ਨਾ ਖੰਡੇ ਜਾਣ ਵਾਲਿਆਂ ਨੂੰ ਖੰਡਿਤ ਕਰਨ ਵਾਲੀ ਮਹਾਕਾਲੀ ਜੈ-ਜੈ ਦੇ ਸ਼ਬਦ ਉਚਾਰ ਰਹੀ ਹੈ ॥੫੪੨॥
ਫ਼ੌਜਾਂ ਲੜ ਪਈਆਂ ਹਨ, ਸੁਮੇਰ ਪਰਬਤ ਲੜਖੜਾ ਗਿਆ ਹੈ ਅਤੇ ਬਨ ਵਿਚ ਪੱਤਰ ਝੜਨ ਲਗ ਗਏ ਹਨ।
ਇੰਦਰ ਡੋਲ ਗਿਆ ਹੈ, ਸ਼ੇਸ਼ ਨਾਗ ਵਿਆਕੁਲ ਹੋ ਗਿਆ ਹੈ, ਦ੍ਰਵਿਤ ਹੋਣ ਵਾਲੇ ਗਣ ਸੁੰਗੜ ਗਏ ਹਨ।
ਗਜੇਂਦ੍ਰ ਹੈਰਾਨ ਹੋ ਗਿਆ ਹੈ, ਚੰਦ੍ਰਮਾ ਧੜਕਣ ਲਗਿਆ ਹੈ ਅਤੇ ਸੂਰਜ ਭਜਣ ਲਗਿਆ ਹੈ।
ਸੁਮੇਰ ਡੋਲਣ ਲਗਿਆ ਹੈ, ਕੁਬੇਰ ਥਿੜਕ ਗਿਆ ਹੈ, ਸਾਰੇ ਸਮੁੰਦਰ ਸੁਕਣ ਲਗੇ ਹਨ,
ਸ਼ਿਵ ('ਧੂਰਜਟੀ') ਦੀ ਉਸੇ ਵੇਲੇ ('ਤਤਜਗ') ਸਮਾਧੀ ਛੁਟ ਗਈ ਹੈ, ਧਰਤੀ ਭਾਰ ਨੂੰ ਨਹੀਂ ਸਹਿ ਸਕੀ ਹੈ।
(ਸਮੁੰਦਰ ਦਾ) ਪਾਣੀ ਉਛਲਣ ਲਗਿਆ ਹੈ, ਹਵਾ ਪਿਛਲੇ ਪਾਸੇ ਨੂੰ ਚਲਣ ਲਗੀ ਹੈ, ਧਰਤੀ ਡਗ ਡਗ ਕਰ ਕੇ ਡਗਮਗਾਉਂਦੀ ਹੋਈ ਕੰਬ ਰਹੀ ਹੈ ॥੫੪੩॥
ਬਾਣਾਂ ਦੇ ਚਲਣ ਨਾਲ ਦਿਸ਼ਾਵਾਂ ਰੁਕ ਗਈਆਂ ਹਨ ਅਤੇ ਪਰਬਤ ਪੀਠੇ ਜਾਣ ਲਗੇ ਹਨ।
ਵਿੰਧਿਆਚਲ ਡਿਗਣ ਲਗਾ ਹੈ, ਸਮੁੰਦਰ ਉਛਲਣ ਲਗਾ ਹੈ ਅਤੇ ਧ੍ਰੂਹ ਮੁਨੀ (ਧ੍ਰੂਹ ਤਾਰਾ) ਸੁਣ ਕੇ ਕੰਬਣ ਲਗਾ ਹੈ,
ਬ੍ਰਹਮਾ ਵੇਦ ਛਡ ਕੇ ਭਜ ਗਿਆ ਹੈ, ਇੰਦਰ ਇੰਦ੍ਰਾਸਣ ਛਡ ਗਿਆ ਹੈ,
ਜਿਸ ਦਿਨ ਕਲਕੀ ਅਵਤਾਰ ਕ੍ਰੋਧਿਤ ਹੋ ਕੇ ਰਣ ਵਿਚ ਗਜਣ ਲਗਾ ਹੈ।
ਘੋੜਿਆਂ ਦੇ ਖੁਰਾਂ ਨਾਲ ਉਠੀ ਧੂੜ ਨੇ ਸਾਰਾ ਆਕਾਸ਼ ਮਾਰਗ ਢਕ ਲਿਆ ਹੈ।
(ਇੰਜ ਪ੍ਰਤੀਤ ਹੋ ਰਿਹਾ ਹੈ) ਮਾਨੋ ਭਗਵਾਨ ਨੇ ਕ੍ਰੋਧਿਤ ਹੋ ਕੇ ਅੱਠ ਆਕਾਸ਼ ਰਚ ਦਿੱਤੇ ਹੋਣ ਅਤੇ ਛੇ ਧਰਤੀਆਂ ਬਣਾ ਦਿੱਤੀਆਂ ਹੋਣ ॥੫੪੪॥
ਚੌਹਾਂ ਪਾਸੇ ਸਾਰੇ ਹੈਰਾਨ ਹਨ ਅਤੇ ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਵੀ ਪਰੇਸ਼ਾਨ ਹੈ।
ਮੱਛਲੀਆਂ (ਦਾ ਹਿਰਦਾ ਵੀ) ਧੜਕਣ ਲਗਾ ਹੈ। ਆਕੀ ਰਣ-ਭੂਮੀ ਛਡ ਕੇ ਭਜ ਗਏ ਹਨ ਅਤੇ (ਸ਼ਿਵ) ਗਣ ਪਸੀਜ ਗਏ ਹਨ।
ਕਾਂ ਅਤੇ ਗਿੱਧਾਂ (ਯੁੱਧ ਖੇਤਰ ਵਿਚ) ਗੋਲਾਕਾਰ ਵਿਚ ਉਪਰ ਉਡ ਰਹੀਆਂ ਹਨ।
ਸ਼ਿਵ ਦੇ ਹੱਥੋਂ ਲੋਥ ਨਹੀਂ ਛੁਟ ਰਹੀ ਹੈ ਅਤੇ ਉਹ ਜਵਾਲਾ ਉਗਲ ਰਿਹਾ ਹੈ।
ਸਿਰਾਂ ਦੇ ਟੋਪ ਟੁਟਦੇ ਹਨ, ਕਵਚ, ਲੋਹੇ ਦੇ ਦਸਤਾਨੇ, ਘੋੜਿਆਂ ਦੀਆਂ ਝੁਲਾਂ ਫਟ ਰਹੀਆਂ ਹਨ।
ਕਾਇਰ ਭਜ ਰਹੇ ਹਨ, ਸੂਰਮਿਆਂ ਨੂੰ ਵੇਖ ਕੇ ਅਪੱਛਰਾਵਾਂ ਮਨ ਵਿਚ ਪ੍ਰਸੰਨ ਹੋਈਆਂ ਫਿਰਦੀਆਂ ਹਨ ॥੫੪੫॥
ਮਾਧੋ ਛੰਦ:
ਜਦ ਕਲਕੀ ਅਵਤਾਰ ਨੇ ਕ੍ਰੋਧ ਕੀਤਾ,
ਵਾਜੇ ਵਜਣ ਲਗੇ ਅਤੇ (ਹਥਿਆਰਾਂ ਦੀ) ਝਨਕਾਰ ਹੋਣ ਲਗੀ।
ਹਾਂ ਮਾਧੋ! ਸੂਰਮੇ ਬਾਣ, ਕਮਾਨ, ਕ੍ਰਿਪਾਨ ਨੂੰ ਸੰਭਾਲ ਕੇ
ਅਤੇ ਹੱਥਾਂ ਵਿਚ ਸ਼ਸਤ੍ਰ ਚੁਕ ਕੇ (ਯੁੱਧ-ਭੂਮੀ ਵਿਚ) ਧਸ ਗਏ ਹਨ ॥੫੪੬॥
ਚੀਨ ਮਚੀਨ ਦੇਸ ਦੇ ਰਾਜੇ ਨੂੰ (ਪਕੜ) ਲਿਆ ਹੈ।
ਉਸ ਦਿਨ ਮਾਰੂ ਵਾਜੇ ਵਜਣ ਲਗੇ ਹਨ।
ਹਾਂ ਮਾਧੋ! ਦੇਸਾਂ ਦੇਸਾਂ (ਦੇ ਰਾਜਿਆਂ ਦੇ ਸਿਰਾਂ ਤੋਂ) ਛਤ੍ਰ ਉਤਾਰ ਲਏ ਗਏ ਹਨ
ਅਤੇ ਦੇਸਾਂ ਵਿਦੇਸ਼ਾਂ ਵਿਚ (ਕਲਕੀ ਅਵਤਾਰ ਨੇ ਆਪਣਾ) ਘੋੜਾ ਫਿਰਾ ਦਿੱਤਾ ਹੈ ॥੫੪੭॥
ਜਦ ਚੀਨ ਅਤੇ ਮਚੀਨ ਨੂੰ ਖੋਹ ਲਿਆ,
(ਤਦ) ਉੱਤਰ ਦਿਸ਼ਾ ਵਲ ਚੜ੍ਹਾਈ ਕੀਤੀ।
ਹਾਂ ਮਾਧੋ! ਉੱਤਰ ਦਿਸ਼ਾ ਦੇ ਰਾਜਿਆਂ ਨੂੰ ਕਿਥੋਂ ਤਕ ਵਰਣਨ ਕਰਾਂ।
ਸਭ ਦੇ ਸਿਰ ਉਤੇ ਜਿਤ ਦਾ ਧੌਂਸਾ ਵਜ ਗਿਆ ॥੫੪੮॥
ਇਸ ਤਰ੍ਹਾਂ ਰਾਜਿਆਂ ਨੂੰ ਜਿਤ ਜਿਤ ਕੇ
ਸਾਰਿਆਂ ਦੇ ਸਿਰ ਉਤੇ ਜਿਤ ਦਾ ਨਾਦ ਵਜਾ ਦਿੱਤਾ ਹੈ।
ਹਾਂ ਮਾਧੋ! ਜਿਥੇ ਕਿਥੇ (ਲੋਕੀਂ) ਦੇਸ ਛਡ ਕੇ ਭਜ ਚਲੇ ਹਨ।
ਜਿਥੇ ਕਿਥੇ ਵਡਾਕਾਰੀ ਦੈਂਤਾਂ ਨੂੰ ਦਲਮਲ ਸੁਟਿਆ ਹੈ ॥੫੪੯॥
ਦੇਸ ਦੇਸ ਦੇ ਰਾਜਿਆਂ ਨੂੰ ਜਿਤ ਕੇ ਅਨੇਕ ਤਰ੍ਹਾਂ ਦੇ ਯੱਗ ਕੀਤੇ ਹਨ।
ਹਾਂ ਮਾਧੋ! ਦੇਸ ਵਿਦੇਸ ਤੋਂ (ਲੋਕੀਂ) ਨਜ਼ਰਾਨੇ ਲੈ ਕੇ ਆਏ ਹਨ।
(ਕਲਕੀ ਅਵਤਾਰ ਨੇ) ਸੰਤਾਂ ਨੂੰ ਉਬਾਰਿਆ ਹੈ
ਅਤੇ ਦੁਸ਼ਟਾਂ ('ਅਸੰਤ') ਨੂੰ ਖਪਾਇਆ ਹੈ ॥੫੫੦॥
ਜਿਥੇ ਕਿਥੇ ਧਰਮ ਦੀ ਗੱਲ ਚਲ ਪਈ ਹੈ।
ਪਾਪਾਂ ਦੀਆਂ ਸਤੇ ਸੁੱਧਾਂ ਭੁਲ ਗਈਆਂ ਹਨ।
ਹਾਂ ਮਾਧੋ! ਕਲਕੀ ਅਵਤਾਰ ਜਿਤ ਕੇ ਘਰ (ਆਪਣੇ ਦੇਸ਼) ਵਿਚ ਆਏ ਹਨ।
ਜਿਥੇ ਕਿਥੇ ਵਧਾਈ ਦੇ ਵਾਜੇ ਵਜਣ ਲਗੇ ਹਨ ॥੫੫੧॥
ਤਦ ਤਕ ਕਲਿਯੁਗ ਦਾ ਅੰਤ ਨੇੜੇ ਆ ਗਿਆ।
(ਇਹ) ਭੇਦ ਜਿਥੇ ਕਿਥੇ ਸਾਰਿਆਂ ਨੇ ਸੁਣ ਲਿਆ।
ਹਾਂ ਮਾਧੋ! ਤਦ ਕਲਕੀ ਦੀ ਗੱਲ (ਸਭ ਨੇ) ਪਛਾਣ ਲਈ
ਅਤੇ ਸਤਿਯੁਗ ਦੇ ਆਗਮਨ ਨੂੰ ਜਾਣ ਲਿਆ ॥੫੫੨॥