ਦੋ ਕਦਮ ਵੀ ਭਜਦੇ ਨਹੀਂ ਹਨ।
ਡਰ ਨੂੰ ਛਡ ਕੇ ਵਾਰ ਕਰਦੇ ਹਨ,
ਮਾਨੋ ਫਾਗ ਖੇਡ ਰਹੇ ਹੋਣ ॥੩੦੬॥
ਤਾਰਕ ਛੰਦ:
ਕਲਕੀ ਅਵਤਾਰ ਕ੍ਰੋਧਵਾਨ ਹੋਣਗੇ,
ਸੂਰਮਿਆਂ ਦੇ ਟੋਲਿਆਂ ਦੇ ਟੋਲੇ (ਮਾਰ ਕੇ) ਡਿਗਾ ਦੇਣਗੇ।
ਬਹੁਤ ਤਰ੍ਹਾਂ ਦੇ ਸ਼ਸਤ੍ਰਾਂ ਨੂੰ ਚਲਾਉਣਗੇ
ਅਤੇ ਵੈਰੀਆਂ ਦੇ ਝੁੰਡਾਂ ਦੇ ਝੁੰਡ ਖਪਾ ਦੇਣਗੇ ॥੩੦੭॥
ਕਵਚਾਂ ('ਸਨਾਹਰਿ') ਨੂੰ ਫੰਡਣ ਵਾਲੇ ਤੀਰ ਅਤੇ ਬਰਛੇ ਚਲਣਗੇ।
ਯੁੱਧ-ਭੂਮੀ ਵਿਚ ਦੇਵਤੇ ਅਤੇ ਦੈਂਤ ਜੁਟਣਗੇ।
ਤੀਰ ਅਤੇ ਬਰਛੇ ਕਵਚਾਂ ਉਤੇ ਝਾੜਨਗੇ।
ਮੂੰਹ ਤੋਂ 'ਮਾਰੋ' 'ਮਾਰੋ' ਲਲਕਾਰ ਕੇ (ਸ਼ਸਤ੍ਰਾਂ ਦਾ) ਪ੍ਰਹਾਰ ਕਰਨਗੇ ॥੩੦੮॥
ਜਮਦਾੜ੍ਹਾਂ ਅਤੇ ਤਲਵਾਰ ਕਢਣਗੇ।
ਕ੍ਰੋਧ ਕਰ ਕੇ ਦੇਵਤੇ ਅਤੇ ਦੈਂਤ (ਇਕ ਦੂਜੇ ਉਤੇ) ਝਾੜਨਗੇ।
ਰਣ-ਭੂਮੀ ਵਿਚ ਲੋਥ ਉਤੇ ਲੋਥ ਚੜ੍ਹਾਉਣਗੇ।
ਪ੍ਰੇਤ ਅਤੇ ਪਰੀਆਂ ਵੇਖ ਕੇ ਪ੍ਰਸੰਨ ਹੋਣਗੀਆਂ ॥੩੦੯॥
ਯੁੱਧ ਵਿਚ (ਸੂਰਮੇ) ਪ੍ਰਗਟ ਅਤੇ ਗੁਪਤ ਗਜਣਗੇ।
(ਉਸ) ਭਿਆਨਕ ਯੁੱਧ ਨੂੰ ਵੇਖ ਕੇ ਕਾਇਰ ਲੋਕ ਭਜ ਜਾਣਗੇ।
(ਸੂਰਮੇ) ਛੇਤੀ ਛੇਤੀ (ਅਰਥਾਂਤਰ-ਝੁੰਡਾਂ ਦੇ ਝੁੰਡ) ਤੀਰ ਚਲਾਉਣਗੇ
ਅਤੇ ਯੁੱਧ-ਭੂਮੀ ਵਿਚ ਨਿਡਰ ਹੋ ਕੇ ਫਿਰਨਗੇ ॥੩੧੦॥
ਤਲਵਾਰਾਂ ਉੱਚੀਆਂ ਉਠ ਕੇ ਅੱਧੀਆਂ ਪਚਧੀਆਂ ਵਜਣਗੀਆਂ।
ਯੋਧੇ ਮਹਾਨ ਯੁੱਧ ਨੂੰ ਵੇਖ ਕੇ ਗਜਣਗੇ।
ਦੋਹਾਂ ਪਾਸਿਆਂ ਦੇ ਸੈਨਾਪਤੀ ('ਅਣਿਣੇਸ') (ਸਾਹਮਣੇ ਹੋ ਕੇ) ਢੁਕਣਗੇ।
ਮੁਖ ਤੋਂ 'ਮਾਰੋ ਮਾਰੋ' ਉੱਚੇ ਸੁਰ ਨਾਲ ਕੂਕਣਗੇ ॥੩੧੧॥
ਗਣ, ਗੰਧਰਬ ਅਤੇ ਦੇਵਤੇ (ਯੁੱਧ ਨੂੰ) ਵੇਖ ਕੇ
ਅਖੰਡ ਸੁਰ ਨਾਲ ਜੈ-ਜੈਕਾਰ ਦਾ ਸ਼ਬਦ ਉਚਾਰਨਗੇ।
ਜਮਦਾੜ੍ਹਾਂ ਅਤੇ ਕ੍ਰਿਪਾਨਾਂ ਚਲਾਉਣਗੇ।
(ਯੋਧਿਆਂ ਦੇ) ਅੱਧੇ ਅੱਧੇ ਕਰ ਕੇ (ਅਗੇ ਹੀ) ਅਧੇ ਹੋਏ ਅੰਗ ਉਤਾਰ ਦੇਣਗੇ ॥੩੧੨॥
ਰਣ-ਭੂਮੀ ਵਿਚ ਤੁਰੀਆਂ ਵਜਣਗੀਆਂ।
ਡਫ, ਝਾਂਝ ਅਤੇ ਨਫੀਰੀਆਂ ਗਜਣਗੀਆਂ।
ਸੈਨਾਪਤੀ ('ਅਣਿਣੇਸ') ਦੋਹਾਂ ਦਿਸ਼ਾਵਾਂ ਵਿਚ ਧਾਵਾ ਕਰਨਗੇ
ਅਤੇ ਹੱਥਾਂ ਵਿਚ ਕ੍ਰਿਪਾਨਾਂ ਕਢ ਕੇ ਘੁੰਮਾਉਣਗੇ ॥੩੧੩॥
ਰਣ-ਭੂਮੀਆਂ ਵਿਚ ਹਾਥੀਆਂ ਦੇ ਝੁੰਡ ਗਰਜਨਗੇ
(ਜਿਨ੍ਹਾਂ ਦੀ) ਮਹਾਨ ਸ਼ੋਭਾ ਨੂੰ ਵੇਖ ਕੇ ਬਦਲ ਸ਼ਰਮਿੰਦੇ ਹੋਣਗੇ।
(ਸੂਰਮੇ) ਕ੍ਰੋਧਵਾਨ ਹੋ ਕੇ (ਉਸ) ਮਹਾਨ ਯੁੱਧ ਵਿਚ ਜੁਟਣਗੇ।
ਛਤ੍ਰ ਜਲਦੀ ਜਲਦੀ ਛੁਟ ਕੇ ਡਿਗਣਗੇ ॥੩੧੪॥
ਰਣ-ਭੂਮੀ ਵਿਚ ਨਗਾਰੇ (ਸਾਰੀਆਂ) ਦਿਸ਼ਾਵਾਂ ਵਿਚ ਗੂੰਜਣਗੇ।
ਗੜਗਜ ਹਠੀਲੇ (ਯੋਧੇ) ਰਣ-ਭੂਮੀ ਵਿਚ ਫਿਰਨਗੇ।
ਕ੍ਰੋਧਵਾਨ ਹੋ ਕੇ ਤਲਵਾਰਾਂ ਚਲਾਉਣਗੇ।
ਯੋਧੇ ਝਟਪਟ (ਸ਼ਸਤ੍ਰ) ਝਾੜ ਕੇ ਘਾਇਲ ਕਰਨਗੇ ॥੩੧੫॥
ਤਲਵਾਰ ਕਢ ਕੇ ਹੱਥਾਂ ਵਿਚ ਕੰਬਾਉਣਗੇ।
ਕਲਕੀ ਅਵਤਾਰ ਕਲਿਯੁਗ ਵਿਚ ਆਪਣਾ ਯਸ਼ ਵਧਾਉਣਗੇ।
ਰਣ-ਭੂਮੀ ਵਿਚ ਲੋਥਾਂ ਉਤੇ ਲੋਥਾਂ ਖਿਲਾਰ ਦੇਣਗੇ।
ਤਕ ਤਕ ਕੇ ਸੂਰਮਿਆਂ ਨੂੰ ਤੀਰ ਮਾਰਨਗੇ ॥੩੧੬॥
ਬਹੁਤ ਸਾਰੇ ਘੁੰਘਰੂ ਭਿਆਨਕ ਸੁਰ ਨਾਲ ਖੜਕਣਗੇ।
ਯੁੱਧ ਵਿਚ ਸੂਰਮੇ ਤੀਰ ਉਛਾਲਣਗੇ।
ਤਲਵਾਰਾਂ ਫੜ ਕੇ (ਵੈਰੀਆਂ ਉਤੇ) ਤੁਰਤ ਝਾੜ ਦੇਣਗੇ।
(ਵੈਰੀਆਂ ਨੂੰ) ਤਕ ਤਕ ਕੇ ਤੁਰਤ ਤੀਰਾਂ ਨਾਲ ਤਾੜਨਗੇ (ਅਰਥਾਤ ਚਲਾਉਣਗੇ) ॥੩੧੭॥