(ਉਹ) ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਪੁਕਾਰਦੇ ਸਨ।
ਉਨ੍ਹਾਂ ਦੀ (ਆਵਾਜ਼ ਅਥਵਾ ਸ੍ਵਾਸਾਂ ਤੋਂ) ਬੇਸ਼ੁਮਾਰ ਦੈਂਤ ਸ਼ਰੀਰ ਧਾਰਨ ਕਰ ਰਹੇ ਸਨ।
ਉਨ੍ਹਾਂ ਦੇ ਦੌੜਨ ਨਾਲ ਜੋ ਹਵਾ ਚਲਦੀ ਸੀ,
ਉਸ ਤੋਂ ਵੀ ਦੈਂਤ ਪ੍ਰਗਟ ਹੁੰਦੇ ਜਾ ਰਹੇ ਸਨ ॥੬੦॥
ਜ਼ਖ਼ਮ ਲਗਣ ਨਾਲ ਜੋ ਲਹੂ ਨਿਕਲਦਾ ਸੀ,
ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ ਰਹੇ ਸਨ।
ਉਨ੍ਹਾਂ ਦੇ ਜੋ ਬੇਸ਼ੁਮਾਰ ਸ੍ਵਾਸ ਚਲਦੇ ਸਨ,
ਉਨ੍ਹਾਂ ਤੋਂ ਦੈਂਤ ਪ੍ਰਗਟ ਹੋ ਰਹੇ ਸਨ ॥੬੧॥
ਤਦ ਕਾਲ ਨੇ ਅਣਗਿਣਤ ਦੈਂਤਾਂ ਨੂੰ ਮਾਰ ਦਿੱਤਾ।
ਉਹ ਧਰਤੀ ਉਤੇ ਇਸ ਤਰ੍ਹਾਂ ਪਏ ਸਨ, ਮਾਨੋ ਮੁਨਾਰੇ ਹੋਣ।
ਮਿਝ ਤੋਂ ਹਾਥੀ ਘੋੜੇ (ਬਣ ਕੇ) ਉਠਦੇ ਜਾ ਰਹੇ ਸਨ
ਅਤੇ ਲਹੂ ਦੇ ਦੈਂਤ ਬਣਦੇ ਜਾ ਰਹੇ ਸਨ ॥੬੨॥
(ਦੈਂਤ) ਉਠ ਕੇ ਬਾਣਾਂ ਦੀ ਬਰਖਾ ਕਰਦੇ ਸਨ।
ਕ੍ਰੋਧ ਵਿਚ ਆ ਕੇ 'ਮਾਰੋ ਮਾਰੋ' ਕਹਿੰਦੇ ਸਨ।
ਉਨ੍ਹਾਂ ਤੋਂ ਦੈਂਤਾਂ ਨੇ ਹੋਰ ਪਸਾਰਾ ਕੀਤਾ
ਅਤੇ ਦਸਾਂ ਦਿਸ਼ਾਵਾਂ ਨੂੰ ਭਰ ਦਿੱਤਾ ॥੬੩॥
ਉਨ੍ਹਾਂ ਦੈਂਤਾਂ ਨੂੰ ਕਾਲਕਾ ਨੇ ਖਪਾ ਦਿੱਤਾ
ਅਤੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲਿਆਂ (ਸੂਰਮਿਆਂ) ਨੂੰ ਮਾਰ ਕੇ ਧੂੜ ਵਿਚ ਮਿਲਾ ਦਿੱਤਾ।
(ਉਹ) ਬਾਰ ਬਾਰ ਉਠ ਕੇ ਬਾਣ ਚਲਾਉਂਦੇ ਸਨ
ਅਤੇ ਉਨ੍ਹਾਂ ਤੋਂ ਨਾਨਾ ਪ੍ਰਕਾਰ ਦੇ ਦੈਂਤ ਸ਼ਰੀਰ ਧਾਰਨ ਕਰਦੇ ਜਾ ਰਹੇ ਸਨ ॥੬੪॥
ਜੋ ਦੈਂਤ ਟੋਟੇ ਟੋਟੇ ਹੋ ਗਏ ਸਨ,
ਉਨ੍ਹਾਂ ਤੋਂ ਹੋਰ ਅਨੇਕ ਦੈਂਤ ਪੈਦਾ ਹੋ ਗਏ ਸਨ।
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਕੇ
ਅਤੇ ਸ਼ਸਤ੍ਰ ਲੈ ਕੇ ਯੁੱਧ ਕਰ ਰਹੇ ਸਨ ॥੬੫॥
ਕਾਲ ਨੇ ਫਿਰ ਉਹ ਦੈਂਤ ਮਾਰ ਦਿੱਤੇ
(ਅਤੇ ਉਨ੍ਹਾਂ ਨੂੰ) ਤਿਲ ਤਿਲ ਕਰ ਕੇ ਟੁਕੜੇ ਟੁਕੜੇ ਕਰ ਦਿੱਤਾ।
ਜਿਤਨੇ ਵੀ ਧਰਤੀ ਉਤੇ ਟੋਟੇ ਹੋ ਕੇ ਡਿਗਦੇ ਸਨ,
ਉਤਨੇ ਹੀ (ਹੋਰ) ਸ਼ਸਤ੍ਰ ਲੈ ਕੇ ਉਠ ਖੜੋਂਦੇ ਸਨ ॥੬੬॥
ਤਿਲ ਤਿਲ ਕਰ ਕੇ ਜਿਤਨੇ ਵੀ ਸੂਰਮੇ ਉਡਾਏ ਸਨ (ਭਾਵ ਮਾਰੇ ਸਨ)
ਉਤਨੇ ਹੀ ਉਥੇ ਦੈਂਤ ਬਣ ਕੇ ਆ ਗਏ।
ਉਨ੍ਹਾਂ ਦੇ ਜੋ ਟੋਟੇ ਟੋਟੇ ਕੀਤੇ ਸਨ,
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਗਏ ॥੬੭॥
ਉਥੇ ਰਣ-ਭੂਮੀ ਵਿਚ ਕਿਤਨੇ ਹਾਥੀ ਸ਼ੋਭਾ ਪਾ ਰਹੇ ਸਨ
ਅਤੇ ਸੁੰਡਾਂ ਤੋਂ ਪਾਣੀ ਸੁਟ ਕੇ ਸਭ ਨੂੰ ਸਿੰਜਦੇ ਸਨ।
(ਉਹ) ਦੰਦ ਵਿਖਾ ਕੇ ਚਿੰਘਾੜਦੇ ਸਨ,
(ਉਨ੍ਹਾਂ ਨੂੰ) ਵੇਖ ਵੇਖ ਕੇ ਸਵਾਰ ਡਿਗ ਡਿਗ ਪੈਂਦੇ ਸਨ ॥੬੮॥
ਕਿਤੇ ਭਿਆਨਕ ਭੇਰੀਆਂ ਭਭਕਾਰ ਰਹੀਆਂ ਸਨ।
ਕਿਤੇ ਘੋੜੇ ਸੂਰਮਿਆਂ ਨੂੰ ਰਣਭੂਮੀ ਵਿਚ ਡਿਗਾਉਂਦੇ ਸਨ।
ਕਿਤਨੇ ਹੀ ਸੂਰਮੇ ਸੈਹਥੀਆਂ (ਬਰਛੀਆਂ) ਨੂੰ ਘੁੰਮਾਉਂਦੇ ਸਨ
ਅਤੇ ਮਹਾ ਕਾਲ ਨੂੰ ਸਾਹਮਣਿਓਂ ਪੈਂਦੇ ਸਨ ॥੬੯॥
ਕਿਤਨੇ ਹੀ ਦੈਂਤ ਬਜ੍ਰ ਅਤੇ ਬਰਛੀਆਂ ਲੈ ਕੇ
ਕ੍ਰੋਧ ਨਾਲ ਧਾਵਾ ਕਰਦੇ ਸਨ।
ਕ੍ਰੋਧਿਤ ਹੋ ਕੇ ਕਾਲ ਉਤੇ ਵਾਰ ਕਰਦੇ ਸਨ।
(ਇੰਜ ਲਗਦਾ ਸੀ) ਮਾਨੋ ਦੀਵੇ ਉਤੇ (ਸੜਨ ਵਾਲੇ) ਪਤੰਗਿਆਂ ਵਰਗੇ ਹੋਣ ॥੭੦॥
ਉਹ ਹੰਕਾਰ ਦੇ ਭਰੇ ਹੋਏ ਬਹੁਤ ਹੰਕਾਰੀ ਸਨ
ਅਤੇ ਉਮੰਗ ਭਰੇ ਬੜੀ ਫੁਰਤੀ ਨਾਲ ਜਾ ਪੈਂਦੇ ਸਨ।
ਦੋਹਾਂ ਬੁਲ੍ਹਾਂ ਨੂੰ ਦੰਦਾਂ ਨਾਲ ਪੀਹ ਪੀਹ ਕੇ
ਮਹਾ ਕਾਲ ਉਤੇ ਧਾਵਾ ਕਰ ਰਹੇ ਸਨ ॥੭੧॥
ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਸਨ
ਅਤੇ ਭੇਰੀਆਂ ਭਿਆਨਕ ਭਭਕਾਰ ਕਰ ਰਹੀਆਂ ਸਨ।
ਰਣ-ਭੂਮੀ ਵਿਚ ਜੰਗ, ਮੁਚੰਗ, ਉਪੰਗ,
ਝਾਲਰ, ਤਾਲ ਅਤੇ ਨਫ਼ੀਰੀਆਂ ਦੇ ਸਮੂਹ ਵਜ ਰਹੇ ਸਨ ॥੭੨॥
ਕਿਧਰੇ ਰਣ-ਭੂਮੀ ਵਿਚ ਮੁਰਲੀਆਂ, ਮੁਰਜ ਆਦਿ ਵਜ ਰਹੇ ਸਨ।
ਦੈਂਤ ਗੁਮਾਨ ਨਾਲ ਭਰੇ ਹੋਏ ਗਰਜ ਰਹੇ ਸਨ।
ਢੋਲਾਂ ਉਤੇ ਡਗੇ ਮਾਰ ਮਾਰ ਕੇ
ਅਤੇ ਕ੍ਰਿਪਾਨਾਂ ਅਤੇ ਕਟਾਰਾਂ ਪਕੜ ਪਕੜ ਕੇ ਭਜੇ ਫਿਰਦੇ ਸਨ ॥੭੩॥
ਕਈ ਕੋਹਾਂ ਜਿੰਨੇ ਲੰਬੇ ਦੰਦ ਕਢ ਕੇ
ਅਤੇ ਹਿਰਦੇ ਵਿਚ ਜੋਸ਼ ਵਧਾ ਕੇ ਦੈਂਤ ਧਾਵਾ ਕਰ ਰਹੇ ਸਨ।
(ਉਹ) ਮਹਾ ਕਾਲ ਨੂੰ ਮਾਰਨ ਲਈ ਧਾਵਾ ਕਰਦੇ ਸਨ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਮਾਰਦੇ ਹੋਏ ਉਹ ਆਪ ਹੀ ਮਰ ਜਾਂਦੇ ਹੋਣ ॥੭੪॥
ਦੈਂਤ ਬਹੁਤ ਕ੍ਰੋਧ ਕਰ ਕੇ ਆਣ ਢੁਕੇ ਸਨ
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ਸਨ।
ਢੋਲ, ਮ੍ਰਿਦੰਗ ਅਤੇ ਨਗਾਰੇ ਦੈ ਦੈ (ਕਰ ਕੇ ਵਜਦੇ ਸਨ)
ਅਤੇ ਵੈਰੀ ਦੰਦ ਕਢ ਕੇ ਡਰਾਉਂਦੇ ਸਨ ॥੭੫॥
ਉਹ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ,
ਪਰ ਉਹ ਮਹਾ ਮੂਰਖ ਵਿਚਾਰ ਨਹੀਂ ਕਰਦੇ ਸਨ
ਕਿ ਜਿਸ ਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੋਇਆ ਹੈ,
ਉਹ ਮੂਰਖ ਉਸ ਨੂੰ ਮਾਰਨਾ ਚਾਹੁੰਦੇ ਸਨ ॥੭੬॥
ਯੋਧਿਆਂ ਨੇ ਭੁਜਾਵਾਂ ਨੂੰ ਠੋਕ ਠੋਕ ਕੇ ਅਤੇ ਕ੍ਰੋਧਿਤ ਹੋ ਕੇ
ਮਹਾ ਕਾਲ ਉਤੇ ਧਾਵਾ ਬੋਲ ਦਿੱਤਾ।
ਵੀਹ ਪਦਮ ਦੈਂਤ ਸੈਨਾ ਉਥੇ ਇਕੱਠੀ ਹੋ ਗਈ
ਅਤੇ ਕਾਲੀ ਨੂੰ ਨਸ਼ਟ ਕਰਨ ਲਈ ਚੜ੍ਹ ਪਈ ॥੭੭॥