸ ਦੀਆਂ ਦੋਵੇਂ ਮੁੱਛਾਂ ਪੁਟ ਸੁਟੀਆਂ। ਉਸ ਦਾ ਬਹੁਤ ਲਹੂ ਵਗਣ ਲਗ ਗਿਆ।

ਫਿਰਿ ਅਉਰ ਹਨੇ ਬਲਵੰਤ ਘਨੇ ਕਬਿ ਸ੍ਯਾਮ ਕਹੈ ਚਿਤ ਮੈ ਚਹਿ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਫਿਰ ਚਿਤ ਵਿਚ ਚਾਉ ਪੈਦਾ ਕਰ ਕੇ ਹੋਰ ਬਹੁਤ ਸਾਰੇ ਬਲਵਾਨ ਮਾਰ ਦਿੱਤੇ।

ਫਿਰਿ ਆਇ ਭਿਰਿਯੋ ਰੁਕਮੀ ਸੰਗ ਯੌ ਤੁਹਿ ਮਾਰਤ ਹਉ ਮੁਖ ਤੇ ਕਹਿ ਕੈ ॥੨੧੭੧॥

ਫਿਰ ਆ ਕੇ ਰੁਕਮੀ ਨਾਲ ਯੁੱਧ ਕਰਨ ਲਗ ਪਿਆ ਅਤੇ 'ਤੈਨੂੰ ਮਾਰਦਾ ਹਾਂ', ਇਸ ਤਰ੍ਹਾਂ ਮੂੰਹ ਤੋਂ ਕਹਿ ਕੇ (ਯੁੱਧ ਰਚਾ ਦਿੱਤਾ) ॥੨੧੭੧॥

ਧਾਵਤ ਭਯੋ ਰੁਕਮੀ ਪੈ ਹਲੀ ਕਬਿ ਸ੍ਯਾਮ ਕਹੈ ਚਿਤਿ ਰੋਸ ਬਢੈ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਬਲਰਾਮ ਮਨ ਵਿਚ ਗੁੱਸੇ ਨੂੰ ਵਧਾ ਕੇ ਰੁਕਮੀ ਉਤੇ ਟੁਟ ਕੇ ਪੈ ਗਿਆ।

ਰੋਮ ਖਰੇ ਕਰਿ ਕੈ ਅਪੁਨੇ ਪੁਨਿ ਅਉਰ ਪ੍ਰਚੰਡ ਗਦਾ ਕਰਿ ਲੈ ਕੈ ॥

ਆਪਣੇ ਰੋਮ ਖੜੇ ਕਰ ਕੇ ਅਤੇ ਹੱਥ ਵਿਚ ਪ੍ਰਚੰਡ ਗਦਾ ਪਕੜ ਕੇ

ਆਵਤ ਭਯੋ ਉਤ ਤੇ ਸੋਊ ਬੀਰ ਸੁ ਆਪਸ ਮੈ ਰਨ ਦੁੰਦ ਮਚੈ ਕੈ ॥

ਉਧਰੋਂ ਉਹ ਯੁੱਧਵੀਰ (ਰੁਕਮੀ) ਵੀ ਆ ਗਿਆ ਅਤੇ ਰਣ ਵਿਚ ਆਪਸ ਵਿਚ ਦੁਅੰਦ ਯੁੱਧ ਮਚਾ ਦਿੱਤਾ।

ਹੁਇ ਬਿਸੰਭਾਰ ਪਰੇ ਦੋਊ ਬੀਰ ਧਰਾ ਪਰ ਘਾਇਨ ਕੇ ਸੰਗ ਘੈ ਕੈ ॥੨੧੭੨॥

ਘਾਓਆਂ ਨਾਲ ਜ਼ਖ਼ਮੀ ਹੋ ਕੇ ਦੋਵੇਂ ਸ਼ੂਰਵੀਰ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਏ ॥੨੧੭੨॥

ਚੌਪਈ ॥

ਚੌਪਈ:

ਪਹਰ ਦੋਇ ਤਹ ਜੁਧੁ ਮਚਾਯੋ ॥

ਉਨ੍ਹਾਂ ਨੇ ਦੋ ਪਹਿਰ ਯੁੱਧ ਕੀਤਾ।

ਏਕ ਨ ਦੋ ਮੈ ਮਾਰਨ ਪਾਯੋ ॥

(ਦੋਹਾਂ ਵਿਚੋਂ) ਇਕ ਵੀ ਦੂਜੇ ਨੂੰ ਨਾ ਮਾਰ ਸਕਿਆ।

ਬਿਹਬਲ ਹੋਇ ਦੋਊ ਧਰਿ ਪਰੇ ॥

ਦੋਵੇਂ ਘਬਰਾ ਕੇ ਧਰਤੀ ਉਤੇ ਡਿਗ ਪਏ।

ਜੀਵਤ ਬਚੇ ਸੁ ਮਾਨਹੋ ਮਰੇ ॥੨੧੭੩॥

(ਭਾਵੇਂ) ਜੀਉਂਦੇ ਬਚ ਗਏ (ਪਰ) ਲਗਦੇ ਮਰੇ ਹੋਏ ਹੀ ਸਨ ॥੨੧੭੩॥


Flag Counter