ਸ਼੍ਰੀ ਦਸਮ ਗ੍ਰੰਥ

ਅੰਗ - 1368


ਕਹੂੰ ਬੀਰ ਮਾਰੇ ਗਿਰੇ ਭੂਮਿ ਮੋਹੈ ॥੧੩੭॥

ਕਿਤੇ ਮਾਰੇ ਹੋਏ ਸੂਰਮੇ ਧਰਤੀ ਉਤੇ ਡਿਗੇ ਹੋਏ ਮੋਹ ਰਹੇ ਸਨ ॥੧੩੭॥

ਜਿਤੇ ਸ੍ਰੋਨ ਕੇ ਬੂੰਦ ਭੂ ਪੈ ਪਰੇ ਹੈ ॥

ਲਹੂ ਦੀਆਂ ਜਿਤਨੀਆਂ ਵੀ ਬੂੰਦਾਂ ਧਰਤੀ ਉਤੇ ਪਈਆਂ,

ਤਿਤੇ ਦਾਨਵੋ ਰੂਪ ਬਾਕੇ ਧਰੇ ਹੈ ॥

ਉਤਨੇ ਹੀ ਦੈਂਤਾਂ ਨੇ ਬਾਂਕੇ ਰੂਪ ਧਾਰ ਲਏ।

ਹਠੀ ਓਰ ਚਾਰੌ ਬਿਖੈ ਆਨਿ ਢੂਕੇ ॥

(ਉਹ) ਹਠੀ ਚੌਹਾਂ ਪਾਸਿਆਂ ਤੋਂ ਆ ਢੁਕੇ

ਮਹਾ ਕੋਪ ਕੈ ਮਾਰ ਹੀ ਮਾਰਿ ਕੂਕੈ ॥੧੩੮॥

ਅਤੇ ਬਹੁਤ ਕ੍ਰੋਧਿਤ ਹੋ ਕੇ 'ਮਾਰੋ ਮਾਰੋ' ਪੁਕਾਰਨ ਲਗੇ ॥੧੩੮॥

ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥

ਜਿਤਨੇ ਵੀ ਦੈਂਤ ਆਏ, ਉਨ੍ਹਾਂ ਨੂੰ ਕਾਲ ਨੇ ਮਾਰ ਦਿੱਤਾ।

ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥

ਧਰਤੀ ਉਤੇ ਲਹੂ ਦੇ ਪਰਨਾਲੇ ਵਗਣ ਲਗੇ।

ਉਠ ਦੈਤ ਬਾਕੇ ਬਲੀ ਸਸਤ੍ਰ ਲੈ ਕੈ ॥

(ਉਸ ਲਹੂ ਤੋਂ) ਬਾਂਕੇ ਬਲਵਾਨ ਦੈਂਤ ਸ਼ਸਤ੍ਰ ਲੈ ਕੇ ਉਠ ਖੜੋਤੇ।

ਦੁਹੂੰ ਓਰ ਤੇ ਮਾਰ ਹੀ ਮਾਰਿ ਕੈ ਕੈ ॥੧੩੯॥

ਦੋਹਾਂ ਪਾਸਿਆਂ ਤੋਂ 'ਮਾਰੋ ਮਾਰੋ' ਦੀਆਂ ਆਵਾਜ਼ਾਂ ਆਣ ਲਗੀਆਂ ॥੧੩੯॥

ਹਠੀ ਬਧਿ ਗੋਪਾ ਗੁਲਿਤ੍ਰਾਨ ਬਾਕੇ ॥

ਹਠੀ ਬਾਂਕੇ ਸੂਰਮਿਆਂ ਨੇ ਗੋਪੇ ਅਤੇ ਲੋਹੇ ਦੇ ਦਸਤਾਨੇ ('ਗੁਲਿਤ੍ਰਾਨ') ਪਾਏ ਹੋਏ ਸਨ।

ਹਠੀਲੇ ਕਟੀਲੇ ਰਜੀਲੇ ਨਿਸਾਕੇ ॥

(ਉਹ) ਬੜੇ ਹਠੀਲੇ, ਕਟੀਲੇ (ਕਟਣ ਵਲੇ) ਕਠੋਰ ('ਰਜੀਲੇ') ਅਤੇ ਨਿਡਰ ('ਨਿਸਾਕੇ') ਸਨ।

ਗਦਾ ਹਾਥ ਲੈ ਕੇ ਕਿਤੇ ਬੀਰ ਗਾਜੇ ॥

ਕਿਤਨੇ ਸ਼ੂਰਵੀਰ ਹੱਥ ਵਿਚ ਗਦਾਵਾਂ ਲੈ ਕੇ ਗਜ ਰਹੇ ਸਨ।

ਲਰੇ ਆਨਿ ਕੈ ਪੈਗ ਦ੍ਵੈ ਕੈ ਨ ਭਾਜੇ ॥੧੪੦॥

(ਉਹ) ਆ ਕੇ ਯੁੱਧ ਵਿਚ ਲੜਦੇ ਸਨ ਅਤੇ ਦੋ ਪੈਰ ਵੀ ਪਿਛੇ ਹਟਾ ਕੇ ਭਜਦੇ ਨਹੀਂ ਸਨ ॥੧੪੦॥

ਕਹੂੰ ਬੀਰ ਮਾਰੇ ਬਿਦਾਰੇ ਪਰੇ ਹੈ ॥

ਕਿਤੇ ਸੂਰਮੇ ਮਾਰੇ ਅਤੇ ਚੀਰੇ ਪਾੜੇ ਪਏ ਸਨ।

ਕਹੂੰ ਖੇਤ ਮੈ ਖਿੰਗ ਖਤ੍ਰੀ ਜਰੇ ਹੈ ॥

ਕਿਤੇ ਯੁੱਧ-ਖੇਤਰ ਵਿਚ ਘੋੜੇ ਅਤੇ ਛਤ੍ਰੀ ਝੜੇ ਪਏ ਸਨ।

ਕਹੂੰ ਮਤ ਦੰਤੀ ਕਹੂੰ ਉਸਟ ਮਾਰੇ ॥

ਕਿਤੇ ਮਸਤ ਹਾਥੀ ਅਤੇ ਕਿਤੇ ਊਠ ਮਾਰੇ ਹੋਏ ਪਏ ਸਨ

ਬਿਰਾਜੈ ਕਹੂੰ ਨਗਨ ਖੰਡੇ ਕਟਾਰੇ ॥੧੪੧॥

ਅਤੇ ਕਿਤੇ ਨੰਗੇ ਖੰਡੇ ਅਤੇ ਕਟਾਰਾਂ ਪਈਆਂ ਸਨ ॥੧੪੧॥

ਕਹੂੰ ਖੋਲ ਖਾਡੇ ਗਿਰੇ ਭੂਮਿ ਸੋਹੈ ॥

ਕਿਤੇ ਤਲਵਾਰਾਂ ਦੇ ਮਿਆਨ ਭੂਮੀ ਉਤੇ ਡਿਗੇ ਪਏ ਸਨ।

ਕਹੂੰ ਬੀਰ ਬਾਨੀ ਪਰੇ ਭੂਮਿ ਮੋਹੈ ॥

ਕਿਤੇ ਪ੍ਰਮੁਖ ('ਬਾਨੀ') ਸੂਰਮੇ ਭੂਮੀ ਉਤੇ ਪਏ ਹੋਏ ਮੋਹ ਰਹੇ ਸਨ।

ਕਹੂੰ ਸ੍ਵਾਰ ਮਾਰੇ ਫਿਰੈ ਬਾਜ ਛੂਟੈ ॥

ਕਿਤੇ ਸਵਾਰਾਂ ਦੇ ਮਾਰੇ ਜਾਣ ਕਰ ਕੇ ਘੋੜੇ ਖੁਲ੍ਹੇ ਫਿਰ ਰਹੇ ਸਨ।

ਕਿਤੇ ਛੈਲ ਛੋਰੇ ਕਿਤੇ ਦੁਸਟ ਲੂਟੈ ॥੧੪੨॥

ਕਿਤੇ ਛੈਲ ਛਬੀਲੇ ਅਤੇ ਕਿਤੇ ਦੁਸ਼ਟ (ਵੈਰੀ) ਲੁਟੇ ਪੁਟੇ ਪਏ ਸਨ ॥੧੪੨॥

ਚੌਪਈ ॥

ਚੌਪਈ:

ਇਹ ਬਿਧਿ ਤਹਾ ਭਯੋ ਸੰਗ੍ਰਾਮਾ ॥

ਇਸ ਤਰ੍ਹਾਂ ਦਾ ਉਥੇ ਘਮਸਾਨ ਯੁੱਧ ਹੋਇਆ

ਨਿਰਖਤ ਦੇਵ ਦਾਨਵੀ ਬਾਮਾ ॥

ਜਿਸ ਨੂੰ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਵੇਖ ਰਹੀਆਂ ਸਨ।

ਕੇਤਿਕ ਕਰੀ ਕਰਨ ਬਿਨੁ ਭਏ ॥

ਕਿਤਨੇ ਹੀ ਹਾਥੀ ਬਿਨਾ ਕੰਨਾਂ ਦੇ ਹੋ ਗਏ

ਪ੍ਰਾਪਤ ਦੁਸਟ ਨਿਧਨ ਕਹ ਗਏ ॥੧੪੩॥

ਅਤੇ ਦੁਸ਼ਟ ਲੋਗ ਮ੍ਰਿਤੂ ਨੂੰ ਪ੍ਰਾਪਤ ਹੋ ਗਏ ॥੧੪੩॥

ਮਾਰਹਿ ਮਾਰਿ ਮਹਾ ਸੂਰ ਕੂਕਹਿ ॥

ਮਹਾਨ ਸੂਰਮੇ 'ਮਾਰੋ' 'ਮਾਰੋ' ਕੂਕ ਰਹੇ ਸਨ

ਕਾਢਿ ਕਾਢਿ ਦਾਤਨ ਕਹ ਢੂਕਹਿ ॥

ਅਤੇ ਦੰਦ ਕਢ ਕਢ ਕੇ ਢੁਕ ਰਹੇ ਸਨ।

ਬਾਜਹਿ ਢੋਲ ਮ੍ਰਿਦੰਗ ਨਗਾਰੇ ॥

ਢੋਲ, ਮ੍ਰਿਦੰਗ, ਜੰਗ,

ਜੰਗ ਮਚੰਗ ਉਪੰਗ ਜੁਝਾਰੇ ॥੧੪੪॥

ਮਚੰਗ, ਉਪੰਗ ਅਤੇ ਜੰਗੀ ਨਗਾਰੇ ਵਜ ਰਹੇ ਸਨ ॥੧੪੪॥

ਜਿਹ ਤਨ ਕਾਲ ਬਿਸਿਖ ਕੀ ਮਾਰੈ ॥

ਜਿਸ ਦੇ ਸ਼ਰੀਰ ਉਤੇ ਕਾਲ ਬਾਣ ਮਾਰਦਾ ਸੀ,

ਤਾ ਕਹ ਤਹੀ ਚੂਰ ਕਰਿ ਡਾਰੈ ॥

ਉਸ ਨੂੰ ਉਥੇ ਹੀ ਚੂਰ ਚੂਰ ਕਰ ਦਿੰਦਾ ਸੀ।

ਜਾ ਕਰ ਕੋਪਿ ਕ੍ਰਿਪਾਨ ਪ੍ਰਹਾਰਤ ॥

ਜਿਸ ਉਤੇ ਕ੍ਰੋਧਿਤ ਹੋ ਕੇ ਤਲਵਾਰ ਦਾ ਵਾਰ ਕਰਦਾ ਸੀ,

ਤਿਹ ਕਾ ਮੂੰਡ ਕਾਟਿ ਹੀ ਡਾਰਤ ॥੧੪੫॥

ਉਸ ਦਾ ਸਿਰ ਹੀ ਕਟ ਸੁਟਦਾ ਸੀ ॥੧੪੫॥

ਇਹ ਬਿਧਿ ਭਯੋ ਭਯਾਨਕ ਜੁਧਾ ॥

ਇਸ ਤਰ੍ਹਾਂ ਦਾ ਭਿਆਨਕ ਯੁੱਧ ਹੋਇਆ।

ਉਪਜਾ ਕਛੁਕ ਕਾਲ ਕੇ ਕ੍ਰਧਾ ॥

ਕਾਲ ਨੂੰ ਵੀ ਕੁਝ ਕੁ ਕ੍ਰੋਧ ਹੋ ਗਿਆ।

ਕੇਸਨ ਤੇ ਗਹਿ ਅਸੁਰ ਪਛਾਰੇ ॥

(ਉਸ ਨੇ) ਦੈਂਤਾਂ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਸੁਟਿਆ

ਕਾਢਿ ਕ੍ਰਿਪਾਨ ਏਕ ਹਨਿ ਡਾਰੇ ॥੧੪੬॥

ਅਤੇ ਕਈਆਂ ਨੂੰ ਕ੍ਰਿਪਾਨ ਕਢ ਕੇ ਮਾਰ ਸੁਟਿਆ ॥੧੪੬॥

ਮਾਰੇ ਅਧਿਕ ਤਾਹਿ ਦਾਨਵ ਰਨ ॥

ਉਥੇ ਰਣ-ਭੂਮੀ ਵਿਚ ਬਹੁਤ ਜ਼ਿਆਦਾ ਦੈਂਤ ਮਾਰੇ ਗਏ।

ਟੂਕ ਟੂਕ ਹ੍ਵੈਗੇ ਤਿਨ ਕੇ ਤਨ ॥

ਉਨ੍ਹਾਂ ਦੇ ਤਨ ਟੁਕੜੇ ਟੁਕੜੇ ਹੋ ਗਏ।

ਤਊ ਮਾਰ ਹੀ ਮਾਰਿ ਪੁਕਾਰਤ ॥

ਫਿਰ ਵੀ ਉਹ 'ਮਾਰੋ ਮਾਰੋ' ਪੁਕਾਰ ਰਹੇ ਸਨ।

ਪਾਛੇ ਪਾਵ ਏਕ ਨਹਿ ਡਾਰਤ ॥੧੪੭॥

ਇਕ ਪੈਰ ਵੀ ਪਿਛੇ ਨਹੀਂ ਕਰਦੇ ਸਨ ॥੧੪੭॥

ਕੇਤਿਕ ਘੂਮਿ ਗਿਰਤ ਹੈ ਘਾਇਲ ॥

ਕਈ ਘਾਇਲ ਘੁਮੇਰੀ ਖਾ ਕੇ ਡਿਗ ਰਹੇ ਸਨ

ਪਰਤ ਭਏ ਭੂ ਤਰ ਹ੍ਵੈ ਹਾਇਲ ॥

ਅਤੇ ਡਰਾਉਣੀਆਂ ਸ਼ਕਲਾਂ ਵਾਲੇ ('ਹਾਇਲ') ਬਣ ਕੇ ਧਰਤੀ ਉਤੇ ਡਿਗ ਰਹੇ ਸਨ।

ਤਊ ਜੁਧ ਕੋ ਤ੍ਯਾਗਿ ਨ ਭਜਹੀ ॥

(ਫਿਰ ਵੀ) ਉਹ ਯੁੱਧ ਨੂੰ ਤਿਆਗ ਕੇ ਤਦ ਤਕ ਨਾ ਭਜਦੇ ਸਨ,

ਜਬ ਲਗਿ ਦੁਸਟ ਪ੍ਰਾਨ ਨਹਿ ਤਜਹੀ ॥੧੪੮॥

ਜਦ ਤਕ ਦੁਸ਼ਟ ਪ੍ਰਾਣ ਨਹੀਂ ਛਡਦੇ ਸਨ ॥੧੪੮॥

ਗੁਰਜ ਗੋਫਨੈ ਕਿਤਕ ਸੰਭਾਰੈ ॥

ਕਿਤਨਿਆਂ ਨੇ ਗੁਰਜ ਅਤੇ ਗੋਫਨੇ ਸੰਭਾਲੇ ਹੋਏ ਸਨ।

ਕੇਤਿਕ ਕਸਿ ਕਸਿ ਬਾਨ ਪ੍ਰਹਾਰੈ ॥

ਕਿਤਨੇ ਕਸ ਕਸ ਕੇ ਬਾਣ ਚਲਾ ਰਹੇ ਸਨ।

ਕਿਤੇ ਤਮਕਿ ਰਨ ਤੁਰੀ ਨਚਾਵੈ ॥

ਕਿਤਨੇ ਆਕੜ ਕੇ ਰਣ ਵਿਚ ਘੋੜੇ ਨਚਾ ਰਹੇ ਸਨ।

ਚਟਪਟ ਸੁਭਟ ਜੂਝਿ ਰਨ ਜਾਵੈ ॥੧੪੯॥

ਕਿਤਨੇ ਸੂਰਮੇ ਝਟ ਪਟ ਰਣ-ਭੂਮੀ ਵਿਚ ਜੂਝ ਰਹੇ ਸਨ ॥੧੪੯॥

ਕਿਤਕ ਤਮਕਿ ਰਨ ਤੁਰੀ ਨਚਾਵਤ ॥

ਕਿਤਨੇ ਹੀ ਐਂਠ ਕੇ ਰਣ-ਖੇਤਰ ਵਿਚ ਘੋੜੇ ਨਚਾ ਰਹੇ ਸਨ

ਮਾਰਿ ਮਾਰਿ ਧੁਨਿ ਕਿਤਕ ਉਘਾਵਤ ॥

ਅਤੇ ਕਿਤਨੇ ਹੀ 'ਮਾਰੋ ਮਾਰੋ' ਦੀ ਧੁਨ ਨਾਲ ਗਰਜ ਰਹੇ ਸਨ।

ਮੰਡਹਿ ਮਹਾ ਕਾਲ ਸੌ ਜੁਧਾ ॥

(ਉਹ) ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ

ਹ੍ਵੈ ਹ੍ਵੈ ਅਧਿਕ ਚਿਤ ਮਹਿ ਕ੍ਰੁਧਾ ॥੧੫੦॥

ਮਹਾ ਕਾਲ ਨਾਲ ਯੁੱਧ ਕਰਦੇ ਸਨ ॥੧੫੦॥

ਜੇਤਿਕ ਸੁਭਟ ਕੋਪਿ ਕਰਿ ਆਏ ॥

ਜਿਤਨੇ ਵੀ ਸੂਰਮੇ ਕ੍ਰੋਧਿਤ ਹੋ ਕੇ (ਅਗੇ) ਆਏ,

ਮਹਾ ਕਾਲ ਤੇਤੇ ਈ ਖਪਾਏ ॥

ਮਹਾ ਕਾਲ ਨੇ ਉਤਨੇ ਹੀ ਖਪਾ ਦਿੱਤੇ।

ਤਿਨ ਕੋ ਮੇਦ ਮਾਸ ਭੂਅ ਪਰਾ ॥

ਉਨ੍ਹਾਂ ਦੀ ਮਿਝ ਅਤੇ ਮਾਸ ਧਰਤੀ ਉਤੇ ਡਿਗਿਆ।

ਬਹੁ ਅਸੁਰਨ ਤਾ ਤੇ ਬਪੁ ਧਰਾ ॥੧੫੧॥

ਉਸ ਤੋਂ ਹੋਰ ਬਹੁਤ ਸਾਰੇ ਦੈਂਤਾਂ ਨੇ ਸ਼ਰੀਰ ਧਾਰਨ ਕਰ ਲਏ ॥੧੫੧॥

ਮਹਾ ਕਾਲ ਤੇ ਦਏ ਖਪਾਇ ॥

ਮਹਾ ਕਾਲ ਨੇ ਉਨ੍ਹਾਂ ਨੂੰ ਖਪਾ ਦਿੱਤਾ

ਸ੍ਰੋਨਤ ਸੋ ਪ੍ਰਿਥਵੀ ਰਹੀ ਛਾਇ ॥

ਅਤੇ ਲਹੂ ਨਾਲ ਧਰਤੀ ਰੰਗੀ ਗਈ।

ਤਿਹ ਤੇ ਅਮਿਤ ਅਸੁਰ ਉਠਿ ਢੂਕੇ ॥

ਉਸ ਤੋਂ ਹੋਰ ਬੇਸ਼ੁਮਾਰ ਦੈਂਤ ਉਠ ਕੇ ਆ ਢੁਕੇ

ਮਾਰਹਿ ਮਾਰਿ ਦਸੌ ਦਿਸਿ ਕੂਕੇ ॥੧੫੨॥

ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ॥੧੫੨॥

ਕੇਤਿਕ ਕੀ ਬਾਹਨ ਕਟਿ ਡਾਰਾ ॥

ਕਿਤਨਿਆਂ ਦੀਆਂ ਬਾਂਹਵਾਂ ਕਟ ਦਿੱਤੀਆਂ

ਕਰੇ ਰੁੰਡ ਬਿਨੁ ਮੁੰਡ ਹਜਾਰਾ ॥

ਅਤੇ ਹਜ਼ਾਰਾਂ ਧੜ ਸਿਰਾਂ ਤੋਂ ਬਿਨਾ ਕਰ ਦਿੱਤੇ।

ਕੇਤਿਕ ਚੀਰ ਅਧੌ ਅਧ ਡਾਰੇ ॥

ਕਿਤਨੇ ਹੀ ਅਧੋ ਅਧ ਚੀਰ ਸੁਟੇ।

ਨਾਚਤ ਭੂਤ ਪ੍ਰੇਤ ਮਤਵਾਰੇ ॥੧੫੩॥

ਭੂਤ ਅਤੇ ਪ੍ਰੇਤ ਮਤਵਾਲੇ ਹੋ ਕੇ ਨਚਣ ਲਗ ਗਏ ॥੧੫੩॥

ਜੇ ਤਿਨ ਕੇ ਸਿਰਿ ਬਹੀ ਕ੍ਰਿਪਾਨੈ ॥

ਜਿਤਨਿਆਂ ਦੇ ਸਿਰ ਉਤੇ ਕ੍ਰਿਪਾਨਾਂ ਚਲੀਆਂ ਸਨ,

ਅਰਧ ਅਰਧ ਹ੍ਵੈ ਜੂਝੇ ਜ੍ਵਾਨੈ ॥

ਉਹ ਜਵਾਨ ਅੱਧੇ ਅੱਧੇ ਹੋ ਕੇ ਮਾਰੇ ਗਏ।

ਗਜ ਬਾਜੀ ਲੋਟਤ ਕਹੂੰ ਭੂ ਪਰ ॥

ਕਿਤੇ ਘੋੜੇ ਅਤੇ ਹਾਥੀ ਧਰਤੀ ਉਤੇ ਲੋਟ ਪੋਟ ਹੋ ਰਹੇ ਸਨ

ਸੁੰਭਨ ਸਬਦ ਸੁਨਾ ਅਵਨੀ ਤਰ ॥੧੫੪॥

ਅਤੇ ਸੁੰਮਾਂ (ਖੁਰਾਂ) ਦੇ ਵਜਣ ਦੀ ਆਵਾਜ਼ ਧਰਤੀ ਦੇ ਹੇਠਾਂ ਸੁਣੀਂਦੀ ਸੀ ॥੧੫੪॥

ਗਿਰਿ ਗਿਰਿ ਪਰੇ ਕਹੂੰ ਘਾਯਲ ਰਨ ॥

ਰਣ-ਭੂਮੀ ਵਿਚ ਕਿਤੇ (ਸੂਰਮੇ) ਘਾਇਲ ਹੋ ਕੇ ਡਿਗ ਰਹੇ ਸਨ।

ਭਾਜਿ ਚਲੇ ਕਈ ਹੋਇ ਬਿਮਨ ਮਨ ॥

ਕਈ ਬੇਮਨੇ ਹੋ ਕੇ (ਰਣ ਵਿਚੋਂ) ਭਜ ਚਲੇ ਸਨ।