ਸ਼੍ਰੀ ਦਸਮ ਗ੍ਰੰਥ

ਅੰਗ - 177


ਚਲਿਯੋ ਰੋਸ ਸ੍ਰੀ ਰਾਮ ਲੀਨੇ ਕੁਠਾਰੰ ॥੩੧॥

ਪਰਸ਼ੁਰਾਮ ਗੁੱਸੇ ਵਿਚ ਆ ਕੇ ਅਤੇ ਕੁਹਾੜਾ ਲੈ ਕੇ (ਬ੍ਰਾਹਮਣਾਂ ਦੀ ਸਹਾਇਤਾ ਲਈ) ਚਲ ਪਿਆ ॥੩੧॥

ਸੁਨ੍ਯੋ ਸਰਬ ਭੂਪੰ ਹਠੀ ਰਾਮ ਆਏ ॥

ਸਾਰਿਆਂ (ਛਤਰੀ) ਰਾਜਿਆਂ ਨੇ ਸੁਣਿਆ ਕਿ ਹਠੀਲਾ ਪਰਸ਼ੁਰਾਮ ਆ ਗਿਆ ਹੈ।

ਸਭੰ ਜੁਧੁ ਕੋ ਸਸਤ੍ਰ ਅਸਤ੍ਰੰ ਬਨਾਏ ॥

ਸਾਰਿਆਂ ਨੇ ਯੁੱਧ ਲਈ ਅਸਤ੍ਰ ਅਤੇ ਸ਼ਸਤ੍ਰ ਸਜਾ ਲਏ।

ਚੜੇ ਚਉਪ ਕੈ ਕੈ ਕੀਏ ਜੁਧ ਐਸੇ ॥

ਬੜੇ ਉਤਸਾਹ ਨਾਲ (ਉਨ੍ਹਾਂ ਨੇ) ਪ੍ਰਸਥਾਨ ਕੀਤਾ

ਮਨੋ ਰਾਮ ਸੋ ਰਾਵਣੰ ਲੰਕ ਜੈਸੇ ॥੩੨॥

ਅਤੇ ਅਜਿਹਾ ਯੁੱਧ ਕੀਤਾ ਜਿਹੋ ਜਿਹਾ ਲੰਕਾ ਵਿਚ ਰਾਮ ਦਾ ਰਾਵਣ ਨਾਲ ਹੋਇਆ ਸੀ ॥੩੨॥

ਲਗੇ ਸਸਤ੍ਰੰ ਅਸਤ੍ਰੰ ਲਖੇ ਰਾਮ ਅੰਗੰ ॥

ਪਰਸ਼ੁਰਾਮ ਨੇ ਜਦੋਂ (ਆਪਣੇ) ਅੰਗਾਂ ਵਿਚ ਅਸਤ੍ਰ ਅਤੇ ਸ਼ਸਤ੍ਰ ਲਗੇ ਹੋਏ ਵੇਖੇ

ਗਹੇ ਬਾਣ ਪਾਣੰ ਕੀਏ ਸਤ੍ਰ ਭੰਗੰ ॥

(ਤਾਂ ਉਸ ਨੇ) ਹੱਥ ਵਿਚ ਧਨੁਸ਼-ਬਾਣ ਪਕੜ ਕੇ ਵੈਰੀਆਂ ਦਾ ਨਾਸ਼ ਕਰ ਦਿੱਤਾ।

ਭੁਜਾ ਹੀਣ ਏਕੰ ਸਿਰੰ ਹੀਣ ਕੇਤੇ ॥

ਇਕਨਾਂ ਨੂੰ ਭੁਜਾਵਾ ਤੋਂ ਬਿਨਾ ਕਰ ਦਿੱਤਾ ਅਤੇ ਇਕਨਾਂ ਨੂੰ ਸਿਰਾਂ ਤੋਂ ਬਿਨਾ ਕਰ ਦਿੱਤਾ।

ਸਬੈ ਮਾਰ ਡਾਰੇ ਗਏ ਬੀਰ ਜੇਤੇ ॥੩੩॥

ਸਾਰੇ (ਛਤਰੀ) ਹੀ ਮਾਰ ਦਿੱਤੇ ਜਿਤਨੇ ਸੂਰਵੀਰ (ਯੁੱਧ ਕਰਨ ਲਈ) ਗਏ ਸਨ ॥੩੩॥

ਕਰੀ ਛਤ੍ਰਹੀਣ ਛਿਤੰ ਕੀਸ ਬਾਰੰ ॥

(ਪਰਸ਼ੁਰਾਮ ਨੇ) ਇੱਕੀ ਵਾਰ ਧਰਤੀ ਨੂੰ ਛਤਰੀਆਂ ਤੋਂ ਹੀਨ ਕਰ ਦਿੱਤਾ।

ਹਣੇ ਐਸ ਹੀ ਭੂਪ ਸਰਬੰ ਸੁਧਾਰੰ ॥

ਇਸ ਤਰ੍ਹਾਂ ਉਸ ਨੇ ਸਾਰਿਆਂ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ।

ਕਥਾ ਸਰਬ ਜਉ ਛੋਰ ਤੇ ਲੈ ਸੁਨਾਉ ॥

ਸਾਰੀ ਕਥਾ ਜੇ ਮੁੱਢ ਤੋਂ ਲੈ ਕੇ ਸੁਣਾਵਾਂ,

ਹ੍ਰਿਦੈ ਗ੍ਰੰਥ ਕੇ ਬਾਢਬੇ ਤੇ ਡਰਾਉ ॥੩੪॥

ਤਾਂ ਗ੍ਰੰਥ ਦੇ ਵੱਡਾ ਹੋ ਜਾਣ ਤੋਂ ਹਿਰਦੇ ਵਿਚ ਸੰਕੋਚ ਕਰਦਾ ਹਾਂ ॥੩੪॥

ਚੌਪਈ ॥

ਚੌਪਈ:

ਕਰਿ ਜਗ ਮੋ ਇਹ ਭਾਤਿ ਅਖਾਰਾ ॥

ਜਗਤ ਵਿਚ ਇਸ ਤਰ੍ਹਾਂ ਦਾ ਕੌਤਕ ਰਚਾਉਣ ਲਈ

ਨਵਮ ਵਤਾਰ ਬਿਸਨ ਇਮ ਧਾਰਾ ॥

ਵਿਸ਼ਣੂ ਨੇ ਇਸ ਤਰ੍ਹਾਂ ਨੌਵਾਂ ਅਵਤਾਰ ਧਾਰਨ ਕੀਤਾ ਸੀ।

ਅਬ ਬਰਨੋ ਦਸਮੋ ਅਵਤਾਰਾ ॥

ਹੁਣ (ਮੈਂ) ਦਸਵੇਂ ਅਵਤਾਰ ਦਾ ਵਰਣਨ ਕਰਦਾ ਹਾਂ

ਸੰਤ ਜਨਾ ਕਾ ਪ੍ਰਾਨ ਅਧਾਰਾ ॥੩੫॥

ਜੋ ਸੰਤ-ਜਨਾਂ ਦੇ ਪ੍ਰਾਣਾਂ ਦਾ ਆਧਾਰ ਹੈ ॥੩੫॥

ਇਤਿ ਸ੍ਰੀ ਬਚਿਤ੍ਰ ਨਾਟਕੇ ਨਵਮੋ ਅਵਤਾਰ ਪਰਸਰਾਮ ਸਮਾਪਤਮ ਸਤੁ ਸੁਭਮ ਸਤੁ ॥੯॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਨੌਵੇਂ ਅਵਤਾਰ ਪਰਸਰਾਮ ਦੇ ਕਥਨ ਦੀ ਸਮਾਪਤੀ ਸਭ ਸ਼ੁਭ ਹੈ ॥੯॥

ਅਥ ਬ੍ਰਹਮਾ ਅਵਤਾਰ ਕਥਨੰ ॥

ਹੁਣ ਬ੍ਰਹਮਾ ਅਵਤਾਰ ਦਾ ਕਥਨ

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਚੌਪਈ ॥

ਚੌਪਈ:

ਅਬ ਉਚਰੋ ਮੈ ਕਥਾ ਚਿਰਾਨੀ ॥

ਹੁਣ ਮੈਂ (ਇਕ) ਪੁਰਾਣੀ ਕਥਾ ਦਾ ਉੱਚਾਰਣ ਕਰਦਾ ਹਾਂ

ਜਿਮ ਉਪਜ੍ਯੋ ਬ੍ਰਹਮਾ ਸੁਰ ਗਿਆਨੀ ॥

ਜਿਵੇਂ ਕਿ ਗਿਆਨਵਾਨ ਬ੍ਰਹਮਾ ਦੇਵਤਾ ਉਤਪੰਨ ਹੋਇਆ ਸੀ।

ਚਤੁਰਾਨਨ ਅਘ ਓਘਨ ਹਰਤਾ ॥

(ਜੋ) ਚੌਹਾਂ ਮੁਖਾਂ ਵਾਲਾ, ਪਾਪ-ਹਰਨ ਵਾਲਾ

ਉਪਜ੍ਯੋ ਸਕਲ ਸ੍ਰਿਸਟਿ ਕੋ ਕਰਤਾ ॥੧॥

ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਪੈਦਾ ਹੋਇਆ ॥੧॥

ਜਬ ਜਬ ਬੇਦ ਨਾਸ ਹੋਇ ਜਾਹੀ ॥

ਜਦੋਂ ਜਦੋਂ ਵੇਦਾਂ ਦਾ ਨਾਸ਼ ਹੋ ਜਾਂਦਾ ਹੈ,

ਤਬ ਤਬ ਪੁਨਿ ਬ੍ਰਹਮਾ ਪ੍ਰਗਟਾਹੀ ॥

ਤਦੋਂ ਤਦੋਂ ਫਿਰ ਬ੍ਰਹਮਾ ਪ੍ਰਗਟ ਹੁੰਦਾ ਹੈ।

ਤਾ ਤੇ ਬਿਸਨ ਬ੍ਰਹਮ ਬਪੁ ਧਰਾ ॥

ਇਸ ਲਈ ਵਿਸ਼ਣੂ ਹੀ ਬ੍ਰਹਮਾ ਦਾ ਰੂਪ ਧਾਰਨ ਕਰਦਾ ਹੈ

ਚਤੁਰਾਨਨ ਕਰ ਜਗਤ ਉਚਰਾ ॥੨॥

ਅਤੇ ਜਗਤ (ਉਸ ਨੂੰ) 'ਚੌਹਾਂ ਮੁਖਾਂ ਵਾਲਾ' (ਚਤੁਰਾਨਨ) ਕਹਿੰਦਾ ਹੈ ॥੨॥

ਜਬ ਹੀ ਬਿਸਨ ਬ੍ਰਹਮ ਬਪੁ ਧਰਾ ॥

ਜਦੋਂ ਹੀ ਵਿਸ਼ਣੂ ਨੇ ਬ੍ਰਹਮਾ ਦਾ ਰੂਪ ਧਾਰਿਆ,

ਤਬ ਸਬ ਬੇਦ ਪ੍ਰਚੁਰ ਜਗਿ ਕਰਾ ॥

ਤਦੋਂ ਹੀ ਸਾਰੇ ਜਗਤ ਵਿਚ ਵੇਦਾਂ ਦਾ ਪ੍ਰਚਾਰ ਕੀਤਾ।

ਸਾਸਤ੍ਰ ਸਿੰਮ੍ਰਿਤ ਸਕਲ ਬਨਾਏ ॥

ਸਾਰੇ ਸ਼ਾਸਤ੍ਰ ਅਤੇ ਸਮ੍ਰਿਤੀਆਂ ਬਣਾਈਆਂ

ਜੀਵ ਜਗਤ ਕੇ ਪੰਥਿ ਲਗਾਏ ॥੩॥

ਅਤੇ ਜਗਤ ਦੇ ਜੀਵਾਂ ਨੂੰ (ਅਧਿਆਤਮਿਕ) ਮਾਰਗ ਉਤੇ ਪਾਇਆ ॥੩॥

ਜੇ ਜੇ ਹੁਤੇ ਅਘਨ ਕੇ ਕਰਤਾ ॥

ਜੋ ਜੋ ਵੀ ਪਾਪ ਕਰਮ ਕਰਨ ਵਾਲੇ ਸਨ,

ਤੇ ਤੇ ਭਏ ਪਾਪ ਤੇ ਹਰਤਾ ॥

ਉਹ ਸਾਰੇ ਪਾਪਾਂ ਨੂੰ ਹਰਨ ਵਾਲੇ ਹੋ ਗਏ।

ਪਾਪ ਕਰਮੁ ਕਹ ਪ੍ਰਗਟਿ ਦਿਖਾਏ ॥

(ਕਿਉਂਕਿ ਬ੍ਰਹਮਾ ਨੇ) ਪਾਪ-ਕਰਮ ਪ੍ਰਗਟ ਰੂਪ ਵਿਚ ਦਸ ਦਿੱਤੇ

ਧਰਮ ਕਰਮ ਸਬ ਜੀਵ ਚਲਾਏ ॥੪॥

ਅਤੇ ਸਾਰਿਆਂ ਜੀਵਾਂ ਨੂੰ ਧਰਮ-ਕਰਮ ਵਿਚ ਲੀਨ ਕੀਤਾ ॥੪॥

ਇਹ ਬਿਧਿ ਭਯੋ ਬ੍ਰਹਮ ਅਵਤਾਰਾ ॥

ਇਸ ਤਰ੍ਹਾਂ ਬ੍ਰਹਮਾ ਅਵਤਾਰ ਹੋਇਆ

ਸਬ ਪਾਪਨ ਕੋ ਮੇਟਨਹਾਰਾ ॥

ਜਿਹੜਾ ਸਾਰਿਆਂ ਪਾਪਾਂ ਨੂੰ ਮਿਟਾਉਣ ਵਾਲਾ ਸੀ।

ਪ੍ਰਜਾ ਲੋਕੁ ਸਬ ਪੰਥ ਚਲਾਏ ॥

ਪ੍ਰਜਾ ਦੇ ਸਾਰੇ ਲੋਕਾਂ ਨੂੰ ਧਰਮ-ਮਾਰਗ ਉਤੇ ਚਲਾਇਆ

ਪਾਪ ਕਰਮ ਤੇ ਸਬੈ ਹਟਾਏ ॥੫॥

ਅਤੇ ਪਾਪ ਕਰਮਾਂ ਤੋਂ ਸਭ ਨੂੰ ਹਟਾਇਆ ॥੫॥

ਦੋਹਰਾ ॥

ਦੋਹਰਾ:

ਇਹ ਬਿਧਿ ਪ੍ਰਜਾ ਪਵਿਤ੍ਰ ਕਰ ਧਰਿਯੋ ਬ੍ਰਹਮ ਅਵਤਾਰ ॥

ਇਸ ਢੰਗ ਨਾਲ ਪ੍ਰਜਾ ਨੂੰ ਪਵਿਤਰ ਕਰਨ ਲਈ (ਵਿਸ਼ਣੂ ਨੇ) ਬ੍ਰਹਮਾ ਦਾ ਅਵਤਾਰ ਧਾਰਨ ਕੀਤਾ।

ਧਰਮ ਕਰਮ ਲਾਗੇ ਸਬੈ ਪਾਪ ਕਰਮ ਕਹ ਡਾਰਿ ॥੬॥

ਸਾਰੇ (ਲੋਕ) ਪਾਪ ਕਰਮਾਂ ਨੂੰ ਛਡ ਕੇ ਧਰਮ ਕਰਮ ਵਿਚ ਲਗ ਗਏ ॥੬॥

ਚੌਪਈ ॥

ਚੌਪਈ:

ਦਸਮ ਅਵਤਾਰ ਬਿਸਨ ਕੋ ਬ੍ਰਹਮਾ ॥

ਵਿਸ਼ਣੂ ਦਾ ਦਸਵਾਂ ਅਵਤਾਰ ਬ੍ਰਹਮਾ ਹੈ

ਧਰਿਯੋ ਜਗਤਿ ਭੀਤਰਿ ਸੁਭ ਕਰਮਾ ॥

ਜੋ ਜਗਤ ਵਿਚ ਸ਼ੁਭ ਕਰਮ ਕਰਨ ਲਈ ਧਰਿਆ ਗਿਆ।


Flag Counter