ਉਸੇ ਵੇਲੇ ਅਤਿਅੰਤ ਚੁਸਤ ਘੋੜਿਆਂ ਨੇ ਆਪਣੀ ਚਾਲ ਦਾ ਰੂਪ ਵਿਖਾਇਆ (ਅਰਥਾਤ ਤੀਬਰ ਗਤਿ ਨਾਲ ਦੌੜ ਗਏ) ॥੧੮੬੪॥
ਦੋਹਰਾ:
ਧੀਰਜਵਾਨ (ਸ੍ਰੀ ਕ੍ਰਿਸ਼ਨ ਨੇ) ਰਥਵਾਨ ਨੂੰ ਬਾਹੋਂ ਪਕੜ ਕੇ ਰਥ ਵਿਚ ਲਿਟਾ ਦਿੱਤਾ
ਅਤੇ ਆਪ ਹੀ ਰਥ ਨੂੰ ਹਕਦੇ ਹੋਏ ਲੜਦੇ ਚਲੇ ਗਏ ॥੧੮੬੫॥
ਸਵੈਯਾ:
(ਸ੍ਰੀ ਕ੍ਰਿਸ਼ਨ ਦੇ) ਰਥਵਾਨ ਨੂੰ ਰਥ ਉਤੇ ਨਾ ਵੇਖ ਕੇ ਬਲਰਾਮ ਨੇ ਕ੍ਰੋਧਿਤ ਹੋ ਕੇ ਉਸ (ਰਾਜਾ ਜਰਾਸੰਧ) ਨੂੰ ਸੁਣਾ ਕੇ ਕਿਹਾ,
ਜਿਵੇਂ ਤੇਰਾ ਸਾਰਾ ਸੈਨਾ-ਦਲ ਜਿਤ ਲਿਆ ਹੈ, ਉਸੇ ਤਰ੍ਹਾਂ ਤੈਨੂੰ ਜਿਤ ਕੇ ਯਸ਼ ਦਾ ਡੰਕਾ ਵਜਾਵਾਂਗੇ।
ਮੂਰਖ ਚੌਦਾਂ ਲੋਕਾਂ ਦੇ ਸੁਆਮੀ ਨਾਲ ਲੜ ਕੇ ਆਪਣੇ ਆਪ ਨੂੰ ਰਾਜਾ ਅਖਵਾਉਂਦਾ ਹੈਂ।
(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮਾਨੋ ਕੋਈ) ਕੀੜਾ ਜਾਂ ਪਤੰਗਾ ਖੰਭ ਲਾ ਕੇ ਬਾਜ਼ਾਂ ਦੇ ਨਾਲ ਉਡਣਾ ਚਾਹੁੰਦਾ ਹੋਵੇ ॥੧੮੬੬॥
(ਹੇ ਜਰਾਸੰਧ!) ਚੌਦਾਂ ਲੋਕਾਂ ਦੇ ਸੁਆਮੀ ਅਜੇ ਵੀ ਤੈਨੂੰ ਛਡ ਸਕਦੇ ਹਨ (ਜੇ) ਤੂੰ (ਉਨ੍ਹਾਂ) ਨਾਲ ਯੁੱਧ ਨਾ ਕਰੇਂ।
ਮਨ ਵਿਚ ਗਿਆਨ ਦੀ ਗੱਲ ਨੂੰ ਧਾਰਨ ਕਰ ਅਤੇ ਅਗਿਆਨ ਦੀ ਗੱਲ ਨੂੰ ਚਿਤ ਵਿਚੋਂ ਕਢ ਦੇ।
ਸ੍ਰੀ ਕ੍ਰਿਸ਼ਨ ਸਭ ਦੇ ਰਖਿਅਕ ਹਨ, ਕਵੀ ਸ਼ਿਆਮ ਕਹਿੰਦੇ ਹਨ, ਇਹ ਗੱਲ ਮਨ ਵਿਚ ਧਾਰਨ ਕਰ ਲੈ।
ਰਣ-ਭੂਮੀ ਵਿਚ ਸਾਰੇ ਸ਼ਸਤ੍ਰ ਛਡ ਕੇ ਇਸ ਵੇਲੇ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਜਾ ॥੧੮੬੭॥
ਚੌਪਈ:
ਜਦੋਂ ਬੁਲਰਾਮ ਨੇ ਇਸ ਤਰ੍ਹਾਂ ਕਿਹਾ
(ਤਾਂ) ਰਾਜੇ ਨੇ ਕ੍ਰੋਧ ਭਰੀ ਦ੍ਰਿਸ਼ਟੀ ਨਾਲ (ਉਸ ਦੇ) ਸ਼ਰੀਰ ਵਲ ਵੇਖਿਆ।
ਰਾਜੇ ਨੇ ਕਿਹਾ (ਹੁਣੇ ਹੀ) ਸਭ ਨੂੰ ਮਾਰਦਾ ਹਾਂ,
(ਕੀ) ਛਤ੍ਰੀ ਹੋ ਕੇ ਗਵਾਲੇ ਨਾਲ (ਯੁੱਧ ਕਰਨੋ) ਟਲ ਜਾਵਾਂ ॥੧੮੬੮॥
ਸਵੈਯਾ:
ਰਾਜੇ ਦੇ ਅਜਿਹੇ ਬੋਲ ਸੁਣ ਕੇ ਸਾਰੇ ਯਾਦਵ ਯੋਧੇ ਅਤਿ ਅਧਿਕ ਕ੍ਰੋਧ ਨਾਲ ਭਰ ਗਏ ਹਨ।
ਸੰਸਾ ਛਡ ਕੇ (ਸਾਰੇ) ਟੁਟ ਕੇ ਪੈ ਜਾਂਦੇ ਹਨ ਅਤੇ ਨਿਸੰਗ ਹੋ ਕੇ ਵੈਰੀ ਵਲ ਤਕਦੇ ਹਨ, ਪਰ ਚਿਤ ਵਿਚ ਡਰਦੇ ਨਹੀਂ ਹਨ।
ਰਾਜਾ (ਜਰਾਸੰਧ) ਨੇ ਵੀ ਯੁੱਧ-ਭੂਮੀ ਵਿਚ ਧਨੁਸ਼ ਬਾਣ ਲੈ ਕੇ ਉਨ੍ਹਾਂ ਦੇ ਸਿਰ ਕਟ ਦਿੱਤੇ ਹਨ ਜੋ ਧਰਤੀ ਉਤੇ ਡਿਗ ਪਏ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਤੇਜ਼ ਹਵਾ ਦੇ ਚਲਣ ਨਾਲ ਵੇਲਾਂ ਨਾਲੋਂ ਫੁਲ ਟੁਟ ਕੇ ਧਰਤੀ ਉਤੇ ਡਿਗੇ ਪਏ ਹੋਣ ॥੧੮੬੯॥
ਰਾਜਾ (ਜਰਾਸੰਧ) ਸੈਨਾ ਨੂੰ ਮਾਰਦਾ ਫਿਰਦਾ ਹੈ ਅਤੇ ਕਿਸੇ ਹੋਰ ਸੂਰਮੇ ਨੂੰ ਅੱਖ ਹੇਠਾਂ ਨਹੀਂ ਲਿਆਉਂਦਾ।
ਬਹੁਤ ਸਾਰੇ ਘੋੜੇ, ਵੱਡੇ ਵੱਡੇ ਹਾਥੀ ਸਿਰ ਤੋਂ ਲੈ ਕੇ ਪੈਰਾਂ ਤਕ ਲਹੂ ਨਾਲ ਗੜੁਚੇ ਪਏ ਹਨ
ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ। ਜਿਹੜੇ ਗਾਨੇ ਬੰਨ੍ਹ ਕੇ ਆਏ ਸਨ, ਉਨ੍ਹਾਂ ਨੂੰ ਅਨੇਕ ਤਰ੍ਹਾਂ ਨਾਲ ਮਾਰ ਦਿੱਤਾ ਹੈ।
ਸੂਰਮਿਆਂ ਦੇ ਅੰਗ-ਪ੍ਰਤਿ-ਅੰਗ (ਯੁੱਧ-ਭੂਮੀ) ਵਿਚ ਡਿਗੇ ਪਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਧਰਤੀ ਵਿਚ ਕਿਸਾਨ ਨੇ ਬੀਜ ਬੀਜੇ ਹੋਣ ॥੧੮੭੦॥
ਇਸ ਪ੍ਰਕਾਰ ਦੀ ਵਿਰੋਧੀ (ਸਥਿਤੀ) ਵੇਖ ਕੇ ਬਲਰਾਮ ਸ੍ਰੀ ਕ੍ਰਿਸ਼ਨ ਪ੍ਰਤਿ ਤੱਤੇ ਹੋ ਗਏ ਹਨ।
(ਫਿਰ) ਦੋਵੇਂ ਆਪਣੇ ਰਥਵਾਨਾਂ ਨੂੰ ਕਹਿ ਕੇ ਯੁੱਧ ਕਰਨ ਲਈ ਵੈਰੀ ਦੇ ਸਾਹਮਣੇ ਹੋ ਗਏ ਹਨ।
ਹਠੀਲੇ ਕਵਚਧਾਰੀ ਸ਼ਸਤ੍ਰ ਲੈ ਕੇ ਕ੍ਰੋਧ ਨਾਲ ਅੱਗ ਦਾ ਰੂਪ ਬਣੇ ਹੋਏ ਹਨ।
(ਕਵੀ) ਸ਼ਿਆਮ ਕਹਿੰਦੇ ਹਨ, (ਉਹ) ਇਸ ਤਰ੍ਹਾਂ ਧਾਵਾ ਕਰ ਕੇ ਪਏ ਹਨ ਮਾਨੋ ਹਿਰਨ ਨੂੰ ਵੇਖ ਕੇ ਦੋ ਸ਼ੇਰ ਟੁਟ ਕੇ ਪੈ ਗਏ ਹੋਣ ॥੧੮੭੧॥
ਤਦ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ ਅਤੇ ਕ੍ਰੋਧਿਤ ਹੋ ਕੇ ਰਾਜੇ ਦੇ ਸ਼ਰੀਰ ਉਤੇ ਘਾਉ ਕਰ ਦਿੱਤੇ ਹਨ।
ਫਿਰ ਚੌਹਾਂ ਹੀ ਬਾਣਾਂ ਨਾਲ ਚੌਹਾਂ ਹੀ ਘੋੜਿਆਂ ਨੂੰ, (ਕਵੀ) ਰਾਮ ਕਹਿੰਦੇ ਹਨ, ਮਾਰ ਦਿੱਤਾ ਹੈ।
(ਰਾਜੇ ਦੇ) ਰਥ ਨੂੰ ਕਟ ਕੇ ਤਿਲ ਤਿਲ ਜਿੰਨੇ ਕਰੋੜਾਂ ਟੁਕੜੇ ਕਰ ਦਿੱਤੇ ਹਨ ਅਤੇ ਜਦੋਂ ਫਿਰ ਕ੍ਰੋਧ ਕੀਤਾ ਹੈ ਤਾਂ ਧਨੁਸ਼ ਨੂੰ ਵੀ ਕਟ ਦਿੱਤਾ ਹੈ।
ਰਾਜੇ (ਜਰਾਸੰਧ) ਨੇ ਪੈਦਲ ਹੀ ਗਦਾ ਪਕੜ ਕੇ (ਕ੍ਰਿਸ਼ਨ ਦੇ) ਸਾਹਮਣੇ ਜਾ ਕੇ ਭਿਆਨਕ ਯੁੱਧ ਕੀਤਾ, ਜਿਸ ਦਾ ਵਰਣਨ ਹੁਣ ਕਰਦਾ ਹਾਂ ॥੧੮੭੨॥
ਬਲਵਾਨ ਰਾਜੇ ਨੇ ਪੈਦਲ ਹੀ ਭਜ ਕੇ ਗਦਾ ਨੂੰ ਬਲਰਾਮ ਉਤੇ ਝਾੜਿਆ ਅਤੇ ਘਾਇਲ ਕਰ ਦਿੱਤਾ।
ਉਸ ਵਿਚ ਜਿਤਨਾ ਵੀ ਕ੍ਰੋਧ (ਸਿਮਟਿਆ ਹੋਇਆ) ਸੀ, ਉਹ ਸਾਰਿਆਂ ਸੂਰਮਿਆਂ ਨੂੰ ਪ੍ਰਤੱਖ ਵਿਖਾ ਦਿੱਤਾ।
ਬਲਰਾਮ (ਰਥ ਤੋਂ) ਕੁਦ ਕੇ ਭੂਮੀ ਉਤੇ ਖੜੋ ਗਿਆ। ਉਸ ਦੀ ਛਬੀ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਉਚਾਰਿਆ ਹੈ।
ਚੌਹਾਂ ਹੀ ਘੋੜਿਆਂ ਨੂੰ ਰਥਵਾਨ ਸਹਿਤ ਅਤੇ ਸਾਰੇ ਹੀ ਰਥਾਂ ਨੂੰ ਚੂਰ ਚੂਰ ਕਰ ਦਿੱਤਾ ਹੈ ॥੧੮੭੩॥
ਇਧਰੋਂ ਰਾਜਾ (ਜਰਾਸੰਧ) ਗਦਾ ਪਕੜ ਕੇ ਆ ਗਿਆ ਹੈ ਅਤੇ ਉਧਰੋਂ ਬਲਰਾਮ ਗਦਾ ਲੈ ਕੇ ਆ ਧਸਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਨੇ ਯੁੱਧ-ਭੂਮੀ ਵਿਚ ਆ ਕੇ ਦੁਅੰਦ ਯੁੱਧ ਮਚਾਇਆ ਹੈ।
(ਉਨ੍ਹਾਂ ਨੇ) ਬਹੁਤ ਚਿਰ ਤਕ ਯੁੱਧ ਕੀਤਾ ਹੈ ਅਤੇ (ਦੋਹਾਂ ਵਿਚੋਂ ਕੋਈ ਵੀ) ਨਾ ਆਪ ਡਿਗਿਆ ਹੈ ਅਤੇ ਨਾ ਦੂਜੇ ਨੂੰ ਡਿਗਾ ਸਕਿਆ ਹੈ।
ਇਸ ਤਰ੍ਹਾਂ (ਦੋਹਾਂ ਨੇ) ਦੇਵਤਿਆਂ ਨੂੰ ਖੁਸ਼ ਕਰ ਲਿਆ ਹੈ ਅਤੇ ਧੀਰਜ ਵਾਲੇ ਯੋਧਿਆਂ ਨੂੰ ਵੀ ਪ੍ਰਸੰਨ ਕਰ ਲਿਆ ਹੈ ॥੧੮੭੪॥
ਦੋਵੇਂ ਯੋਧੇ ਥਕ ਕੇ ਬੈਠ ਗਏ ਹਨ ਅਤੇ ਫਿਰ ਸੰਭਲ ਕੇ (ਅਰਥਾਤ ਸਾਵਧਾਨ ਹੋ ਕੇ) ਉਠੇ ਹਨ ਅਤੇ (ਫਿਰ) ਯੁੱਧ ਮਚਾ ਦਿੱਤਾ ਹੈ।
ਚਿਤ ਵਿਚ ਜ਼ਰਾ ਜਿੰਨਾ ਸੰਸਾ ਨਹੀਂ ਕਰਦੇ, ਬਲਕਿ ਕ੍ਰੋਧ ਕਰ ਕੇ ਮਾਰੋ-ਮਾਰੋ ਪੁਕਾਰਦੇ ਹਨ।
ਜਿਵੇਂ ਗਦਾ-ਯੁੱਧ ਦੀ ਵਿਧੀ ਹੈ, ਦੋਵੇਂ ਉਸੇ ਤਰ੍ਹਾਂ ਲੜਦੇ ਹਨ ਅਤੇ (ਇਕ ਦੂਜੇ ਉਤੇ) ਵਾਰ ਕਰਦੇ ਹਨ।
(ਯੁੱਧ ਵਿਚੋਂ) ਜ਼ਰਾ ਵੀ ਹਟਦੇ ਨਹੀਂ ਹਨ, ਹਠ ਬੰਨ੍ਹ ਕੇ ਅੜੇ ਖੜੋਤੇ ਹਨ ਅਤੇ ਗਦਾ ਦਾ ਵਾਰ ਗਦਾ ਨਾਲ ਹੀ ਬਚਾਉਂਦੇ ਹਨ ॥੧੮੭੫॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਭਿਆਨਕ ਯੁੱਧ ਵਿਚ ਬਲਰਾਮ ਅਤੇ ਰਾਜਾ (ਜਰਾਸੰਧ) ਕ੍ਰੋਧ ਨਾਲ ਭਰੇ ਹੋਏ ਹਨ।