ਗਵਾਲਿਆਂ ਦੀ ਰਖਿਆ ਕਰਨ ਲਈ, ਉਸ ਨੇ ਕ੍ਰੋਧਵਾਨ ਹੋ ਕੇ ਵੱਡੇ ਪਰਬਤ ਨੂੰ ਪੁਟ ਕੇ ਹੱਥ ਉਤੇ ਚੁਕ ਲਿਆ ਹੈ।
ਉਸ (ਪਰਬਤ) ਨੂੰ ਚੁਕਣ ਲਈ (ਸ੍ਰੀ ਕ੍ਰਿਸ਼ਨ ਨੇ) ਸ਼ਰੀਰ ਦਾ ਰਤਾ ਜਿੰਨਾ ਵੀ ਜ਼ੋਰ ਨਹੀਂ ਲਗਾਇਆ, (ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਪਹਿਲਾਂ ਹੀ) ਹੱਥ ਉਤੇ ਰਖਿਆ ਹੋਇਆ ਸੀ।
ਕਵੀ ਸ਼ਿਆਮ ਕਹਿੰਦੇ ਹਨ, ਇੰਦਰ ਦੀ ਗਵਾਲਿਆਂ ਉਤੇ ਕੋਈ ਪੇਸ਼ ਨਾ ਚਲੀ।
(ਆਖਿਰ) ਸ਼ਰਮਿੰਦਾ ਹੋ ਕੇ ਨੀਵਾਂ ਮੁਖ ਕੀਤਿਆਂ ਘਰ ਨੂੰ ਚਲਿਆ ਗਿਆ ਅਤੇ ਇਹ ਕਥਾ ਜਗਤ ਵਿਚ ਪ੍ਰਸਿੱਧ ਹੋ ਗਈ ॥੩੬੮॥
ਨੰਦ ਦਾ ਪੁੱਤਰ (ਕ੍ਰਿਸ਼ਨ) ਬਹੁਤ ਸੁਖ ਦੇਣ ਵਾਲਾ ਹੈ, ਇੰਦਰ ਦੇ ਵੈਰੀ ਨੂੰ ਦੁਖ ਦੇਣ ਵਾਲਾ ਹੈ ਅਤੇ ਸ੍ਰੇਸ਼ਠ ਬੁੱਧੀ ਦਾ ਵਿਸ਼ਾਰਦ ਹੈ।
ਜਿਸ ਦਾ ਮੁਖ ਚੰਦ੍ਰਮਾ ਦੀ ਰੌਸ਼ਨੀ ਨੂੰ ਤੁਛ ਸਮਝਦਾ ਹੈ, ਸ਼ਿਆਮ ਕਵੀ ਕਹਿੰਦੇ ਹਨ, ਉਸ ਨੂੰ ਨਾਰਦ ਵੀ ਜਪਦਾ ਹੈ।
ਜੋ ਸਾਧਾਂ ਦੇ ਦੁਖ ਅਤੇ ਦਰਿਦ੍ਰ ਨੂੰ ਦੂਰ ਕਰਨ ਵਾਲਾ ਹੈ, ਉਸ ਨੇ ਕ੍ਰੋਧਵਾਨ ਹੋ ਕੇ ਪਰਬਤ ਨੂੰ ਉਠਾ ਲਿਆ ਹੈ।
ਬਦਲਾਂ ਦੇ ਵਰ੍ਹਨ ਤੋਂ ਕੁਝ ਨਾ ਬਣਿਆ, (ਇਸ ਲਈ) ਪਛਤਾਉਂਦੇ ਹੋਏ ਘਰਾਂ ਨੂੰ ਚਲੇ ਗਏ ॥੩੬੯॥
ਕਾਨ੍ਹ ਨੇ ਪਰਬਤ ਨੂੰ ਪੁਟ ਕੇ ਹੱਥ ਉਤੇ ਚੁਕ ਲਿਆ ਅਤੇ (ਉਨ੍ਹਾਂ ਉਤੇ) ਪਾਣੀ ਦੀ ਇਕ ਬੂੰਦ ਵੀ ਨਾ ਪਈ।
ਫਿਰ ਕਾਨ੍ਹ ਨੇ ਹਸ ਕੇ ਮੁਖ ਤੋਂ ਕਿਹਾ ਕਿ ਇੰਦਰ ਮੇਰੇ ਸਾਹਮਣੇ ਕੀ ਹੈ।
ਮੈਂ ਮਧੁ ਅਤੇ ਕੈਟਭ (ਦੈਂਤਾਂ) ਨੂੰ ਮਾਰ ਦਿੱਤਾ ਹੈ, ਪਰ ਅਭਿਮਾਨੀ ਇੰਦਰ ਮੈਨੂੰ ਮਾਰਨਾ ਚਾਹੁੰਦਾ ਹੈ।
ਗਵਾਲਿਆਂ ਵਿਚ (ਜੋ ਗੱਲ) ਭਗਵਾਨ ਨੇ ਕਹੀ ਸੀ, ਓਹੀ ਜਗਤ ਵਿਚ ਕਹਾਣੀ ਬਣ ਕੇ ਪ੍ਰਸਿੱਧ ਹੋ ਗਈ ॥੩੭੦॥
ਗਵਾਲਿਆਂ ਦੀ ਰਖਿਆ ਕਰਨ ਲਈ ਸ੍ਰੀ ਕ੍ਰਿਸ਼ਨ ਜਦੋਂ ਇੰਦਰ ਉਤੇ ਗੁੱਸੇ ਹੋਏ
ਤਦੋਂ ਕ੍ਰੋਧ ਨਾਲ ਭਰੇ ਹੋਏ ਪਰਬਤ ਹੇਠਾਂ (ਇਸ ਤਰ੍ਹਾਂ) ਖੜੋਤੇ ਸੀ, ਮਾਨੋ ਗੁੱਸੇ ਨਾਲ ਸ਼ੇਰ ਨੇ ਪੈਂਤੜਾ ਜਮਾ ਲਿਆ ਹੋਵੇ।
ਜਿਵੇਂ ਯੁਗਾਂ ਦੇ ਅੰਤ ਤੇ ਯਮਰਾਜ (ਕਾਲ ਰੂਪ) ਹੋ ਕੇ ਸਾਰੇ ਜੀਵਾਂ ਦੀ ਛਾਤੀ (ਵਿਚ ਖੰਜਰ) ਘੋਪ ਦਿੰਦਾ ਹੈ।
ਜਿਵੇਂ (ਪਰਲੋ ਵੇਲੇ) ਲੋਕਾਂ ਦਾ ਮਨ (ਪ੍ਰਾਣ) ਲੁਪਤ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਰੇ ਬਦਲ ਲੋਪ ਹੋ ਗਏ ਹਨ ॥੩੭੧॥
(ਜਿਸ ਨੇ) ਇੰਦਰ ਉਤੇ ਗੁੱਸੇ ਹੋ ਕੇ ਸਾਰਿਆਂ ਗਵਾਲਿਆਂ ਦੀ ਨਾਸ਼ ਤੋਂ ਰਖਿਆ ਕਰ ਲਈ ਹੈ।
ਜਿਸ ਨੇ ਇਕ ਗ੍ਰਾਹੀ ਵਾਂਗ ਸਾਰੇ ਦੈਂਤਾਂ ਨੂੰ ਖਾ ਲਿਆ ਸੀ, ਉਸ ਨੇ ਛਿਣ ਵਿਚ ਹੀ ਬਦਲਾਂ ਨੂੰ ਨਸ਼ਟ ਕਰ ਦਿੱਤਾ ਹੈ।
ਆਪਣਾ ਕੌਤਕ ਕਰ ਕੇ ਬਿਨਾ ਤੀਰ ਸਾਧੇ ਸਾਰੇ ਵੈਰੀਆਂ ਨੂੰ ਭਜਾ ਦਿੱਤਾ ਹੈ।
(ਇਸ ਤਰ੍ਹਾਂ) ਸਾਰੇ ਗਵਾਲਿਆਂ ਦੀ ਰਖਿਆ ਕਰਨ ਲਈ ਇੰਦਰ ਨੇ (ਬਦਲਾਂ ਦੀਆਂ) ਸਫ਼ਾਂ (ਪੰਗਤੀਆਂ) ਨੂੰ ਸਮੇਟ ਲਿਆ ਹੈ ॥੩੭੨॥
ਜਦੋਂ ਪਰਬਤ ਉਖਾੜ ਲਿਆ ਅਤੇ ਬਦਲਾਂ ਦੀਆਂ ਸਫ਼ਾਂ ਸਮੇਟ ਦਿੱਤੀਆਂ, ਤਦ ਸਾਰਿਆਂ ਨੇ ਮਨ ਵਿਚ ਵਿਚਾਰ ਕੀਤਾ
ਕਿ ਇਹ (ਕ੍ਰਿਸ਼ਨ ਤਾਂ) ਛੋਟਾ ਜਿੰਨਾ ਹੈ ਅਤੇ ਪਰਬਤ ਬਹੁਤ ਭਾਰਾ ਹੈ।
ਇਹੋ ਹੀ ਦੈਂਤਾਂ ਨੂੰ ਮਾਰਨ ਵਾਲਾ, ਸੁਖ ਨੂੰ ਉਤਪੰਨ ਕਰਨ ਵਾਲਾ ਅਤੇ ਹੁਣ (ਸਾਨੂੰ) ਜੀਵਨ-ਦਾਨ ਦੇਣ ਵਾਲਾ ਹੈ,
ਇਸ ਦਾ ਤੁਸੀਂ ਧਿਆਨ ਧਾਰਨ ਕਰੋ ਅਤੇ ਇਸ ਤੋਂ ਬਿਨਾ ਹੋਰ ਕਿਸੇ ਦਾ ਵੀ ਧਿਆਨ ਕਦੇ ਨਾ ਧਾਰਨ ਕਰੋ ॥੩੭੩॥
ਜਦੋਂ ਸਾਰੇ ਬਦਲ ਛਟ ਗਏ ਤਦੋਂ ਸਾਰੇ ਗਵਾਲੇ ਮਨ ਵਿਚ ਪ੍ਰਸੰਨ ਹੋਏ।
ਸਾਰੇ ਮੁਖ ਤੋਂ ਕਹਿਣ ਲਗੇ ਕਿ ਭਗਵਾਨ ਨੇ ਸਾਨੂੰ ਅਭੈ-ਦਾਨ ਦਿੱਤਾ ਹੈ।
ਇੰਦਰ ਨੇ ਕ੍ਰੋਧ ਕਰ ਕੇ ਜੋ ਸਾਡੇ ਉਤੇ ਚੜ੍ਹਾਈ ਕੀਤੀ ਸੀ, ਉਹ ਹੁਣ ਕਿਤੇ ਲਭਦਾ ਨਹੀਂ।
ਹੁਣ ਕ੍ਰਿਸ਼ਨ ਦੇ ਪ੍ਰਤਾਪ ਨਾਲ ਬਦਲ ਛਟ ਗਏ ਹਨ ਅਤੇ ਆਕਾਸ਼ ਵਿਚ ਇਕ ਵੀ ਨਹੀਂ ਦਿਸਦਾ ॥੩੭੪॥
ਸਾਰੇ ਗਵਾਲੇ (ਆਪਣੇ) ਮੁਖ ਤੋਂ ਇਹ ਕਹਿਣ ਲਗੇ ਕਿ ਕਾਨ੍ਹ ਬਲ ਵਿਚ ਬਹੁਤ ਬਲਵਾਨ ਹੈ।
ਜਿਸ ਨੇ ਕੁਦ ਕੇ ਸੱਤ ਕਿਲੇ (ਵਿੰਨ੍ਹ ਸੁਟੇ) ਅਤੇ ਮੁਰ (ਨਾਂ ਦੇ ਰਾਖਸ਼) ਨੂੰ ਮਾਰ ਦਿੱਤਾ ਅਤੇ ਜਿਸ ਨੇ ਸੰਖਾਸੁਰ ਨਾਲ (ਮੱਛ ਰੂਪ ਵਿਚ) ਜਲ ਵਿਚ ਯੁੱਧ ਕੀਤਾ।
ਇਹ ਹੀ ਸਾਰੇ ਜਗਤ ਦਾ ਕਰਤਾ ਅਤੇ (ਇਹੋ) ਜਲ ਤੇ ਥਲ ਵਿਚ ਪਸਰਿਆ ਹੋਇਆ ਹੈ।
ਓਹੀ (ਕ੍ਰਿਸ਼ਨ ਰੂਪ ਵਿਚ) ਬ੍ਰਜ-ਭੂਮੀ ਵਿਚ ਆ ਕੇ ਪ੍ਰਗਟ ਹੋਇਆ ਹੈ ਜੋ (ਉਂਜ) ਯੋਗ ਸਾਧਨਾਂ ਵਾਲਿਆਂ ਤੋਂ ਵੀ ਸਦਾ ਲੁਕਿਆ ਰਿਹਾ ਹੈ ॥੩੭੫॥
ਜਿਸ ਨੇ ਕੁਦ ਕੇ ਸੱਤ ਕਿਲੇ (ਵਿੰਨ੍ਹ ਦਿੱਤੇ) ਅਤੇ ਮੁਰ ਦੈਂਤ ਨੂੰ ਮਾਰ ਦਿੱਤਾ ਅਤੇ ਜਿਸ ਨੇ ਜਰਾਸੰਧ ਦੀ ਸੈਨਾ ਨੂੰ ਮਾਰ ਦਿੱਤਾ।
ਜਿਸ ਨੇ ਨਰਕਾਸੁਰ (ਨੂੰ ਮਾਰ ਕੇ ਉਸ ਦੀ) ਰਖਿਆ ਵਿਵਸਥਾ (ਨਸ਼ਟ ਕਰ ਦਿੱਤੀ) ਅਤੇ ਜਿਸ ਨੇ ਦੁਖੀ ('ਬਿਰਥੀ') ਹਾਥੀ (ਗਜ) ਦੀ (ਗ੍ਰਾਹ ਤੋਂ) ਰਖਿਆ ਕੀਤੀ।
ਜਿਸ ਨੇ ਦ੍ਰੋਪਦੀ ਦੀ ਪਤਿ ਢਕ ਲਈ ਅਤੇ ਜਿਸ ਦੇ ਪੈਰ ਲਗਦਿਆਂ ਹੀ ਸਿਲਾ ਬਣੀ ਅਹਲਿਆ ਦਾ ਪਾਰ ਉਤਾਰਾ ਹੋ ਗਿਆ।
(ਉਸ ਨੇ) ਨੰਦ ਦਾ ਪੁੱਤਰ ਹੋ ਕੇ ਕ੍ਰੋਧਵਾਨ ਹੋਏ ਇੰਦਰ ਅਤੇ ਬਦਲਾਂ ਤੋਂ ਬ੍ਰਜ-ਭੂਮੀ ਦੀ ਰਖਿਆ ਕੀਤੀ ਹੈ ॥੩੭੬॥
ਇਹ ਕ੍ਰਿਸ਼ਨ (ਅਜਿਹਾ) ਬਲਵਾਨ ਹੈ ਜਿਸਨੇ ਇੰਦਰ ਦੀ ਸੈਨਾ ਪਰਤਾ ਦਿੱਤੀ ਹੈ ਅਤੇ ਦੈਂਤ ਮਾਰ ਸੁਟੇ ਹਨ।
ਜਿਸ ਦਾ ਮਨ ਵਿਚ ਲੋਕੀਂ ਨਾਮ ਜਪਦੇ ਹਨ ਅਤੇ ਜਿਸ ਦਾ ਭਰਾ ਬਲਰਾਮ ਤਕੜਾ ਯੋਧਾ ਹੈ।
ਜਿਸ ਕਾਨ੍ਹ ਦੇ ਕ੍ਰੋਧਿਤ ਹੁੰਦੇ ਹੀ ਗਵਾਲਿਆਂ ਦੀ ਬਿਪਤਾ ਛਿਣ ਵਿਚ ਟਲ ਗਈ ਹੈ।
ਜਿਸ ਦੀ ਉਪਮਾ ਬ੍ਰਹਮਾ ਕਰਦਾ ਹੈ, ਉਸ (ਕਾਨ੍ਹ) ਨੂੰ ਭਗਵਾਨ ਸਮਝ ਕੇ ਉਪਮਾ ਕਰਨੀ ਚਾਹੀਦੀ ਹੈ ॥੩੭੭॥
(ਜਦੋਂ) ਕਾਨ੍ਹ ਨੇ ਵੱਡੇ ਪਰਬਤ ਨੂੰ ਚੁਕ ਲਿਆ (ਤਦੋਂ) ਇੰਦਰ (ਲਜਿਤ ਹੋ ਕੇ) ਘਰ ਵਲ ਖਿਸਕ ਗਿਆ।
ਓਹੀ ਬ੍ਰਜ-ਭੂਮੀ ਵਿਚ (ਕ੍ਰਿਸ਼ਨ ਰੂਪ ਵਿਚ) ਪੈਦਾ ਹੋਇਆ ਹੈ ਜੋ ਤ੍ਰੇਤਾ ਯੁਗ ਵਿਚ ਰਘੁਵੀਰ (ਰਾਮ ਚੰਦਰ) ਵਜੋਂ ਹੋਇਆ ਸੀ।
ਹੁਣ ਲੋਕਾਂ ਨੂੰ ਕੌਤਕ ਵਿਖਾਉਣ ਲਈ ਜਗਤ ਵਿਚ ਫਿਰ ਇਕ ਨਿੱਕਾ ਜਿਹਾ ਰੂਪ ਧਾਰਨ ਕੀਤਾ ਹੈ।
(ਉਸ ਨੇ) ਥਣ ਖਿਚ ਕੇ ਛਿਣ ਭਰ ਵਿਚ ਪੂਤਨਾ ਨੂੰ (ਇਉਂ) ਮਾਰ ਦਿੱਤਾ (ਜਿਉਂ) ਨਾਮ ਦੇ ਜਪਣ ਨਾਲ ਪਾਪ ਨਸ਼ਟ ਹੋ ਜਾਂਦੇ ਹਨ ॥੩੭੮॥
ਕਾਨ੍ਹ ਬਲਵਾਨ ਬ੍ਰਜ-ਭੂਮੀ ਵਿਚ ਪ੍ਰਗਟ ਹੋਇਆ ਹੈ ਜਿਸ ਨੇ ਗਵਾਲਿਆਂ ਦੇ ਦੁਖ ਕਟ ਦਿੱਤੇ ਹਨ।
ਉਸ ਦੇ (ਪ੍ਰਗਟ) ਹੁੰਦਿਆਂ ਹੀ ਸੰਤਾਂ ਦੇ ਸੁਖ ਪ੍ਰਗਟ ਹੋ ਗਏ ਹਨ ਅਤੇ ਦੈਂਤਾਂ ਦੁਆਰਾ ਦਿੱਤੇ ਜਾਣ ਵਾਲੇ ਦੁਖ (ਉਸ ਦਾ) ਨਾਮ ਸੁਣਦਿਆਂ ਹੀ ਘਟ ਗਏ ਹਨ।
ਇਹੀ ਸਾਰੇ ਜਗਤ ਦਾ ਕਰਤਾ ਹੈ ਅਤੇ (ਇਸੇ ਨੇ) ਬਲਿ ਰਾਜੇ ਨੂੰ (ਪਾਤਾਲ ਦਾ) ਅਤੇ ਇੰਦਰ ਨੂੰ (ਸੁਅਰਗ ਦਾ) ਲੋਕ ਵੰਡ ਦਿੱਤਾ।
ਉਸ ਦਾ ਨਾਮ ਮੁਖ ਤੋਂ ਲੈਂਦਿਆਂ ਹੀ ਤਨ ਨੂੰ ਚੰਬੜੇ ਹੋਏ ਸਾਰੇ ਦੁਖ ਝੜ ਜਾਂਦੇ ਹਨ ॥੩੭੯॥