(ਸ਼ਰਤ ਇਹ ਰਖੀ ਕਿ) ਜੋ ਉਸ ਦੀ ਪਰਛਾਈਂ ਵੇਖ ਕੇ ਸੱਜੀ ਅੱਖ ਵਿਚ (ਤੀਰ) ਮਾਰੇਗਾ,
ਉਹ ਪੁਰਸ਼ ਮੇਰੇ ਨਾਲ ਆ ਕੇ ਰਮਣ ਕਰੇਗਾ ॥੬॥
ਦੇਸ ਦੇਸ ਦੇ ਰਾਜਿਆਂ ਨੂੰ (ਉਥੇ) ਬੁਲਾ ਲਿਆ
(ਅਤੇ ਉਨ੍ਹਾਂ ਨੂੰ ਕਿਹਾ ਕਿ) ਚੰਗੀ ਤਰ੍ਹਾਂ ਧਨੁਸ਼ ਚੜ੍ਹਾ ਕੇ ਮੱਛ ਦੀ ਅੱਖ ਵਿਚ ਤੀਰ ਮਾਰਿਆ ਜਾਏ।
ਕਈ ਬਣ ਠਣ ਕੇ ਉਸ (ਮੱਛ) ਨੂੰ ਤੀਰ ਮਾਰਦੇ ਸਨ।
ਉਹ ਮੱਛ ਨੂੰ ਨਹੀਂ ਲਗਦੇ ਸਨ ਅਤੇ ਫਿਰ (ਹੇਠਾਂ) ਆ ਡਿਗਦੇ ਸਨ ॥੭॥
ਭੁਜੰਗ ਛੰਦ:
ਵੱਡੇ ਵੱੜੇ ਸੂਰਮੇ ਬਣ ਠਣ ਕੇ (ਆਕੜ ਕੇ) ਜਾਂਦੇ ਸਨ।
ਪਰ ਬਾਣ ਨਾ ਲਗਣ ਕਾਰਨ ਰਾਜੇ ਸ਼ਰਮਾਉਂਦੇ ਸਨ।
ਉਹ ਇਸਤਰੀਆਂ ਵਾਂਗ ਨੀਵੀਂ ਪਾਈ ਇਸ ਤਰ੍ਹਾਂ ਜਾਂਦੇ ਸਨ,
ਮਾਨੋ ਉਸ ਤਰ੍ਹਾਂ ਸ਼ੀਲਵਾਨ ਨਾਰੀ ਵੀ ਨਾ ਹੋਵੇ ॥੮॥
ਦੋਹਰਾ:
ਵਿੰਗੇ ਟੇਢੇ ਹੋ ਕੇ ਰਾਜੇ ਤੀਰ ਮਾਰਨ ਲਈ ਜਾਂਦੇ ਸਨ।
ਮੱਛ ਨੂੰ ਤੀਰ ਨਹੀਂ ਲਗਦਾ ਅਤੇ ਉਹ ਸਿਰ ਝੁਕਾਏ ਰਹਿ ਜਾਂਦੇ ਸਨ ॥੯॥
(ਕਈ) ਕ੍ਰੋਧਿਤ ਹੋ ਕੇ ਤੀਰ ਚਲਾਂਦੇ ਸਨ, (ਪਰ ਤੀਰ) ਮੱਛ ਨੂੰ ਨਹੀਂ ਲਗਦੇ ਸਨ।
(ਉਹ) ਖਿਸਕ ਕੇ ਕੜਾਹੇ ਵਿਚ ਜਾ ਪੈਂਦੇ ਸਨ ਅਤੇ ਤੇਲ ਵਿਚ ਸੜ ਜਾਂਦੇ ਸਨ ॥੧੦॥
ਭੁਜੰਗ ਛੰਦ:
ਉਹ ਤੇਲ ਵਿਚ ਪੈ ਕੇ ਇਸ ਤਰ੍ਹਾਂ ਭੁਜ ਜਾਂਦੇ ਸਨ
ਜਿਸ ਤਰ੍ਹਾਂ ਬਿਰਧ ਇਸਤਰੀਆਂ ਵੜੇ ਪਕਾਉਂਦੀਆਂ ਹਨ।
ਕੋਈ ਸੂਰਮਾ ਉਸ ਮੱਛੀ ਨੂੰ ਤੀਰ ਨਹੀਂ ਮਾਰ ਸਕਿਆ।
(ਇਸ ਲਈ) ਸ਼ਰਮ ਦੇ ਮਾਰੇ (ਆਪਣੀਆਂ) ਰਾਜਧਾਨੀਆਂ ਨੂੰ ਚਲੇ ਗਏ ॥੧੧॥
ਦੋਹਰਾ:
ਉਸ ਮੱਛ ਉਤੇ ਬਾਣ ਚਲਾ ਕੇ ਬਹੁਤ ਰਾਜੇ ਲਜਿਤ ਹੋਏ।
ਕਿਸੇ ਦਾ ਬਾਣ ਵੀ ਨਾ ਵਜਿਆ, ਬਸ ਸਿਰ ਨੀਵਾਂ ਕਰ ਕੇ (ਬੈਠ ਗਏ) ॥੧੨॥
ਮੱਛ ਨੂੰ ਬਾਣ ਨਾ ਲਗਿਆ ਅਤੇ ਉਹ ਪਿਆਰੀ (ਦ੍ਰੋਪਤੀ) ਹੱਥ ਨਾ ਲਗੀ।
ਉਹ ਸ਼ਰਮਿੰਦੇ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਅਤੇ (ਕਈ) ਬਨ ਵਲ ਚਲੇ ਗਏ ॥੧੩॥
ਚੌਪਈ:
ਇਸ ਤਰ੍ਹਾਂ ਦੀ ਕਥਾ ਉਥੇ ਹੋਈ।
ਉਧਰ ਇਹ ਗੱਲ ਪਾਂਡਵਾਂ ਤਕ ਪਹੁੰਚ ਗਈ
ਜਿਥੇ ਉਹ ਦੁਖੀ ਹੋ ਕੇ ਬਨ ਵਿਚ ਫਿਰਦੇ ਸਨ
ਅਤੇ ਕੰਦ ਮੂਲ ਖਾ ਕੇ ਅਤੇ ਹਿਰਨ (ਜਾਂ ਜੰਗਲੀ ਪਸ਼ੂ) ਮਾਰ ਕੇ (ਸਮਾਂ ਬਿਤਾ ਰਹੇ ਸਨ) ॥੧੪॥
ਦੋਹਰਾ:
ਕੁੰਤੀ ਦੇ ਪੁੱਤਰਾਂ ਨੇ ਗੱਲ ਸੁਣ ਕੇ (ਅਥਵਾ ਵੇਖ ਕੇ) ਇਸ ਤਰ੍ਹਾਂ ਕਿਹਾ
ਕਿ ਮਤਸ ਦੇਸ ਵਿਚ ਬਹੁਤ ਬਨ ਹਨ, ਉਥੇ ਹੀ ਜਾ ਕੇ ਵਿਚਰੀਏ ॥੧੫॥
ਚੌਪਈ:
ਪਾਂਡਵਾਂ ਨੇ ਜਦ ਇਹ ਗੱਲ ਸੁਣੀ
ਤਾਂ ਮਤਸ ਦੇਸ਼ ਵਲ ਚਲ ਪਏ।
ਜਿਥੇ ਦ੍ਰੁਪਦ ਨੇ ਸੁਅੰਬਰ ਰਚਿਆ ਹੋਇਆ ਸੀ
ਅਤੇ ਸਾਰਿਆਂ ਰਾਜਿਆਂ ਨੂੰ ਬੁਲਾਇਆ ਹੋਇਆ ਸੀ ॥੧੬॥
ਦੋਹਰਾ:
ਜਿਥੇ ਦ੍ਰੋਪਤੀ ਨੇ ਕੜਾਹ ਤਪਾ ਕੇ ਸੁਅੰਬਰ ਰਚਿਆ ਹੋਇਆ ਸੀ,
ਉਥੇ ਹੀ ਧਨੁਸ਼ ਬਾਣ ਦਾ ਮਾਹਿਰ ਰਾਜਾ ਅਰਜਨ ਜਾ ਖੜੋਤਾ ॥੧੭॥
ਉਸ ਨੇ ਚੰਗੀ ਤਰ੍ਹਾਂ ਦੋਵੇਂ ਪੈਰ ਕੜਾਹ ਉਤੇ ਟਿਕਾ ਦਿੱਤੇ
ਅਤੇ ਫਿਰ ਮੱਛ ਦੀ ਪਰਛਾਈ ਨੂੰ ਵੇਖ ਕੇ ਧਨੁਸ਼ ਕਸ ਲਿਆ ॥੧੮॥
ਸਵੈਯਾ:
ਕ੍ਰੋਧ ਨਾਲ ਧਨੁਸ਼ ਖਿਚ ਕੇ ਅਰਜਨ ਨੇ ਮੱਛ ਦੀ ਸਜੀ ਅੱਖ ਨੂੰ ਵੇਖਿਆ।
ਕੰਨ ਤਕ ਡੋਰੀ ਖਿਚ ਕੇ ਅਤੇ ਬਹੁਤ ਅਭਿਮਾਨ ਕਰ ਕੇ ਲਲਕਾਰਿਆ
ਕਿ ਖੰਡ ਖੰਡ ਦੇ ਰਣ ਨੂੰ ਮੰਡਣ ਵਾਲੇ (ਰਾਜੇ) ਆਪਣੀ ਸ਼ਕਤੀ ਨੂੰ ਹਾਰ ਗਏ ਹਨ।
ਇਸ ਤਰ੍ਹਾਂ ਕਹਿ ਕੇ ਅਤੇ ਬਹੁਤ ਰੋਹ ਵਧਾ ਕੇ, ਕੰਨ ਤਕ ਖਿਚ ਕੇ ਅਤੇ ਨਿਸ਼ਾਨੇ ਨੂੰ ਵੇਖ ਕੇ ਬਾਣ ਮਾਰਿਆ ॥੧੯॥
ਦੋਹਰਾ:
ਅਰਜਨ ('ਪਾਰਥ') ਦੇ ਧਨੁਸ਼ ਨੂੰ ਖਿਚਣ ਨਾਲ ਫੁਲਾਂ ਦੀ ਬਹੁਤ ਬਰਖਾ ਹੋਣ ਲਗੀ।
ਸਾਰੇ ਦੇਵਤੇ ਪ੍ਰਸੰਨ ਹੋ ਗਏ, ਪਰ (ਉਥੇ ਮੌਜੂਦ) ਹਠੀ ਰਾਜਿਆਂ ਵਿਚੋਂ ਕੋਈ ਵੀ ਪ੍ਰਸੰਨ ਨਾ ਹੋਇਆ ॥੨੦॥
ਚੌਪਈ:
ਇਹ ਸਥਿਤੀ ਵੇਖ ਕੇ ਸਾਰੇ ਸੂਰਮੇ ਕ੍ਰੋਧ ਨਾਲ ਭਰ ਗਏ
ਅਤੇ ਹੱਥਾਂ ਵਿਚ ਹਥਿਆਰ ਲੈ ਕੇ ਆ ਪਏ।
(ਸੋਚਣ ਲਗੇ ਕਿ) ਇਸ ਜੋਗੀ ਨੂੰ ਯਮ-ਲੋਕ ਭੇਜੀਏ
ਅਤੇ ਦ੍ਰੋਪਤੀ ਨੂੰ ਖਿਚ ਕੇ ਆਪਣੀ ਇਸਤਰੀ ਬਣਾਈਏ ॥੨੧॥
ਦੋਹਰਾ:
ਤਦ ਅਰਜਨ ਨੇ ਕ੍ਰੋਧ ਵਧਾ ਕੇ ਕਈ ਸੂਰਮੇ ਮਾਰ ਦਿੱਤੇ।
ਕਿਤਨੇ ਹੀ ਸੂਰਮਿਆਂ ਨੂੰ ਮਾਰ ਦਿੱਤਾ ਅਤੇ ਕਈ ਹਾਥੀ ਕਟ ਦਿੱਤੇ ॥੨੨॥
ਭੁਜੰਗ ਛੰਦ:
ਕਿਤਨੇ ਛਤ੍ਰ ਛੇਕ ਦਿੱਤੇ ਅਤੇ ਕਿਤੇ ਨੌਜਵਾਨ ਸੂਰਮੇ ਛਡ ਦਿੱਤੇ।
ਕਿਤਨੇ ਛਤ੍ਰਧਾਰੀਆਂ ਦੇ ਛਤ੍ਰ ਤੋੜ ਦਿੱਤੇ।
ਕਿਤਨਿਆਂ ਨੂੰ ਵੰਗਾਰ ਕੇ ਮਾਰਿਆ ਅਤੇ ਕਿਤਨਿਆਂ ਨੂੰ (ਉਂਜ ਹੀ) ਮਾਰ ਦਿੱਤਾ।
ਚੌਹਾਂ ਪਾਸਿਆਂ ਵਿਚ ਮਾਰੂ ਨਗਾਰੇ ਵਜਣ ਲਗੇ ॥੨੩॥
ਦੋਹਰਾ:
ਨ ਹਟਾਏ ਜਾ ਸਕਣ ਵਾਲਿਆਂ ਨੂੰ ਹਟਾ ਕੇ ਅਰਜਨ ਨੇ ਇਸਤਰੀ ਨੂੰ ਉਠਾ ਲਿਆ
ਅਤੇ ਅਰਜਨ ('ਕਾਪੀ ਧ੍ਵਜ') ਬਹੁਤ ਸੂਰਮਿਆਂ ਨੂੰ ਮਾਰ ਕੇ (ਉਸ ਨੂੰ) ਰਥ ਵਿਚ ਬਿਠਾ ਲਿਆ ॥੨੪॥
ਭੁਜੰਗ ਛੰਦ:
ਕਈਆਂ ਦੀਆਂ ਬਾਂਹਵਾਂ ਵਢ ਦਿੱਤੀਆਂ ਅਤੇ ਕਿਤਨਿਆਂ ਦੇ ਪੈਰ ਤੋੜ ਦਿੱਤੇ।
ਮਹਾਨ ਸੂਰਮਿਆਂ ਦੇ ਛਤ੍ਰ ਉਡਾ ਦਿੱਤੇ।
ਕਈਆਂ ਦੇ ਪੇਟ ਫਟ ਗਏ ਅਤੇ ਕਈ ਉਥੇ ਹੀ ਮਾਰੇ ਗਏ।