ਸ਼੍ਰੀ ਦਸਮ ਗ੍ਰੰਥ

ਅੰਗ - 155


ਇਤਿ ਪੰਚਮੋ ਰਾਜ ਸਮਾਪਤਮ ਸਤੁ ਸੁਭਮ ਸਤੁ ॥

ਇਥੇ ਪੰਜਵੇਂ ਰਾਜ ਦੀ ਸ਼ੁਭ ਸਮਾਪਤੀ ਹੋਈ।

ਤੋਮਰ ਛੰਦ ॥ ਤ੍ਵਪ੍ਰਸਾਦਿ ॥

ਤੋਮਰ ਛੰਦ: ਤੇਰੀ ਕ੍ਰਿਪਾ ਨਾਲ:

ਪੁਨ ਭਏ ਮੁਨੀ ਛਿਤ ਰਾਇ ॥

ਫਿਰ ਮੁਨੀ ਨਾਂ ਦਾ ਧਰਤੀ ਦਾ ਰਾਜਾ ਹੋਇਆ

ਇਹ ਲੋਕ ਕੇਹਰਿ ਰਾਇ ॥

ਜੋ ਇਸ ਲੋਕ ਦਾ ਸ਼ੇਰ ਵਰਗਾ ਰਾਜਾ ਸੀ।

ਅਰਿ ਜੀਤਿ ਜੀਤਿ ਅਖੰਡ ॥

(ਉਸ ਨੇ) ਨਾ ਖੰਡੇ ਜਾ ਸਕਣ ਵਾਲੇ ਵੈਰੀਆਂ ਨੂੰ ਜਿਤ ਜਿਤ ਕੇ

ਮਹਿ ਕੀਨ ਰਾਜੁ ਪ੍ਰਚੰਡ ॥੧॥੩੨੦॥

ਧਰਤੀ ਉਤੇ ਪ੍ਰਚੰਡ ਰਾਜ ਕੀਤਾ ॥੧॥੩੨੦॥

ਅਰਿ ਘਾਇ ਘਾਇ ਅਨੇਕ ॥

ਅਨੇਕ ਵੈਰੀਆਂ ਨੂੰ ਮਾਰ ਮਾਰ ਕੇ

ਰਿਪੁ ਛਾਡੀਯੋ ਨਹੀਂ ਏਕ ॥

ਇਕ ਵੀ ਵੈਰੀ (ਬਾਕੀ) ਨਹੀਂ ਛਡਿਆ।

ਅਨਖੰਡ ਰਾਜੁ ਕਮਾਇ ॥

(ਉਸ ਨੇ) ਅਖੰਡ ਰਾਜ ਕਮਾਇਆ

ਛਿਤ ਛੀਨ ਛਤ੍ਰ ਫਿਰਾਇ ॥੨॥੩੨੧॥

ਅਤੇ ਹੋਰਨਾਂ ਦੀ ਧਰਤੀ ਖੋਹ ਕੇ (ਆਪਣਾ) ਛਤਰ ਫਿਰਾਇਆ ॥੨॥੩੨੧॥

ਅਨਖੰਡ ਰੂਪ ਅਪਾਰ ॥

(ਉਹ) ਅਪਾਰ ਅਤੇ ਅਖੰਡ ਰੂਪ ਵਾਲਾ

ਅਨਮੰਡ ਰਾਜ ਜੁਝਾਰ ॥

ਅਤੇ ਬਿਨਾ ਕਿਸੇ ਦੀ ਸਹਾਇਤਾ ਦੇ ਜੁਝਾਰੂ ਸੂਰਮਾ ਸੀ।

ਅਬਿਕਾਰ ਰੂਪ ਪ੍ਰਚੰਡ ॥

ਉਸ ਦਾ ਰੂਪ ਪ੍ਰਚੰਡ ਅਤੇ ਵਿਕਾਰ ਤੋਂ ਰਹਿਤ ਸੀ

ਅਨਖੰਡ ਰਾਜ ਅਮੰਡ ॥੩॥੩੨੨॥

ਅਤੇ ਉਹ ਦਾ ਰਾਜ ਅਖੰਡ ਅਤੇ ਅਮੰਡ ਸੀ ॥੩॥੩੨੨॥

ਬਹੁ ਜੀਤਿ ਜੀਤਿ ਨ੍ਰਿਪਾਲ ॥

(ਰਾਜਾ ਮੁਨੀ ਨੇ) ਬਹੁਤ ਸਾਰੇ ਰਾਜਿਆਂ ਨੂੰ ਜਿਤ ਜਿਤ ਕੇ

ਬਹੁ ਛਾਡਿ ਕੈ ਸਰ ਜਾਲ ॥

ਅਤੇ ਤੀਰਾਂ ਦੀ ਬਹੁਤ ਬੌਛਾੜ ਕਰ ਕੇ

ਅਰਿ ਮਾਰਿ ਮਾਰਿ ਅਨੰਤ ॥

ਅਤੇ ਅਨੇਕਾਂ ਵੈਰੀਆਂ ਨੂੰ ਮਾਰ ਮਾਰ ਕੇ

ਛਿਤ ਕੀਨ ਰਾਜ ਦੁਰੰਤ ॥੪॥੩੨੩॥

ਇਸ ਧਰਤੀ ਉਤੇ ਦ੍ਰਿੜ੍ਹ ਰਾਜ ਕੀਤਾ ॥੪॥੩੨੩॥

ਬਹੁ ਰਾਜ ਭਾਗ ਕਮਾਇ ॥

ਬਹੁਤ ਚਿਰ ਤਕ ਰਾਜ-ਭਾਗ ਕਮਾ ਕੇ

ਇਮ ਬੋਲੀਓ ਨ੍ਰਿਪਰਾਇ ॥

(ਇਕ ਦਿਨ) ਰਾਜਾ ਇੰਜ ਬੋਲਿਆ

ਇਕ ਕੀਜੀਐ ਮਖਸਾਲ ॥

ਕਿ ਇਕ ਯੱਗ-ਸ਼ਾਲਾ ਤਿਆਰ ਕਰੋ

ਦਿਜ ਬੋਲਿ ਲੇਹੁ ਉਤਾਲ ॥੫॥੩੨੪॥

ਅਤੇ ਬ੍ਰਾਹਮਣਾਂ ਨੂੰ ਜਲਦੀ ('ਉਤਾਲ') ਬੁਲਾ ਲਵੋ ॥੫॥੩੨੪॥

ਦਿਜ ਬੋਲਿ ਲੀਨ ਅਨੇਕ ॥

ਅਨੇਕ ਬ੍ਰਾਹਮਣਾਂ ਨੂੰ ਬੁਲਾ ਲਿਆ,

ਗ੍ਰਿਹ ਛਾਡੀਓ ਨਹੀ ਏਕ ॥

ਇਕ ਵੀ ਘਰ ਵਿਚ ਨਹੀਂ ਰਹਿਣ ਦਿੱਤਾ।

ਮਿਲਿ ਮੰਤ੍ਰ ਕੀਨ ਬਿਚਾਰ ॥

(ਰਾਜੇ ਨੇ) ਮੰਤਰੀ ਨਾਲ ਮਿਲ ਕੇ ਵਿਚਾਰ ਕੀਤਾ

ਮਤਿ ਮਿਤ੍ਰ ਮੰਤ੍ਰ ਉਚਾਰ ॥੬॥੩੨੫॥

ਅਤੇ ਬੁੱਧੀਮਾਨ ਮਿਤ੍ਰ ਮੰਤਰੀ ਨੇ ਪੁਛਿਆ (ਹੋਰ ਕੀ ਕਰਨਾ ਹੈ) ॥੬॥੩੨੫॥

ਤਬ ਬੋਲਿਓ ਨ੍ਰਿਪ ਰਾਇ ॥

ਤਦ ਰਾਜੇ ਨੇ ਕਿਹਾ

ਕਰਿ ਜਗ ਕੋ ਚਿਤ ਚਾਇ ॥

ਕਿ ਮੇਰਾ ਮਨ ਯੱਗ ਕਰਨ ਨੂੰ ਕਰਦਾ ਹੈ।

ਕਿਵ ਕੀਜੀਐ ਮਖਸਾਲ ॥

(ਹੁਣ ਦਸੋ) ਕਿਹੋ, ਜਿਹੀ ਯੱਗ-ਸ਼ਾਲਾ ਤਿਆਰ ਕੀਤੀ ਜਾਏ।

ਕਹੁ ਮੰਤ੍ਰ ਮਿਤ੍ਰ ਉਤਾਲ ॥੭॥੩੨੬॥

ਹੇ ਮਿਤ੍ਰ ਮੰਤਰੀ! ਜਲਦੀ ਸਲਾਹ ਦਿਓ ॥੭॥੩੨੬॥

ਤਬ ਮੰਤ੍ਰ ਮਿਤ੍ਰਨ ਕੀਨ ॥

ਤਦ ਮਿਤ੍ਰ ਮੰਤਰੀ ਨੇ ਵਿਚਾਰ ਕੀਤਾ

ਨ੍ਰਿਪ ਸੰਗ ਯਉ ਕਹਿ ਦੀਨ ॥

ਅਤੇ (ਫਿਰ) ਰਾਜੇ ਨੂੰ ਇੰਜ ਕਹਿ ਦਿੱਤਾ।

ਸੁਨਿ ਰਾਜ ਰਾਜ ਉਦਾਰ ॥

ਹੇ ਰਾਜਿਆਂ ਦੇ ਉਦਾਰ ਰਾਜੇ! ਸੁਣੋ,

ਦਸ ਚਾਰਿ ਚਾਰਿ ਅਪਾਰ ॥੮॥੩੨੭॥

(ਤੁਸੀਂ) ਚਾਰ ਅਤੇ ਚੌਦਾਂ ਵਿਦਿਆਵਾਂ ਦੇ ਅਪਾਰ ਗਿਆਤਾ ਹੋ ॥੮॥੩੨੭॥

ਸਤਿਜੁਗ ਮੈ ਸੁਨਿ ਰਾਇ ॥

ਹੇ ਰਾਜਨ! ਸੁਣੋ, ਸਤਿਯੁਗ ਵਿਚ

ਮਖ ਕੀਨ ਚੰਡ ਬਨਾਇ ॥

ਚੰਡੀ ਨੇ ਮਹਿਖਾਸੁਰ ਨਾਂ ਦੇ

ਅਰਿ ਮਾਰ ਕੈ ਮਹਿਖੇਸ ॥

ਵੈਰੀ ਨੂੰ ਮਾਰ ਕੇ ਅਤੇ ਸ਼ਿਵ

ਬਹੁ ਤੋਖ ਕੀਨ ਪਸੇਸ ॥੯॥੩੨੮॥

('ਪਸੇਸ') ਨੂੰ ਪ੍ਰਸੰਨ ਕਰਕੇ ਚੰਗੀ ਤਰ੍ਹਾਂ ਯੱਗ ਕੀਤਾ ॥੯॥੩੨੮॥

ਮਹਿਖੇਸ ਕਉ ਰਣ ਘਾਇ ॥

ਮਹਿਖਾਸੁਰ ਨੂੰ ਰਣ ਵਿਚ ਮਾਰ ਕੇ

ਸਿਰਿ ਇੰਦ੍ਰ ਛਤ੍ਰ ਫਿਰਾਇ ॥

ਇੰਦਰ ਦੇ ਸਿਰ ਉਤੇ ਛੱਤਰ ਫਿਰਾਇਆ।

ਕਰਿ ਤੋਖ ਜੋਗਨਿ ਸਰਬ ॥

ਸਾਰੀਆਂ ਜੋਗਣਾਂ ਨੂੰ ਖੁਸ਼ ਕੀਤਾ

ਕਰਿ ਦੂਰ ਦਾਨਵ ਗਰਬ ॥੧੦॥੩੨੯॥

ਅਤੇ ਦੈਂਤ ਦਾ ਹੰਕਾਰ ਦੂਰ ਕੀਤਾ ॥੧੦॥੩੨੯॥

ਮਹਿਖੇਸ ਕਉ ਰਣਿ ਜੀਤਿ ॥

ਮਹਿਖਾਸੁਰ ਨੂੰ ਰਣ-ਭੂਮੀ ਵਿਚ ਜਿਤ ਕੇ

ਦਿਜ ਦੇਵ ਕੀਨ ਅਭੀਤ ॥

ਬ੍ਰਾਹਮਣਾਂ ਅਤੇ ਦੇਵਤਿਆਂ ਨੂੰ ਭੈ-ਮੁਕਤ ਕਰ ਦਿੱਤਾ।

ਤ੍ਰਿਦਸੇਸ ਲੀਨ ਬੁਲਾਇ ॥

ਇੰਦਰ ('ਤ੍ਰਿਦਸੇਸ') ਨੂੰ ਬੁਲਾ ਕੇ

ਛਿਤ ਛੀਨ ਛਤ੍ਰ ਫਿਰਾਇ ॥੧੧॥੩੩੦॥

ਅਤੇ (ਮਹਿਖਾਸੁਰ ਤੋਂ) ਧਰਤੀ ਖੋਹ ਕੇ (ਉਸ ਦੇ) ਸਿਰ ਉਤੇ ਛੱਤਰ ਝੁਲਾ ਦਿੱਤਾ ॥੧੧॥੩੩੦॥

ਮੁਖਚਾਰ ਲੀਨ ਬੁਲਾਇ ॥

ਜਗਤ-ਮਾਤਾ ਚੰਡੀ ਨੇ ਚਾਰ ਮੁਖਾਂ ਵਾਲੇ ਬ੍ਰਹਮਾ ਨੂੰ ਬੁਲਾ ਲਿਆ

ਚਿਤ ਚਉਪ ਸਿਉ ਜਗ ਮਾਇ ॥

ਅਤੇ ਚਿੱਤ ਨੂੰ ਖੁਸ਼ੀ ਨਾਲ ਭਰ ਕੇ

ਕਰਿ ਜਗ ਕੋ ਆਰੰਭ ॥

ਯੱਗ ਦਾ ਆਰੰਭ ਕਰਾਇਆ।

ਅਨਖੰਡ ਤੇਜ ਪ੍ਰਚੰਡ ॥੧੨॥੩੩੧॥

(ਉਸ ਦਾ) ਤੇਜ ਅਤਿ ਪ੍ਰਚੰਡ ਅਤੇ ਅਖੰਡ ਸੀ ॥੧੨॥੩੩੧॥

ਤਬ ਬੋਲੀਯੋ ਮੁਖ ਚਾਰ ॥

ਤਦ ਬ੍ਰਹਮਾ ਕਹਿਣ ਲਗਾ,

ਸੁਨਿ ਚੰਡਿ ਚੰਡ ਜੁਹਾਰ ॥

"ਹੇ ਪ੍ਰਚੰਡ ਰੂਪ ਵਾਲੀ ਚੰਡੀ! ਸੁਣੋ,

ਜਿਮ ਹੋਇ ਆਇਸ ਮੋਹਿ ॥

(ਤੁਹਾਨੂੰ) ਨਮਸਕਾਰ ਹੈ। ਜਿਵੇਂ ਆਪ ਦੀ ਮੈਨੂੰ ਆਗਿਆ ਹੋਏ,

ਤਿਮ ਭਾਖਊ ਮਤ ਤੋਹਿ ॥੧੩॥੩੩੨॥

ਤਿਵੇਂ ਹੀ ਤੁਹਾਨੂੰ (ਆਪਣੀ) ਰਾਇ ਦਿੰਦਾ ਹਾਂ" ॥੧੩॥੩੩੨॥

ਜਗ ਜੀਅ ਜੰਤ ਅਪਾਰ ॥

ਜਗਤ ਦੇ ਅਪਾਰ ਜੀਅ-ਜੰਤੂ

ਨਿਜ ਲੀਨ ਦੇਵ ਹਕਾਰ ॥

ਦੇਵੀ ਨੇ ਆਪ ਬੁਲਾ ਲਏ।

ਅਰਿ ਕਾਟਿ ਕੈ ਪਲ ਖੰਡ ॥

ਵੈਰੀਆਂ ਨੂੰ ਪਲ ਭਰ ਵਿਚ ਕਟ ਕੇ

ਪੜਿ ਬੇਦ ਮੰਤ੍ਰ ਉਦੰਡ ॥੧੪॥੩੩੩॥

ਵੇਦ ਮੰਤਰਾਂ ਦਾ ਉੱਚੀ ਸੁਰ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ ॥੧੪॥੩੩੩॥

ਰੂਆਲ ਛੰਦ ॥ ਤ੍ਵਪ੍ਰਸਾਦਿ ॥

ਰੂਆਲ ਛੰਦ: ਤੇਰੀ ਕ੍ਰਿਪਾ ਨਾਲ:

ਬੋਲਿ ਬਿਪਨ ਮੰਤ੍ਰ ਮਿਤ੍ਰਨ ਜਗ ਕੀਨ ਅਪਾਰ ॥

(ਦੁਰਗਾ ਨੇ) ਬ੍ਰਾਹਮਣਾਂ, ਮੰਤਰੀਆਂ ਅਤੇ ਮਿਤਰਾਂ ਨੂੰ ਬੁਲਾ ਕੇ ਅਪਾਰ ਯੱਗ ਕੀਤਾ।

ਇੰਦ੍ਰ ਅਉਰ ਉਪਿੰਦ੍ਰ ਲੈ ਕੈ ਬੋਲਿ ਕੈ ਮੁਖ ਚਾਰ ॥

ਇੰਦਰ, ਵਾਮਨ ਅਤੇ ਬ੍ਰਹਮਾ ਤਕ ਸਾਰਿਆਂ ਨੂੰ ਬੁਲਾ ਕੇ (ਕਹਿਣ ਲਗੀ ਕਿ)

ਕਉਨ ਭਾਤਨ ਕੀਜੀਐ ਅਬ ਜਗ ਕੋ ਆਰੰਭ ॥

ਹੁਣ ਕਿਸ ਤਰ੍ਹਾਂ ਯੱਗ ਦਾ ਆਰੰਭ ਕੀਤਾ ਜਾਏ।

ਆਜ ਮੋਹਿ ਉਚਾਰੀਐ ਸੁਨਿ ਮਿਤ੍ਰ ਮੰਤ੍ਰ ਅਸੰਭ ॥੧॥੩੩੪॥

ਹੇ ਮਿਤਰ ਮੰਤਰੀਓ! ਅਜ ਮੈਨੂੰ ਅਸਚਰਜ ਭਰੀ ਸਲਾਹ ਦਿਓ ॥੧॥੩੩੪॥

ਮਾਸ ਕੇ ਪਲ ਕਾਟਿ ਕੈ ਪੜਿ ਬੇਦ ਮੰਤ੍ਰ ਅਪਾਰ ॥

(ਉਨ੍ਹਾਂ ਦੀ ਸਲਾਹ ਅਨੁਸਾਰ ਯੱਗ ਸ਼ੁਰੂ ਹੋਇਆ) ਮਾਸ ਦੇ ਟੁਕੜੇ ਕਟ ਕੇ ਅਤੇ ਬਹੁਤ ਵਾਰ ਵੇਦ-ਮੰਤਰ ਪੜ੍ਹ ਪੜ੍ਹ ਕੇ

ਅਗਨਿ ਭੀਤਰ ਹੋਮੀਐ ਸੁਨਿ ਰਾਜ ਰਾਜ ਅਬਿਚਾਰ ॥

ਬਲਿਦਾਨ ਦੀ ਰੀਤ ਅਨੁਸਾਰ ('ਅਬਿਚਾਰ') ਅਗਨੀ ਵਿਚ ਉਨ੍ਹਾਂ ਨੂੰ ਹੋਮ ਕੀਤਾ ਜਾ ਰਿਹਾ ਸੀ। ਹੇ ਰਾਜਿਆਂ ਦੇ ਰਾਜੇ! ਸੁਣੋ,

ਛੇਦਿ ਚਿਛੁਰ ਬਿੜਾਰਾਸੁਰ ਧੂਲਿ ਕਰਣਿ ਖਪਾਇ ॥

(ਦੇਵੀ ਨੇ) ਚਿਛੁਰ, ਬਿੜਾਰ ਅਤੇ ਧੂਲਿਕਰਣ ਨਾਂ ਦੇ ਦੈਂਤਾਂ ਨੂੰ ਮਾਰ ਕੇ ਖਪਾ ਦਿੱਤਾ

ਮਾਰ ਦਾਨਵ ਕਉ ਕਰਿਓ ਮਖ ਦੈਤ ਮੇਧ ਬਨਾਇ ॥੨॥੩੩੫॥

ਅਤੇ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਦੈਂਤ-ਮੇਧ ਯੱਗ ਕੀਤਾ ॥੨॥੩੩੫॥

ਤੈਸ ਹੀ ਮਖ ਕੀਜੀਐ ਸੁਨਿ ਰਾਜ ਰਾਜ ਪ੍ਰਚੰਡ ॥

ਹੇ ਰਾਜਿਆਂ ਦੇ ਪ੍ਰਚੰਡ ਰਾਜੇ! ਸੁਣੋ, (ਤਸੀਂ ਵੀ) ਉਸੇ ਤਰ੍ਹਾਂ ਦਾ ਯੱਗ ਕਰੋ।

ਜੀਤਿ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ ॥

(ਸਾਰੇ) ਦੇਸ਼ ਦੇ ਦੈਂਤਾਂ ਨੂੰ ਜਿਤ ਕੇ ਤੁਸੀਂ ਬਲਵਾਨ ਅਖੰਡ ਪੁਰਸ਼ ਹੋਏ ਹੋ।

ਤੈਸ ਹੀ ਮਖ ਮਾਰ ਕੈ ਸਿਰਿ ਇੰਦ੍ਰ ਛਤ੍ਰ ਫਿਰਾਇ ॥

(ਤੁਸੀਂ ਵੀ) ਉਸੇ ਤਰ੍ਹਾਂ ਜਿਵੇਂ ਯੱਗ ਵਿਚ (ਦੈਂਤਾਂ ਨੂੰ) ਮਾਰ ਕੇ (ਦੁਰਗਾ ਨੇ) ਇੰਦਰ ਦੇ ਸਿਰ ਉਪਰ ਛੱਤਰ ਝੁਲਾਇਆ ਸੀ

ਜੈਸ ਸੁਰ ਸੁਖੁ ਪਾਇਓ ਤਿਵ ਸੰਤ ਹੋਹੁ ਸਹਾਇ ॥੩॥੩੩੬॥

ਅਤੇ ਦੇਵਤਿਆਂ ਨੂੰ ਸੁਖ ਦਿੱਤਾ ਸੀ, ਉਸ ਤਰ੍ਹਾਂ (ਤੁਸੀਂ ਅਤਿਆਚਾਰੀਆਂ ਨੂੰ ਮਾਰ ਕੇ) ਸੰਤਾਂ ਦੇ ਸਹਾਈ ਹੋਵੋ ॥੩॥੩੩੬॥

ਗਿਆਨ ਪ੍ਰਬੋਧ ਸੰਪੂਰਨ ॥

ਗਿਆਨ ਪ੍ਰਬੋਧ ਸੰਪੂਰਨ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਅਥ ਚਉਬੀਸ ਅਉਤਾਰ ਕਥਨੰ ॥

ਹੁਣ ਚੌਬੀਸ ਅਉਤਾਰ ਦਾ ਕਥਨ:

ਪਾਤਿਸਾਹੀ ੧੦ ॥

ਪਾਤਸ਼ਾਹੀ ੧੦:

ਤ੍ਵਪ੍ਰਸਾਦਿ ॥ ਚੌਪਈ ॥

ਤੇਰੀ ਕ੍ਰਿਪਾ ਨਾਲ: ਚੌਪਈ:

ਅਬ ਚਉਬੀਸ ਉਚਰੌ ਅਵਤਾਰਾ ॥

ਹੁਣ (ਮੈਂ) ਚੌਵੀ ਅਵਤਾਰਾਂ (ਦੀ ਕਥਾ) ਕਹਿੰਦਾ ਹਾਂ

ਜਿਹ ਬਿਧਿ ਤਿਨ ਕਾ ਲਖਾ ਅਖਾਰਾ ॥

ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ ('ਅਖਾਰਾ') ਵੇਖੀ ਹੈ।

ਸੁਨੀਅਹੁ ਸੰਤ ਸਬੈ ਚਿਤ ਲਾਈ ॥

ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ,

ਬਰਨਤ ਸ੍ਯਾਮ ਜਥਾਮਤਿ ਭਾਈ ॥੧॥

ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ ॥੧॥

ਜਬ ਜਬ ਹੋਤਿ ਅਰਿਸਟਿ ਅਪਾਰਾ ॥

ਜਦੋਂ ਜਦੋਂ (ਧਰਤੀ ਉਤੇ ਜਨਤਾ ਨੂੰ) ਦੁਖ ਦੇਣ ਵਾਲੇ ('ਅਰਿਸਟਿ') ਬਹੁਤ ਹੋ ਜਾਂਦੇ ਹਨ,

ਤਬ ਤਬ ਦੇਹ ਧਰਤ ਅਵਤਾਰਾ ॥

ਤਦੋਂ ਤਦੋਂ (ਪਰਮਾਤਮਾ) ਦੇਹ ਧਾਰਨ ਕਰ ਕੇ ਅਵਤਾਰ ਲੈਂਦਾ ਹੈ।

ਕਾਲ ਸਬਨ ਕੋ ਪੇਖਿ ਤਮਾਸਾ ॥

ਕਾਲ ਸਭ ਦਾ ਤਮਾਸ਼ਾ ਵੇਖਦਾ ਹੈ

ਅੰਤਹਕਾਲ ਕਰਤ ਹੈ ਨਾਸਾ ॥੨॥

ਅਤੇ ਓੜਕ ਓਹੀ (ਸਭ ਦਾ) ਨਾਸ਼ ਕਰਦਾ ਹੈ ॥੨॥

ਕਾਲ ਸਭਨ ਕਾ ਕਰਤ ਪਸਾਰਾ ॥

ਕਾਲ ਸਭ ਦਾ ਪਸਾਰਾ ਕਰਦਾ ਹੈ।

ਅੰਤ ਕਾਲਿ ਸੋਈ ਖਾਪਨਿਹਾਰਾ ॥

ਅੰਤ ਕਾਲ ਹੀ ਸਭ ਨੂੰ ਖਪਾਉਣ ਵਾਲਾ ਹੈ।

ਆਪਨ ਰੂਪ ਅਨੰਤਨ ਧਰਹੀ ॥

ਆਪਣੇ ਤੋਂ ਅਨੰਤ ਰੂਪ ਧਾਰਨ ਕਰਦਾ ਹੈ,

ਆਪਹਿ ਮਧਿ ਲੀਨ ਪੁਨਿ ਕਰਹੀ ॥੩॥

ਫਿਰ ਆਪਣੇ ਵਿਚ ਹੀ (ਸਭ ਨੂੰ) ਲੀਨ ਕਰ ਲੈਂਦਾ ਹੈ ॥੩॥

ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ॥

ਇਨ੍ਹਾਂ (ਅਵਤਾਰਾਂ) ਵਿਚੋਂ ਸ੍ਰਿਸ਼ਟੀ ਉਤੇ ਦਸ ਅਵਤਾਰ (ਹੋਏ ਹਨ)

ਜਿਨ ਮਹਿ ਰਮਿਆ ਰਾਮੁ ਹਮਾਰਾ ॥

ਜਿਨ੍ਹਾਂ ਵਿਚ ਸਾਡਾ ਪ੍ਰਭੂ (ਰਾਮ) ਰਮਣ ਕਰ ਰਿਹਾ ਹੈ।

ਅਨਤ ਚਤੁਰਦਸ ਗਨਿ ਅਵਤਾਰੁ ॥

ਇਨ੍ਹਾਂ ਤੋਂ ਭਿੰਨ ਚੌਦਾਂ ਅਵਤਾਰ (ਹੋਰ ਵੀ) ਗਿਣੇ ਗਏ ਹਨ।

ਕਹੋ ਜੁ ਤਿਨ ਤਿਨ ਕੀਏ ਅਖਾਰੁ ॥੪॥

ਉਨ੍ਹਾਂ ਕੀ ਕੀ ਲੀਲਾ ਕੀਤੀ (ਉਸ ਦਾ) ਕਥਨ ਕਰਦਾ ਹਾਂ ॥੪॥

ਕਾਲ ਆਪਨੋ ਨਾਮ ਛਪਾਈ ॥

ਕਾਲ ਆਪਣਾ ਨਾਮ ਲੁਕਾ ਕੇ

ਅਵਰਨ ਕੇ ਸਿਰਿ ਦੇ ਬੁਰਿਆਈ ॥

(ਸਾਰੀ ਕਾਰਵਾਈ ਖੁਦ ਕਰਦਾ ਹੈ, ਪਰ) ਬੁਰਿਆਈ ਹੋਰਨਾਂ ਦੇ ਸਿਰ ਦਿੰਦਾ ਹੈ।