ਨਾਈ ਦੇ ਪੁੱਤਰ ਨੇ ਉਸ ਦਾ ਭੇਸ ਬਣਾ ਲਿਆ
ਅਤੇ ਗਠਰੀ ਦੇ ਕੇ ਸ਼ਾਹ ਦੇ ਪੁੱਤਰ ਨੂੰ ਚਲਾ ਦਿੱਤਾ।
ਉਸ ਦਾ ਚਿਤ ਬਹੁਤ ਖ਼ੁਸ਼ ਸੀ,
ਪਰ ਸ਼ਾਹ ਦਾ ਪੁੱਤਰ ਕੁਝ ਵੀ ਭੇਦ ਨਾ ਸਮਝ ਸਕਿਆ ॥੭॥
ਦੋਹਰਾ:
ਤੁਰਦੇ ਤੁਰਦੇ ਉਹ ਸੌਹਰੇ ਪਿੰਡ ਆ ਪਹੁੰਚੇ।
ਪਰ ਉਸ ਨੇ ਉਤਰ ਕੇ ਘੋੜੇ ਉਤੇ ਸ਼ਾਹ ਦੇ ਪੁੱਤਰ ਨੂੰ ਨਾ ਚੜ੍ਹਾਇਆ ॥੮॥
ਸ਼ਾਹ ਦਾ ਪੁੱਤਰ ਉਸ ਨੂੰ ਕਹਿੰਦਾ ਰਿਹਾ (ਪਰ ਉਸ ਨੇ) ਘੋੜੇ ਉਤੇ ਨਾ ਚੜ੍ਹਾਇਆ।
ਉਸ ਧਨੀ ਨੂੰ ਸ਼ਾਹ ਦਾ ਪੁੱਤਰ ਸਮਝ ਕੇ ਸਭ ਮਿਲਣ ਲਈ ਆਏ ॥੯॥
ਚੌਪਈ:
ਸ਼ਾਹ ਦੇ ਪੁੱਤਰ ਨੂੰ ਨਾਈ ਦਾ
ਅਤੇ ਨਾਈ ਦੇ ਪੁੱਤਰ ਨੂੰ ਸ਼ਾਹ ਦਾ ਪੁੱਤਰ ਕਰ ਕੇ (ਸਭ ਨੇ) ਪਛਾਣਿਆ।
ਉਹ (ਸ਼ਾਹ ਦਾ ਪੁੱਤਰ) ਮਨ ਵਿਚ ਬਹੁਤ ਸ਼ਰਮਿੰਦਾ ਹੋਇਆ
ਪਰ ਉਸ ਪ੍ਰਤਿ ਉਸ ਨੇ ਕੋਈ ਬਚਨ ਨਾ ਕਿਹਾ ॥੧੦॥
ਦੋਹਰਾ:
ਨਾਈ ਦੇ ਪੁੱਤਰ ਨੂੰ ਸ਼ਾਹ ਦੇ ਪੁੱਤਰ ਦੀ ਪਤਨੀ ਮਿਲਾ ਦਿੱਤੀ
ਅਤੇ ਸ਼ਾਹ ਦੇ ਪੁੱਤਰ ਨੂੰ ਇਸ ਤਰ੍ਹਾਂ ਕਿਹਾ ਕਿ ਉਹ ਦਰਵਾਜ਼ੇ ਉਤੇ ਜਾ ਕੇ ਬੈਠੇ ॥੧੧॥
ਚੌਪਈ:
ਤਦ ਨਾਈ ਦੇ ਪੁੱਤਰ ਨੇ ਇਸ ਤਰ੍ਹਾਂ ਕਿਹਾ,
(ਇਸ ਨੂੰ) ਕਹੋ ਕਿ ਮੇਰਾ ਇਹ ਕੰਮ ਕਰੇ।
ਇਸ ਨੂੰ ਬਹੁਤ ਸਾਰੀਆਂ ਬਕਰੀਆਂ ਚਰਾਉਣ ਲਈ ਦਿਓ।
ਦਿਨ ਨੂੰ ਚਰਾ ਕੇ ਰਾਤ ਨੂੰ ਘਰ ਆ ਜਾਵੇ ॥੧੨॥
ਦੋਹਰਾ:
ਸ਼ਾਹ ਦਾ ਪੁੱਤਰ ਬਕਰੀਆਂ ਲੈ ਕੇ ਬਨ ਵਿਚ ਖੁਆਰ ਹੁੰਦਾ ਰਿਹਾ
ਅਤੇ ਸ਼ਰਮ ਦਾ ਮਾਰਿਆ ਸੁਕ ਕੇ ਰਬਾਬ ਵਰਗਾ ਦੁਬਲਾ ਹੋ ਗਿਆ ॥੧੩॥
ਚੌਪਈ:
ਜਦੋਂ ਉਸ ਨੂੰ ਬਹੁਤ ਦੁਰਬਲ ਵੇਖਿਆ
ਤਦ ਨਾਈ ਦੇ ਪੁੱਤਰ ਨੇ ਕਿਹਾ,
ਹੁਣ ਇਸ ਨੂੰ ਇਕ ਮੰਜੀ ਦੇ ਦਿਓ
ਅਤੇ ਮੇਰੇ ਕਹੇ ਅਨੁਸਾਰ ਇਸ ਤਰ੍ਹਾਂ ਕਰੋ ॥੧੪॥
ਦੋਹਰਾ:
ਸ਼ਾਹ ਦਾ ਪੁੱਤਰ ਮੰਜੀ ਲੈ ਕੇ ਮਨ ਵਿਚ ਹੋਰ ਵੀ ਦੁਖੀ ਹੋਇਆ।
ਸੰਘਣੇ ਬਨ ਵਿਚ ਜਾ ਕੇ ਨਿੱਤ ਰੋਣ ਪਿਟਣ ਲਗਿਆ ॥੧੫॥
ਮਹਾ ਰੁਦ੍ਰ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ।
ਉਸ ਨੂੰ ਦੁਖੀ ਵੇਖ ਕੇ (ਉਨ੍ਹਾਂ ਦੇ) ਮਨ ਵਿਚ ਦਇਆ ਆ ਗਈ ॥੧੬॥
ਚੌਪਈ:
ਦਇਆਵਾਨ ਹੋ ਕੇ (ਉਨ੍ਹਾਂ ਨੇ) ਇਸ ਤਰ੍ਹਾਂ ਕਿਹਾ,
ਹੇ ਸ਼ਾਹ ਦੇ ਦੁਖੀ ਪੁੱਤਰ! ਸੁਣੋ।
ਜਿਸ ਨੂੰ ਤੂੰ ਮੂੰਹ ਤੋਂ ਕਹੇਂਗਾ 'ਤੂੰ ਚਿਮਟ ਜਾ',
ਤਾਂ ਉਹ ਬਕਰੀ ਭੂਮੀ ਨਾਲ ਜੁੜ ਜਾਏਗੀ ॥੧੭॥
ਦੋਹਰਾ:
ਜਦੋਂ ਤੂੰ ਵਖ ਹੋ ਜਾਣ ਲਈ ਕਹੇਂਗਾ, ਉਸੇ ਵੇਲੇ ਉਹ ਖ਼ਲਾਸ ਹੋ ਜਾਏਗੀ।
ਜਦ ਤਕ ਤੂੰ ਇਸ ਤਰ੍ਹਾਂ ਨਹੀਂ ਕਹੇਂਗਾ, ਉਹ ਧਰਤੀ ਨਾਲ ਲਗ ਕੇ ਮਰ ਜਾਏਗੀ ॥੧੮॥
ਚੌਪਈ:
ਜਦ ਉਸ (ਸ਼ਿਵ) ਨੇ ਮੁਖ ਤੋਂ 'ਤੂੰ ਚਿਮਟ ਜਾ' ਕਿਹਾ
ਤਾਂ (ਉਸ ਦਾ) ਹੇਠਲਾ ਹੋਠ ('ਅਧਰ') ਧਰਤੀ ਨਾਲ ਚਿਮਟ ਗਿਆ।
ਜਦ ਸ਼ਿਵ ਦੇ ਬਚਨ ਸੱਚੇ ਸਿੱਧ ਹੋਏ,
ਤਾਂ ਉਸ ਨੇ ਚਿਤ ਵਿਚ ਇਹ ਬਣਤ ਬਣਾਈ ॥੧੯॥