ਤਦ ਸਸਿਯਾ ਨੇ ਚਿਤ ਵਿਚ ਤਿੜਕ ਕੇ ਇਸ ਦਾ ਉਪਾ ਕੀਤਾ
ਅਤੇ ਜਿਤਨੀਆਂ ਸਿਆਣੀਆਂ ਸਖੀਆਂ ਸਨ, ਉਨ੍ਹਾਂ ਸਾਰੀਆਂ ਨੂੰ ਬੁਲਾ ਲਿਆ ॥੧੮॥
ਚੌਪਈ:
ਤਦ ਸਖੀਆਂ ਨੇ ਇਹ ਉਪਾ ਕੀਤਾ
ਅਤੇ ਜੰਤ੍ਰ ਮੰਤ੍ਰ ਕਰ ਕੇ (ਪੁੰਨੂੰ ਨੂੰ) ਬੁਲਾ ਲਿਆ।
(ਉਸ ਦਾ) ਸਸਿਯਾ ਨਾਲ ਬਹੁਤ ਪ੍ਰੇਮ ਹੋ ਗਿਆ
ਅਤੇ (ਉਸ ਨੇ) ਪਹਿਲੀਆਂ ਇਸਤਰੀਆਂ ਨੂੰ ਭੁਲਾ ਦਿੱਤਾ ॥੧੯॥
(ਉਹ) ਉਸ ਨਾਲ ਭਾਂਤ ਭਾਂਤ ਦਾ ਪ੍ਰੇਮ ਕਰਦਾ
ਅਤੇ ਇਕ ਸਾਲ ਨੂੰ ਇਕ ਦਿਨ ਜਿਤਨਾ ਸਮਝਦਾ।
ਉਸ ਵਿਚ ਰਾਜਾ ਇਤਨਾ ਮਗਨ ਹੋ ਗਿਆ
ਕਿ ਰਾਜ ਅਤੇ ਘਰ ਦੇ ਸਾਰੇ (ਕੰਮ) ਭੁਲ ਗਿਆ ॥੨੦॥
ਦੋਹਰਾ:
ਇਕ ਇਸਤਰੀ, ਦੂਜੇ ਅਕਲਮੰਦ ਅਤੇ ਤੀਜੇ ਜਵਾਨ ਨੂੰ ਪ੍ਰਾਪਤ ਕਰ ਕੇ
(ਉਹ ਸਦਾ) ਚਾਹੁੰਦਾ ਕਿ ਛਾਤੀ ਨਾਲ ਲਗੀ ਰਹੇ। (ਉਸ ਨੂੰ) ਛਿਣ ਭਰ ਲਈ ਵੀ ਛਡਿਆ ਨਹੀਂ ਜਾ ਸਕਦਾ ਸੀ ॥੨੧॥
ਚੌਪਈ:
(ਸਸਿਯਾ ਵੀ) ਰਾਤ ਦਿਨ ਉਸ ਨਾਲ ਪ੍ਰੇਮ-ਕੀੜਾ ਕਰਦੀ ਸੀ
ਅਤੇ ਪ੍ਰਾਣਾਂ ਤੋਂ ਪਿਆਰਾ ਸਮਝਦੀ ਸੀ।
(ਹਰ ਵੇਲੇ) ਉਸ ਦੀ ਛਾਤੀ ਨਾਲ ਲਗੀ ਰਹਿੰਦੀ
ਜਿਸ ਤਰ੍ਹਾਂ ਮੱਖੀ ਗੁੜ ਨਾਲ (ਚਿਪਕੀ) ਰਹਿੰਦੀ ਹੈ ॥੨੨॥
ਸਵੈਯਾ:
ਪ੍ਰੀਤਮ ਦੇ ਅਨੂਪਮ ਖ਼ਿਆਲ ਦੇ ਆਣ ਨਾਲ ਹੀ ਉਹ ਇਸਤਰੀ ਮਨ ਵਿਚ ਰੀਝ ਜਾਂਦੀ।
ਉਹ ਦੋਵੇਂ ਇਸਤਰੀ ਅਤੇ ਪੁਰਸ਼ ਪ੍ਰੇਮ ਰਸ ਵਿਚ ਲੀਨ ਰਹਿੰਦੇ (ਅਤੇ ਇਕ ਦੂਜੇ ਨੂੰ) ਵੇਖ ਕੇ ਬਲਿਹਾਰੇ ਜਾਂਦੇ।
ਕਾਮ ਦੀ ਖਿਚੀ ਹੋਈ ਉਹ ਸੱਸੀ, ਜਿਸ ਦੀ ਚੰਦ੍ਰਮਾ ਵਰਗੀ ਚਮਕ ਹੈ, ਮਿਤਰ ਨਾਲ ਨ।ਣ ਮਿਲਣ ਤੇ ਹਸ ਪੈਂਦੀ।
ਉਹ (ਸਸਿਯਾ) ਕਮਲੀ ਹੋਈ ਯਾਰ ਦੀ ਛਬੀ ਨੂੰ ਪ੍ਰਾਪਤ ਕਰ ਕੇ ਤ੍ਰਿਪਤ ਨਹੀਂ ਹੁੰਦੀ ॥੨੩॥
ਕਬਿੱਤ:
ਜੋਬਨ ਦੇ ਜ਼ੋਰ ਨਾਲ ਜ਼ਬਰਦਸਤੀ ਪ੍ਰੀਤ ਜਾਗ ਪਈ ਹੈ (ਜੋ ਉਸ) ਜ਼ਾਲਮ (ਪੁੰਨੂੰ) ਨਾਲ ਜਗਤ ਤੋਂ ਨਿਆਰੀ ਹੈ, (ਜਿਸ ਕਰ ਕੇ) ਚਿਤ ਦੀ ਸੁੱਧ ਬੁੱਧ ਭੁਲ ਗਈ ਹੈ।
ਉਹ ਰਾਤ ਦਿਨ ਉਸ ਦੀ ਛਬੀ ਵਿਚ ਇੰਜ ਲੀਨ ਰਹਿੰਦੀ ਜਿਵੇਂ (ਰਾਜਾ) ਰਾਜਨੀਤੀ ਵਿਚ ਪੂਰੀ ਤਰ੍ਹਾਂ ਮਗਨ ਰਹਿ ਕੇ ਇਕਮਿਕ ਹੋ ਜਾਂਦਾ ਹੈ।
ਉਸ (ਪੁੰਨੂੰ) ਦਾ ਸ਼ਿੰਗਾਰ ਆਪ ਹੀ ਕਰਦੀ ਅਤੇ ਨਾਲ ਦੀਆਂ ਸਖੀਆਂ ਦੀ ਜ਼ਰਾ ਲੋੜ ਨਾ ਸਮਝਦੀ।
ਸ਼ਰੀਰ ('ਅੰਗ') ਨਾਲ ਲਿਪਟੀ ਰਹਿੰਦੀ ਅਤੇ ਮੁਖ ਘੁਟ ਕੇ ਬਲਿਹਾਰੀ ਜਾਂਦੀ। ਇਸ ਤਰ੍ਹਾਂ ਦੀ ਪ੍ਰੀਤਮ ਨਾਲ ਪ੍ਰੀਤ ਕਰਨ ਉਹ ਪਿਆਰੀ ਜਾਣਦੀ ਸੀ ॥੨੪॥
ਦੋਹਰਾ:
ਪ੍ਰੀਤਮ ਦਾ ਰੂਪ ਬਹੁਤ ਮਨਮੋਹਕ ਹੈ ਅਤੇ ਉਸ ਦੇ ਨੈਣ ਅਣਮੁਲੇ ਹਨ।
ਟੇਢੇ ਨੈਣਾਂ ਦਾ ਧਨ ਖ਼ਰਚ ਕੇ ਮੇਰੇ ਮਨ ਨੂੰ (ਉਨ੍ਹਾਂ ਨੇ) ਮੁਲ ਖ਼ਰੀਦ ਲਿਆ ਹੈ ॥੨੫॥
ਸਵੈਯਾ:
ਉਹ ਇਸਤਰੀ (ਸਸਿਯਾ) ਉਸ ਰੂਪ ਦੇ ਖ਼ਜ਼ਾਨੇ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ ਸੀ।
ਪ੍ਰੀਤਮ ਦਾ ਖ਼ਿਆਲ ਕਰਦਿਆਂ ਹੀ ਸਭ (ਸਖੀਆਂ) ਦੀ ਸਾਰੀ ਸਿਆਣਪ ਅਣਜਾਣ ਪੁਣੇ ਵਿਚ ਬਦਲ ਗਈ।
ਸਭ ਤਰ੍ਹਾਂ ਦੇ ਸਾਜ-ਸਜਾ ਤੇ ਲਾਜ ਨੂੰ ਤਿਆਗ ਕੇ ਸਾਰੀਆਂ ਸਿਆਣੀਆਂ ਸਖੀਆਂ ਵੇਖ ਰਹੀਆਂ ਸਨ।
ਉਹ ਮਨ ਨੂੰ ਰੋਕ ਰਹੀਆਂ ਸਨ, ਪਰ ਬਿਨਾ ਦਾਮ ਦੇ ਮਿਤਰ ਦੇ ਹੱਥ ਵਿਕੀਆਂ ਹੋਈਆਂ ਸਨ ॥੨੬॥
ਸਸਿਯਾ ਨੇ ਕਿਹਾ:
ਹੇ ਸਖੀ! ਉਸ ਦੀ ਸੰਗਤ ਤੋਂ ਬਿਨਾ ਸਾਰੇ ਅੰਗਾਂ ਵਿਚ ਸ਼ਿਵ ਦਾ ਵੈਰੀ (ਕਾਮ ਦੇਵ) ਜਾਗ ਪਿਆ ਹੈ।
ਤਦ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ ਅਤੇ ਸਾਰਾ ਖਾਣਾ ਪੀਣਾ ਅਤੇ ਸਿਆਣਪ ਖ਼ਤਮ ਹੋ ਗਈ ਹੈ।
(ਉਸ ਦੇ ਪ੍ਰੇਮ ਨੂੰ ਮੈਂ) ਚਿਤ ਤੋਂ ਝਟਕੇ ਦੇ ਕੇ ਪਟਕਣਾ ਚਾਹੁੰਦੀ ਹਾਂ, ਪਰ ਇਸ ਤਰ੍ਹਾਂ ਦਾ ਨੇਹੁ ਲਗਾ ਹੈ ਕਿ ਛੁਟਦਾ ਹੀ ਨਹੀਂ।
ਬਲਿਹਾਰੀ ਜਾਵਾਂ, ਮੈਂ ਜੋ ਠਗ ਨੂੰ ਠਗਣ ਗਈ ਸਾਂ, ਮੈਂ ਠਗ ਨੂੰ ਠਗ ਨਾ ਸਕੀ, ਸਗੋਂ ਠਗ ਨੇ ਮੈਨੂੰ ਠਗ ਲਿਆ ॥੨੭॥
ਕਬਿੱਤ:
(ਮੈਂ) ਉਸ ਦਾ ਮੁਖ ਵੇਖ ਕੇ ਜੀਵਾਂਗੀ ਅਤੇ ਵੇਖੇ ਬਿਨਾ ਪਾਣੀ ਵੀ ਨਹੀਂ ਪੀਵਾਂਗੀ, ਮਾਤਾ ਪਿਤਾ ਨੂੰ ਤਿਆਗ ਦਿਆਂਗੀ, ਇਹੀ ਭਰੋਸੇ ਦੀ ਗੱਲ ਹੈ।
(ਮੈਂ ਤਾਂ) ਅਜਿਹਾ ਪ੍ਰਣ ਲਵਾਂਗੀ ਕਿ ਜੋ ਪ੍ਰੀਤਮ ਕਹੇਗਾ, ਉਹੀ ਕੰਮ ਕਰਾਂਗੀ, (ਉਸ ਨੂੰ) ਬਹੁਤ ਪ੍ਰਸੰਨ ਕਰਾਂਗੀ, ਇਹੀ ਰਾਜਨੀਤੀ ਦੀ ਸਿਖਿਆ ਹੈ।
(ਉਹ) ਜੋ ਕਹੇਗਾ, (ਉਹੀ) ਕਹਾਂਗੀ, ਜੋ ਕਹੇਗਾ ਤਾਂ ਪਾਣੀ ਭਰ ਲਿਆਵਾਂਗੀ, (ਉਸ ਨੂੰ) ਵੇਖ ਕੇ ਬਲਿਹਾਰੀ ਜਾਵਾਂਗੀ, ਹੇ ਸਖੀ! (ਮੇਰੇ) ਚਿਤ ਦੀ ਗੱਲ ਸੁਣ ਲੈ।
(ਉਸ ਨਾਲ) ਭੈੜੀ ਪ੍ਰੀਤ ਦੇ ਲਗਣ ਨਾਲ ਨੀਂਦਰ ਅਤੇ ਭੁਖ ਚਲੀ ਗਈ ਹੈ। (ਉਹ) ਮੇਰਾ ਪਿਆਰਾ ਮਿਤਰ ਹੈ ਅਤੇ (ਮੈਂ ਉਸ) ਮਿਤਰ ਦੀ ਪਿਆਰੀ ਹਾਂ ॥੨੮॥
ਚੌਪਈ:
ਇਹ ਸਾਰੀ ਗੱਲ ਉਸ (ਰਾਣੀ) ਨੇ ਸੁਣ ਲਈ
(ਅਤੇ ਸੋਚਣ ਲਗੀ ਕਿ) ਪਹਿਲਾਂ ਵਿਆਹੀ ਹੋਈ ਮੈਂ ਇਸ ਘਰ ਵਿਚ ਆਈ ਹਾਂ।
ਉਸ ਤੋਂ ਪ੍ਰੀਤ ਦੀ ਗੱਲ ਸੁਣ ਕੇ ਗੁੱਸੇ ਨਾਲ ਭਰ ਗਈ
ਅਤੇ ਆਪਣੇ ਸੂਰਮੇ ਇਕੱਠੇ ਕਰ ਕੇ ਸਲਾਹ ਕੀਤੀ ॥੨੯॥
(ਮੈਂ ਸਮਝਾਂਗੀ ਕਿ) ਪਿਤਾ ਦੇ ਘਰ ਕੁਆਰੀ ਹੀ ਰਹੀ ਹਾਂ,
(ਜਾਂ) ਬੈਰਾਗਣ ਹੋ ਕੇ ਗੋਦੜੀ ਧਾਰਨ ਕਰ ਲਵਾਂਗੀ।
ਆਪਣੇ ਪਤੀ ਦਾ ਕਤਲ ਕਰ ਦਿਆਂਗੀ
ਅਤੇ ਪੁੱਤਰ ਦੇ ਸਿਰ ਤੇ ਰਾਜ ਛਤ੍ਰ ਧਰਾਂਗੀ ॥੩੦॥
ਜਾਂ ਘਰ ਛਡ ਕੇ ਤੀਰਥਾਂ ਉਤੇ ਚਲੀ ਜਾਵਾਂਗੀ
ਮਾਨੋ ਚੰਦ੍ਰਬ੍ਰਤ ਧਾਰਨ ਕੀਤਾ ਹੋਇਆ ਹੋਵੇ।
(ਮੈਂ) ਇਸ ਸੁਹਾਗ ਨਾਲੋਂ ਵਿਧਵਾ ਚੰਗੀ ਹਾਂ।
ਇਸ ਦਾ ਰਾਜ-ਐਸ਼ਵਰਜ ਮੈਨੂੰ ਫਿਕਾ ਲਗਦਾ ਹੈ ॥੩੧॥
ਦੋਹਰਾ:
ਜੇ ਕੋਈ ਮੇਰੇ ਪਤੀ ਨੂੰ ਸ਼ਿਕਾਰ ਖੇਡਦਿਆਂ ਮਾਰ ਦੇਵੇ,
ਤਾਂ ਸਸਿਯਾ ਵੀ ਸੁਣ ਕੇ ਮਰ ਜਾਏਗੀ ਅਤੇ ਉਹ ਜੀਉਂਦੀ ਨਹੀਂ ਬਚੇਗੀ ॥੩੨॥
ਚੌਪਈ:
ਉਸ ਨੇ ਬੈਠ ਕੇ ਇਹ ਮਤਾ ਪਕਾਇਆ
ਅਤੇ ਬਹੁਤ ਸਾਰਾ ਧਨ ਦੇ ਕੇ ਦੂਤ ਨੂੰ ਭੇਜਿਆ।
(ਉਸ ਦੂਤ ਨੇ ਵਿਸ਼ਵਾਸ ਦਿਵਾਇਆ ਕਿ) ਜਦੋਂ ਰਾਜਾ ਸ਼ਿਕਾਰ ਖੇਡ ਰਿਹਾ ਹੋਵੇਗਾ
ਤਾਂ ਮੇਰਾ ਬਾਣ ਉਸ ਦੀ ਛਾਤੀ ਵਿਚ ਖੁਭੇਗਾ ॥੩੩॥
ਜਦੋਂ ਪੁੰਨੂੰ ਦਾ ਕਾਲ ਨੇੜੇ ਆ ਗਿਆ
ਤਾਂ ਉਹ ਸ਼ਿਕਾਰ ਨੂੰ ਚਲਾ ਗਿਆ।
ਜਦ (ਉਹ) ਸੰਘਣੇ ਬਨ ਵਿਚ ਪਹੁੰਚਿਆ
ਤਾਂ ਵੈਰੀ ਨੇ ਧਨੁਸ਼ ਖਿਚ ਕੇ ਤੀਰ ਮਾਰਿਆ ॥੩੪॥