ਕੋਈ ਦੂਜੀ ਹੋਏ, ਤਾਂ ਉਪਮਾ ਦੇਈਏ ॥੩॥
ਉਹ ਇਸਤਰੀ ਇਕ ਚੌਧਰੀ ਦੇ ਪੁੱਤਰ ਉਤੇ
ਬਹੁਤ ਰੁਚੀ ਪੂਰਵਕ ਮੋਹਿਤ ਹੋ ਗਈ।
ਉਸ ਨੂੰ ਮਹਿਮਾਨੀ ਦੇ ਪਜ (ਆਪਣੇ ਕੋਲ) ਬੁਲਾਇਆ
ਅਤੇ ਭਾਂਤ ਭਾਂਤ ਦੇ ਭੋਜਨ ਕਰਵਾਏ ॥੪॥
ਜਦ ਉਸ ਨੂੰ ਸ਼ਰਾਬ ਪਿਲਾ ਕੇ ਮਸਤ ਕਰ ਦਿੱਤਾ,
ਤਦ ਇਸਤਰੀ ਉਸ ਪ੍ਰਤਿ ਇਸ ਤਰ੍ਹਾਂ ਕਹਿਣ ਲਗੀ।
ਹੁਣ ਤੁਸੀਂ ਮੇਰੇ ਘਰ ਆ ਹੀ ਗਏ ਹੋ,
ਤਾਂ ਮੇਰਾ ਕਾਮ ਤਾਪ ਵੀ ਦੂਰ ਕਰ ਦਿਓ ॥੫॥
ਤਦ ਉਸ ਪੁਰਸ਼ ਨੇ ਇਸ ਤਰ੍ਹਾਂ ਕਿਹਾ,
ਹੇ ਪਿਆਰੀ! ਸੁਣੋ, (ਮੈਂ) ਤੁਹਾਡੇ ਨਾਲ ਇਸ ਤਰ੍ਹਾਂ ਕਾਮ-ਕ੍ਰੀੜਾ ਨਹੀਂ ਕਰ ਸਕਦਾ।
ਜੋ ਰਾਜਾ ਦੇ ਘਰ (ਸੁੰਦਰ) ਘੋੜਾ ਪੈਦਾ ਹੋਇਆ ਹੈ,
ਉਹ ਘੋੜਾ ਮੈਨੂੰ ਪਹਿਲਾਂ ਲਿਆ ਕੇ ਦਿਓ ॥੬॥
ਤਦ ਉਸ ਇਸਤਰੀ ਨੇ ਇਹ ਵਿਚਾਰ ਕੀਤਾ
ਕਿ ਕਿਸ ਤਰ੍ਹਾਂ ਜਾ ਕੇ ਘੋੜਾ ਲਿਆਂਦਾ ਜਾਏ।
ਅਜਿਹਾ ਕਿਹੜਾ ਉਪਾ ਕੀਤਾ ਜਾਏ,
ਜਿਸ ਕਰ ਕੇ ਉਹ ਪਿਆਰਾ (ਘੋੜਾ) ਹੱਥ ਲਗ ਜਾਏ ॥੭॥
ਜਦ ਅੱਧੀ ਰਾਤ ਬੀਤ ਗਈ,
ਤਦ ਇਸਤਰੀ ਨੇ ਕੁੱਤੇ ਦਾ ਭੇਸ ਬਣਾ ਲਿਆ।
ਹੱਥ ਵਿਚ ਇਕ ਕ੍ਰਿਪਾਨ ਲੈ ਲਈ
ਅਤੇ ਜਿਥੇ ਘੋੜਾ ਸੀ, ਉਥੇ ਚਲੀ ਗਈ ॥੮॥
(ਉਹ)ਕਿਲ੍ਹੇ ਦੀਆਂ ਸੱਤ ਦੀਵਾਰਾਂ ਟਪ ਕੇ ਉਥੇ ਜਾ ਪਹੁੰਚੀ
ਦਾਨ ਅਤੇ ਮਾਨ ਕਰਨ ਅਤੇ ਕ੍ਰਿਪਾਨ ਚਲਾਉਣ ਵਿਚ ਪ੍ਰਬੀਨ।
ਜਿਸ ਪਹਿਰੇਦਾਰ ਨੂੰ ਉਸ ਨੇ ਜਾਗਦਿਆਂ ਵੇਖਿਆ,
ਤਾਂ ਉਸ ਦਾ ਸਿਰ ਕਟ ਸੁਟਿਆ ॥੯॥
ਅੜਿਲ:
ਇਕ ਪਹਿਰੇਦਾਰ ਨੂੰ ਮਾਰ ਕੇ ਫਿਰ ਦੂਜੇ ਨੂੰ ਮਾਰਿਆ,
ਫਿਰ ਤੀਜੇ ਨੂੰ ਮਾਰ ਕੇ ਚੌਥੇ ਦਾ ਸਿਰ ਉਤਾਰਿਆ।
ਪੰਜਵੇਂ, ਛੇਵੇਂ ਨੂੰ ਮਾਰ ਕੇ ਸੱਤਵੇਂ ਨੂੰ ਵੀ ਖ਼ਤਮ ਕਰ ਦਿੱਤਾ
ਅਤੇ (ਫਿਰ) ਅੱਠਵੇਂ ਪੁਰਸ਼ ਨੂੰ ਮਾਰ ਕੇ ਘੋੜਾ ਖੋਲ੍ਹ ਲਿਆ ॥੧੦॥
ਜਦ ਇਸਤਰੀ ਨੇ ਘੋੜਾ ਹਰ ਲਿਆ ਤਾਂ ਨਗਰ ਵਿਚ ਰੌਲਾ ਪੈ ਗਿਆ।
(ਰਾਜੇ ਨੇ) ਘੋੜ ਸਵਾਰਾਂ ਨੂੰ ਤਿਆਰ ਕਰ ਕੇ ਭੇਜਿਆ ਅਤੇ ਕਿਹਾ ਕਿ (ਘੋੜਾ) ਕਿਥੇ ਗਿਆ ਹੈ।
ਸਾਰੀਆਂ ਘਾਟਾਂ ਅਤੇ ਰਸਤਿਆਂ ਨੂੰ ਰੋਕ ਕੇ ਇਸ ਚੋਰ ਨੂੰ ਪਕੜ ਲਵੋ।
ਸਵੇਰ ਹੋਣ ਤੋਂ ਪਹਿਲਾਂ ਇਸ ਨੂੰ ਧਰ ਲਵੋ ॥੧੧॥
ਜਿਸ ਜਿਸ ਪਾਸੇ ਵੀ ਲੋਕ ਭਜੀ ਜਾ ਰਹੇ ਹਨ, (ਇਹੀ) ਕਹਿੰਦੇ ਹਨ ਕਿ ਦਸੋ ਘੋੜੇ ਨੂੰ ਕਿਸ ਨੇ ਚੁਰਾਇਆ ਹੈ।
ਕ੍ਰਿਪਾਨਾਂ ਕਢ ਕੇ (ਉਹ) ਦਸਾਂ ਦਿਸ਼ਾਂ ਵਿਚ ਭਜਦੇ ਦਿਸ ਪੈਂਦੇ ਹਨ।
(ਕਹਿੰਦੇ ਹਨ) ਜਿਸ ਨੇ ਅਜਿਹਾ ਕੰਮ ਕੀਤਾ ਹੈ, ਉਸ ਨੂੰ ਜਾਣ ਨਹੀਂ ਦੇਣਾ।
ਜਿਵੇਂ ਕਿਵੇਂ, ਰਾਜੇ ਦਾ ਘੋੜਾ ਜਿਤ ਲਿਆਉਣਾ ਚਾਹੀਦਾ ਹੈ (ਭਾਵ ਚੋਰ ਤੋਂ ਵਾਪਸ ਲੈ ਆਉਣਾ ਚਾਹੀਦਾ ਹੈ) ॥੧੨॥
(ਕਈ) ਉਸ ਕੁੜੀ ਦੇ ਬਹੁਤ ਕੋਲ ਜਾ ਪਹੁੰਚੇ।
(ਉਸ ਨੇ) ਫਿਰ ਉਹੀ ਘੋੜਾ ਨਚਾ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਜਿਸ ਦੇ ਸ਼ਰੀਰ ਉਤੇ ਚਾਲਾਕੀ ਨਾਲ ਤਲਵਾਰ ਚਲਾਈ,
ਤਾਂ ਇਕ ਵਾਰ ਕਰਨ ਨਾਲ ਉਨ੍ਹਾਂ ਦੀ (ਜੰਗ ਕਰਨ ਦੀ ਇੱਛਾ) ਬਾਕੀ ਨਾ ਰਖੀ ॥੧੩॥
ਚੌਪਈ:
ਜਿਸ ਨੇ ਵੀ ਕੁਦ ਕੇ ਉਸ ਉਤੇ ਵਾਰ ਕੀਤਾ,
ਉਸ ਨੂੰ ਇਕ ਤੋਂ ਦੋ ਟੋਟੇ ਕਰ ਦਿੱਤਾ।
(ਉਸ ਨੇ) ਮਨ ਵਿਚ ਚੁਣ ਚੁਣ ਕੇ ਘੋੜ-ਸਵਾਰ ਮਾਰੇ
ਅਤੇ ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ ॥੧੪॥
ਉਸ ਨੇ ਕਈ ਤਰ੍ਹਾਂ ਨਾਲ ਸੂਰਮਿਆਂ ਨੂੰ ਮਾਰ ਦਿੱਤਾ।