ਸ਼੍ਰੀ ਦਸਮ ਗ੍ਰੰਥ

ਅੰਗ - 530


ਨਾਰਦ ਰੁਕਮਿਨਿ ਕੇ ਪ੍ਰਿਥਮ ਗ੍ਰਿਹ ਮੈ ਪਹੁਚਿਓ ਆਇ ॥

ਨਾਰਦ ਪਹਿਲਾਂ ਰੁਕਮਨੀ ਦੇ ਘਰ ਵਿਚ ਆ ਪਹੁੰਚਿਆ,

ਜਹਾ ਕਾਨ੍ਰਹ ਬੈਠੋ ਹੁਤੋ ਉਠਿ ਲਾਗੋ ਰਿਖਿ ਪਾਇ ॥੨੩੦੨॥

ਜਿਥੇ ਕ੍ਰਿਸ਼ਨ ਬੈਠੇ ਹੋਏ ਸਨ। (ਉਹ) ਉਠ ਕੇ ਰਿਸ਼ੀ ਦੇ ਪੈਰੀਂ ਪਏ ॥੨੩੦੨॥

ਸਵੈਯਾ ॥

ਸਵੈਯਾ:

ਦੂਸਰੇ ਮੰਦਿਰ ਭੀਤਰ ਨਾਰਦ ਜਾਤ ਭਯੋ ਤਿਹਿ ਸ੍ਯਾਮ ਨਿਹਾਰਿਯੋ ॥

ਦੂਜੇ ਘਰ ਵਿਚ (ਜਦੋਂ) ਨਾਰਦ ਗਿਆ, (ਤਾਂ) ਉਥੇ ਵੀ ਕ੍ਰਿਸ਼ਨ ਨੂੰ ਵੇਖਿਆ।

ਅਉਰ ਗਯੋ ਗ੍ਰਿਹ ਸ੍ਯਾਮ ਤਬੈ ਰਿਖਿ ਆਨੰਦ ਹ੍ਵੈ ਇਹ ਭਾਤਿ ਉਚਾਰਿਯੋ ॥

(ਫਿਰ ਨਾਰਦ ਇਕ) ਹੋਰ ਘਰ ਵਿਚ ਗਿਆ, ਤਦ (ਉਥੇ ਵੀ) ਕ੍ਰਿਸ਼ਨ (ਮੌਜੂਦ ਸੀ)।

ਪੇਖਿ ਭਯੋ ਸਭ ਹੂ ਗ੍ਰਿਹ ਸ੍ਯਾਮ ਸੁ ਯੌ ਕਬਿ ਸ੍ਯਾਮਹਿ ਗ੍ਰੰਥ ਸੁਧਾਰਿਯੋ ॥

ਰਿਸ਼ੀ ਨੇ ਆਨੰਦਿਤ ਹੋ ਕੇ ਇਸ ਤਰ੍ਹਾਂ ਕਿਹਾ ਕਿ ਸਾਰਿਆਂ ਘਰਾਂ ਵਿਚ ਕ੍ਰਿਸ਼ਨ ਹੀ ਵੇਖਿਆ ਹੈ। ਇਸ ਤਰ੍ਹਾਂ (ਦੀ ਕਥਾ) ਕਵੀ ਸ਼ਿਆਮ ਨੇ ਗ੍ਰੰਥ ਵਿਚ ਵਰਣਿਤ ਕੀਤੀ ਹੈ।

ਕਾਨ੍ਰਹ ਜੂ ਕੋ ਮਨ ਮੈ ਮੁਨਿ ਈਸ ਸਹੀ ਕਰਿ ਕੈ ਜਗਦੀਸ ਬਿਚਾਰਿਯੋ ॥੨੩੦੩॥

ਕ੍ਰਿਸ਼ਨ ਜੀ ਨੂੰ ਨਾਰਦ ਰਿਸ਼ੀ ਨੇ (ਆਪਣੇ) ਮਨ ਵਿਚ ਸਹੀ ਰੂਪ ਵਿਚ ਜਗਦੀਸ਼ ਵਿਚਾਰ ਲਿਆ ॥੨੩੦੩॥

ਭਾਤਿ ਕਹੂ ਕਹੂ ਗਾਵਤ ਹੈ ਕਹੂ ਹਾਥਿ ਲੀਏ ਪ੍ਰਭੁ ਬੀਨ ਬਜਾਵੈ ॥

ਸ੍ਰੀ ਕ੍ਰਿਸ਼ਨ ਕਈ ਭਾਂਤ (ਦੇ ਕੰਮ ਕਰਦੇ ਹਨ) ਕਿਧਰੇ ਗਾਉਂਦੇ ਹਨ, ਕਿਧਰੇ ਹੱਥ ਵਿਚ ਲੈ ਕੇ ਬੀਣਾ ਵਜਾਉਂਦੇ ਹਨ।

ਪੀਵਤ ਹੈ ਸੁ ਕਹੂ ਮਦਰਾ ਅਉ ਕਹੂ ਲਰਕਾਨ ਕੋ ਲਾਡ ਲਡਾਵੈ ॥

ਕਿਧਰੇ ਸ਼ਰਾਬ ਪੀਂਦੇ ਹਨ ਅਤੇ ਕਿਧਰੇ ਲੜਕਿਆਂ ਨੂੰ ਲਾਡ ਨਾਲ ਖਿਡਾਉਂਦੇ ਹਨ।

ਜੁਧੁ ਕਰੈ ਕਹੂ ਮਲਨ ਸੋ ਕਹੂ ਨੰਦਗ ਹਾਥਿ ਲੀਏ ਚਮਕਾਵੈ ॥

ਕਿਧਰੇ ਪਹਿਲਵਾਨਾਂ ਨਾਲ ਯੁੱਧ ਕਰਦੇ ਹਨ ਅਤੇ ਕਿਧਰੇ ਨੰਦਗ (ਖੜਗ) ਨੂੰ ਹੱਥ ਵਿਚ ਲੈ ਕੇ ਚਮਕਾਉਂਦੇ ਹਨ।

ਇਉ ਹਰਿ ਕੇਲ ਕਰੈ ਤਿਹ ਠਾ ਜਿਹ ਕਉਤੁਕ ਕੋ ਕੋਊ ਪਾਰ ਨ ਪਾਵੈ ॥੨੩੦੪॥

ਉਥੇ (ਦੁਆਰਿਕਾ ਵਿਚ) ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਖੇਡ ਰਹੇ ਹਨ, ਜਿਸ ਦਾ ਕੋਈ ਪਾਰ ਨਹੀਂ ਪਾ ਸਕਦਾ ॥੨੩੦੪॥

ਦੋਹਰਾ ॥

ਦੋਹਰਾ:

ਯੌ ਰਿਖਿ ਦੇਖਿ ਚਰਿਤ੍ਰ ਹਰਿ ਚਰਨ ਰਹਿਯੋ ਲਪਟਾਇ ॥

ਇਸ ਤਰ੍ਹਾਂ ਦੇ ਚਰਿਤ੍ਰ ਵੇਖ ਕੇ ਨਾਰਦ ਸ੍ਰੀ ਕ੍ਰਿਸ਼ਨ ਦੇ ਚਰਨਾਂ ਨਾਲ ਲਿਪਟ ਗਿਆ।

ਚਲਤ ਭਯੋ ਸਭ ਜਗਤ ਕੋ ਕਉਤਕ ਦੇਖੋ ਜਾਇ ॥੨੩੦੫॥

ਅਤੇ ਫਿਰ ਸਾਰੇ ਜਗਤ ਦੇ ਕੌਤਕ ਵੇਖਣ ਲਈ ਚਲ ਪਿਆ ॥੨੩੦੫॥

ਅਥ ਜਰਾਸੰਧਿ ਬਧ ਕਥਨੰ ॥

ਹੁਣ ਜਰਾਸੰਧ ਦੇ ਬਧ ਦਾ ਕਥਨ

ਸਵੈਯਾ ॥

ਸਵੈਯਾ:

ਬ੍ਰਹਮ ਮਹੂਰਤ ਸ੍ਯਾਮ ਉਠੈ ਉਠਿ ਨ੍ਰਹਾਇ ਹ੍ਰਿਦੈ ਹਰਿ ਧਿਆਨ ਧਰੈ ॥

ਪ੍ਰਭਾਤ ਵੇਲੇ ਸ੍ਰੀ ਕ੍ਰਿਸ਼ਨ ਉਠਦੇ ਹਨ, ਉਠ ਕੇ ਇਸ਼ਨਾਨ ਕਰਦੇ ਹਨ ਅਤੇ ਹਿਰਦੇ ਵਿਚ ਹਰਿ ਦਾ ਧਿਆਨ ਧਰਦੇ ਹਨ।

ਫਿਰਿ ਸੰਧਯਹਿ ਕੈ ਰਵਿ ਹੋਤ ਉਦੈ ਸੁ ਜਲਾਜੁਲਿ ਦੈ ਅਰੁ ਮੰਤ੍ਰ ਰਰੈ ॥

ਫਿਰ ਸੂਰਜ ਦੇ ਉਦੈ ਹੋਣ ਨਾਲ ਸੰਧਿਆ ਕਰਦੇ ਹਨ ਅਤੇ ਜਲਾਂਜਲੀ ਦੇ ਕੇ ਮੰਤਰ ਪੜ੍ਹਦੇ ਹਨ।

ਫਿਰਿ ਪਾਠ ਕਰੈ ਸਤਸੈਇ ਸਲੋਕ ਕੋ ਸ੍ਯਾਮ ਨਿਤਾਪ੍ਰਤਿ ਪੈ ਨ ਟਰੈ ॥

ਫਿਰ ਸਤ ਸੌ ਸ਼ਲੋਕਾਂ (ਵਾਲੀ 'ਦੁਰਗਾ ਸਪਤਸ਼ਤੀ') ਦਾ ਪਾਠ ਕਰਦੇ ਹਨ ਅਤੇ ਇਸ ਨਿੱਤ ਨੇਮ ਤੋਂ ਕਦੇ ਖੁੰਝਦੇ ਨਹੀਂ ਹਨ।

ਤਬ ਕਰਮ ਨ ਕਉਨ ਕਰੈ ਜਗ ਮੈ ਜਬ ਆਪਨ ਸ੍ਯਾਮ ਜੂ ਕਰਮ ਕਰੈ ॥੨੩੦੬॥

ਤਦ (ਫਿਰ) ਕੌਣ ਇਹ ਕਰਮ ਜਗਤ ਵਿਚ ਨਹੀਂ ਕਰੇਗਾ, ਜਦ ਕ੍ਰਿਸ਼ਨ ਜੀ ਨੇ ਆਪ (ਇਹ) ਕਰਮ ਕੀਤੇ ਹਨ ॥੨੩੦੬॥

ਨ੍ਰਹਾਇ ਕੈ ਸ੍ਯਾਮ ਜੂ ਲਾਇ ਸੁਗੰਧ ਭਲੇ ਪਟ ਧਾਰ ਕੈ ਬਾਹਰ ਆਵੈ ॥

ਕ੍ਰਿਸ਼ਨ ਜੀ ਇਸ਼ਨਾਨ ਕਰ ਕੇ ਅਤੇ ਚੰਗੇ ਕਪੜੇ ਧਾਰਨ ਕਰ ਕੇ ਅਤੇ (ਫਿਰ) ਕਪੜਿਆਂ ਨੂੰ ਸੁਗੰਧੀ ਲਗਾ ਕੇ ਬਾਹਰ ਆਉਂਦੇ ਹਨ।

ਆਇ ਸਿੰਘਾਸਨ ਊਪਰ ਬੈਠ ਕੈ ਸ੍ਯਾਮ ਭਲੀ ਬਿਧਿ ਨਿਆਉ ਕਰਾਵੈ ॥

ਆ ਕੇ ਸ੍ਰੀ ਕ੍ਰਿਸ਼ਨ ਰਾਜ ਸਿੰਘਾਸਨ ਉਤੇ ਬੈਠ ਜਾਂਦੇ ਹਨ ਅਤੇ ਚੰਗੀ ਤਰ੍ਹਾਂ ਨਿਆਂ ਕਰਦੇ ਹਨ।

ਅਉ ਸੁਖਦੇਵ ਕੋ ਤਾਤ ਭਲਾ ਸੁ ਕਥਾ ਕਰਿ ਸ੍ਰੀ ਨੰਦ ਲਾਲ ਰਿਝਾਵੈ ॥

ਅਤੇ ਸੁਖਦੇਵ (ਸ਼ੁਕਦੇਵ) ਦੇ ਚੰਗੇ ਪਿਤਾ ਕਥਾ ਕਰ ਕੇ ਸ੍ਰੀ ਕ੍ਰਿਸ਼ਨ ਨੂੰ ਰਿਝਾਉਂਦੇ ਹਨ।

ਤਉ ਲਗਿ ਆਇ ਕਹੀ ਬਤੀਆ ਇਕ ਸੋ ਮੁਖ ਤੇ ਕਬਿ ਭਾਖ ਸੁਨਾਵੈ ॥੨੩੦੭॥

ਤਦ ਤਕ ਇਕ (ਦੂਤ) ਨੇ ਆ ਕੇ ਗੱਲ ਕਹੀ ਹੈ, ਉਸ ਨੂੰ ਕਵੀ ਮੁਖ ਤੋਂ ਕਹਿ ਕੇ ਸੁਣਾਉਂਦਾ ਹੈ ॥੨੩੦੭॥


Flag Counter