ਸ਼੍ਰੀ ਦਸਮ ਗ੍ਰੰਥ

ਅੰਗ - 535


ਪਾਰਥ ਭੀਮ ਤੇ ਆਦਿਕ ਬੀਰ ਰਹੇ ਚੁਪ ਹੋਇ ਅਤਿ ਹੀ ਡਰ ਆਵੈ ॥

ਅਰਜਨ, ਭੀਮ ਆਦਿਕ ਸਾਰੇ ਸੂਰਮੇ ਚੁਪ ਕਰ ਰਹੇ, (ਉਨ੍ਹਾਂ ਨੂੰ) ਬਹੁਤ ਡਰ ਲਗ ਰਿਹਾ ਸੀ।

ਸੁੰਦਰ ਐਸੇ ਸਰੂਪ ਕੇ ਊਪਰਿ ਸ੍ਯਾਮ ਕਬੀਸਰ ਪੈ ਬਲਿ ਜਾਵੈ ॥੨੩੪੩॥

(ਸ੍ਰੀ ਕ੍ਰਿਸ਼ਨ ਦੇ) ਅਜਿਹੇ ਸੁੰਦਰ ਸਰੂਪ ਉਪਰੋਂ ਸ਼ਿਆਮ ਕਵੀ ਵਾਰਨੇ ਜਾਂਦੇ ਹਨ ॥੨੩੪੩॥

ਜੋਤਿ ਜਿਤੀ ਅਰਿ ਭੀਤਰ ਥੀ ਸੁ ਸਬੈ ਮੁਖ ਸ੍ਯਾਮ ਕੇ ਬੀਚ ਸਮਾਨੀ ॥

ਵੈਰੀ (ਸ਼ਿਸ਼ੁਪਾਲ) ਵਿਚ ਜਿਤਨੀ ਵੀ ਜੋਤਿ (ਅਥਵਾ ਸ਼ਕਤੀ) ਸੀ ਉਹ ਸਾਰੀ ਸ੍ਰੀ ਕ੍ਰਿਸ਼ਨ ਦੇ ਮੁਖ ਵਿਚ ਸਮਾ ਗਈ।

ਬੋਲ ਸਕੈ ਨ ਰਹੇ ਚੁਪ ਹੁਇ ਕਬਿ ਸ੍ਯਾਮ ਕਹੈ ਜੁ ਬਡੇ ਅਭਿਮਾਨੀ ॥

ਕਵੀ ਸ਼ਿਆਮ ਕਹਿੰਦੇ ਹਨ ਜੋ ਵੱਡੇ ਅਭਿਮਾਨੀ (ਸੂਰਮੇ) ਸਨ, ਉਹ ਬੋਲ ਨਹੀਂ ਸਕੇ, ਚੁਪ ਕਰ ਕੇ (ਬੈਠੇ) ਰਹੇ।

ਬਾਕੋ ਬਲੀ ਸਿਸੁਪਾਲ ਹਨਿਯੋ ਤਿਹ ਕੀ ਹੁਤੀ ਚੰਦ੍ਰਵਤੀ ਰਜਧਾਨੀ ॥

ਬੜੇ ਬਾਂਕੇ ਬਲਵਾਨ ਸ਼ਿਸ਼ੁਪਾਲ ਦਾ ਬਧ ਹੋ ਗਿਆ, ਜਿਸ ਦੀ ਚੰਦ੍ਰਵਤੀ ਰਾਜਧਾਨੀ ਸੀ।

ਯਾ ਸਮ ਅਉਰ ਨ ਕੋਊ ਬੀਯੋ ਜਗਿ ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨੀ ॥੨੩੪੪॥

ਇਸ (ਕ੍ਰਿਸ਼ਨ) ਵਰਗਾ ਇਸ ਸੰਸਾਰ ਵਿਚ ਹੋਰ ਕੋਈ ਨਹੀਂ। (ਸਾਰਿਆਂ ਨੇ) ਸ੍ਰੀ ਕ੍ਰਿਸ਼ਨ ਨੂੰ ਸਹੀ ਪ੍ਰਭੂ ਜਾਣ ਲਿਆ ਹੈ ॥੨੩੪੪॥

ਏਕ ਕਹੈ ਜਦੁਰਾਇ ਬਡੋ ਭਟ ਜਾਹਿ ਬਲੀ ਸਿਸੁਪਾਲ ਸੋ ਘਾਯੋ ॥

ਇਕ ਨੇ ਕਿਹਾ ਸ੍ਰੀ ਕ੍ਰਿਸ਼ਨ ਬਹੁਤ ਤਕੜਾ ਸ਼ੂਰਵੀਰ ਹੈ ਜਿਸ ਨੇ ਸ਼ਿਸ਼ੁਪਾਲ ਵਰਗੇ ਬਲਵਾਨ ਨੂੰ ਮਾਰ ਦਿੱਤਾ ਹੈ।

ਇੰਦ੍ਰ ਤੇ ਸੂਰਜ ਤੇ ਜਮ ਤੇ ਹੁਤੋ ਜਾਤ ਨ ਸੋ ਜਮਲੋਕਿ ਪਠਾਯੋ ॥

ਉਸ (ਸ਼ਿਸ਼ੁਪਾਲ) ਨੂੰ ਇੰਦਰ ਤੋਂ, ਸੂਰਜ ਤੋਂ ਅਤੇ ਯਮ ਤੋਂ ਵੀ ਯਮਲੋਕ ਵਿਚ ਨਾ ਭੇਜਿਆ ਜਾ ਸਕਿਆ,

ਸੋ ਇਹ ਏਕ ਹੀ ਆਂਖ ਕੇ ਫੋਰ ਕੇ ਭੀਤਰ ਮਾਰਿ ਦਯੋ ਜੀਅ ਆਯੋ ॥

ਉਸ ਨੂੰ ਇਸ ਨੇ ਅੱਖ ਦੇ ਪਲਕਾਰੇ ਵਿਚ ਮਾਰ ਦਿੱਤਾ ਹੈ। (ਇਹ ਵੇਖ ਕੇ ਕਵੀ ਦੇ) ਮਨ ਵਿਚ ਆਇਆ ਹੈ

ਚਉਦਹ ਲੋਕਨ ਕੋ ਕਰਤਾ ਕਰਿ ਸ੍ਰੀ ਬ੍ਰਿਜਨਾਥ ਸਹੀ ਠਹਰਾਯੋ ॥੨੩੪੫॥

(ਕਿ) ਚੌਦਾਂ ਲੋਕਾਂ ਦੇ ਕਰਤਾ ਵਜੋਂ ਸ੍ਰੀ ਕ੍ਰਿਸ਼ਨ ਨੂੰ ਸਹੀ (ਪ੍ਰਭੂ) ਪਛਾਣ ਲਿਆ ਹੈ ॥੨੩੪੫॥

ਚਉਦਹ ਲੋਕਨ ਕੋ ਕਰਤਾ ਇਹ ਸਾਧਨ ਸੰਤ ਇਹੈ ਜੀਅ ਜਾਨਿਯੋ ॥

ਇਹ (ਕ੍ਰਿਸ਼ਨ) ਚੌਦਾਂ ਲੋਕਾਂ ਦਾ ਕਰਤਾ ਹੈ, ਸਾਧਾਂ ਸੰਤਾਂ ਨੇ ਇਹੀ ਮਨ ਵਿਚ ਜਾਣਿਆ ਹੈ।

ਦੇਵ ਅਦੇਵ ਕੀਏ ਸਭ ਯਾਹੀ ਕੇ ਬੇਦਨ ਤੇ ਗੁਨ ਜਾਨਿ ਬਖਾਨਿਯੋ ॥

ਸਾਰੇ ਦੇਵਤੇ ਅਤੇ ਦੈਂਤ ਇਸੇ ਦੇ ਬਣਾਏ ਹੋਏ ਹਨ। ਵੇਦਾਂ ਤੋਂ ਵੀ ਇਸੇ ਦਾ ਗੁਣ ਜਾਣਿਆ ਅਤੇ ਵਖਾਣਿਆ ਜਾਂਦਾ ਹੈ।

ਬੀਰਨ ਬੀਰ ਬਡੋਈ ਲਖਿਯੋ ਹਰਿ ਭੂਪਨ ਭੂਪਨ ਤੇ ਖੁਨਸਾਨਿਯੋ ॥

ਸ਼ੂਰਵੀਰਾਂ ਨੇ (ਕ੍ਰਿਸ਼ਨ ਨੂੰ) ਵੱਡਾ ਸੂਰਮਾ ਕਰ ਕੇ ਜਾਣਿਆ ਅਤੇ ਰਾਜਿਆਂ ਨੇ ਰਾਜਾ ਜਾਣ ਕੇ ਖੁਣਸ ਖਾਧੀ।

ਅਉਰ ਜਿਤੇ ਅਰਿ ਠਾਢੇ ਹੁਤੇ ਤਿਨ ਸ੍ਯਾਮ ਸਹੀ ਕਰਿ ਕਾਲ ਪਛਾਨਿਯੋ ॥੨੩੪੬॥

ਹੋਰ ਜਿਤਨੇ ਵੀ ਵੈਰੀ ਉਥੇ ਖੜੋਤੇ ਸਨ, ਉਨ੍ਹਾਂ ਸਾਰਿਆਂ ਨੇ ਸ੍ਰੀ ਕ੍ਰਿਸ਼ਨ ਨੂੰ ਸਹੀ ਰੂਪ ਵਿਚ ਕਾਲ ਸਮਝਿਆ ਹੈ ॥੨੩੪੬॥

ਸ੍ਰੀ ਬ੍ਰਿਜ ਨਾਇਕ ਠਾਢਿ ਤਹਾ ਕਰ ਬੀਚ ਸੁਦਰਸਨ ਚਕ੍ਰ ਲੀਏ ॥

ਸ੍ਰੀ ਕ੍ਰਿਸ਼ਨ ਹੱਥ ਵਿਚ ਸੁਦਰਸ਼ਨ ਚੱਕਰ ਲਏ ਹੋਏ ਉਸ ਥਾਂ ਤੇ ਖੜੋਤੇ ਹਨ।

ਬਹੁ ਰੋਸ ਠਨੇ ਅਤਿ ਕ੍ਰੋਧ ਭਰਿਯੋ ਅਰਿ ਆਨ ਕੋ ਆਨਤ ਹੈ ਨ ਹੀਏ ॥

(ਉਹ) ਬਹੁਤ ਕ੍ਰੋਧਵਾਨ ਹਨ ਅਤੇ ਰੋਸ ਨਾਲ ਭਰੇ ਹੋਏ ਹਨ ਅਤੇ ਕਿਸੇ ਹੋਰ ਵੈਰੀ ਨੂੰ ਹਿਰਦੇ ਵਿਚ ਨਹੀਂ ਲਿਆਉਂਦੇ ਹਨ।

ਤਿਹ ਠਉਰ ਸਭਾ ਹੂ ਮੈ ਗਾਜਤ ਭਯੋ ਸਭ ਕਾਲਹਿ ਕੋ ਮਨੋ ਭੇਖ ਕੀਏ ॥

ਉਸ ਸਥਾਨ ਤੇ ਸਭਾ ਵਿਚ ਗੱਜ ਰਹੇ ਹਨ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਭ ਤਰ੍ਹਾਂ ਨਾਲ ਕਾਲ ਦਾ ਰੂਪ ਧਾਰਿਆ ਹੋਇਆ ਹੈ।

ਜਿਹ ਦੇਖਤਿ ਪ੍ਰਾਨ ਤਜੈ ਅਰਿ ਵਾ ਬਹੁ ਸੰਤ ਨਿਹਾਰ ਕੇ ਰੂਪ ਜੀਏ ॥੨੩੪੭॥

ਜਿਨ੍ਹਾਂ ਨੂੰ ਵੇਖ ਕੇ ਵੈਰੀ ਪ੍ਰਾਣ ਤਿਆਗ ਦਿੰਦੇ ਹਨ ਅਤੇ ਸੰਤ ਉਨ੍ਹਾਂ ਦਾ ਰੂਪ ਵੇਖ ਕੇ ਜੀਉਂਦੇ ਹਨ ॥੨੩੪੭॥

ਨ੍ਰਿਪ ਜੁਧਿਸਟਰ ਬਾਚ ਕਾਨ੍ਰਹ ਜੂ ਸੋ ॥

ਰਾਜਾ ਯੁਧਿਸ਼ਠਰ ਨੇ ਸ੍ਰੀ ਕ੍ਰਿਸ਼ਨ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਆਪ ਹੀ ਭੂਪ ਕਹੀ ਉਠ ਕੈ ਕਰ ਜੋਰਿ ਦੋਊ ਪ੍ਰਭ ਕ੍ਰੋਧ ਨਿਵਾਰੋ ॥

ਰਾਜਾ (ਯੁਧਿਸ਼ਠਰ) ਨੇ ਖੁਦ ਉਠ ਕੇ ਅਤੇ ਦੋਵੇਂ ਹੱਥ ਜੋੜ ਕੇ ਕਿਹਾ, ਹੇ ਪ੍ਰਭੂ! ਹੁਣ ਕ੍ਰੋਧ ਨੂੰ ਨਿਵਾਰੋ।

ਥੋ ਸਿਸੁਪਾਲ ਬਡੋ ਖਲ ਸੋ ਤੁਮ ਚਕ੍ਰਹਿ ਲੈ ਛਿਨ ਮਾਹਿ ਸੰਘਾਰੋ ॥

ਸ਼ਿਸ਼ੁਪਾਲ ਬਹੁਤ ਹੀ ਦੁਸ਼ਟ ਸੀ, ਉਸ ਨੂੰ ਤੁਸੀਂ ਚੱਕਰ ਲੈ ਕੇ ਛਿਣ ਭਰ ਵਿਚ ਮਾਰ ਦਿੱਤਾ ਹੈ।

ਯੌ ਕਹਿ ਪਾਇ ਰਹਿਯੋ ਗਹਿ ਕੈ ਦੁਹੂ ਆਪਨੇ ਨੈਨਨ ਤੇ ਜਲੁ ਢਾਰੋ ॥

ਇਸ ਤਰ੍ਹਾਂ ਕਹਿ ਕੇ (ਰਾਜੇ ਨੇ) ਦੋਵੇਂ ਪੈਰ ਫੜੇ ਹੋਏ ਹਨ ਅਤੇ ਆਪਣੀਆਂ ਅੱਖਾਂ ਤੋਂ ਹੰਝੂ ਵਗਾ ਰਿਹਾ ਹੈ।

ਕਾਨ੍ਰਹ ਜੂ ਜੋ ਤੁਮ ਰੋਸ ਕਰੋ ਤੋ ਕਹਾ ਤੁਮ ਸੋ ਬਸੁ ਹੈਬ ਹਮਾਰੋ ॥੨੩੪੮॥

ਹੇ ਕ੍ਰਿਸ਼ਨ ਜੀ! ਜੇ ਤੁਸੀਂ ਰੋਸ ਕਰੋ, ਤਾਂ ਸਾਡਾ ਤੁਹਾਡੇ ਉਤੇ ਕੀ ਵਸ ਚਲ ਸਕਦਾ ਹੈ ॥੨੩੪੮॥

ਦਾਸ ਕਹੈ ਬਿਨਤੀ ਕਰ ਜੋਰ ਕੈ ਸ੍ਯਾਮ ਭਨੈ ਹਰਿ ਜੂ ਸੁਨਿ ਲੀਜੈ ॥

(ਕਵੀ) ਸ਼ਿਆਮ ਕਹਿੰਦੇ ਹਲ, ਦਾਸ (ਰਾਜਾ ਯੁਧਿਸ਼ਠਰ) ਹੱਥ ਜੋੜ ਕੇ ਬੇਨਤੀ ਕਰਦਾ ਹੈ, ਹੇ ਕ੍ਰਿਸ਼ਨ ਜੀ! ਸੁਣ ਲਵੋ!

ਕੋਪ ਚਿਤੇ ਤੁਮਰੇ ਮਰੀਐ ਸੁ ਕ੍ਰਿਪਾ ਕਰਿ ਹੇਰਤ ਹੀ ਪਲ ਜੀਜੈ ॥

ਤੁਹਾਡਾ ਕ੍ਰੋਧ ਨਾਲ ਵੇਖਣਾ ਹੀ (ਸਾਡੇ ਲਈ) ਮਰਨ ਤੁਲ ਹੈ ਅਤੇ ਕ੍ਰਿਪਾ ਪੂਰਵਕ ਇਕ ਪਲ ਭਰ ਵੇਖਣਾ (ਸਾਡੇ ਲਈ) ਜੀਵਨ ਦਾਨ ਹੈ।

ਆਨੰਦ ਕੈ ਚਿਤਿ ਬੈਠੋ ਸਭਾ ਮਹਿ ਦੇਖਹੁ ਜਗ੍ਯ ਕੇ ਹੇਤੁ ਪਤੀਜੈ ॥

ਹੁਣ ਆਨੰਦ ਸਹਿਤ ਸਭਾ ਵਿਚ ਬੈਠੋ ਅਤੇ ਯੱਗ ਕਰਨ ਲਈ ਹੀ ਪਤੀਜ ਜਾਓ।

ਹਉ ਪ੍ਰਭੁ ਜਾਨ ਕਰੋ ਬਿਨਤੀ ਪ੍ਰਭੁ ਜੂ ਪੁਨਿ ਕੋਪ ਛਿਮਾਪਨ ਕੀਜੈ ॥੨੩੪੯॥

ਹੇ ਪ੍ਰਭੂ! ਮੈਂ (ਆਪ ਜੀ ਨੂੰ) ਪ੍ਰਭੂ ਜਾਣ ਕੇ ਬੇਨਤੀ ਕਰਦਾ ਹਾਂ, ਹੁਣ ਕ੍ਰੋਧ ਨੂੰ ਛਿਮਾ ਕਰ ਦਿਓ ॥੨੩੪੯॥

ਦੋਹਰਾ ॥

ਦੋਹਰਾ:

ਬੈਠਾਯੋ ਜਦੁਰਾਇ ਕੋ ਬਹੁ ਬਿਨਤੀ ਕਰਿ ਭੂਪ ॥

ਰਾਜਾ (ਯੁਧਿਸ਼ਠਰ) ਨੇ ਬਹੁਤ ਬੇਨਤੀ ਕਰ ਕੇ ਸ੍ਰੀ ਕ੍ਰਿਸ਼ਨ ਨੂੰ ਬਿਠਾ ਲਿਆ।

ਕੰਜਨ ਸੇ ਦ੍ਰਿਗ ਜਿਹ ਬਨੇ ਬਨਿਯੋ ਸੁ ਮੈਨ ਸਰੂਪ ॥੨੩੫੦॥

ਜਿਸ ਦੇ ਨੈਣ ਕਮਲ (ਦੇ ਫੁਲ) ਵਾਂਗ ਅਤੇ ਸਰੂਪ ਕਾਮਦੇਵ ਵਰਗਾ ਬਣਿਆ ਹੋਇਆ ਹੈ ॥੨੩੫੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਰਹ ਜੂ ਕੋ ਕੋਪ ਰਾਜਾ ਜੁਧਿਸਟਰ ਛਮਾਪਨ ਕਰਤ ਭਏ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਿਸਨਾਵਤਾਰ ਦੇ ਕਾਨ੍ਹ ਜੀ ਦੇ ਕ੍ਰੋਧ ਦੀ ਰਾਜਾ ਯੁਧਿਸ਼ਠਰ ਵਲੋਂ ਛਿਮਾ ਯਾਚਨਾ ਕਰਨ ਦੇ ਪ੍ਰਸੰਗ ਦੀ ਸਮਾਪਤੀ।

ਅਥ ਰਾਜਾ ਜੁਧਿਸਟਰ ਰਾਜਸੂਅ ਜਗ ਕਰਤ ਭਏ ॥

ਹੁਣ ਰਾਜਾ ਯੁਧਿਸ਼ਠਰ ਦਾ ਰਾਜਸੂ ਯੱਗ ਕਰਨਾ:

ਸਵੈਯਾ ॥

ਸਵੈਯਾ:

ਸਉਪੀ ਹੈ ਸੇਵ ਹੀ ਪਾਰਥ ਕਉ ਦਿਜ ਲੋਕਨ ਕੀ ਜੋ ਪੈ ਨੀਕੀ ਕਰੈ ॥

ਅਰਜਨ ਨੂੰ ਬ੍ਰਾਹਮਣਾਂ ਦੀ ਸੇਵਾ ਕਰਨੀ ਸੌਂਪੀ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਨਾਲ ਕਰਦਾ ਹੈ।

ਅਰੁ ਪੂਜ ਕਰੈ ਦੋਊ ਮਾਦ੍ਰੀ ਕੇ ਪੁਤ੍ਰ ਰਿਖੀਨ ਕੀ ਆਨੰਦ ਚਿਤਿ ਧਰੈ ॥

ਅਤੇ ਮਾਦ੍ਰੀ ਦੇ ਦੋਵੇਂ ਪੁੱਤਰਾਂ (ਨਕੁਲ ਅਤੇ ਸਹਿਦੇਵ) ਨੂੰ ਰਿਸ਼ੀਆਂ (ਦੀ ਸੇਵਾ ਉਤੇ ਲਗਾਇਆ ਹੈ) ਜੋ ਆਨੰਦ ਸਹਿਤ ਕਰਦੇ ਹਨ।

ਭਯੋ ਭੀਮ ਰਸੋਈਆ ਦ੍ਰਜੋਧਨ ਧਾਮ ਪੈ ਬ੍ਯਾਸ ਤੇ ਆਦਿਕ ਬੇਦ ਰਰੈ ॥

ਭੀਮ ਰਸੋਈਆ ਬਣਿਆ ਹੈ ਅਤੇ ਦੁਰਯੋਧਨ ਨੂੰ ਘਰ ਦਾ (ਕੰਮ ਦਿੱਤਾ ਹੈ)। ਵੇਦ ਵਿਆਸ ਆਦਿਕ ਵੇਦਾਂ ਦਾ ਪਾਠ ਕਰਦੇ ਹਨ।

ਕੀਯੋ ਸੂਰ ਕੋ ਬਾਲਕ ਕੈਬੇ ਕੋ ਦਾਨ ਸੁ ਜਾਹੀ ਤੇ ਚਉਦਹ ਲੋਕ ਡਰੈ ॥੨੩੫੧॥

ਸੂਰਜ ਦੇ ਬਾਲਕ (ਕਰਨ) ਨੂੰ ਦਾਨ ਕਰਨ ਉਤੇ ਲਗਾਇਆ ਹੈ ਜਿਸ ਤੋਂ ਚੌਦਾਂ ਲੋਕ ਹੀ ਡਰਦੇ ਹਨ ॥੨੩੫੧॥

ਸੂਰਜ ਚੰਦ ਗਨੇਸ ਮਹੇਸ ਸਦਾ ਉਠ ਕੈ ਜਿਹ ਧਿਆਨ ਧਰੈ ॥

ਸੂਰਜ, ਚੰਦ੍ਰਮਾ, ਗਣੇਸ਼, ਸ਼ਿਵ ਉਠ ਕੇ ਜਿਸ ਦਾ ਸਦਾ ਧਿਆਨ ਧਰਦੇ ਹਨ।

ਅਰੁ ਨਾਰਦ ਸੋ ਸੁਕ ਸੋ ਦਿਜ ਬ੍ਯਾਸ ਸੋ ਸ੍ਯਾਮ ਭਨੈ ਜਿਹ ਜਾਪ ਰਰੈ ॥

(ਕਵੀ) ਸ਼ਿਆਮ ਕਹਿੰਦੇ ਹਨ, ਕਿ ਨਾਰਦ ਵਰਗੇ, ਸੁਕਦੇਵ ਜਿਹੇ ਅਤੇ ਵਿਆਸ ਵਰਗੇ ਬ੍ਰਾਹਮਣ ਜਿਸ ਦਾ ਜਾਪ ਕਰਦੇ ਹਨ,

ਜਿਹਾ ਮਾਰ ਦਯੋ ਸਿਸੁਪਾਲ ਬਲੀ ਜਿਹ ਕੇ ਬਲ ਤੇ ਸਭ ਲੋਕੁ ਡਰੈ ॥

ਜਿਸ ਨੇ ਸ਼ਿਸ਼ੁਪਾਲ ਸੂਰਮੇ ਨੂੰ ਮਾਰ ਦਿੱਤਾ ਹੈ ਅਤੇ ਜਿਸ ਦੇ ਬਲ ਤੋਂ ਸਾਰੇ ਲੋਕ ਡਰਦੇ ਹਨ,

ਅਬ ਬਿਪਨ ਕੇ ਪਗ ਧੋਵਤ ਹੈ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੩੫੨॥

(ਉਹ) ਹੁਣ ਬ੍ਰਾਹਮਣਾਂ ਦੇ ਪੈਰ ਧੋ ਰਿਹਾ ਹੈ। ਸ੍ਰੀ ਕ੍ਰਿਸ਼ਨ ਤੋਂ ਬਿਨਾ ਅਜਿਹਾ ਹੋਰ ਕੌਣ ਕਰ ਸਕਦਾ ਹੈ ॥੨੩੫੨॥

ਆਹਵ ਕੈ ਸੰਗ ਸਤ੍ਰਨ ਕੇ ਤਿਨ ਤੇ ਕਬਿ ਸ੍ਯਾਮ ਭਨੈ ਧਨੁ ਲੀਨੋ ॥

ਕਵੀ ਸ਼ਿਆਮ ਕਹਿੰਦੇ ਹਨ, ਵੈਰੀਆਂ ਨਾਲ ਯੁੱਧ ਕਰ ਕੇ ਉਨ੍ਹਾਂ ਤੋਂ ਜੋ ਧਨ ਵਸੂਲ ਕੀਤਾ ਹੈ,

ਬਿਪ੍ਰਨ ਕੋ ਜਿਮ ਬੇਦ ਕੇ ਬੀਚ ਲਿਖੀ ਬਿਧਿ ਹੀ ਤਿਹੀ ਭਾਤਹਿ ਦੀਨੋ ॥

ਉਹ ਵੇਦ ਵਿਚ ਲਿਖੀ ਵਿਧੀ ਅਨੁਸਾਰ ਉਨ੍ਹਾਂ ਬ੍ਰਾਹਮਣਾਂ ਵਿਚ ਵੰਡ ਦਿੱਤਾ ਹੈ।

ਏਕਨ ਕੋ ਸਨਮਾਨ ਕੀਯੋ ਅਰ ਏਕਨ ਦੈ ਸਭ ਸਾਜ ਨਵੀਨੋ ॥

ਇਕਨਾਂ ਦਾ ਆਦਰ-ਮਾਣ ਕੀਤਾ ਹੈ ਅਤੇ ਇਕਨਾਂ ਨੂੰ ਨਵੇਂ ਸਾਜ਼ ਸਾਮਾਨ ਦਿੱਤੇ ਹਨ।

ਭੂਪ ਜੁਧਿਸਟਰ ਤਉਨ ਸਮੈ ਸੁ ਸਭੈ ਬਿਧਿ ਜਗਿ ਸੰਪੂਰਨ ਕੀਨੋ ॥੨੩੫੩॥

ਰਾਜਾ ਯੁਧਿਸ਼ਠਰ ਨੇ ਉਸ ਸਮੇਂ ਸਾਰੀਆਂ ਵਿਧੀਆਂ ਨਾਲ ਯੱਗ ਸੰਪੂਰਨ ਕੀਤਾ ਹੈ ॥੨੩੫੩॥

ਨ੍ਰਹਾਨ ਗਯੋ ਸਰਤਾ ਦਯੋ ਦਾਨ ਸੁ ਦੈ ਜਲ ਪੈ ਪੁਰਖਾ ਰਿਝਵਾਏ ॥

ਨਦੀ ਉਤੇ ਇਸ਼ਨਾਨ ਕਰਨ ਗਏ ਨੇ ਦਾਨ ਦਿੱਤਾ ਹੈ ਅਤੇ ਜਲਾਂਜਲੀ ਦੇ ਕੇ ਪੁਰਖਿਆਂ ਨੂੰ ਪ੍ਰਸੰਨ ਕੀਤਾ ਹੈ।

ਜਾਚਕ ਥੇ ਤਿਹ ਠਉਰ ਜਿਤੇ ਧਨ ਦੀਨ ਘਨੋ ਤਿਨ ਕਉ ਸੁ ਅਘਾਏ ॥

ਉਥੇ ਜਿਤਨੇ ਯਾਚਕ ਸਨ, ਉਨ੍ਹਾਂ ਨੂੰ ਬਹੁਤ ਅਧਿਕ ਧਨ ਦੇ ਕੇ ਰਜਾ ਦਿੱਤਾ ਹੈ।