ਸ਼੍ਰੀ ਦਸਮ ਗ੍ਰੰਥ

ਅੰਗ - 1109


ਯਹੈ ਕੂਪ ਤਵ ਕਾਲ ਜਾਨਿ ਜਿਯ ਲੀਜਿਯੈ ॥

ਇਸ ਖੂਹ ਨੂੰ ਤੂੰ ਮਨ ਵਿਚ ਕਾਲ ਸਮਝ ਲੈ,

ਹੋ ਨਾਤਰ ਹਮ ਸੌ ਆਨਿ ਅਬੈ ਰਤਿ ਕੀਜਿਯੈ ॥੧੨॥

ਨਹੀਂ ਤਾਂ ਹੁਣੇ ਆ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰ ॥੧੨॥

ਚੌਪਈ ॥

ਚੌਪਈ:

ਤਾ ਕੀ ਕਹੀ ਨ ਮੂਰਖ ਮਾਨੀ ॥

ਉਸ (ਰਾਣੀ) ਦੀ ਕਹੀ ਹੋਈ (ਗੱਲ) ਮੂਰਖ (ਪੁਰਸ਼) ਨੇ ਨਾ ਮੰਨੀ।

ਤਬ ਰਾਨੀ ਅਤਿ ਹ੍ਰਿਦੈ ਰਿਸਾਨੀ ॥

ਤਦ ਰਾਣੀ ਹਿਰਦੇ ਵਿਚ ਬਹੁਤ ਕ੍ਰੋਧਿਤ ਹੋਈ।

ਫਾਸ ਡਾਰਿ ਤਾ ਕੌ ਬਧ ਕਿਯੋ ॥

ਉਸ ਨੂੰ ਫਾਹੀ ਪਾ ਕੇ ਮਾਰ ਦਿੱਤਾ।

ਬਹੁਰੋ ਡਾਰਿ ਕੂਪ ਮਹਿ ਦਿਯੋ ॥੧੩॥

ਫਿਰ ਉਸ ਨੂੰ ਖੂਹ ਵਿਚ ਸੁਟ ਦਿੱਤਾ ॥੧੩॥

ਹਾਇ ਹਾਇ ਕਰਿ ਰਾਵ ਬੁਲਾਯੋ ॥

(ਰਾਣੀ ਨੇ) 'ਹਾਇ ਹਾਇ' ਕਰ ਕੇ ਰਾਜੇ ਨੂੰ ਬੁਲਾਇਆ

ਪਰਿਯੋ ਕੂਪ ਤਿਹ ਤਾਹਿ ਦਿਖਾਯੋ ॥

ਅਤੇ ਖੂਹ ਵਿਚ ਪਈ ਹੋਈ ਉਸ ਦੀ (ਦੇਹ) ਰਾਜੇ ਨੂੰ ਵਿਖਾਈ।

ਤਬੈ ਨ੍ਰਿਪਤਿ ਅਸ ਬਚਨ ਉਚਾਰੇ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ।

ਸੋ ਮੈ ਕਹਤ ਹੌ ਸੁਨਹੁ ਪ੍ਯਾਰੇ ॥੧੪॥

ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ (ਰਾਜਨ!) (ਧਿਆਨ ਨਾਲ) ਸੁਣੋ ॥੧੪॥

ਦੋਹਰਾ ॥

ਦੋਹਰਾ:

ਯਾ ਕੀ ਇਤਨੀ ਆਰਬਲਾ ਬਿਧਨਾ ਲਿਖੀ ਬਨਾਇ ॥

ਇਸ ਦੀ ਇਤਨੀ ਹੀ ਆਯੂ ਵਿਧਾਤਾ ਨੇ ਲਿਖੀ ਸੀ।

ਤਾ ਤੇ ਪਰਿ ਕੂਏ ਮਰਿਯੋ ਕ੍ਯਾ ਕੋਊ ਕਰੈ ਉਪਾਇ ॥੧੫॥

ਇਸ ਲਈ ਖੂਹ ਵਿਚ ਡਿਗ ਮਰਿਆ ਹੈ। ਕੋਈ ਕੀ ਉਪਾ ਕਰ ਸਕਦਾ ਹੈ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੦॥੪੦੨੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੦॥੪੦੨੭॥ ਚਲਦਾ॥

ਦੋਹਰਾ ॥

ਦੋਹਰਾ:

ਨੈਪਾਲੀ ਕੇ ਦੇਸ ਮੈ ਰੁਦ੍ਰ ਸਿੰਘ ਨ੍ਰਿਪ ਰਾਜ ॥

ਨਿਪਾਲ ਦੇਸ ਵਿਚ ਰੁਦ੍ਰ ਸਿੰਘ ਨਾਂ ਦਾ ਰਾਜਾ (ਰਾਜ ਕਰਦਾ) ਸੀ।

ਸੂਰਬੀਰ ਜਾ ਕੇ ਘਨੇ ਸਦਨ ਭਰੇ ਸਭ ਸਾਜ ॥੧॥

ਉਸ ਪਾਸ ਬਹੁਤ ਸੂਰਬੀਰ ਸਨ ਅਤੇ (ਉਸ ਦਾ) ਮਹੱਲ ਸਭ ਤਰ੍ਹਾਂ ਦੇ ਸਾਜ਼-ਸਾਮਾਨ ਨਾਲ ਭਰਿਆ ਰਹਿੰਦਾ ਸੀ ॥੧॥

ਚੌਪਈ ॥

ਚੌਪਈ:

ਤਿਹ ਅਰਿਕੁਤੁਮ ਪ੍ਰਭਾ ਤ੍ਰਿਯ ਰਹੈ ॥

ਉਸ ਦੀ ਅਰਿਕੁਤੁਮ ਪ੍ਰਭਾ ਨਾਂ ਦੀ ਇਸਤਰੀ ਹੁੰਦੀ ਸੀ।

ਅਤਿ ਸੁੰਦਰਿ ਤਾ ਕੌ ਜਗ ਕਹੈ ॥

ਉਸ ਨੂੰ ਜਗਤ ਅਤਿ ਉਤਮ ਕਹਿੰਦਾ ਸੀ।

ਸ੍ਰੀ ਤੜਿਤਾਕ੍ਰਿਤ ਪ੍ਰਭਾ ਦੁਹਿਤਾ ਤਿਹ ॥

ਉਸ ਦੀ ਪੁੱਤਰੀ ਦਾ ਨਾਂ ਤੜਿਤਾਕ੍ਰਿਤ ਪ੍ਰਭਾ ਸੀ,

ਜੀਤਿ ਲਈ ਸਸਿ ਅੰਸ ਸਕਲ ਜਿਹ ॥੨॥

ਜਿਸ ਨੇ ਮਾਨੋ ਚੰਦ੍ਰਮਾ ਦੀਆਂ ਸਾਰੀਆਂ ਕਿਰਨਾਂ (ਕਲਾਵਾਂ) ਜਿਤ ਲਈਆਂ ਹੋਣ ॥੨॥

ਲਰਿਕਾਪਨ ਤਾ ਕੋ ਜਬ ਗਯੋ ॥

ਜਦ ਉਸ ਦਾ ਬਚਪਨ ਖ਼ਤਮ ਹੋਇਆ

ਅੰਗ ਅੰਗ ਜੋਬਨ ਝਮਕ੍ਯੋ ॥

(ਤਾਂ ਉਸ ਦੇ) ਅੰਗ ਅੰਗ ਵਿਚ ਜੋਬਨ ਝਲਕਾਰੇ ਮਾਰਨ ਲਗਾ।

ਆਨਿ ਮੈਨ ਤਿਹ ਜਬੈ ਸੰਤਾਵੈ ॥

ਜਦੋਂ ਉਸ ਨੂੰ ਕਾਮ ਆ ਕੇ ਸਤਾਉਂਦਾ,

ਮੀਤ ਮਿਲਨ ਕੋ ਸਮੋ ਨ ਪਾਵੈ ॥੩॥

(ਤਾਂ ਉਸ ਨੂੰ) ਮਿਤਰ ਨਾਲ ਮਿਲਣ ਦਾ ਮੌਕਾ ਨਾ ਮਿਲਦਾ ॥੩॥

ਅੜਿਲ ॥

ਅੜਿਲ:

ਕੰਜਮਤੀ ਇਕ ਸਹਚਰਿ ਲਈ ਬੁਲਾਇ ਕੈ ॥

(ਉਸ ਨੇ) ਇਕ ਕੰਜਮਤੀ ਨਾਂ ਦੀ ਸਖੀ (ਦਾਸੀ) ਨੂੰ ਬੁਲਾ ਲਿਆ।

ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ ॥

ਉਸ ਨੂੰ ਚਿਤ ਦੀ ਸਾਰੀ ਗੱਲ ਸਮਝਾ ਕੇ ਕਹਿ ਦਿੱਤੀ।

ਛੈਲ ਕੁਅਰਿ ਕੌ ਤੈ ਮੁਹਿ ਆਨਿ ਮਿਲਾਇ ਦੈ ॥

ਤੂੰ ਛੈਲ ਕੁਮਾਰ ਨੂੰ ਲਿਆ ਕੇ ਮੈਨੂੰ ਮਿਲਾ ਦੇ

ਹੋ ਜਵਨ ਬਾਤ ਤੁਹਿ ਰੁਚੈ ਸੁ ਮੋ ਸੌ ਆਇ ਲੈ ॥੪॥

ਅਤੇ ਜੋ ਵੀ ਤੈਨੂੰ ਚੰਗਾ ਲਗੇ, ਮੇਰੇ ਕੋਲੋਂ ਆ ਕੇ ਲੈ ਲਈਂ ॥੪॥

ਦੋਹਰਾ ॥

ਦੋਹਰਾ:

ਕੁੰਜਮਤੀ ਤਿਹ ਕੁਅਰਿ ਕੇ ਅਤਿ ਆਤੁਰ ਸੁਨਿ ਬੈਨ ॥

ਕੰਜਮਤੀ ਉਸ ਰਾਜ ਕੁਮਾਰੀ ਦੇ ਅਤਿ ਆਤੁਰ ਬੋਲ ਸੁਣ ਕੇ

ਛੈਲ ਕੁਅਰ ਕੇ ਗ੍ਰਿਹ ਗਈ ਤ੍ਯਾਗ ਤੁਰਤੁ ਨਿਜ ਐਨ ॥੫॥

ਤੁਰਤ ਆਪਣਾ ਘਰ ਛਡ ਕੇ ਛੈਲ ਕੁਮਾਰ ਦੇ ਘਰ ਚਲੀ ਗਈ ॥੫॥

ਅੜਿਲ ॥

ਅੜਿਲ:

ਛੈਲ ਕੁਅਰ ਕੌ ਦਿਯੋ ਤੁਰਤ ਤਿਹ ਆਨਿ ਕੈ ॥

ਉਸ ਨੇ ਛੈਲ ਕੁਮਾਰ ਨੂੰ ਤੁਰਤ ਲਿਆ ਦਿੱਤਾ।

ਰਮੀ ਕੁਅਰਿ ਤਿਹ ਸਾਥ ਅਧਿਕ ਰੁਚਿ ਮਾਨਿ ਕੈ ॥

ਕੁਮਾਰੀ ਨੇ ਉਸ ਨਾਲ ਬਹੁਤ ਆਨੰਦਿਤ ਹੋ ਕੇ ਰਮਣ ਕੀਤਾ।

ਛੈਲ ਛੈਲਨੀ ਛਕੇ ਨ ਛੋਰਹਿ ਏਕ ਛਿਨ ॥

ਛੈਲ ਅਤੇ ਛੈਲਨੀ ਦੋਵੇਂ ਤ੍ਰਿਪਤ ਹੋ ਗਏ ਅਤੇ ਇਕ ਛਿਣ ਲਈ ਵੀ (ਇਕ ਦੂਜੇ ਨੂੰ) ਨਹੀਂ ਛਡਦੇ।

ਹੋ ਜਨੁਕ ਨਵੌ ਨਿਧਿ ਰਾਕ ਸੁ ਪਾਈ ਆਜੁ ਇਨ ॥੬॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਇਨ੍ਹਾਂ ਰੰਕਾਂ ਨੇ ਅਜ ਨੌਂ ਨਿਧੀਆਂ ਪ੍ਰਾਪਤ ਕੀਤੀਆਂ ਹੋਣ ॥੬॥

ਗਹਿ ਗਹਿ ਤਾ ਕੇ ਗਰੇ ਗਈ ਲਪਟਾਇ ਕੈ ॥

(ਉਸ ਨੇ) ਉਸ ਨੂੰ ਪਕੜ ਪਕੜ ਕੇ ਗਲ ਨਾਲ ਲਗਾਇਆ

ਆਸਨ ਚੁੰਬਨ ਬਹੁ ਬਿਧਿ ਕੀਏ ਬਨਾਇ ਕੈ ॥

ਅਤੇ ਕਈ ਤਰ੍ਹਾਂ ਦੇ ਆਸਣ ਅਤੇ ਚੁੰਬਨ ਲਏ।

ਟੂਟਿ ਖਾਟ ਬਹੁ ਗਈ ਨ ਛੋਰਿਯੋ ਮੀਤ ਕੌ ॥

ਮੰਜੀ ਬਹੁਤ ਸਾਰੀ ਟੁੱਟ ਗਈ (ਪਰ ਉਸ ਨੇ) ਮਿਤਰ ਨੂੰ ਨਾ ਛਡਿਆ

ਹੋ ਤਿਹ ਕਰ ਦਿਯੋ ਉਠਾਇ ਸੁ ਅਪਨੇ ਚੀਤ ਕੌ ॥੭॥

ਅਤੇ ਆਪਣੇ ਚਿਤ (ਨੂੰ ਹਰਨ ਵਾਲੇ ਨੂੰ) ਹੱਥਾਂ ਉਤੇ ਉਠਾ ਲਿਆ ॥੭॥

ਚੌਪਈ ॥

ਚੌਪਈ:

ਕੇਲ ਕਰਤ ਤਰੁਨੀ ਅਤਿ ਰਸੀ ॥

ਕਾਮ-ਕ੍ਰੀੜਾ ਕਰਦੀ ਉਹ ਇਸਤਰੀ ਇਤਨੀ ਮਗਨ ਹੋ ਗਈ,

ਜਨੁ ਕਰਿ ਪ੍ਰੇਮ ਫਾਸ ਜ੍ਯੋਂ ਫਸੀ ॥

ਮਾਨੋ ਪ੍ਰੇਮ ਦੀ ਫਾਹੀ ਵਿਚ ਫਸ ਗਈ ਹੋਵੇ।

ਮਨ ਮੈ ਕਹਿਯੋ ਇਸੀ ਕੇ ਬਰਿਹੌਂ ॥

(ਉਸ ਨੇ) ਮਨ ਵਿਚ ਕਿਹਾ ਕਿ ਇਸ ਨਾਲ ਵਿਆਹ ਕਰਾਂਗੀ।


Flag Counter