ਸ਼੍ਰੀ ਦਸਮ ਗ੍ਰੰਥ

ਅੰਗ - 81


ਭੂਮਿ ਕੋ ਭਾਰ ਉਤਾਰਨ ਕੋ ਜਗਦੀਸ ਬਿਚਾਰ ਕੈ ਜੁਧੁ ਠਟਾ ॥

ਭੂਮੀ ਦਾ ਭਾਰ ਉਤਾਰਨ ਲਈ ਜਗਤ ਦੇ ਈਸ਼ਵਰ ਨੇ ਵਿਚਾਰ-ਪੂਰਵਕ ਯੁੱਧ ਦਾ ਸਾਂਗ ਬਣਾਇਆ।

ਗਰਜੈ ਮਦਮਤ ਕਰੀ ਬਦਰਾ ਬਗ ਪੰਤਿ ਲਸੈ ਜਨ ਦੰਤ ਗਟਾ ॥

ਮਦ (ਸ਼ਰਾਬ) ਦੀ ਮਸਤੀ ਵਿਚ ਹਾਥੀ ਬਦਲਾਂ ਵਾਂਗ ਗਜਦੇ ਹਨ ਅਤੇ ਉਨ੍ਹਾਂ ਦੇ ਦੰਦ (ਇੰਜ ਲਗਦੇ ਸਨ) ਮਾਨੋ ਬਗਲਿਆਂ ਦੀਆਂ ਕਤਾਰਾਂ ਚਮਕ ਰਹੀਆਂ ਹੋਣ।

ਪਹਰੈ ਤਨਤ੍ਰਾਨ ਫਿਰੈ ਤਹ ਬੀਰ ਲੀਏ ਬਰਛੀ ਕਰਿ ਬਿਜੁ ਛਟਾ ॥

ਉਥੇ ਕਵਚ-ਧਾਰੀ ਸੂਰਵੀਰ ਹੱਥ ਵਿਚ ਬਰਛੇ ਧਾਰਨ ਕੀਤੇ ਹੋਇਆਂ (ਇੰਜ) ਫਿਰਦੇ ਹਨ (ਮਾਨੋ) ਬਿਜਲੀ ਦੀ ਲਿਸ਼ਕ ਪੈ ਰਹੀ ਹੋਵੇ।

ਦਲ ਦੈਤਨ ਕੋ ਅਰਿ ਦੇਵਨ ਪੈ ਉਮਡਿਓ ਮਾਨੋ ਘੋਰ ਘਮੰਡ ਘਟਾ ॥੬੨॥

ਦੈਂਤਾਂ ਦਾ ਦਲ ਆਪਣੇ ਵੈਰੀ ਦੇਵਤਿਆਂ ਉਤੇ (ਇੰਜ) ਉਮਡ ਪਿਆ ਮਾਨੋ ਘੋਰ ਕਾਲੀ ਘਟਾ (ਛਾ ਗਈ) ਹੋਵੇ ॥੬੨॥

ਦੋਹਰਾ ॥

ਦੋਹਰਾ:

ਸਗਲ ਦੈਤ ਇਕਠੇ ਭਏ ਕਰਿਯੋ ਜੁਧ ਕੋ ਸਾਜ ॥

ਸਾਰੇ ਦੈਂਤਾਂ ਨੇ ਇਕੱਠੇ ਹੋ ਕੇ ਯੁੱਧ ਦਾ ਵਿਧਾਨ ਕੀਤਾ

ਅਮਰਪੁਰੀ ਮਹਿ ਜਾਇ ਕੈ ਘੇਰਿ ਲੀਓ ਸੁਰ ਰਾਜ ॥੬੩॥

ਅਤੇ ਅਮਰਪੁਰੀ (ਇੰਦਰਪੁਰੀ) ਵਿਚ ਜਾ ਕੇ ਇੰਦਰ ਨੂੰ ਘੇਰ ਲਿਆ ॥੬੩॥

ਸ੍ਵੈਯਾ ॥

ਸ੍ਵੈਯਾ:

ਖੋਲਿ ਕੈ ਦੁਆਰਾ ਕਿਵਾਰ ਸਭੈ ਨਿਕਸੀ ਅਸੁਰਾਰਿ ਕੀ ਸੈਨ ਚਲੀ ॥

ਸਾਰਿਆਂ ਦਰਵਾਜ਼ਿਆਂ ਦੇ ਬੂਹੇ ਖੋਲ੍ਹ ਕੇ ਦੇਵਤਿਆਂ ਦੀ ਸੈਨਾ ਨਿਕਲ ਕੇ ਚਲ ਪਈ।

ਰਨ ਮੈ ਤਬ ਆਨਿ ਇਕਤ੍ਰ ਭਏ ਲਖਿ ਸਤ੍ਰੁ ਕੀ ਪਤ੍ਰਿ ਜਿਉ ਸੈਨ ਹਲੀ ॥

ਤਦ (ਉਹ ਸਾਰੇ) ਯੁੱਧ-ਭੂਮੀ ਵਿਚ ਆ ਕੇ ਇਕੱਠੇ ਹੋ ਗਏ। (ਉਨ੍ਹਾਂ ਨੂੰ ਆਇਆਂ) ਵੇਖ ਕੇ ਵੈਰੀਆਂ (ਦੈਂਤਾਂ) ਦੀ ਸੈਨਾ (ਪਿੱਪਲ ਦੇ) ਪੱਤਰ ਵਾਂਗ ਡੁਲਾਇਮਾਨ ਹੋ ਗਈ।

ਦ੍ਰੁਮ ਦੀਰਘ ਜਿਉ ਗਜ ਬਾਜ ਹਲੇ ਰਥ ਪਾਇਕ ਜਿਉ ਫਲ ਫੂਲ ਕਲੀ ॥

ਹਾਥੀ ਵਡਿਆਂ ਦਰਖਤਾਂ ਵਾਂਗ, ਘੋੜੇ ਫਲਾਂ ਵਾਂਗ, ਰਥ ਫੁਲਾਂ ਵਾਂਗ ਅਤੇ ਪੈਦਲ ਸਿਪਾਹੀ ਕਲੀਆਂ ਵਾਂਗ ਹਿਲਣ ਲਗ ਗਏ।

ਦਲ ਸੁੰਭ ਕੋ ਮੇਘ ਬਿਡਾਰਨ ਕੋ ਨਿਕਸਿਉ ਮਘਵਾ ਮਾਨੋ ਪਉਨ ਬਲੀ ॥੬੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁੰਭ ਦੇ ਸੈਨਾ ਰੂਪੀ ਬਦਲ ਨੂੰ ਖਿੰਡਾਉਣ ਲਈ ਇੰਦਰ ਰੂਪੀ ਤੇਜ਼ ਹਵਾ ਚਲੀ ਹੋਵੇ ॥੬੪॥

ਇਹ ਕੋਪ ਪੁਰੰਦਰ ਦੇਵ ਚੜੇ ਉਤ ਜੁਧ ਕੋ ਸੁੰਭ ਚੜੇ ਰਨ ਮੈ ॥

ਇਧਰੋਂ ਕ੍ਰੋਧਵਾਨ ਹੋ ਕੇ ਇੰਦਰ ਅਤੇ ਹੋਰ ਦੇਵਤੇ ਚੜ੍ਹੇ ਅਤੇ ਉਧਰੋਂ ਯੁੱਧ ਲਈ ਸੁੰਭ ਰਣ-ਭੂਮੀ ਵਿਚ ਆ ਜੰਮਿਆ।

ਕਰ ਬਾਨ ਕਮਾਨ ਕ੍ਰਿਪਾਨ ਗਦਾ ਪਹਿਰੇ ਤਨ ਤ੍ਰਾਨ ਤਬੈ ਤਨ ਮੈ ॥

ਉਦੋਂ (ਸਾਰਿਆਂ ਨੇ) ਹੱਥ ਵਿਚ ਤੀਰ-ਕਮਾਨ, ਕ੍ਰਿਪਾਨ, ਗਦਾ (ਫੜੇ ਹੋਏ ਸਨ) ਅਤੇ ਸ਼ਰੀਰ ਉਤੇ ਕਵਚ ('ਤਨ-ਤ੍ਰਾਨ') ਧਾਰਨ ਕੀਤੇ ਹੋਏ ਸਨ।

ਤਬ ਮਾਰ ਮਚੀ ਦੁਹੂੰ ਓਰਨ ਤੇ ਨ ਰਹਿਓ ਭ੍ਰਮ ਸੂਰਨ ਕੇ ਮਨ ਮੈ ॥

ਤਦ ਦੋਹਾਂ ਪਾਸਿਆਂ ਤੋਂ ਮਾਰੋ ਮਾਰ ਮੱਚ ਗਈ ਅਤੇ ਸੂਰਮਿਆਂ ਦੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਾ ਰਿਹਾ।

ਬਹੁ ਜੰਬੁਕ ਗ੍ਰਿਝ ਚਲੈ ਸੁਨਿ ਕੈ ਅਤਿ ਮੋਦ ਬਢਿਓ ਸਿਵ ਕੇ ਗਨ ਮੈ ॥੬੫॥

(ਯੁੱਧ ਛਿੜਨ ਦੀ ਗੱਲ) ਸੁਣ ਕੇ ਬਹੁਤ ਸਾਰੇ ਗਿਦੜ ਅਤੇ ਗਿਰਝਾਂ (ਮਾਸ ਭੱਛਣ ਲਈ) ਤੁਰ ਪਈਆਂ ਅਤੇ ਸ਼ਿਵ-ਗਣਾਂ ਦੇ ਮਨ ਵਿਚ ਵੀ ਪ੍ਰਸੰਨਤਾ ਦੀ ਲਹਿਰ ਦੌੜ ਗਈ ॥੬੫॥

ਰਾਜ ਪੁਰੰਦਰ ਕੋਪ ਕੀਓ ਇਤਿ ਜੁਧ ਕੋ ਦੈਤ ਜੁਰੇ ਉਤ ਕੈਸੇ ॥

ਇਧਰੋਂ ਰਾਜਾ ਇੰਦਰ ਨੇ ਕ੍ਰੋਧ ਕੀਤਾ ਅਤੇ ਉਧਰੋਂ ਯੁੱਧ ਲਈ ਦੈਂਤ ਕਿਵੇਂ ਜੁੜੇ?

ਸਿਆਮ ਘਟਾ ਘੁਮਰੀ ਘਨਘੋਰ ਕੈ ਘੇਰਿ ਲੀਓ ਹਰਿ ਕੋ ਰਵਿ ਤੈਸੇ ॥

ਜਿਵੇਂ ਘਨਘੋਰ ਕਾਲੀਆਂ ਘਟਾਵਾਂ ਨੇ ਘੁਮੇਰੀ ਪਾ ਕੇ ਇੰਦਰ ਰੂਪੀ ਸੂਰਜ (ਦੇ ਰਥ) ਨੂੰ ਘੇਰ ਲਿਆ ਹੋਵੇ।

ਸਕ੍ਰ ਕਮਾਨ ਕੇ ਬਾਨ ਲਗੇ ਸਰ ਫੋਕ ਲਸੈ ਅਰਿ ਕੇ ਉਰਿ ਐਸੇ ॥

ਇੰਦਰ ਦੇ ਧਨੁਸ਼ ਤੋਂ ਨਿਕਲੇ ਹੋਏ ਤੀਰਾਂ ਦੇ ਬਾਗੜੇ (ਪਿਛਲੇ ਹਿੱਸੇ) ਵੈਰੀਆਂ ਦੀਆਂ ਛਾਤੀਆਂ ਵਿਚ ਇੰਜ ਚਮਕ ਰਹੇ ਹਨ

ਮਾਨੋ ਪਹਾਰ ਕਰਾਰ ਮੈ ਚੋਂਚ ਪਸਾਰਿ ਰਹੇ ਸਿਸੁ ਸਾਰਕ ਜੈਸੇ ॥੬੬॥

ਮਾਨੋ ਪਹਾੜ ਦੀ ਦਰਾੜ ਵਿਚੋਂ ਮੈਨਾ (ਸਾਰਕ) ਦੇ ਬੱਚੇ ਜਿਵੇਂ ਚੁੰਜਾਂ ਪਸਾਰ ਰਹੇ ਹੋਣ ॥੬੬॥

ਬਾਨ ਲਗੇ ਲਖ ਸੁੰਭ ਦਈਤ ਧਸੇ ਰਨ ਲੈ ਕਰਵਾਰਨ ਕੋ ॥

ਸੁੰਭ ਨੂੰ ਤੀਰ ਲਗੇ ਵੇਖ ਕੇ ਦੈਂਤ ਤਲਵਾਰਾਂ ਖਿਚ ਕੇ ਯੁੱਧ-ਭੂਮੀ ਵਿਚ ਧਸ ਗਏ।

ਰੰਗਭੂਮਿ ਮੈ ਸਤ੍ਰੁ ਗਿਰਾਇ ਦਏ ਬਹੁ ਸ੍ਰਉਨ ਬਹਿਓ ਅਸੁਰਾਨ ਕੋ ॥

ਰਣ-ਭੂਮੀ ਵਿਚ ਵੈਰੀਆਂ ਨੂੰ ਡਿਗਾ ਦਿੱਤਾ ਅਤੇ ਦੇਵਤਿਆਂ ਦਾ ਬਹੁਤ ਖੂਨ ਵਗਿਆ।

ਪ੍ਰਗਟੇ ਗਨ ਜੰਬੁਕ ਗ੍ਰਿਝ ਪਿਸਾਚ ਸੁ ਯੌ ਰਨ ਭਾਤਿ ਪੁਕਾਰਨ ਕੋ ॥

ਯੁੱਧ-ਖੇਤਰ ਵਿਚ ਗਣ, ਗਿਦੜ, ਗਿਰਝਾਂ ਤੇ ਪਿਸਾਚ ਸ਼ੋਰ ਪਾਣ ਲਈ ਇਸ ਤਰ੍ਹਾਂ ਪ੍ਰਗਟ ਹੋ ਗਏ

ਸੁ ਮਨੋ ਭਟ ਸਾਰਸੁਤੀ ਤਟਿ ਨਾਤ ਹੈ ਪੂਰਬ ਪਾਪ ਉਤਾਰਨ ਕੋ ॥੬੭॥

ਮਾਨੋ ਸੂਰਮੇ (ਪਿਛਲਿਆਂ ਜਨਮਾਂ ਦੇ) ਪਾਪਾਂ ਨੂੰ ਉਤਾਰਨ ਲਈ ਸਰਸਵਤੀ (ਨਦੀ) ਦੇ ਕੰਢੇ ਉਤੇ ਇਸ਼ਨਾਨ ਕਰ ਰਹੇ ਹੋਣ ॥੬੭॥


Flag Counter