ਰਾਂਝਾ ਅਤੇ ਹੀਰ ਪ੍ਰੇਮ ਵਿਚ ਇਕ ਹੀ ਹੋ ਗਏ ਸਨ।
ਕਹਿਣ ਲਈ ਤਾਂ ਇਕ ਹੀ ਤਨ ਸੀ ਪਰ ਵੇਖਣ ਲਈ ਦੋ ਤਨ ਸਨ ॥੨੬॥
ਚੌਪਈ:
ਪ੍ਰਿਯਾ (ਹੀਰ) ਦੀ ਪ੍ਰੀਤ ਅਜਿਹੀ ਹੋ ਗਈ
ਕਿ ਉਸ ਨੂੰ ਸਾਰੀ ਸੁੱਧ ਬੁੱਧ ਭੁਲ ਗਈ।
ਉਹ ਰਾਂਝੇ ਦੇ ਰੂਪ ਵਿਚ ਉਲਝ ਗਈ
ਅਤੇ ਲੋਕ-ਲਾਜ ਨੂੰ ਛਡ ਕੇ ਦਿਵਾਨੀ ਹੋ ਗਈ ॥੨੭॥
ਤਦ ਚੂਚਕ ਨੇ ਇਸ ਤਰ੍ਹਾਂ ਸੋਚਿਆ
ਕਿ ਇਹ ਕੰਨਿਆ ਜੀਉਂਦੀ ਨਹੀਂ ਰਹੇਗੀ।
ਹੁਣ ਹੀ ਇਹ ਖੇੜਿਆਂ ਨੂੰ ਦੇ ਦੇਈਏ।
ਇਸ ਵਿਚ ਜ਼ਰਾ ਜਿੰਨੀ ਢਿਲ ਨਹੀਂ ਕਰਨੀ ਚਾਹੀਦੀ ॥੨੮॥
ਉਨ੍ਹਾਂ ਨੇ ਖੇੜਿਆਂ ਨੂੰ ਤੁਰਤ ਬੁਲਾ ਲਿਆ (ਅਤੇ ਹੀਰ ਦਾ ਵਿਆਹ ਕਰ ਕੇ) ਉਨ੍ਹਾਂ ਨਾਲ ਤੋਰ ਦਿੱਤੀ।
ਰਾਂਝਾ ਉਨ੍ਹਾਂ ਨਾਲ ਫ਼ਕੀਰ ਬਣ ਕੇ ਗਿਆ।
ਜਦੋਂ ਭਿਖ ਮੰਗਦੇ ਦਾ ਦਾਓ ਲਗਿਆ
ਤਾਂ ਉਹ ਉਸ ਨੂੰ ਲੈ ਕੇ ਸਵਰਗ ਚਲਿਆ ਗਿਆ ॥੨੯॥
ਜਦੋਂ ਹੀਰ ਅਤੇ ਰਾਂਝਾ ਮਿਲੇ
ਤਾਂ (ਉਨ੍ਹਾਂ ਦੇ) ਮਨ ਦੇ ਸਾਰੇ ਦੁਖ ਦੂਰ ਹੋ ਗਏ।
ਇਥੋਂ ਦੀ ਮਿਆਦ ਜਦੋਂ ਪੂਰੀ ਹੋ ਗਈ
ਤਾਂ ਦੋਹਾਂ ਨੇ ਸਵਰਗ ਦਾ ਮਾਰਗ ਪਕੜ ਲਿਆ ॥੩੦॥
ਦੋਹਰਾ:
ਉਥੇ ਰਾਂਝਾ ਇੰਦਰ ਬਣ ਗਿਆ ਅਤੇ ਹੀਰ ਮੈਨਿਕਾ ਬਣ ਗਈ।
ਇਸ ਜਗਤ ਵਿਚ ਸਾਰੇ ਕਵੀ-ਕੁਲ (ਇਨ੍ਹਾਂ ਦਾ) ਸਦਾ ਧੀਰਜ ਨਾਲ ਜਸ ਗਾਉਂਦੇ ਹਨ ॥੩੧॥
ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੮॥੧੮੨੮॥ ਚਲਦਾ॥
ਚੌਪਈ:
ਪੋਠੋਹਾਰ ਵਿਚ ਇਕ ਇਸਤਰੀ ਰਹਿੰਦੀ ਸੀ।
ਉਸ ਨੂੰ ਸਾਰਾ ਸੰਸਾਰ ਰੁਦ੍ਰ ਕਲ ਕਹਿੰਦਾ ਸੀ।
ਉਸ ਦੇ ਘਰ ਰੋਜ਼ ਮੁਲਾਣੇ ('ਖੁਦਾਈ') ਆਉਂਦੇ ਸਨ
ਅਤੇ ਡਰਾਵਾ ਦੇ ਕੇ ਧਨ ਲੈ ਜਾਂਦੇ ਸਨ ॥੧॥
(ਉਸ ਨੇ) ਇਕ ਦਿਨ ਇਨ੍ਹਾਂ ਨੂੰ ਕੁਝ ਵੀ ਧਨ ਨਾ ਦਿੱਤਾ,
ਤਾਂ ਮੁਲਾਣਿਆਂ ਦੇ ਮਨ ਵਿਚ ਗੁੱਸਾ ਆਇਆ।
ਸਭ ਨੇ ਹੱਥ ਵਿਚ ਕੁਰਾਨ ਉਠਾ ਲਿਆ
ਅਤੇ ਮਿਲ ਕੇ ਉਸ ਦੇ ਘਰ ਆਏ ॥੨॥
ਅਤੇ ਕਿਹਾ, ਤੂੰ ਨੱਬੀ ਦੀ ਨਿੰਦਿਆ ('ਹਾਨਤ') ਕੀਤੀ ਹੈ।
ਇਹ ਗੱਲ ਸੁਣ ਕੇ ਇਸਤਰੀ (ਮਨ ਵਿਚ) ਬਹੁਤ ਡਰੀ।
ਉਨ੍ਹਾਂ (ਮੁਲਾਣਿਆਂ) ਨੂੰ ਘਰ ਵਿਚ ਬਿਠਾਇਆ
ਅਤੇ (ਉਥੋਂ ਦੇ ਅਧਿਕਾਰੀ) ਮੁਹੱਬਤ ਖ਼ਾਨ ਨੂੰ ਦਸ ਦਿੱਤਾ ॥੩॥
ਉਸ ਦੇ ਤੁਰਤ ਪਿਆਦੇ ਆ ਗਏ
ਅਤੇ ਉਨ੍ਹਾਂ ਨੂੰ ਇਕ ਘਰ (ਕਮਰੇ) ਵਿਚ ਲੁਕਾ ਕੇ ਬਿਠਾ ਦਿੱਤਾ।
ਖਾਣਾ (ਤਿਆਰ ਕਰ ਕੇ) ਚੰਗੀ ਤਰ੍ਹਾਂ ਉਨ੍ਹਾਂ (ਮੁਲਾਣਿਆਂ) ਦੇ ਅਗੇ ਪਰੋਸਿਆ
ਅਤੇ ਆਪ ਮੁਲਾਣਿਆਂ ਨੂੰ ਇਸ ਤਰ੍ਹਾਂ ਕਿਹਾ ॥੪॥
ਮੈਂ ਨੱਬੀ ਦੀ ਨਿੰਦਿਆ ਨਹੀਂ ਕੀਤੀ।
ਦਸੋ, ਮੈਥੋਂ ਕਿਹੜੀ ਭੁਲ ਹੋਈ ਹੈ।
ਜੇ ਮੈਂ ਉਨ੍ਹਾਂ ਦੀ ਨਿੰਦਿਆ ਕਰਾਂ
ਤਾਂ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਵਾਂ ॥੫॥
ਤੁਸੀਂ ਜੋ ਕੁਝ ਲੈਣਾ ਹੈ ਸੋ ਲਵੋ,
ਪਰ ਮੇਰੇ ਉਤੇ ਨਿੰਦਿਆ ਕਰਨ ਦਾ ਦੋਸ਼ ਨਾ ਥੋਪੋ।
ਮੁਲਾਣਿਆਂ ਨੇ ਹਸ ਕੇ ਕਿਹਾ
ਕਿ ਧਨ ਦੇ ਲਾਲਚ ਕਰ ਕੇ ਅਸੀਂ ਇਹ ਚਰਿਤ੍ਰ ਕੀਤਾ ਹੈ ॥੬॥