ਦੇਵਤਿਆਂ ਦੇ ਦਲ ਪ੍ਰਸੰਨ ਹੋ ਗਏ ਅਤੇ ਫੁੱਲਾਂ ਦੀ ਬਰਖਾ ਕਰਨ ਲੱਗੇ,
(ਕਿਉਂਕਿ) ਦ੍ਰੋਹੀ ਦੈਂਤ ਮਾਰਿਆ ਗਿਆ ਤਾਂ ਸਾਰੇ ਦੁੱਖ ਮਿਟ ਗਏ ॥੭੧੩॥
'ਲਵਣ' ਦੈਂਤ ਨੂੰ (ਸ਼ਤਰੂਘਨ ਨੇ) ਛਿਣ ਵਿੱਚ ਮਾਰ ਦਿੱਤਾ,
ਸਾਰੇ ਸੰਤ ਪ੍ਰਸੰਨ ਹੋ ਗਏ ਤੇ ਵੈਰੀ ਦੁਖੀ ਹੋਏ।
(ਦੈਂਤ) ਪ੍ਰਾਣ ਲੈ ਕੇ ਭੱਜ ਗਏ ਅਤੇ (ਉਨ੍ਹਾਂ ਨੇ) ਸ਼ਹਿਰ ਦਾ ਨਿਵਾਸ ਛੱਡ ਦਿੱਤਾ।
ਮਥੁਰਾ ਦੇ ਰਾਜੇ (ਸ਼ਤਰੂਘਨ) ਨੇ ਮਥੁਰਾ ਵਿੱਚ ਨਿਵਾਸ ਕੀਤਾ ॥੭੧੪॥
ਸ਼ਤਰੂਘਨ ਮਥੁਰਾ ਦਾ ਰਾਜਾ ਹੋਇਆ
ਜੋ ਸਾਰੇ ਸ਼ਸਤ੍ਰ ਚਲਾਣ ਵਾਲਾ ਤੇ ਸ਼ੁਭ ਸ਼ਾਸਤ੍ਰਾਂ ਨੂੰ ਜਾਣਨ ਵਾਲਾ ਹੈ।
ਉਸ ਸਥਾਨ ਤੋਂ ਕਠੋਰ ਦੁਸ਼ਟ ਦੂਰ ਹੋ ਗਏ।
ਸ਼ਤਰੂਘਨ ਨੇ ਉਥੇ ਉਹੋ ਜਿਹਾ ਰਾਜ ਕੀਤਾ ਜਿਹੋ ਜਿਹਾ ਅਯੁੱਧਿਆ ਵਿੱਚ ਰਾਮ (ਕਰਦੇ ਸਨ) ॥੭੧੫॥
ਸੂਰਮਿਆਂ ਨੂੰ ਡਿਗਾਣ ਵਾਲੇ ਸ਼ਤਰੂਘਨ ਨੇ ਦੁਸ਼ਟ ਦਾ ਨਾਸ਼ ਕਰ ਦਿੱਤਾ।
ਫਲਸਰੂਪ ਜੈ ਦੀ ਧੁਨੀ ਉਠੀ ਜੋ (ਤਿੰਨਾਂ) ਲੋਕਾਂ ਵਿੱਚ ਪਸਰ ਰਹੀ ਹੈ
ਅਤੇ ਬਿੰਧਿਆਚਾਲ ਤੋਂ ਪਾਰ ਸਮੁੰਦਰ ਤੱਕ ਚਲੀ ਗਈ ਹੈ।
ਚੌਹਾਂ ਚੱਕਾਂ ਵਿੱਚ ਸੁਣਿਆ ਗਿਆ ਕਿ ਸ਼ਤਰੂਘਨ ਨੇ 'ਲਵਣ' ਨੂੰ ਮਾਰ ਦਿੱਤਾ ਹੈ ॥੭੧੬॥
ਹੁਣ ਸੀਤਾ ਨੂੰ ਬਨਵਾਸ ਦੇਣ ਦਾ ਕਥਨ
ਭੁਜੰਗ ਪ੍ਰਯਾਤ ਛੰਦ
ਉਧਰ ਇਸ ਤਰ੍ਹਾਂ (ਗੱਲ) ਹੋਈ ਇਧਰ ਸੀਤਾ ਨੇ
ਬੜੇ ਸੁੰਦਰ ਢੰਗ ਨਾਲ ਰਾਮ ਨੂੰ ਕਿਹਾ
ਕਿ ਇਕ ਸੁੰਦਰ ਬਾਗ ਬਣਵਾਓ ਜਿਸ ਦੀ ਸ਼ੋਭਾ ਨੂੰ ਵੇਖ ਕੇ
ਇੰਦਰ ਦੇ 'ਨੰਦਨ' ਬਾਗ ਦੀ ਸ਼ੋਭਾ ਫਿਕੀ ਪੈ ਜਾਵੇ ॥੭੧੭॥
ਜਦ ਸੀਤਾ ਦੀ ਅਜਿਹੀ ਬਾਣੀ ਧਰਮ-ਧਾਮ (ਰਾਮ) ਨੇ ਸੁਣੀ
ਤਾਂ ਇਕ ਮਹਾਨ ਸੁੰਦਰ ਬਾਗ ਬਣਵਾਇਆ।
ਉਸ ਵਿੱਚ ਅਨੰਤ ਹੀ ਹੀਰੇ ਅਤੇ ਮਣੀਆਂ ਜੜ੍ਹੀਆਂ ਹੋਈਆਂ ਸਨ
ਅਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਸ਼ੋਭਾ ਵਾਲਾ ਖਾਂਡਵ ਬਨ (ਇੰਦਰ ਪਥੰ) ਸ਼ਰਮਸਾਰ ਹੁੰਦਾ ਸੀ ॥੭੧੮॥
ਉਸ ਵਿੱਚ ਮਣੀਆਂ ਤੇ ਹੀਰਿਆਂ ਦੀਆਂ ਲੜੀਆਂ ਸੁਭਾਇਮਾਨ ਹੋ ਰਹੀਆਂ ਸਨ।
ਸਾਰੇ ਦੇਵੀ ਦੇਵਤਿਆਂ ਨੇ ਉਸ ਨੂੰ ਦੂਜਾ ਸੁਅਰਗ ਸਮਝਣਾ ਸ਼ੁਰੂ ਕਰ ਦਿੱਤਾ।
ਸ੍ਰੀ ਰਾਮ ਸੀਤਾ ਨੂੰ ਲੈ ਕੇ ਉਸ ਬਾਗ ਵਿੱਚ ਗਏ।
ਕਈ ਕਰੋੜ (ਅਰਥਾਤ ਬਹੁਤ ਸਾਰੀਆਂ) ਸੁੰਦਰ ਦਾਸੀਆਂ ਨੂੰ ਸੀਤਾ ਦੇ ਨਾਲ ਕਰ ਦਿੱਤਾ ॥੭੧੯॥
ਉਸੇ ਮਹਾਨ ਸੁੰਦਰ ਸਥਾਨ ਵਿੱਚ ਇਕ ਮਹੱਲ (ਮੰਦਰ) ਬਣਵਾਇਆ।
ਉਸ ਵਿੱਚ ਧਰਮ-ਧਾਮ (ਰਾਮ) ਨੇ ਬਿਸ਼ਰਾਮ ਕੀਤਾ।
ਉਥੇ ਕਈ ਤਰ੍ਹਾਂ ਦੀ ਕ੍ਰੀੜਾ, ਭੋਗ ਅਤੇ ਬਿਲਾਸ ਕੀਤੇ।
ਜਿਸ ਤਰ੍ਹਾਂ ਦਾ ਸਮਾਂ ਸੀ, ਉਸੇ ਤਰ੍ਹਾਂ ਦੇ ਕਾਰ ਵਿਹਾਰ ਪੂਰੇ ਕੀਤੇ ॥੭੨੦॥
ਸੀਤਾ ਨੂੰ (ਉਸ ਸਮੇਂ) ਗਰਭ ਠਹਿਰ ਗਿਆ, (ਇਸ ਗੱਲ ਨੂੰ) ਸਾਰੀਆਂ ਇਸਤਰੀਆਂ ਨੇ ਸੁਣ ਲਿਆ।
ਫਿਰ ਸੀਤਾ ਨੇ ਇਹ ਬਚਨ ਸ੍ਰੀ ਰਾਮ ਨੂੰ ਕਿਹਾ ਕਿ ਹੇ ਨਾਥ!
ਮੈਂ ਬਾਗ ਵਿੱਚ ਬਹੁਤ ਫਿਰ ਲਿਆ, ਹੁਣ ਮੈਨੂੰ ਵਿਦਾ ਕਰੋ।
ਹੇ ਪ੍ਰਾਣ ਪਿਆਰੇ! ਸੁਣੋ ਅਤੇ ਇਹੀ ਕਾਰਜ ਕਰੋ ॥੭੨੧॥
ਲੱਛਮਣ ਨੂੰ ਸ੍ਰੀ ਰਾਮ ਨੇ ਨਾਲ ਭੇਜਿਆ
ਅਤੇ ਉਸ ਨਾਲ ਚੰਗੀ ਤਰ੍ਹਾਂ ਸੀਤਾ ਨੂੰ ਤੋਰ ਦਿੱਤਾ।
ਜਿਥੇ ਵੱਡੇ-ਵੱਡੇ ਸਾਲ ਤੇ ਤਮਾਲ ਦੇ ਭਿਆਨਕ ਬ੍ਰਿਛ ਸਨ,
(ਲੱਛਮਣ) ਉਥੇ ਸੀਤਾ ਨੂੰ ਛੱਡ ਕੇ ਛੇਤੀ ਨਾਲ ਮੁੜ ਆਇਆ ॥੭੨੨॥
ਅਪਾਰ ਨਿਰਜਨ ਬਣ ਨੂੰ ਵੇਖ ਕੇ ਸੀਤਾ ਨੇ ਜਾਣ ਲਿਆ
ਕਿ ਰਾਮ ਨੇ (ਮੈਨੂੰ) ਬਨਵਾਸ ਦਿੱਤਾ ਹੈ।
(ਉਸੇ ਵੇਲੇ) ਉੱਚੀ ਸੁਰ ਨਾਲ ਰੋਣ ਲੱਗੀ ਅਤੇ ਪ੍ਰਾਣਾਂ ਤੋਂ ਬੇਸੁੱਧ ਹੋ ਕੇ (ਇਸ ਤਰ੍ਹਾਂ) ਡਿੱਗ ਪਈ,
ਜਿਵੇਂ ਰਣ ਵਿੱਚ ਨਾਜ਼ਕ ਥਾਂ 'ਤੇ ਬਾਣ ਲੱਗਣ ਨਾਲ ਸੂਰਮਾ ਡਿੱਗ ਪੈਂਦਾ ਹੈ ॥੭੨੩॥
ਸੀਤਾ ਦੀ ਦੀਨ ਬਾਣੀ ਬਾਲਮੀਕ ਨੇ ਕੰਨੀਂ ਸੁਣੀ
ਤਾਂ ਚਿੱਤ ਵਿੱਚ ਚੌਂਕ ਕੇ ਅਤੇ ਕੁਟੀਆ ਛੱਡ ਕੇ ਤੁਰ ਪਿਆ।
ਸੀਤਾ ਨੂੰ ਨਾਲ ਲੈ ਕੇ ਆਪਣੇ ਸਥਾਨ 'ਤੇ ਚਲਾ ਗਿਆ
ਅਤੇ ਮਨ, ਬਚਨ ਅਤੇ ਕਰਮ ਕਰਕੇ ਦੁਰਗਾ ਦਾ ਜਾਪ ਜਪਣ ਲੱਗਾ ॥੭੨੪॥