(ਉਹ) ਪ੍ਰੀਤਮ ਸਦਾ ਉਸ ਇਸਤਰੀ ਦੇ ਚਿਤ ਵਿਚ ਵਸਿਆ ਰਹਿੰਦਾ ॥੪॥
ਚੌਪਈ:
ਜਦੋਂ ਰਾਜੇ ਨੇ (ਇਹ) ਗੱਲ ਸੁਣ ਲਈ,
ਤਾਂ ਰਾਣੀ ਕਈ ਤਰ੍ਹਾਂ ਨਾਲ ਡਰ ਗਈ।
(ਰਾਜਾ ਸੋਚਦਾ ਕਿ) ਇਸ ਇਸਤਰੀ ਨੂੰ ਹੁਣੇ ਮਾਰਦਾ ਹਾਂ
ਅਤੇ ਧਰਤੀ ਪੁਟ ਕੇ ਵਿਚ ਦਬਾਉਂਦਾ ਹਾਂ ॥੫॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ,
ਤਾਂ ਉਸ ਯਾਰ ਨੂੰ ਬੁਲਾ ਲਿਆ।
ਉਸ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ
ਆਪਣੇ ਦੇਸ਼ ਵਲ ਚਲ ਪਵੋ ॥੬॥
ਉਨ੍ਹਾਂ ਨੇ ਉਜਾੜ ਵਿਚ ਇਕ ਘਰ ਬਣਵਾਇਆ।
ਉਸ ਵਿਚ ਦੋ ਦਰਵਾਜ਼ੇ ਰਖਵਾਏ।
ਸਾਨੂੰ ਲਭਦਿਆਂ (ਜੇ ਰਾਜਾ) ਇਸ ਰਸਤੇ ਰਾਹੀਂ ਆ ਜਾਏ
(ਤਾਂ) ਅਸੀਂ ਦੂਜੇ ਦਰਵਾਜ਼ੇ ਰਾਹੀਂ ਨਿਕਲ ਜਾਈਏ ॥੭॥
ਅੜਿਲ:
(ਉਨ੍ਹਾਂ ਨੇ) ਰਾਜੇ ਦੀ ਇਕ ਸਾਂਢਨੀ ਮੰਗਵਾ ਲਈ।
ਉਸ ਉਤੇ ਦੋਵੇਂ ਸੁਖ ਪੂਰਵਕ ਸਵਾਰ ਹੋ ਗਏ।
ਉਸ ਮਹੱਲ ਵਿਚ ਉਹ ਆਣ ਪਹੁੰਚੇ
ਅਤੇ ਸੁਖ ਨਾਲ ਭਾਂਤ ਭਾਂਤ ਦੀ ਕੇਲ-ਕ੍ਰੀੜਾ ਕਰਨ ਲਗੇ ॥੮॥
ਜਦੋਂ ਰਾਜੇ ਨੇ ਇਸਤਰੀ ਦੇ ਭਜ ਜਾਣ ਦੀ (ਗੱਲ) ਸੁਣੀ ਤਾਂ ਕ੍ਰੋਧਿਤ ਹੋ ਕੇ ਤੁਰ ਪਿਆ।
ਕੋਈ ਸਾਥੀ ਵੀ ਬੁਲਾ ਕੇ ਨਾਲ ਨਾ ਲਿਆ।
ਪੈਰਾਂ ਦੀ ਟੋਹ ਲੈ ਕੇ ਆ ਪਹੁੰਚਿਆ
ਅਤੇ ਬੁੜਬੁੜਾਉਂਦਾ ਹੋਇਆ ਉਸ ਮਹੱਲ ਵਿਚ ਦਾਖ਼ਲ ਹੋਇਆ ॥੯॥
ਦੋਹਰਾ:
ਉਨ੍ਹਾਂ (ਰਾਣੀ ਅਤੇ ਸੌਦਾਗਰ) ਵਾਲੀ ਸਾਂਢਨੀ ਉਥੇ ਥਕ ਕੇ ਜਾ ਪਹੁੰਚੀ।
ਪਰ ਰਾਜਾ ਅਣਥਕ ਸਾਂਢਨੀ ਉਤੇ ਚੜ੍ਹ ਕੇ ਉਥੇ ਆ ਪਹੁੰਚਿਆ ॥੧੦॥
ਸਾਂਢਨੀ ਤੋਂ ਉਤਰ ਕੇ ਰਾਜਾ ਰੋਹ ਭਰਿਆ ਉਥੇ ਜਾ ਚੜ੍ਹਿਆ (ਅਤੇ ਮਨ ਵਿਚ ਸੋਚਣ ਲਗਾ)
ਕਿ ਇਨ੍ਹਾਂ ਦੋਹਾਂ ਨੂੰ ਫੜ ਕੇ ਹੁਣੇ ਯਮ-ਲੋਕ ਪਹੁੰਚਾਂਦਾ ਹਾਂ ॥੧੧॥
ਚੌਪਈ:
ਇਸ ਰਸਤੇ ਤੋਂ ਜਦੋਂ ਰਾਜਾ ਚੜ੍ਹ ਕੇ ਆਇਆ,
(ਤਾਂ) ਉਹ ਦੂਜੇ ਰਸਤੇ ਤੋਂ ਉਤਰ ਗਏ।
ਉਹ (ਰਾਜੇ ਵਾਲੀ) ਅਣਥਕ ਸਾਂਢਨੀ ਉਤੇ
ਰਾਣੀ ਅਤੇ ਯਾਰ ਇਕੱਠੇ ਸਵਾਰ ਹੋ ਗਏ ॥੧੨॥
ਅੜਿਲ:
ਅਣਥਕ ਸਾਂਢਨੀ ਉਤੇ ਬੈਠ ਕੇ (ਉਸ ਨੂੰ) ਭਜਾ ਦਿੱਤਾ।
(ਉਹ) ਪੌਣ ਦੇ ਵੇਗ ਨਾਲ ਚਲੀ, ਭਲਾ ਉਸ ਨੂੰ ਕੌਣ ਮਿਲ ਸਕਦਾ ਸੀ।
ਰਾਜਾ ਮਹੱਲ ਤੋਂ ਉਤਰ ਕੇ ਅੱਖਾਂ ਪਸਾਰ ਕੇ ਕੀ ਵੇਖਦਾ ਹੈ
ਕਿ ਮੈਨੂੰ ਮੂਰਖ ਬਣਾ ਕੇ ਉਹ ਉੱਤਮ ਸਾਂਢਨੀ ਲੈ ਗਏ ਹਨ ॥੧੩॥
ਚੌਪਈ:
ਤਦ ਰਾਜਾ (ਇਕ ਪ੍ਰਕਾਰ ਨਾਲ) ਪੈਦਲ ਰਹਿ ਗਿਆ।
ਉਨ੍ਹਾਂ ਤਕ ਕਿਸੇ ਤਰ੍ਹਾਂ ਵੀ ਪਹੁੰਚ ਨਹੀਂ ਸਕਿਆ।
ਉਹ ਆਪਣਾ ਸਾਰਾ ਛਲ ਬਲ ਕਰ ਕੇ ਹਾਰ ਗਿਆ।
(ਉਹ) ਯਾਰ ਰਾਣੀ ਨੂੰ ਲੈ ਕੇ (ਆਪਣੇ) ਘਰ ਜਾ ਪਹੁੰਚਿਆ ॥੧੪॥
ਅੜਿਲ:
(ਰਾਜਾ) ਆਪਣੇ ਦੋਹਾਂ ਹੱਥਾਂ ਨਾਲ ਸਿਰ ਵਿਚ ਮਿੱਟੀ ਪਾਣ ਲਗਾ,
ਮਾਨੋ ਉਸ ਨੂੰ ਰਸਤੇ ਵਿਚ ਕਿਸੇ ਨੇ ਲੁਟ ਲਿਆ ਹੋਵੇ।
ਉਹ ਬੇਹੋਸ਼ ਹੋ ਕੇ ਧਰਤੀ ਉਤੇ ਘੁਮੇਰੀ ਖਾ ਕੇ ਡਿਗ ਪਿਆ
ਅਤੇ ਬਹੁਤ ਜ਼ਹਿਰ ਖਾ ਕੇ ਨਦੀ ਵਿਚ ਡੁਬ ਮਰਿਆ ॥੧੫॥